ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤਕ ਅੰਤਿਮ ਫੈਸਲਾ ਨਹੀਂ ਆ ਜਾਂਦਾ, ਉਦੋਂ ਤਕ ਔਰਤ ਨੂੰ ਨਿਰਦੋਸ਼ ਮੰਨਿਆ ਜਾਵੇਗਾ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਫਾਊਂਟੇਨ ਨੂੰ ਨੁਕਸਾਨ ਪਹੁੰਚਿਆ ਹੈ। 2005 ਵਿੱਚ, ਅਧਿਕਾਰੀਆਂ ਨੇ ਨਿਗਰਾਨੀ ਕੈਮਰੇ ਲਗਵਾਏ ਸਨ, ਜਦੋਂ ਇੱਕ ਸੈਲਾਨੀ ਸਮਾਰਕ 'ਤੇ ਚੜ੍ਹ ਗਿਆ ਸੀ ਅਤੇ ਉਸਨੇ ਨੇਪਚਿਊਨ ਦਾ ਹੱਥ ਤੋੜ ਦਿੱਤਾ ਸੀ। 2023 ਵਿਚ ਇਕ ਜਰਮਨ ਸੈਲਾਨੀ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਇਟਲੀ ਦੇ ਫਲੋਰੈਂਸ ਸ਼ਹਿਰ ਘੁੰਮਣ ਗਈ ਇਕ ਔਰਤ ਸੈਲਾਨੀ 'ਤੇ ਉੱਥੋਂ ਦੇ ਇਤਿਹਾਸਕ 'ਫਾਊਂਟੇਨ ਆਫ ਨੈਪਚਿਊਨ' ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਜਾਣਕਾਰੀ ਅਨੁਸਾਰ, ਔਰਤ ਨੇ ਸਦੀਆਂ ਪੁਰਾਣੇ ਇਸ ਸਮਾਰਕ 'ਤੇ ਚੜ੍ਹ ਕੇ ਇਸ ਨੂੰ ਨੁਕਸਾਨ ਪਹੁੰਚਾਇਆ।
ਅਧਿਕਾਰੀਆਂ ਨੇ ਇਸ ਦੇ ਪਿੱਛੇ ਦਾ ਕਾਰਨ ਵਿਆਹ ਤੋਂ ਪਹਿਲਾਂ ਦੀ ਇਕ ਚੁਣੌਤੀ (pre-wedding challenge) ਦੱਸਿਆ ਹੈ। ਸ਼ਹਿਰ ਦੇ ਅਧਿਕਾਰੀਆਂ ਅਨੁਸਾਰ, ਇਹ ਘਟਨਾ ਫਲੋਰੈਂਸ ਦੇ ਸਭ ਤੋਂ ਮਸ਼ਹੂਰ ਪਬਲਿਕ ਚੌਕਾਂ ਵਿੱਚੋਂ ਇੱਕ, 'ਪਿਆਜ਼ਾ ਡੇਲਾ ਸਿਗਨੋਰੀਆ' 'ਚ ਹੋਈ। ਇਸ ਘਟਨਾ ਨਾਲ ਕਰੀਬ €5,000 (₹5,53,090 ਰੁਪਏ) ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਦਰਅਸਲ, 18 ਅਪ੍ਰੈਲ ਨੂੰ, 28 ਸਾਲ ਦੀ ਇੱਕ ਮਹਿਲਾ (ਜਿਸਦੀ ਰਾਸ਼ਟਰੀਅਤਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ) ਨੂੰ ਮਿਊਂਸਪਲ ਪੁਲਿਸ ਨੇ ਉਦੋਂ ਫੜਿਆ, ਜਦੋਂ ਉਹ ਫਾਊਂਟੇਨ ਦੇ ਚਾਰੋਂ ਪਾਸੇ ਲੱਗੀ ਸੁਰੱਖਿਆ ਘੇਰੇ ਨੂੰ ਪਾਰ ਕਰਕੇ ਉੱਪਰ ਚੜ੍ਹ ਰਹੀ ਸੀ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸਨੂੰ ਫੜ ਕੇ ਉੱਥੋਂ ਹਟਾ ਦਿੱਤਾ।
ਫਲੋਰੈਂਸ ਦੀ ਸਿਟੀ ਕੌਂਸਲ ਨੇ ਦੱਸਿਆ ਕਿ, ਮਹਿਲਾ ਦੇ ਦੋਸਤਾਂ ਨੇ ਉਸਨੂੰ 'ਵਿਆਹ ਤੋਂ ਪਹਿਲਾਂ ਦੀ ਇਕ ਸ਼ਰਾਰਤ' (pre-wedding prank) ਵਜੋਂ ਮੂਰਤੀ ਦੇ ਨਿੱਜੀ ਅੰਗਾਂ ਨੂੰ ਛੂਹਣ ਦੀ ਚੁਣੌਤੀ ਦਿੱਤੀ ਸੀ। ਇਸ ਲਈ, ਪਾਣੀ 'ਚ ਪੈਰ ਰੱਖਣ ਤੋਂ ਬਚਣ ਲਈ, ਉਹ ਸਿੱਧੀ ਉਨ੍ਹਾਂ ਸੰਗਮਰਮਰ ਦੇ ਘੋੜਿਆਂ 'ਤੇ ਚੜ੍ਹ ਗਈ ਜੋ ਫਾਊਂਟੇਨ ਦੇ ਅਧਾਰ ਦਾ ਹਿੱਸਾ ਹਨ।
ਇਸ ਜਗ੍ਹਾ ਦੀ ਦੇਖਭਾਲ ਕਰਨ ਵਾਲੀ ਸੰਸਥਾ, 'ਫੈਬ੍ਰਿਕਾ ਡਿ ਪਲਾਜ਼ੋ ਵੇਕਿਓ' ਦੇ ਮਾਹਿਰਾਂ ਨੇ ਜਾਂਚ ਵਿਚ ਪਾਇਆ ਕਿ ਘੋੜਿਆਂ ਦੇ ਪੈਰਾਂ ਅਤੇ ਇਕ ਸਜਾਵਟੀ ਪੱਟੀ (frieze) ਨੂੰ ਮਾਮੂਲੀ ਪਰ ਮਹੱਤਵਪੂਰਨ ਨੁਕਸਾਨ ਪਹੁੰਚਿਆ ਹੈ। ਇਸ ਪੱਟੀ ਨੂੰ ਸੈਲਾਨੀ ਔਰਤ ਨੇ ਤਿਲਕਣ ਤੋਂ ਬਚਣ ਲਈ ਫੜਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤਕ ਅੰਤਿਮ ਫੈਸਲਾ ਨਹੀਂ ਆ ਜਾਂਦਾ, ਉਦੋਂ ਤਕ ਔਰਤ ਨੂੰ ਨਿਰਦੋਸ਼ ਮੰਨਿਆ ਜਾਵੇਗਾ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਫਾਊਂਟੇਨ ਨੂੰ ਨੁਕਸਾਨ ਪਹੁੰਚਿਆ ਹੈ। 2005 ਵਿਚ ਅਧਿਕਾਰੀਆਂ ਨੇ ਨਿਗਰਾਨੀ ਕੈਮਰੇ ਲਗਵਾਏ ਸਨ, ਜਦੋਂ ਇਕ ਸੈਲਾਨੀ ਸਮਾਰਕ 'ਤੇ ਚੜ੍ਹ ਗਿਆ ਸੀ ਅਤੇ ਉਸਨੇ ਨੈਪਚਿਊਨ ਦਾ ਹੱਥ ਤੋੜ ਦਿੱਤਾ ਸੀ। 2023 'ਚ, ਇਕ ਜਰਮਨ ਸੈਲਾਨੀ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਸੀ।
ਦੱਸ ਦੇਈਏ ਕਿ 'ਫਾਊਂਟੇਨ ਆਫ ਨੈਪਚਿਊਨ' ਨੂੰ 16ਵੀਂ ਸਦੀ ਵਿੱਚ ਮੂਰਤੀਕਾਰ ਬਾਰਟੋਲੋਮਿਓ ਅੰਮਾਨਤੀ ਨੇ ਬਣਾਇਆ ਸੀ। ਇਸਨੂੰ 1559 ਵਿੱਚ ਕੋਸਿਮੋ I ਡੇ ਮੈਡੀਚੀ ਨੇ ਇੱਕ ਸ਼ਾਹੀ ਵਿਆਹ ਦੀ ਯਾਦ ਵਿਚ ਬਣਵਾਇਆ ਸੀ। ਇਹ ਅੱਜ ਵੀ ਫਲੋਰੈਂਸ ਦੇ ਸਭ ਤੋਂ ਪਛਾਣੇ ਜਾਣ ਵਾਲੇ ਸਥਾਨਾਂ ਵਿੱਚੋਂ ਇੱਕ ਹੈ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।