- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕ ਆਫ਼ ਕੈਨੇਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ 16 ਨਵੰਬਰ ਨੂੰ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਵੇਂ ਗਵਰਨਰ ਦੀ ਨਿਯੁਕਤੀ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਸਰਚ ਕਮੇਟੀ ਬਣਾਈ ਗਈ ਹੈ, ਜੋ ਕਾਰਜਕਾਰੀ ਭਰਤੀ ਸੰਸਥਾ Egon Zehnder ਦੀ ਸਹਾਇਤਾ ਨਾਲ ਯੋਗ ਉਮੀਦਵਾਰਾਂ ਦੀ ਭਾਲ ਕਰੇਗੀ।

ਬਲਜਿੰਦਰ ਸੇਖਾ, ਓਟਾਵਾ: ਬੈਂਕ ਆਫ਼ ਕੈਨੇਡਾ ਦੇ ਮੌਜੂਦਾ ਗਵਰਨਰ ਟਿਫ ਮੈਕਲਮ ਨੇ ਆਪਣਾ ਸੱਤ ਸਾਲਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮੁੜ ਇਸ ਅਹੁਦੇ ’ਤੇ ਬਣੇ ਰਹਿਣ ਦੀ ਇੱਛਾ ਨਾ ਜਤਾਉਂਦਿਆਂ ਜੂਨ 2027 ਵਿੱਚ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਮੌਜੂਦਾ ਕਾਰਜਕਾਲ 2 ਜੂਨ 2027 ਨੂੰ ਖ਼ਤਮ ਹੋਵੇਗਾ।
ਬੈਂਕ ਆਫ਼ ਕੈਨੇਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ 16 ਨਵੰਬਰ ਨੂੰ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਵੇਂ ਗਵਰਨਰ ਦੀ ਨਿਯੁਕਤੀ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਸਰਚ ਕਮੇਟੀ ਬਣਾਈ ਗਈ ਹੈ, ਜੋ ਕਾਰਜਕਾਰੀ ਭਰਤੀ ਸੰਸਥਾ Egon Zehnder ਦੀ ਸਹਾਇਤਾ ਨਾਲ ਯੋਗ ਉਮੀਦਵਾਰਾਂ ਦੀ ਭਾਲ ਕਰੇਗੀ।
ਬੈਂਕ ਮੁਤਾਬਕ ਨਵੇਂ ਗਵਰਨਰ ਦੀ ਚੋਣ ਪ੍ਰਕਿਰਿਆ ਬਸੰਤ 2027 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਨਵੇਂ ਮੁਖੀ ਦਾ ਸੱਤ ਸਾਲਾ ਕਾਰਜਕਾਲ 3 ਜੂਨ 2027 ਤੋਂ ਸ਼ੁਰੂ ਹੋਵੇਗਾ। ਇਸ ਨਿਯੁਕਤੀ ਲਈ ਵਿੱਤ ਮੰਤਰੀ ਅਤੇ ਫੈਡਰਲ ਕੈਬਨਿਟ ਦੀ ਮਨਜ਼ੂਰੀ ਵੀ ਲਾਜ਼ਮੀ ਹੋਵੇਗੀ।
ਜ਼ਿਕਰਯੋਗ ਹੈ ਕਿ ਟਿਫ ਮੈਕਲਮ ਨੇ ਜੂਨ 2020 ਵਿੱਚ ਬੈਂਕ ਆਫ਼ ਕੈਨੇਡਾ ਦੇ 10ਵੇਂ ਗਵਰਨਰ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕੈਨੇਡਾ ਨੂੰ ਕੋਵਿਡ-19 ਮਹਾਮਾਰੀ, ਵਧਦੀ ਮਹਿੰਗਾਈ, ਵਿਆਜ ਦਰਾਂ ਵਿੱਚ ਵੱਡੇ ਉਤਰਾਅ-ਚੜ੍ਹਾਅ ਅਤੇ ਅਮਰੀਕਾ ਨਾਲ ਵਪਾਰਕ ਤਣਾਅ ਵਰਗੀਆਂ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਮੈਕਲਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੈਂਕ ਆਫ਼ ਕੈਨੇਡਾ ਦੇ 10ਵੇਂ ਗਵਰਨਰ ਵਜੋਂ ਸੇਵਾ ਨਿਭਾਉਣਾ ਉਨ੍ਹਾਂ ਦੇ ਪੇਸ਼ੇਵਰ ਜੀਵਨ ਦਾ ਸਭ ਤੋਂ ਮਾਣਮੱਤਾ ਤਜਰਬਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕਾਰਜਕਾਲ ਦੇ ਬਾਕੀ ਸਮੇਂ ਦੌਰਾਨ ਉਹ ਕੈਨੇਡੀਅਨਾਂ ਦੀ ਆਰਥਿਕ ਭਲਾਈ ਲਈ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।
ਹੁਣ ਬੈਂਕ ਆਫ਼ ਕੈਨੇਡਾ ਦੀ ਅਗਵਾਈ ਸੰਭਾਲਣ ਵਾਲੇ ਨਵੇਂ ਗਵਰਨਰ ਸਾਹਮਣੇ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ, ਆਰਥਿਕ ਸਥਿਰਤਾ ਬਣਾਈ ਰੱਖਣ ਅਤੇ ਬਦਲਦੇ ਕੌਮਾਂਤਰੀ ਵਪਾਰਕ ਹਾਲਾਤਾਂ ਨਾਲ ਨਜਿੱਠਣ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ।