
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰਨੀ ਨੇ ਕਿਹਾ ਕਿ ਜਵਾਬੀ ਟੈਰਿਫ ਦਾ ਅਸਰ ਸਟੀਲ, ਡੇਅਰੀ, ਘਰੇਲੂ ਸਮਾਨ, ਖੇਤੀ ਨਾਲ ਸੰਬੰਧਿਤ ਉਪਕਰਣ, ਪਲਪ ਅਤੇ ਕਾਗਜ਼, ਅਤੇ ਇਲੈਕਟ੍ਰਾਨਿਕਸ ਵਰਗੇ ਸੈਕਟਰਾਂ ’ਤੇ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਅਸੀਂ ਇਨ੍ਹਾਂ ਨਵੇਂ ਟੈਰਿਫਾਂ ਦੀ ਜਾਣਕਾਰੀ ਦਿਆਂਗੇ।

ਓਟਾਵਾ (ਰਾਈਟਰ) : ਅਮਰੀਕਾ ਤੇ ਕੈਨੇਡਾ ਵਿਚਾਲੇ ਨਾਜ਼ੁਕ ਸੰਬੰਧ ਹੋਰ ਬਿਗੜ ਗਏ ਹਨ। ਦੋਵਾਂ ਪੁਰਾਣੇ ਸਾਥੀਆਂ ਵਿਚਾਲੇ ਸ਼ਨੀਵਾਰ ਨੂੰ ਵਪਾਰ ਯੁੱਧ ਸ਼ੁਰੂ ਹੋ ਗਿਆ। ਸ਼ੁੱਕਰਵਾਰ ਦੀ ਰਾਤ ਦੇਰ ਵਾਸ਼ਿੰਗਟਨ ਵਿਚ ਵਪਾਰ ਗੱਲਬਾਤ ਅਸਫਲ ਹੋਣ ਲਈ ਦੋਵਾਂ ਪਾਸਿਆਂ ਨੇ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਸ਼ਨੀਵਾਰ ਸਵੇਰੇ 20 ਅਰਬ ਡਾਲਰ ਦੀਆਂ ਕੈਨੇਡੀਅਨ ਚੀਜ਼ਾਂ ’ਤੇ 50 ਫੀਸਦ ਟੈਰਿਫ ਲਾ ਦਿੱਤੀ, ਜਦ ਕਿ ਕੈਨੇਡਾ ਨੇ ਜਵਾਬੀ ਕਾਰਵਾਈ ਵਜੋਂ ਟੈਰਿਫ ਲਗਾਉਣ ਦੀ ਸ਼ੁਰੂਆਤ ਲਈ 8 ਸਤੰਬਰ ਦੀ ਤਾਰੀਖ ਨਿਰਧਾਰਿਤ ਕਰ ਦਿੱਤੀ। ਹੁਣ ਹੋਰ ਕੋਈ ਗੱਲਬਾਤ ਕਰਨ ਦੀ ਯੋਜਨਾ ਨਹੀਂ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਹੋਣ ਵਾਲੇ ਕਈ ਕਿਸਮ ਦੀ ਦਰਾਮਦ ’ਤੇ 8 ਸਿਤੰਬਰ ਤੋਂ ਟੈਰਿਫ ਲਾਏਗਾ। ਕਾਰਨੀ ਨੇ ਕਿਹਾ, ਕੈਨੇਡਾ ਦੇ ਕਰਮਚਾਰੀਆਂ, ਕਿਸਾਨਾਂ, ਪਰਿਵਾਰਾਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਲਈ ਕੈਨੇਡਾ ਵਾਸ਼ਿੰਗਟਨ ਦੇ ਨਵੇਂ ਟੈਰੀਫ ਦਾ ਡਾਲਰ-ਦੇ-ਬਦਲੇ-ਡਾਲਰ ਦੇ ਆਧਾਰ ’ਤੇ ਜਵਾਬ ਦੇਵੇਗਾ। ਉਸ ਨੇ ਕਿਹਾ, ਉਨ੍ਹਾਂ (ਅਮਰੀਕਾ ਨੇ) ਜੋ ਪੇਸ਼ਕਸ਼ ਕੀਤੀ ਹੈ, ਅਸੀਂ ਉਹ ਨਹੀਂ ਮੰਨ ਸਕਦੇ ਅਤੇ ਉਨ੍ਹਾਂ ਜੋ ਮੰਗਿਆ ਹੈ, ਅਸੀਂ ਉਹ ਨਹੀਂ ਦਿਆਂਗੇ।
ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਦੇ ਜਵਾਬ ਵਿਚ ਚੁੱਕਿਆ ਜਾ ਰਿਹਾ ਹੈ। ਯਾਦ ਰਹੇ ਕਿ ਕਈ ਦਿਨਾਂ ਦੀਆਂ ਗੱਲਬਾਤਾਂ ਦੇ ਬਾਵਜੂਦ ਦੋਵਾਂ ਪੁਰਾਣੇ ਸਾਥੀਆਂ ਵਿਚਕਾਰ ਸਬੰਧਾਂ ਵਿਚ ਆਈ ਖਟਾਸ ਨੂੰ ਦੂਰ ਕਰਨ ਦੀ ਆਖਰੀ ਕੋਸ਼ਿਸ਼ਾਂ ਨਾਕਾਮ ਰਹੀਆਂ। ਕਾਰਨੀ ਨੇ ਕੈਨੇਡਾ ਦੀ ਵਪਾਰ ਗੱਲਬਾਤ ਟੀਮ ਨੂੰ ਵਾਪਸ ਬੁਲਾ ਲਿਆ ਹੈ। ਇਸ ਨਾਲ ‘ਅਮਰੀਕਾ-ਮੈਕਸੀਕੋ-ਕੈਨੇਡਾ ਐਗਰੀਮੈਂਟ’ ਨਾਮ ਦੇ ਮੁਫ਼ਤ ਵਪਾਰ ਸਮਝੌਤੇ ਦੇ ਭਵਿੱਖ ’ਤੇ ਵੀ ਸੰਕਟ ਦੇ ਬਦਲ ਮੰਡਰਾਉਣ ਲੱਗੇ ਹਨ।
ਟਰੰਪ ਪ੍ਰਸ਼ਾਸਨ ਦੇ ਨਵੇਂ ਟੈਰਿਫ ਦਾ ਅਸਰ ਵਾਈਨ, ਫਰਨੀਚਰ, ਡੇਅਰੀ ਉਤਪਾਦ, ਸੀਮੈਂਟ, ਕੱਪੜੇ, ਹਾਕੀ ਦੇ ਸਾਮਾਨ ਵਰਗੇ ਕਈ ਸੈਕਟਰਾਂ ’ਤੇ ਪਿਆ ਹੈ। ਟਰੰਪ ਪ੍ਰਸ਼ਾਸਨ ਵਲੋਂ ਲੱਗਾਏ ਟੈਰਿਫ ਦਾ ਅਸਰ ਕੈਨੇਡਾ ਤੋਂ ਹਰ ਸਾਲ ਅਮਰੀਕਾ ਭੇਜੇ ਜਾਣ ਵਾਲੇ ਸਾਮਾਨ ਦੇ ਕਰੀਬ ਪੰਜ ਫੀਸਦੀ ਹਿੱਸੇ ’ਤੇ ਪਵੇਗਾ।
ਕਾਰਨੀ ਨੇ ਕਿਹਾ ਕਿ ਜਵਾਬੀ ਟੈਰਿਫ ਦਾ ਅਸਰ ਸਟੀਲ, ਡੇਅਰੀ, ਘਰੇਲੂ ਸਮਾਨ, ਖੇਤੀ ਨਾਲ ਸੰਬੰਧਿਤ ਉਪਕਰਣ, ਪਲਪ ਅਤੇ ਕਾਗਜ਼, ਅਤੇ ਇਲੈਕਟ੍ਰਾਨਿਕਸ ਵਰਗੇ ਸੈਕਟਰਾਂ ’ਤੇ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਅਸੀਂ ਇਨ੍ਹਾਂ ਨਵੇਂ ਟੈਰਿਫਾਂ ਦੀ ਜਾਣਕਾਰੀ ਦਿਆਂਗੇ।
ਕਾਰਨੀ ਨੇ ਦੱਸਿਆ ਕਿ ਜੇ ਅਮਰੀਕਾ ਆਪਣੇ ਟੈਰਿਫ਼ ਘਟਾ ਦਿੰਦਾ, ਤਾਂ ਕੈਨੇਡਾ ਸਟੀਲ, ਐਲੂਮੀਨਾਂ ਅਤੇ ਆਟੋ ਸੈਕਟਰ ’ਤੇ ਬਾਕੀ ਰਹੇ ਜਵਾਬੀ ਟੈਰੀਫ਼ ਹਟਾਉਣ ਅਤੇ ਆਪਣੇ ਸੂਬਿਆਂ ਨੂੰ ਅਮਰੀਕਨ ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਨੂੰ ਤਿਆਰ ਸੀ। ਪਰ ਵਾਸ਼ਿੰਗਟਨ ਦੀਆਂ ਮੰਗਾਂ ਹੱਦ ਤੋਂ ਵੱਧ ਸਨ।
ਕਾਰਨੀ ਨੇ ਕਿਹਾ ਕਿ ਕੈਨੇਡਾ ਨੇ ਇਹ ਮੰਨ ਲਿਆ ਹੈ ਕਿ ‘ਅਮਰੀਕਾ ਬਦਲ ਗਿਆ ਹੈ’ ਅਤੇ ਦੋਵੇਂ ਦੇਸ਼ ਆਪਣੇ ਪੁਰਾਣੇ ਰਿਸ਼ਤਿਆਂ ’ਤੇ ਵਾਪਸ ਨਹੀਂ ਆਉਣਗੇ। ਉਨ੍ਹਾਂ ਨੇ ਵਾਸ਼ਿੰਗਟਨ ’ਤੇ ਆਖਰੀ ਸਮੇਂ ਵਿਚ ਅਜਿਹੇ ਬਦਲਾਅ ਕਰਨ ਦਾ ਦੋਸ਼ ਲਾਇਆ ਜੋ ਗਲਤ ਅਤੇ ਆਰਥਿਕ ਤੌਰ ’ਤੇ ਨੁਕਸਾਨਦਾਇਕ ਸਨ।
ਉਥੇ ਟਰੰਪ ਪ੍ਰਸ਼ਾਸਨ ਦੇ ਮੁੱਖ ਵਪਾਰਕ ਵਾਰਤਾਕਾਰ ਜੈਮਿਸਨ ਗਰੀਅਰ ਨੇ ਫੌਕਸ ਐਂਡ ਫ੍ਰੈਂਡਜ਼ ਵੀਕਐਂਡ ਨੂੰ ਦੱਸਿਆ, ਟਰੰਪ ਪ੍ਰਸ਼ਾਸਨ ਸਟੀਲ, ਆਟੋ ਅਤੇ ਲੱਕੜ ’ਤੇ ਟੈਰਿਫ ਘਟਾਉਣ ਦਾ ਪ੍ਰਸਤਾਵ ਦੇ ਰਿਹਾ ਸੀ। ਉਨ੍ਹਾਂ ਨੂੰ ਹਮੇਸ਼ਾ ਸਭ ਤੋਂ ਵਧੀਆ ਡੀਲ ਮਿਲੀ ਹੈ ਅਤੇ ਉਨ੍ਹਾਂ ਨੂੰ ਹੋਰ ਵੀ ਵਧੀਆ ਡੀਲ ਮਿਲ ਸਕਦੀ ਸੀ, ਪਰ ਉਹ ਇਹ ਨਹੀਂ ਚਾਹੁੰਦੇ ਸਨ। ਅਸੀਂ ਬਹੁਤ ਬਰਦਾਸ਼ਤ ਕੀਤਾ ਹੈ ਅਤੇ ਇਸ ਲਈ ਅਸੀਂ ਜਵਾਬੀ ਕਦਮ ਚੁੱਕੇ ਹਨ। ਸਾਡਾ ਮਕਸਦ ਅਮਰੀਕੀ ਕਰਮਚਾਰੀਆਂ ਦੀ ਸੁਰੱਖਿਆ ਕਰਨਾ ਹੈ।