- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨੀ ਗਈ ਇਸ ਯੋਜਨਾ ਤਹਿਤ ਸਟੀਲ ਮਿੱਲਾਂ ਨੂੰ ਆਧੁਨਿਕ ਬਣਾਉਣ ਲਈ 5 ਅਰਬ ਡਾਲਰ ਅਤੇ ਆਟੋਮੋਬਾਈਲ ਉਦਯੋਗ ਨੂੰ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਵੱਲ ਤਬਦੀਲ ਕਰਨ ਵਿੱਚ ਮਦਦ ਲਈ 2.5 ਅਰਬ ਡਾਲਰ ਦੇਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਉੱਤਰੀ ਓਨਟਾਰੀਓ ਦੇ ਖਣਿਜਾਂ ਨਾਲ ਭਰਪੂਰ ਰਿੰਗ ਆਫ਼ ਫਾਇਰ ਖੇਤਰ ਤੱਕ ਸੜਕਾਂ ਦੇ ਨਿਰਮਾਣ ਲਈ 1 ਅਰਬ ਡਾਲਰ ਰੱਖੇ ਗਏ ਹਨ।

ਬਲਜਿੰਦਰ ਸੇਖਾ, ਓਟਵਾ : ਅਮਰੀਕਾ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਪ੍ਰਭਾਵਿਤ ਓਨਟਾਰੀਓ ਦੇ ਸਟੀਲ ਅਤੇ ਆਟੋਮੋਬਾਈਲ ਉਦਯੋਗਾਂ ਨੂੰ ਸਹਾਰਾ ਦੇਣ ਲਈ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਓਨਟਾਰੀਓ ਸਰਕਾਰ ਨੇ ਕਰੀਬ 9 ਅਰਬ ਡਾਲਰ ਦੀ ਸਹਾਇਤਾ ਯੋਜਨਾ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨੀ ਗਈ ਇਸ ਯੋਜਨਾ ਤਹਿਤ ਸਟੀਲ ਮਿੱਲਾਂ ਨੂੰ ਆਧੁਨਿਕ ਬਣਾਉਣ ਲਈ 5 ਅਰਬ ਡਾਲਰ ਅਤੇ ਆਟੋਮੋਬਾਈਲ ਉਦਯੋਗ ਨੂੰ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਵੱਲ ਤਬਦੀਲ ਕਰਨ ਵਿੱਚ ਮਦਦ ਲਈ 2.5 ਅਰਬ ਡਾਲਰ ਦੇਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਉੱਤਰੀ ਓਨਟਾਰੀਓ ਦੇ ਖਣਿਜਾਂ ਨਾਲ ਭਰਪੂਰ ਰਿੰਗ ਆਫ਼ ਫਾਇਰ ਖੇਤਰ ਤੱਕ ਸੜਕਾਂ ਦੇ ਨਿਰਮਾਣ ਲਈ 1 ਅਰਬ ਡਾਲਰ ਰੱਖੇ ਗਏ ਹਨ।
ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਵਪਾਰਕ ਖਿੱਚੋਤਾਣ ਨੇ ਦਹਾਕਿਆਂ ਪੁਰਾਣੇ ਵਪਾਰਕ ਪ੍ਰਬੰਧ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਕੈਨੇਡੀਅਨ ਕਾਰੋਬਾਰਾਂ ਅਤੇ ਕਾਮਿਆਂ ਨੂੰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਕੋਲ ਦੁਨੀਆ ਦੇ ਬਿਹਤਰੀਨ ਸਟੀਲ ਕਾਮੇ ਅਤੇ ਵੱਡੇ ਕੁਦਰਤੀ ਸਰੋਤ ਮੌਜੂਦ ਹਨ, ਪਰ ਦੇਸ਼ ਹਰ ਸਾਲ 65 ਲੱਖ ਟਨ ਤੋਂ ਵੱਧ ਸਟੀਲ ਦਰਾਮਦ ਕਰਦਾ ਹੈ। ਉਨ੍ਹਾਂ ਮੁਤਾਬਕ, ਹੁਣ ਸਮਾਂ ਆ ਗਿਆ ਹੈ ਕਿ ਕੈਨੇਡਾ ਆਪਣੇ ਉਦਯੋਗਾਂ ਵੱਲੋਂ ਲੋੜੀਂਦੇ ਸਟੀਲ ਦਾ ਉਤਪਾਦਨ ਦੇਸ਼ ਵਿੱਚ ਹੀ ਵਧਾਏ।
ਸਟੀਲ ਉਦਯੋਗ ਨੂੰ ਮਿਲੇਗੀ ਨਵੀਂ ਮਦਦ
ਫੈਡਰਲ ਅਤੇ ਓਨਟਾਰੀਓ ਸਰਕਾਰਾਂ ਵੱਲੋਂ ਸਾਂਝੇ ਤੌਰ ’ਤੇ Joint Steel Action Fund ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦਾ ਮਕਸਦ ਕੈਨੇਡੀਅਨ ਸਟੀਲ ਉਦਯੋਗ ਨੂੰ ਉਹ ਉਤਪਾਦ ਬਣਾਉਣ ਵਿੱਚ ਮਦਦ ਦੇਣਾ ਹੈ, ਜਿਨ੍ਹਾਂ ਦੀ ਦੇਸ਼ ਦੀਆਂ ਹੋਰ ਕੰਪਨੀਆਂ ਨੂੰ ਲੋੜ ਹੈ।
ਇਸ ਦੇ ਨਾਲ ਹੀ, ਵਿਦੇਸ਼ਾਂ ਤੋਂ ਘੱਟ ਕੀਮਤ ’ਤੇ ਸਟੀਲ ਡੰਪਿੰਗ ਰਾਹੀਂ ਕੈਨੇਡੀਅਨ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੀ ਨਿਗਰਾਨੀ ਅਤੇ ਲਾਗੂਕਰਨ ਕਾਰਵਾਈ ਮਜ਼ਬੂਤ ਕਰਨ ਦੀ ਵੀ ਗੱਲ ਕਹੀ ਗਈ ਹੈ।
ਆਟੋ ਉਦਯੋਗ ਅਤੇ ਰੁਜ਼ਗਾਰ ’ਤੇ ਨਜ਼ਰ
ਆਟੋਮੋਬਾਈਲ ਖੇਤਰ ਲਈ ਰੱਖੇ ਗਏ 2.5 ਅਰਬ ਡਾਲਰ ਦਾ ਉਦੇਸ਼ ਉਦਯੋਗ ਨੂੰ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਵੱਲ ਤਬਦੀਲ ਕਰਨ ਵਿੱਚ ਮਦਦ ਕਰਨਾ ਹੈ। ਇਸ ਕਦਮ ਨਾਲ ਉਦਯੋਗ ਦੀ ਮੁਕਾਬਲੇਬਾਜ਼ੀ, ਨਿਵੇਸ਼ ਅਤੇ ਰੁਜ਼ਗਾਰ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਮਰੀਕੀ ਟੈਰਿਫਾਂ ਕਾਰਨ ਕੈਨੇਡਾ ਦੇ ਸਟੀਲ ਅਤੇ ਵਾਹਨ ਨਿਰਮਾਣ ਖੇਤਰਾਂ ’ਤੇ ਪੈ ਰਹੇ ਦਬਾਅ ਦੇ ਮੱਦੇਨਜ਼ਰ, ਇਸ ਯੋਜਨਾ ਨੂੰ ਦੇਸ਼ ਦੀ ਉਦਯੋਗਿਕ ਸਮਰੱਥਾ ਮਜ਼ਬੂਤ ਕਰਨ ਅਤੇ ਘਰੇਲੂ ਉਤਪਾਦਨ ਵਧਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।