- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਕਾਰਵਾਈ ਦੌਰਾਨ ਲਗਪਗ 9.70 ਲੱਖ ਕੈਨੇਡੀਅਨ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ, ਛੇ ਹਥਿਆਰ, 800 ਤੋਂ ਵੱਧ ਕਾਰਤੂਸ ਅਤੇ 1.26 ਲੱਖ ਕੈਨੇਡੀਅਨ ਡਾਲਰ ਦੀ ਨਕਦੀ ਬਰਾਮਦ ਕੀਤੀ ਹੈ।

ਰੋਹਿਤ ਕੁਮਾਰ, ਚੰਡੀਗੜ੍ਹ : ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਇੱਕ ਵੱਡੇ ਅੰਤਰ-ਸੂਬਾਈ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਪੰਜਾਬ ਮੂਲ ਦੇ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਸਾਰੇ ਇੱਕ ਸੰਗਠਿਤ ਗਿਰੋਹ ਦਾ ਹਿੱਸਾ ਸਨ, ਜੋ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਮੈਨੀਟੋਬਾ ਵਿੱਚ ਕੋਕੀਨ, ਮੇਥਾਮਫੇਟਾਮਾਈਨ, ਕੇਟਾਮਾਈਨ ਅਤੇ ਡਾਕਟਰ ਦੀ ਪਰਚੀ ’ਤੇ ਮਿਲਣ ਵਾਲੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰ ਰਹੇ ਸਨ।
ਪੁਲਿਸ ਨੇ ਕਾਰਵਾਈ ਦੌਰਾਨ ਲਗਪਗ 9.70 ਲੱਖ ਕੈਨੇਡੀਅਨ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ, ਛੇ ਹਥਿਆਰ, 800 ਤੋਂ ਵੱਧ ਕਾਰਤੂਸ ਅਤੇ 1.26 ਲੱਖ ਕੈਨੇਡੀਅਨ ਡਾਲਰ ਦੀ ਨਕਦੀ ਬਰਾਮਦ ਕੀਤੀ ਹੈ।
ਇਹ ਕਾਰਵਾਈ ਵਿਨੀਪੈਗ ਪੁਲਿਸ ਸੇਵਾ ਦੀ ਸੰਗਠਿਤ ਅਪਰਾਧ ਇਕਾਈ ਵੱਲੋਂ ਚਲਾਏ ਗਏ 'ਪ੍ਰੋਜੈਕਟ ਪਿੰਕ ਪੈਂਥਰ' ਤਹਿਤ ਕੀਤੀ ਗਈ। ਪੁਲਿਸ ਨੇ ਦਸੰਬਰ 2025 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦਾ ਕੇਂਦਰ ਇੱਕ ਅਜਿਹਾ ਸੰਗਠਿਤ ਅਪਰਾਧ ਗਿਰੋਹ ਸੀ, ਜਿਸ ’ਤੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਤੋਂ ਮੈਨੀਟੋਬਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਸ਼ੱਕ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਨਸ਼ੀਲੇ ਪਦਾਰਥਾਂ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰਦਾ ਸੀ। ਇਨ੍ਹਾਂ ਵਿੱਚ ਨਿੱਜੀ ਯਾਤਰੀ ਵਾਹਨ, ਕੋਰੀਅਰ ਸੇਵਾਵਾਂ, ਡਾਕ ਰਾਹੀਂ ਭੇਜੇ ਜਾਣ ਵਾਲੇ ਪਾਰਸਲ ਅਤੇ ਵਪਾਰਕ ਜਹਾਜ਼ ਸ਼ਾਮਲ ਸਨ। ਨਸ਼ੀਲੇ ਪਦਾਰਥ ਪਹਿਲਾਂ ਵਿਨੀਪੈਗ ਵਿੱਚ ਤੈਅ ਕੀਤੇ ਗਏ ਟਿਕਾਣਿਆਂ ’ਤੇ ਪਹੁੰਚਾਏ ਜਾਂਦੇ ਸਨ। ਉੱਥੇ ਇਨ੍ਹਾਂ ਨੂੰ ਇਕੱਠਾ ਕਰਨ ਤੋਂ ਬਾਅਦ ਨਸ਼ਾ ਕਾਰੋਬਾਰ ਨਾਲ ਜੁੜੇ ਵੱਖ-ਵੱਖ ਲੋਕਾਂ ਰਾਹੀਂ ਅੱਗੇ ਸਪਲਾਈ ਕੀਤਾ ਜਾਂਦਾ ਸੀ।
26 ਅਗਸਤ 2026 ਨੂੰ ਵਿਨੀਪੈਗ ਪੁਲਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਪੀਲ ਰੀਜਨਲ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸਹਿਯੋਗ ਨਾਲ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਲਗਪਗ 29 ਕਿਲੋ ਮੇਥਾਮਫੇਟਾਮਾਈਨ, ਤਿੰਨ ਕਿਲੋ ਕੇਟਾਮਾਈਨ, ਐੱਲਐੱਸਡੀ ਦੀਆਂ 1,800 ਗੋਲੀਆਂ ਅਤੇ 31 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ ਲਗਪਗ 9.70 ਲੱਖ ਕੈਨੇਡੀਅਨ ਡਾਲਰ ਦੱਸੀ ਗਈ ਹੈ।
ਪੁਲਿਸ ਨੇ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਲਗਪਗ 1.26 ਲੱਖ ਕੈਨੇਡੀਅਨ ਡਾਲਰ ਦੀ ਨਕਦੀ, ਛੇ ਹਥਿਆਰ, 800 ਤੋਂ ਵੱਧ ਕਾਰਤੂਸ ਅਤੇ ਬਿਜਲੀ ਦਾ ਝਟਕਾ ਦੇਣ ਵਾਲਾ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਚਾਰ ਵਾਹਨ ਵੀ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿੱਚ ਮਰਸਡੀਜ਼ ਬੈਂਜ਼ ਜੀਐੱਲਸੀ 300, ਸ਼ੈਵਰਲੇ ਸਿਲਵੇਰਾਡੋ, ਸ਼ੈਵਰਲੇ ਕਰੂਜ਼ ਅਤੇ ਕੈਡਿਲੈਕ ਸੀਟੀਐੱਸ ਸ਼ਾਮਲ ਹਨ।
ਵਿਨੀਪੈਗ ਤੋਂ ਛੇ, ਓਂਟਾਰੀਓ ਤੋਂ ਤਿੰਨ ਗ੍ਰਿਫ਼ਤਾਰ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨੌਂ ਮੁਲਜ਼ਮਾਂ ਵਿੱਚੋਂ ਛੇ ਵਿਨੀਪੈਗ ਅਤੇ ਤਿੰਨ ਓਂਟਾਰੀਓ ਦੇ ਰਹਿਣ ਵਾਲੇ ਹਨ। ਵਿਨੀਪੈਗ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰੁਣਦੇਵ ਸਿੰਘ (32), ਦੇਵਿੰਦਰ ਸਿੰਘ (57), ਅਮਨਦੀਪ ਸਿੰਘ (47), ਮਨਦੀਪ ਸਿੰਘ ਦੱਤਾ (37), ਕਰਨਵੀਰ ਸਿੰਘ (24) ਅਤੇ ਮਘਨਪ੍ਰੀਤ ਬੋਪਾਰਾਈ (25) ਵਜੋਂ ਹੋਈ ਹੈ।
ਉੱਥੇ ਹੀ ਓਂਟਾਰੀਓ ਤੋਂ ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਰੇ ਮੁਲਜ਼ਮਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਪਰਾਧ ਰਾਹੀਂ ਕਮਾਈ ਗਈ ਜਾਇਦਾਦ ਰੱਖਣ ਅਤੇ ਹਥਿਆਰਾਂ ਨਾਲ ਸਬੰਧਤ ਵੱਖ-ਵੱਖ ਦੋਸ਼ ਲਗਾਏ ਗਏ ਹਨ।