- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਨੋਵਾ ਸਕੋਸ਼ੀਆ ਵਿੱਚ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਬਹੁਤ ਸਾਰੇ ਨੌਕਰੀਦਾਤਿਆਂ ਨੂੰ ਲੋੜੀਂਦੇ ਕਾਮੇ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਅਤੇ ਛੋਟੇ ਸ਼ਹਿਰਾਂ ਵਿੱਚ ਕਾਮਿਆਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸਥਾਈ ਕਰਨ ਦਾ ਫ਼ੈਸਲਾ ਕੀਤਾ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਕੈਨੇਡਾ : ਕੈਨੇਡਾ ਵਿੱਚ ਪੱਕੇ ਤੌਰ ’ਤੇ ਵਸਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਕਾਮਿਆਂ ਲਈ ਰਾਹਤ ਦੀ ਖ਼ਬਰ ਹੈ। ਕੈਨੇਡਾ ਸਰਕਾਰ ਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ (RCIP) ਪ੍ਰੋਗਰਾਮ ਨੂੰ ਸਥਾਈ ਬਣਾਉਣ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਕੈਨੇਡਾ ਦੇ ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਵੱਲ ਆਕਰਸ਼ਿਤ ਕਰਨਾ ਹੈ, ਤਾਂ ਜੋ ਉੱਥੇ ਨੌਕਰੀਦਾਤਿਆਂ ਨੂੰ ਲੋੜੀਂਦੇ ਕਾਮੇ ਮਿਲ ਸਕਣ।
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਨੋਵਾ ਸਕੋਸ਼ੀਆ ਵਿੱਚ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਬਹੁਤ ਸਾਰੇ ਨੌਕਰੀਦਾਤਿਆਂ ਨੂੰ ਲੋੜੀਂਦੇ ਕਾਮੇ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਅਤੇ ਛੋਟੇ ਸ਼ਹਿਰਾਂ ਵਿੱਚ ਕਾਮਿਆਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸਥਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਕੀ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪ੍ਰੋਗਰਾਮ?
ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2025 ਵਿੱਚ ਕੀਤੀ ਗਈ ਸੀ। ਇਸ ਤਹਿਤ ਕੈਨੇਡਾ ਦੀਆਂ 14 ਛੋਟੀਆਂ ਕਮਿਊਨਿਟੀਆਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਲੋੜਾਂ ਅਨੁਸਾਰ ਹੁਨਰਮੰਦ ਅਤੇ ਨੌਕਰੀ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ (PR) ਲਈ ਸਿਫ਼ਾਰਸ਼ ਕਰ ਸਕਣ।
ਹਰੇਕ ਕਮਿਊਨਿਟੀ ਆਪਣੇ ਇਲਾਕੇ ਦੀਆਂ ਲੋੜਾਂ ਮੁਤਾਬਕ ਵੱਧ ਤੋਂ ਵੱਧ 25 ਤਰਜੀਹੀ ਕਿੱਤਿਆਂ ਦੀ ਚੋਣ ਕਰ ਸਕਦੀ ਹੈ। ਇਨ੍ਹਾਂ ਵਿੱਚ ਸਿਹਤ ਸੇਵਾਵਾਂ, ਮੈਨੂਫੈਕਚਰਿੰਗ, ਹੁਨਰਮੰਦ ਕਿੱਤੇ ਅਤੇ ਟਰਾਂਸਪੋਰਟ ਵਰਗੇ ਖੇਤਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਸਾਲ 2019 ਵਿੱਚ ਰੂਰਲ ਐਂਡ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜੋ 2024 ਤੱਕ ਚੱਲਿਆ। ਇਸ ਤੋਂ ਬਾਅਦ 2025 ਵਿੱਚ ਸਰਕਾਰ ਨੇ ਨਵਾਂ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ।
PR ਲਈ ਇਹ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ
ਇਸ ਪ੍ਰੋਗਰਾਮ ਤਹਿਤ ਪੱਕੀ ਰਿਹਾਇਸ਼ ਹਾਸਲ ਕਰਨ ਲਈ ਬਿਨੈਕਾਰ ਕੋਲ ਘੱਟੋ-ਘੱਟ ਇਕ ਸਾਲ ਦਾ ਕੰਮ ਦਾ ਤਜਰਬਾ, ਯੋਗ ਨੌਕਰੀਦਾਤਾ ਵੱਲੋਂ ਜੌਬ ਆਫ਼ਰ ਅਤੇ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਦੀ ਲੋੜੀਂਦੀ ਮੁਹਾਰਤ ਹੋਣੀ ਜ਼ਰੂਰੀ ਹੈ।
ਹਰ ਨੌਕਰੀਦਾਤਾ ਇਸ ਪ੍ਰੋਗਰਾਮ ਤਹਿਤ ਜੌਬ ਆਫ਼ਰ ਨਹੀਂ ਦੇ ਸਕਦਾ। ਇਸ ਲਈ ਨੌਕਰੀਦਾਤਿਆਂ ਨੂੰ ਵੀ ਕੁਝ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਹ ਸ਼ਰਤਾਂ ਹਰੇਕ ਕਮਿਊਨਿਟੀ ਵੱਲੋਂ ਆਪਣੀਆਂ ਲੋੜਾਂ ਅਨੁਸਾਰ ਤੈਅ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸ਼ਰਤਾਂ ਦੀ ਪੂਰਤੀ ਅਤੇ ਲੋੜੀਂਦੀ ਸਿਖਲਾਈ ਤੋਂ ਬਾਅਦ ਹੀ ਨੌਕਰੀਦਾਤਾ ਜੌਬ ਆਫ਼ਰ ਦੇ ਸਕਦਾ ਹੈ।
2027 ਵਿੱਚ 5,500 ਬਿਨੈਕਾਰਾਂ ਨੂੰ ਮਿਲ ਸਕਦੀ ਹੈ PR
ਕੈਨੇਡਾ ਸਰਕਾਰ ਨੇ ਇਸ ਪ੍ਰੋਗਰਾਮ ਤਹਿਤ ਆਉਣ ਵਾਲੇ ਸਾਲਾਂ ਲਈ ਪੱਕੀ ਰਿਹਾਇਸ਼ ਦੇ ਟੀਚੇ ਵੀ ਨਿਰਧਾਰਤ ਕੀਤੇ ਹਨ। ਸਾਲ 2027 ਦੌਰਾਨ 5,500 ਲੋਕਾਂ ਨੂੰ PR ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ 2028 ਵਿੱਚ 6,000 ਅਤੇ 2029 ਵਿੱਚ 6,500 ਵਿਅਕਤੀਆਂ ਨੂੰ ਪੱਕੀ ਰਿਹਾਇਸ਼ ਦਿੱਤੇ ਜਾਣ ਦੀ ਯੋਜਨਾ ਹੈ।
ਜੇਕਰ ਇਨ੍ਹਾਂ ਅੰਕੜਿਆਂ ਨੂੰ 14 ਕਮਿਊਨਿਟੀਆਂ ਵਿੱਚ ਵੰਡਿਆ ਜਾਵੇ ਤਾਂ ਹਰੇਕ ਕਮਿਊਨਿਟੀ ਦੇ ਹਿੱਸੇ ਸਾਲਾਨਾ 400 ਤੋਂ ਵੀ ਘੱਟ ਸੀਟਾਂ ਆਉਂਦੀਆਂ ਹਨ।
ਉਪਲਬਧ ਸੀਟਾਂ ਨਾਲੋਂ ਕਿਤੇ ਵੱਧ ਹਨ ਬਿਨੈਕਾਰ
ਪ੍ਰਾਪਤ ਜਾਣਕਾਰੀ ਅਨੁਸਾਰ, ਇਨ੍ਹਾਂ ਕਮਿਊਨਿਟੀਆਂ ਦਾ ਆਕਾਰ ਛੋਟਾ ਹੈ, ਜਦਕਿ ਇੱਥੇ ਪੱਕੀ ਰਿਹਾਇਸ਼ ਹਾਸਲ ਕਰਨ ਦੇ ਚਾਹਵਾਨ ਲੋਕਾਂ ਦੀ ਗਿਣਤੀ ਉਪਲਬਧ ਸੀਟਾਂ ਨਾਲੋਂ ਕਿਤੇ ਵੱਧ ਹੈ।
ਸੀਬੀਸੀ ਨਿਊਜ਼ ਦੀ ਇਕ ਰਿਪੋਰਟ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਓਕਾਨਾਗਨ-ਸ਼ੁਸਵਾਪ ਖੇਤਰ ਦੇ ਰੂਰਲ ਪ੍ਰੋਗਰਾਮ ਮੈਨੇਜਰ ਵਾਰਡ ਮਰਸਰ ਨੇ ਕਿਹਾ ਕਿ PR ਲੈਣ ਦੇ ਇੱਛੁਕ ਲੋਕਾਂ ਦੀ ਗਿਣਤੀ ਉਪਲਬਧ ਸੀਟਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਕਾਰਨ ਕਮਿਊਨਿਟੀ ਨੂੰ ਇਹ ਫ਼ੈਸਲਾ ਬਹੁਤ ਸੋਚ-ਸਮਝ ਕੇ ਕਰਨਾ ਪੈਂਦਾ ਹੈ ਕਿ ਕਿਹੜੇ ਕਿੱਤਿਆਂ ਨੂੰ ਪਹਿਲ ਦਿੱਤੀ ਜਾਵੇ।
ਪ੍ਰੋਗਰਾਮ ਨੂੰ ਸਥਾਈ ਬਣਾਉਣ ਦਾ ਸਵਾਗਤ
ਫੈਡਰਲ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਸਥਾਈ ਬਣਾਉਣ ਦੇ ਫ਼ੈਸਲੇ ਦਾ ਵੱਖ-ਵੱਖ ਸੰਸਥਾਵਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਕਾਮਿਆਂ ਦੀ ਘਾਟ ਦੂਰ ਕਰਨ ਵਿੱਚ ਮਦਦ ਮਿਲੇਗੀ ਅਤੇ ਸਥਾਨਕ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।