B.C. 'ਚ ਸੱਤਾ ਤਬਦੀਲੀ ਦੇ ਸੰਕੇਤ! ਕੰਜ਼ਰਵੇਟਿਵਾਂ ਦੀ ਬੱਲੇ-ਬੱਲੇ, ਡੇਵਿਡ ਈਬੀ ਨੇ ਛੱਡੀ ਪਾਰਟੀ ਦੀ ਅਗਵਾਈ
ਈਬੀ ਨੇ ਵੈਨਕੂਵਰ-ਪੁਆਇੰਟ ਗ੍ਰੇ ਹਲਕੇ ਤੋਂ ਆਪਣੀ ਸੀਟ ਜਿੱਤ ਲਈ ਹੈ, ਪਰ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਐਨਡੀਪੀ ਨੂੰ ਨਵੀਂ ਅਗਵਾਈ ਦੀ ਲੋੜ ਹੈ। ਉਨ੍ਹਾਂ ਦਾ ਇਹ ਫੈਸਲਾ ਸੂਬੇ ਦੀ ਸਿਆਸਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ।
Publish Date: Sun, 25 Oct 2026 04:44 PM (IST)
Updated Date: Sun, 25 Oct 2026 04:53 PM (IST)
ਬਲਜਿੰਦਰ ਸੇਖਾ. ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਸੂਬਾਈ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਮਤ ਵੱਲ ਵੱਡੀ ਪੁਲਾਂਘ ਪੁੱਟੀ ਹੈ। ਇੰਟਰਿਮ ਲੀਡਰ ਲੋਰਨ ਡੋਅਰਕਸਨ ਦੀ ਅਗਵਾਈ ਹੇਠ ਪਾਰਟੀ ਸੂਬੇ ਵਿੱਚ ਨਵੀਂ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।
24 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਸੂਬੇ ਦੀਆਂ ਕੁੱਲ 93 ਸੀਟਾਂ ਲਈ ਵੋਟਿੰਗ ਹੋਈ। ਮੁੱਢਲੇ ਨਤੀਜਿਆਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਲਗਭਗ 64 ਸੀਟਾਂ ’ਤੇ ਅੱਗੇ ਹੈ ਜਾਂ ਜਿੱਤ ਦਰਜ ਕਰ ਚੁੱਕੀ ਹੈ। ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਲਗਭਗ 27 ਸੀਟਾਂ ’ਤੇ ਅਤੇ ਗ੍ਰੀਨ ਪਾਰਟੀ 2 ਸੀਟਾਂ ’ਤੇ ਅੱਗੇ ਹੈ। ਸੂਬੇ ਵਿੱਚ ਬਹੁਮਤ ਸਰਕਾਰ ਬਣਾਉਣ ਲਈ 47 ਸੀਟਾਂ ਦੀ ਲੋੜ ਹੁੰਦੀ ਹੈ।
ਡੇਵਿਡ ਈਬੀ ਨੇ ਛੱਡੀ ਪਾਰਟੀ ਦੀ ਅਗਵਾਈ
ਚੋਣਾਂ ਦੇ ਨਤੀਜਿਆਂ ਨੇ ਐਨਡੀਪੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਸੂਬੇ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪਾਰਟੀ ਦੀ ਹਾਰ ਨੂੰ ਦੇਖਦਿਆਂ ਆਪਣੀ ਅਗਵਾਈ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਈਬੀ ਨੇ ਵੈਨਕੂਵਰ-ਪੁਆਇੰਟ ਗ੍ਰੇ ਹਲਕੇ ਤੋਂ ਆਪਣੀ ਸੀਟ ਜਿੱਤ ਲਈ ਹੈ, ਪਰ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਐਨਡੀਪੀ ਨੂੰ ਨਵੀਂ ਅਗਵਾਈ ਦੀ ਲੋੜ ਹੈ। ਉਨ੍ਹਾਂ ਦਾ ਇਹ ਫੈਸਲਾ ਸੂਬੇ ਦੀ ਸਿਆਸਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ।
ਸਰੀ, ਰਿਚਮੰਡ ਤੇ ਡੈਲਟਾ 'ਚ ਕੰਜ਼ਰਵੇਟਿਵਾਂ ਦਾ ਦਬਦਬਾ
ਕੰਜ਼ਰਵੇਟਿਵ ਪਾਰਟੀ ਨੇ ਸਰੀ, ਰਿਚਮੰਡ ਅਤੇ ਡੈਲਟਾ ਵਰਗੇ ਮਹੱਤਵਪੂਰਨ ਖੇਤਰਾਂ 'ਚ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਖੇਤਰਾਂ ਵਿੱਚ ਪਾਰਟੀ ਦੇ ਮਜ਼ਬੂਤ ਪ੍ਰਦਰਸ਼ਨ ਨੇ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। 2024 ਦੀਆਂ ਚੋਣਾਂ ਵਿੱਚ ਐਨਡੀਪੀ ਨੇ 47 ਸੀਟਾਂ, ਕੰਜ਼ਰਵੇਟਿਵਾਂ ਨੇ 44 ਅਤੇ ਗ੍ਰੀਨ ਪਾਰਟੀ ਨੇ 2 ਸੀਟਾਂ ਜਿੱਤੀਆਂ ਸਨ। ਇਸ ਵਾਰ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਕੰਜ਼ਰਵੇਟਿਵ ਪਾਰਟੀ ਸੱਤਾ ਦੇ ਨੇੜੇ ਪਹੁੰਚ ਗਈ ਹੈ।
ਡੋਅਰਕਸਨ ਨੇ ਲੋਕਾਂ ਦਾ ਧੰਨਵਾਦ ਕੀਤਾ
ਕੰਜ਼ਰਵੇਟਿਵ ਪਾਰਟੀ ਦੇ ਇੰਟਰਿਮ ਲੀਡਰ ਲੋਰਨ ਡੋਅਰਕਸਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਅੱਜ ਬ੍ਰਿਟਿਸ਼ ਕੋਲੰਬੀਆ ਨੇ ਫੈਸਲਾ ਕੀਤਾ ਹੈ। ਤੁਹਾਡਾ ਪ੍ਰੀਮੀਅਰ ਬਣਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ।” ਉਨ੍ਹਾਂ ਸੂਬੇ ਦੇ ਲੋਕਾਂ ਨਾਲ ਰਿਹਾਇਸ਼, ਸਿਹਤ ਸੇਵਾਵਾਂ ਅਤੇ ਆਰਥਿਕ ਵਿਕਾਸ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਵੱਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਅਤੇ ਆਰਥਿਕ ਚੁਣੌਤੀਆਂ ਨੂੰ ਹੱਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸਨੈਪ ਚੋਣਾਂ ਦਾ ਫੈਸਲਾ ਐਨਡੀਪੀ ਨੂੰ ਪਿਆ ਭਾਰੀ
ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਹੁਣ ਐਨਡੀਪੀ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਚੋਣ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਸੱਤਾ ਤਬਦੀਲੀ ਦੇ ਸੰਕੇਤ ਦਿੱਤੇ ਹਨ।
ਐਨਡੀਪੀ ਨੂੰ ਲਗਪਗ 9 ਸਾਲਾਂ ਬਾਅਦ ਮੁੜ ਵਿਰੋਧੀ ਧਿਰ ਵਿੱਚ ਬੈਠਣਾ ਪੈ ਸਕਦਾ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਨਵੀਂ ਸਰਕਾਰ ਬਣਾਉਣ ਵੱਲ ਵਧ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਇਹ ਚੋਣ ਸੂਬੇ ਦੀ ਸਿਆਸਤ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖੀ ਜਾ ਰਹੀ ਹੈ।