ਇਸ ਸ਼ਖ਼ਸ ਨੇ ਸ਼ੁਰੂ ਕੀਤਾ ਪਿੱਠ ਖੁਰਕਣ ਦਾ ਧੰਦਾ, ਹਰ ਮਹੀਨੇ ਕਮਾ ਰਿਹਾ 14 ਲੱਖ; ਮਾਰਕੀਟ 'ਚ ਹੈ ਭਾਰੀ ਡਿਮਾਂਡ China 'ਚ ਪੇਸ਼ੇਵਰ ਤੌਰ 'ਤੇ ਖੁਜਲੀ ਮਿਟਾਉਣ ਵਾਲੇ ਬਿਜ਼ਨਸ ਦੀ ਕੋਈ ਸਥਾਪਿਤ ਉਦਾਹਰਨ ਨਹੀਂ ਸੀ, ਇਸ ਲਈ ਝਾਂਗ ਨੂੰ ਸਰਵਿਸ ਖ਼ੁਦ ਹੀ ਡਿਜ਼ਾਈਨ ਕਰਨੀ ਪਈ। ਉਨ੍ਹਾਂ ਵੱਖ-ਵੱਖ ਤਰੀਕਿਆਂ ਦਾ ਪਰੀਖਣ ਕੀਤਾ ਤੇ ਇਹ ਪਤਾ ਲਗਾਇਆ ਕਿ ਗਾਹਕਾਂ ਲਈ ਇਸ ਅਨੁਭਵ ਨੂੰ ਸਭ ਤੋਂ ਜ਼ਿਆਦਾ ਆਰਾਮਦਾਇਕ ਕਿਵੇਂ ਬਣਾਇਆ ਜਾ ਸਕਦਾ ਹੈ।
Publish Date: Fri, 04 Sep 2026 01:38 PM (IST)
Updated Date: Fri, 04 Sep 2026 01:45 PM (IST)
ਡਿਜੀਟਲ ਡੈਸਕ, ਬੀਜਿੰਗ: ਚੀਨ ਦੇ 32 ਸਾਲਾ ਇਕ ਨੌਜਵਾਨ ਉੱਦਮੀ ਨੇ ਬੇਹੱਦ ਆਮ ਜਿਹੀ ਸਮੱਸਿਆ ਨੂੰ ਅਨੋਖੇ ਤੇ ਕਾਮਯਾਬ ਬਿਜ਼ਨੈੱਸ ਆਈਡੀਆ 'ਚ ਬਦਲ ਦਿੱਤਾ ਹੈ। ਹੁਣ ਲੋਕ ਆਪਣੀ ਪਿੱਠ ਜਾਂ ਸਰੀਰ ਦੇ ਹੋਰ ਹਿੱਸਿਆਂ ਦੀ ਖੁਜਲੀ ਸ਼ਾਂਤ ਕਰਨ ਲਈ ਪ੍ਰੋਫੈਸ਼ਨਲ ਮਦਦ ਲੈ ਸਕਦੇ ਹਨ। ਹੁਬੇਈ ਪ੍ਰਾਂਤ ਦੇ ਰਹਿਣ ਵਾਲੇ ਝਾਂਗ ਸ਼ਿਆਓਕਿਆਓ ਨੇ ਸ਼ੇਨਜ਼ੇਨ ਸ਼ਹਿਰ 'ਚ 'ਸੁਮਾ' ਬ੍ਰਾਂਡ ਨਾਂ ਨਾਲ ਇਸ ਅਨੋਖੀ ਸਰਵਿਸ ਦੀ ਸ਼ੁਰੂਆਤ ਕੀਤੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ, ਇਸ ਥੈਰੇਪੀ ਦਾ ਮਾਹੌਲ ਬਿਲਕੁਲ ਕਿਸੇ ਲਗਜ਼ਰੀ ਮਸਾਜ ਪਾਰਲਰ ਵਰਗਾ ਹੁੰਦਾ ਹੈ। ਇੱਥੇ ਗਾਹਕ ਆਰਾਮ ਨਾਲ ਬੈੱਡ 'ਤੇ ਲੇਟਦੇ ਹਨ ਤੇ ਟ੍ਰੇਂਡ ਸਟਾਫ਼ ਉਨ੍ਹਾਂ ਦੇ ਸਰੀਰ ਨੂੰ ਸਹਿਲਾਉਂਦਾ ਹੈ। ਇਸ ਦੇ ਲਈ ਸਿਖਲਾਈ ਪ੍ਰਾਪਤ ਸਟਾਫ਼ ਖ਼ਾਸ ਤੌਰ 'ਤੇ ਡਿਜ਼ਾਈਨ ਕੀਤੇ ਗਏ ਨੁਕੀਲੇ ਨਹੁੰਆਂ ਦਾ ਇਸਤੇਮਾਲ ਕਰ ਕੇ ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਹੌਲੀ-ਹੌਲੀ ਖੁਰਕਦਾ ਹੈ।
ਪ੍ਰਤੀ ਘੰਟਾ ਮੋਟੀ ਰਕਮ ਖ਼ਰਚ ਕਰ ਰਹੇ ਲੋਕ
ਇਸ ਅਨੋਖੀ ਸਰਵਿਸ ਦੀ ਕੀਮਤ ਲਗਪਗ 4,200 ਰੁਪਏ ਪ੍ਰਤੀ ਘੰਟਾ ਹੈ। ਇਸ ਨੂੰ ਕੇਵਲ ਖੁਜਲੀ ਮਿਟਾਉਣ ਤਕ ਸੀਮਤ ਨਹੀਂ ਰੱਖਿਆ ਗਿਆ ਹੈ, ਸਗੋਂ ਇਸ ਨੂੰ ਆਰਾਮ ਕਰਨ, ਤਣਾਅ ਘੱਟ ਕਰਨ ਅਤੇ ਬਿਹਤਰ ਨੀਂਦ ਦੇ ਇਕ ਤਰੀਕੇ ਦੇ ਤੌਰ 'ਤੇ ਪ੍ਰਮੋਟ ਕੀਤਾ ਜਾ ਰਿਹਾ ਹੈ।
ਗਾਹਕ ਆਪਣੀ ਸੁਵਿਧਾ ਅਨੁਸਾਰ ਸਟਾਫ਼ ਨੂੰ ਵੀ ਦੱਸ ਸਕਦੇ ਹਨ ਕਿ ਸਰੀਰ ਦੇ ਕਿਸ ਹਿੱਸੇ ਵਿਚ ਜ਼ਿਆਦਾ ਖੁਜਲੀ ਹੋ ਰਹੀ ਹੈ ਤਾਂ ਜੋ ਉਹ ਉਨ੍ਹਾਂ ਜਗ੍ਹਾਂ 'ਤੇ ਵਧੇਰੇ ਧਿਆਨ ਦੇ ਸਕਣ। ਕਈ ਵਾਰ ਇਸ ਅਹਿਸਾਸ ਨਾਲ ਗਾਹਕਾਂ ਨੂੰ ਗੁਦਗੁਦੀ ਵੀ ਹੁੰਦੀ ਹੈ ਤੇ ਉਹ ਹੱਸਣ ਲੱਗਦੇ ਹਨ। ਝਾਂਗ ਦੱਸਦੇ ਹਨ ਕਿ ਵੱਡੇ ਸ਼ਹਿਰਾਂ 'ਚ ਲੋਕ ਅਕਸਰ ਬਹੁਤ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ। ਇਸੇ ਵਜ੍ਹਾ ਨਾਲ ਇਸ ਸਰਵਿਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
14 ਲੱਖ ਰੁਪਏ ਮਹੀਨੇ ਦੀ ਕਮਾਈ ਝਾਂਗ ਨੇ ਮਈ 'ਚ ਸ਼ੇਨਜ਼ੇਨ ਦੇ ਬਾਓਆਨ ਜ਼ਿਲ੍ਹੇ 'ਚ ਆਪਣਾ ਪਹਿਲਾ ਆਊਟਲੇਟ ਖੋਲ੍ਹਿਆ ਸੀ ਅਤੇ ਸਫ਼ਲਤਾ ਨੂੰ ਦੇਖਦੇ ਹੋਏ ਇਕ ਮਹੀਨੇ ਬਾਅਦ ਫੁਤਿਆਨ ਜ਼ਿਲ੍ਹੇ 'ਚ ਦੂਜੀ ਬ੍ਰਾਂਚ ਵੀ ਖੋਲ੍ਹ ਦਿੱਤੀ। ਖ਼ਬਰਾਂ ਦੇ ਮੁਤਾਬਕ, ਦੋਵੇਂ ਸਟੋਰ ਮਿਲ ਕੇ ਹਰ ਮਹੀਨੇ ਲਗਪਗ 14 ਲੱਖ ਰੁਪਏ ਦੀ ਕੁੱਲ ਕਮਾਈ ਕਰ ਰਹੇ ਹਨ ਅਤੇ ਬ੍ਰੇਕ-ਈਵਨ ਪੁਆਇੰਟ ਤਕ ਪਹੁੰਚ ਚੁੱਕੇ ਹਨ।
ਝਾਂਗ ਨੇ ਅੱਗੇ ਦੱਸਿਆ ਕਿ ਅਸੀਂ ਪੁਰਸ਼ ਅਤੇ ਮਹਿਲਾ, ਦੋਵਾਂ ਤਰ੍ਹਾਂ ਦੇ ਗਾਹਕਾਂ ਨੂੰ ਸਰਵਿਸ ਦਿੰਦੇ ਹਾਂ ਜਿਨ੍ਹਾਂ ਵਿਚੋਂ ਲਗਪਗ 70 ਪ੍ਰਤੀਸ਼ਤ ਪੁਰਸ਼ ਹਨ। ਕੁਝ ਗਾਹਕਾਂ ਦਾ ਮੰਨਣਾ ਹੈ ਕਿ ਸਾਡੀ ਸਰਵਿਸ ਪਰੰਪਰਾਗਤ ਮਸਾਜ ਨਾਲੋਂ ਵੀ ਜ਼ਿਆਦਾ ਆਰਾਮਦਾਇਕ ਹੈ। ਇਸੇ ਵਜ੍ਹਾ ਨਾਲ ਸਾਡੇ ਕੋਲ ਵਾਰ-ਵਾਰ ਆਉਣ ਵਾਲੇ ਨਿਯਮਿਤ ਗਾਹਕਾਂ ਦਾ ਇਕ ਮਜ਼ਬੂਤ ਆਧਾਰ ਬਣ ਗਿਆ ਹੈ।
ਕਿੱਥੋਂ ਮਿਲਿਆ ਆਈਡੀਆ? ਇਹ ਅਨੋਖਾ ਆਈਡੀਆ ਸੋਸ਼ਲ ਮੀਡੀਆ ਅਤੇ ਬਚਪਨ ਦੀਆਂ ਯਾਦਾਂ ਦੇ ਦਿਲਚਸਪ ਮੇਲ ਤੋਂ ਪੈਦਾ ਹੋਇਆ। ਪਿਛਲੇ ਸਾਲ, ਝਾਂਗ ਨੇ ਇੰਟਰਨੈੱਟ 'ਤੇ ਇੱਕ ਛੋਟਾ ਜਿਹਾ ਵੀਡੀਓ ਦੇਖਿਆ ਜਿਸ ਵਿਚ ਇਕ ਮਹਿਲਾ ਆਪਣੇ ਪਤੀ ਦੀ ਪਿੱਠ ਖੁਰਕ ਰਹੀ ਸੀ। ਵੀਡੀਓ 'ਤੇ ਆਏ ਕਮੈਂਟਸ ਨੇ ਉਨ੍ਹਾਂ ਦਾ ਧਿਆਨ ਖਿੱਚਿਆ, ਕਈ ਲੋਕਾਂ ਨੇ ਲਿਖਿਆ ਸੀ ਕਿ ਉਹ ਆਪਣੀ ਖੁਜਲੀ ਮਿਟਾਉਣ ਲਈ ਕਿਸੇ ਨੂੰ ਖ਼ੁਸ਼ੀ-ਖ਼ੁਸ਼ੀ ਪੈਸੇ ਦੇਣ ਲਈ ਤਿਆਰ ਹਨ।
ਇਸ ਘਟਨਾ ਨੇ ਝਾਂਗ ਨੂੰ ਉਨ੍ਹਾਂ ਦੇ ਬਚਪਨ ਦੀ ਯਾਦ ਦਿਵਾ ਦਿੱਤੀ, ਜਦੋਂ ਉਨ੍ਹਾਂ ਦੇ ਪਿਤਾ ਅਕਸਰ ਉਨ੍ਹਾਂ ਨੂੰ ਸੁਲਾਉਣ ਲਈ ਪਿਆਰ ਨਾਲ ਉਨ੍ਹਾਂ ਦੀ ਪਿੱਠ ਖੁਰਕਿਆ ਕਰਦੇ ਸਨ। ਇਸੇ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਕੀ ਆਰਾਮ ਦੇਣ ਵਾਲੇ ਇਸ ਸਾਧਾਰਨ ਜਿਹੇ ਕੰਮ ਨੂੰ ਇਕ ਪੇਸ਼ੇਵਰ ਸਰਵਿਸ 'ਚ ਬਦਲਿਆ ਜਾ ਸਕਦਾ ਹੈ।
ਖ਼ੁਦ ਡਿਵੈਲਪ ਕੀਤਾ ਖੁਰਕਣ ਦਾ ਤਰੀਕਾ ਚੀਨ ਵਿਚ ਪੇਸ਼ੇਵਰ ਤੌਰ 'ਤੇ ਖੁਜਲੀ ਮਿਟਾਉਣ ਵਾਲੇ ਬਿਜ਼ਨੈੱਸ ਦੀ ਕੋਈ ਸਥਾਪਿਤ ਉਦਾਹਰਨ ਨਹੀਂ ਸੀ, ਇਸ ਲਈ ਝਾਂਗ ਨੂੰ ਸਰਵਿਸ ਖ਼ੁਦ ਹੀ ਡਿਜ਼ਾਈਨ ਕਰਨੀ ਪਈ। ਉਨ੍ਹਾਂ ਨੇ ਵੱਖ-ਵੱਖ ਤਰੀਕਿਆਂ ਦਾ ਪਰੀਖਣ ਕੀਤਾ ਅਤੇ ਇਹ ਪਤਾ ਲਗਾਇਆ ਕਿ ਗਾਹਕਾਂ ਲਈ ਇਸ ਅਨੁਭਵ ਨੂੰ ਸਭ ਤੋਂ ਜ਼ਿਆਦਾ ਆਰਾਮਦਾਇਕ ਕਿਵੇਂ ਬਣਾਇਆ ਜਾ ਸਕਦਾ ਹੈ।
ਇਹ ਸਟਾਰਟਅੱਪ ਝਾਂਗ ਦੇ ਪਿਛਲੇ ਕਰੀਅਰ ਤੋਂ ਬਿਲਕੁਲ ਵੱਖਰਾ ਹੈ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਇਕ ਸਾਲ ਵਿਚ ਸੱਤ ਵੱਖ-ਵੱਖ ਨੌਕਰੀਆਂ ਕੀਤੀਆਂ ਸਨ। ਬਾਅਦ 'ਚ ਸੋਸ਼ਲ ਮੀਡੀਆ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਦੋ ਕ੍ਰਾਸ-ਬਾਰਡਰ ਈ-ਕੋਮਰਸ ਕੰਪਨੀਆਂ ਵੀ ਸ਼ੁਰੂ ਕੀਤੀਆਂ ਸਨ ਪਰ ਉਨ੍ਹਾਂ ਨੂੰ ਵੈਸੀ ਕਾਮਯਾਬੀ ਨਹੀਂ ਮਿਲੀ ਜਿਹੀ ਉਮੀਦ ਸੀ।
100 ਆਊਟਲੈਟ ਖੋਲ੍ਹਣ ਦਾ ਟੀਚਾ ਹੁਣ ਉਨ੍ਹਾਂ ਦਾ ਇਹ ਅਨੋਖਾ ਆਈਡੀਆ ਲੋਕਾਂ ਵਿਚਕਾਰ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਆਨਲਾਈਨ ਵੀ ਇਸ ਬਿਜ਼ਨੈੱਸ ਨੇ ਉਤਸੁਕਤਾ ਪੈਦਾ ਕੀਤੀ ਤੇ ਲੋਕ ਮਜ਼ਾਕ 'ਚ ਇਸ ਗੱਲ 'ਤੇ ਬਹਿਸ ਕਰ ਰਹੇ ਹਨ ਕਿ ਕੀ 'ਪ੍ਰੋਫੈਸ਼ਨਲ ਖੁਜਲੀ ਮਿਟਾਉਣਾ' ਸੱਚਮੁੱਚ ਇਕ ਮਾਨਤਾ ਪ੍ਰਾਪਤ ਪੇਸ਼ਾ ਬਣ ਸਕਦਾ ਹੈ।
ਝਾਂਗ ਨੂੰ ਪੂਰਾ ਯਕੀਨ ਹੈ ਕਿ ਅਜਿਹਾ ਬਿਲਕੁਲ ਹੋ ਸਕਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਪੂਰੇ ਚੀਨ 'ਚ 'ਸੁਮਾ' ਦੇ 100 ਆਊਟਲੇਟ ਖੋਲ੍ਹਣਗੇ ਤੇ ਇਸ ਅਨੋਖੇ ਕੰਮ ਨੂੰ ਇਕ ਵਿਆਪਕ ਰੂਪ 'ਚ ਮਾਨਤਾ ਪ੍ਰਾਪਤ ਸਰਵਿਸ ਪ੍ਰੋਫੈਸ਼ਨ 'ਚ ਬਦਲ ਦੇਣਗੇ।