- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੀ ਸ਼੍ਰੇਣੀ ਵਿੱਚ ਮਨੁੱਖਤਾਵਾਦੀ ਅਤੇ ਤਰਸ ਦੇ ਆਧਾਰ ’ਤੇ ਪੱਕੀ ਰਿਹਾਇਸ਼ ਲਈ ਅਰਜ਼ੀਆਂ ਦੇਣ ਵਾਲੇ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਜੰਗ, ਸਿਆਸੀ ਜ਼ੁਲਮ ਜਾਂ ਹੋਰ ਸੰਕਟਾਂ ਕਾਰਨ ਕੈਨੇਡਾ ਵਿੱਚ ਪਨਾਹ ਲੈਣ ਵਾਲੇ ਲੋਕ ਵੀ ਸ਼ਾਮਲ ਹਨ।

ਨਿਰਮਲ ਸਿੰਘ ਮਾਨਸ਼ਾਹੀਆ, ਟੋਰਾਂਟੋ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪਿਛਲੇ ਹਫ਼ਤੇ ਐਲਾਨੇ ਗਏ ਨਵੇਂ ਇਮੀਗ੍ਰੇਸ਼ਨ ਟੀਚੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਰਕਾਰ ਵੱਲੋਂ 2027 ਦੇ ਅੰਤ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਪੱਕੀ ਰਿਹਾਇਸ਼ (PR) ਦੇਣ ਦੀ ਯੋਜਨਾ ਤਹਿਤ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ 2 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੱਕਾ ਕਰਨ ਦੇ ਐਲਾਨ ਤੋਂ ਬਾਅਦ ਸਿਆਸੀ ਬਹਿਸ ਛਿੜ ਗਈ ਹੈ। ਇਸ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੂੰ ਵੀ ਇਸ ਯੋਜਨਾ ਬਾਰੇ ਸਰਕਾਰ ਦਾ ਪੱਖ ਸਪੱਸ਼ਟ ਕਰਨਾ ਪੈ ਰਿਹਾ ਹੈ।
ਕੌਣ ਹਨ ਉਹ 2 ਲੱਖ ਟੈਂਪਰੇਰੀ ਰੈਜ਼ੀਡੈਂਟਸ, ਜਿਨ੍ਹਾਂ ਨੂੰ ਮਿਲੇਗੀ PR?
ਇਸ ਯੋਜਨਾ ਵਿੱਚ ਸਭ ਤੋਂ ਵੱਧ ਚਰਚਾ 2 ਲੱਖ ਟੈਂਪਰੇਰੀ ਰੈਜ਼ੀਡੈਂਟਸ ਦੇ ਅੰਕੜੇ ਨੂੰ ਲੈ ਕੇ ਹੋ ਰਹੀ ਹੈ। ਸਰਕਾਰ ਨੇ ਇਸ ਸ਼੍ਰੇਣੀ ਨੂੰ ਮੁੱਖ ਤੌਰ ’ਤੇ ਦੋ ਹਿੱਸਿਆਂ ਵਿੱਚ ਵੰਡਿਆ ਹੈ।
ਪਹਿਲੀ ਸ਼੍ਰੇਣੀ ਵਿੱਚ ਲਗਭਗ ਇਕ ਲੱਖ ਅਜਿਹੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੇ ਸਟਾਰਟਅੱਪ ਵੀਜ਼ਾ, ਐਗਰੀ-ਫੂਡ ਪਾਇਲਟ ਪ੍ਰੋਗਰਾਮ ਅਤੇ ਕੇਅਰਗਿਵਰਜ਼ ਪ੍ਰੋਗਰਾਮ ਵਰਗੀਆਂ ਵੱਖ-ਵੱਖ ਯੋਜਨਾਵਾਂ ਤਹਿਤ ਪਹਿਲਾਂ ਹੀ PR ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਇਹ ਬਿਨੈਕਾਰ ਲੰਬੇ ਸਮੇਂ ਤੋਂ ਆਪਣੀਆਂ ਅਰਜ਼ੀਆਂ ’ਤੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ਅਤੇ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ।
ਦੂਜੀ ਸ਼੍ਰੇਣੀ ਵਿੱਚ ਮਨੁੱਖਤਾਵਾਦੀ ਅਤੇ ਤਰਸ ਦੇ ਆਧਾਰ ’ਤੇ ਪੱਕੀ ਰਿਹਾਇਸ਼ ਲਈ ਅਰਜ਼ੀਆਂ ਦੇਣ ਵਾਲੇ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਜੰਗ, ਸਿਆਸੀ ਜ਼ੁਲਮ ਜਾਂ ਹੋਰ ਸੰਕਟਾਂ ਕਾਰਨ ਕੈਨੇਡਾ ਵਿੱਚ ਪਨਾਹ ਲੈਣ ਵਾਲੇ ਲੋਕ ਵੀ ਸ਼ਾਮਲ ਹਨ।
ਇਸ ਸ਼੍ਰੇਣੀ ਵਿੱਚ ਹਾਂਗਕਾਂਗ ਦੇ ਲਗਭਗ 50 ਹਜ਼ਾਰ ਸਾਬਕਾ ਵਸਨੀਕ ਵੀ ਹਨ, ਜੋ ਚੀਨ ਵਿੱਚ ਸਿਆਸੀ ਜ਼ੁਲਮ ਦੇ ਡਰ ਕਾਰਨ ਕੈਨੇਡਾ ਆਏ ਸਨ। ਇਸ ਤੋਂ ਇਲਾਵਾ ਲਗਭਗ 19 ਹਜ਼ਾਰ ਯੂਕਰੇਨੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸਰਕਾਰ ਦੇ ਯੂਕਰੇਨ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਤਹਿਤ ਅਰਜ਼ੀਆਂ ਦਿੱਤੀਆਂ ਹੋਈਆਂ ਹਨ।
ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਬੰਦ ਹੋਣ ਕਾਰਨ 12 ਹਜ਼ਾਰ ਤੋਂ ਵੱਧ ਮਾਪਿਆਂ ਵੱਲੋਂ ਤਰਸ ਦੇ ਆਧਾਰ ’ਤੇ PR ਲਈ ਦਿੱਤੀਆਂ ਅਰਜ਼ੀਆਂ ਵੀ ਇਸ ਸੂਚੀ ਦਾ ਹਿੱਸਾ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਪੱਕੀ ਰਿਹਾਇਸ਼ ਦੇਣ ਦੀ ਇਹ ਇਕ ਵਾਰ ਦੀ ਵਿਸ਼ੇਸ਼ ਯੋਜਨਾ ਹੈ।
ਸੰਤੁਲਨ ਬਣਾਉਣ ਦੀ ਕੋਸ਼ਿਸ਼ : ਮਾਹਰ
ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਸ਼ੀਲਡਜ਼ ਨੇ ਇਸ ਯੋਜਨਾ ਬਾਰੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਲੱਗ ਸਕਦਾ ਹੈ ਕਿ ਸਰਕਾਰ ਆਪਣੇ ਪਹਿਲਾਂ ਦੇ ਇਮੀਗ੍ਰੇਸ਼ਨ ਟੀਚਿਆਂ ਤੋਂ ਵੱਧ ਕੇ 6 ਲੱਖ ਲੋਕਾਂ ਨੂੰ PR ਦੇ ਰਹੀ ਹੈ। ਪਰ ਇਸ ਵਿੱਚ ਸ਼ਾਮਲ 2 ਲੱਖ ਬਿਨੈਕਾਰ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ।
ਉਨ੍ਹਾਂ ਅਨੁਸਾਰ, ਇਨ੍ਹਾਂ ਲੋਕਾਂ ਨੂੰ ਨਵੇਂ ਪ੍ਰਵਾਸੀਆਂ ਵਜੋਂ ਗਿਣਨ ਦੀ ਬਜਾਏ ਪਹਿਲਾਂ ਤੋਂ ਦੇਸ਼ ਵਿੱਚ ਮੌਜੂਦ ਲੋਕਾਂ ਨੂੰ ਪੱਕੀ ਰਿਹਾਇਸ਼ ਦੇਣ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਨਵੇਂ ਪ੍ਰਵਾਸੀਆਂ ਦੀ ਸਾਲਾਨਾ ਗਿਣਤੀ 4 ਲੱਖ ਤੋਂ ਘੱਟ ਹੀ ਰਹਿੰਦੀ ਹੈ।