- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸਟ੍ਰੇਲੀਅਨ ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਦੇਸ਼ ਦੀ ਆਬਾਦੀ, ਭਾਸ਼ਾਈ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦੀ ਸਹੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਭਵਿੱਖ ਦੀ ਸਰਕਾਰੀ ਯੋਜਨਾਬੰਦੀ ਦਾ ਵੀ ਅਹਿਮ ਆਧਾਰ ਬਣਦੀ ਹੈ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਵਿਚ ਹਰ ਪੰਜ ਸਾਲ ਬਾਅਦ ਹੋਣ ਵਾਲੀ ਰਾਸ਼ਟਰੀ ਮਰਦਮਸ਼ੁਮਾਰੀ ਇਸ ਵਾਰ 11 ਅਗਸਤ 2026 ਨੂੰ ਹੋਣ ਜਾ ਰਹੀ ਹੈ। ਇਸ ਵਾਰ ਇਹ ਮਰਦਮਸ਼ੁਮਾਰੀ ਪੰਜਾਬੀਆਂ ਲਈ ਅਹਿਮ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਲਿਖਾਉਣ ਦਾ ਮੌਕਾ ਮਿਲੇਗਾ। ਆਸਟ੍ਰੇਲੀਅਨ ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਦੇਸ਼ ਦੀ ਆਬਾਦੀ, ਭਾਸ਼ਾਈ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦੀ ਸਹੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਭਵਿੱਖ ਦੀ ਸਰਕਾਰੀ ਯੋਜਨਾਬੰਦੀ ਦਾ ਵੀ ਅਹਿਮ ਆਧਾਰ ਬਣਦੀ ਹੈ।
ਮਰਦਮਸ਼ੁਮਾਰੀ ਲਈ ਘਰਾਂ ਵਿੱਚ ਪੱਤਰ ਰਾਹੀਂ ਆਨਲਾਈਨ ਕੋਡ ਭੇਜੇ ਜਾ ਰਹੇ ਹਨ ਜਿਸ ਨਾਲ ਲੋਕ ਆਪਣਾ ਫਾਰਮ ਆਨਲਾਈਨ ਭਰ ਸਕਦੇ ਹਨ ਅਤੇ ਲੋੜ ਪੈਣ ’ਤੇ ਕਾਗਜ਼ੀ ਫਾਰਮ ਵੀ ਮੰਗਵਾ ਸਕਦੇ ਹਨ। ਮਰਦਮਸ਼ੁਮਾਰੀ ਦੀ ਰਾਤ ਆਸਟ੍ਰੇਲੀਆ ਵਿਚ ਮੌਜੂਦ ਲੋਕਾਂ ਲਈ ਇਸ ਵਿਚ ਸ਼ਾਮਲ ਹੋਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਇਸ ਵਿਚ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਤੋਂ ਇਲਾਵਾ ਬੱਚੇ, ਵਿਦਿਆਰਥੀ, ਕੰਮਕਾਜੀ ਅਤੇ ਵਿਜ਼ਟਰ ਵੀਜ਼ਿਆਂ ਸਮੇਤ ਬਹੁਤ ਸਾਰੇ ਅਸਥਾਈ ਵੀਜ਼ਾ ਧਾਰਕ ਵੀ ਸ਼ਾਮਲ ਹੁੰਦੇ ਹਨ। ਉਸ ਸਮੇਂ ਦੇਸ਼ ਤੋਂ ਬਾਹਰ ਮੌਜੂਦ ਲੋਕਾਂ ਨੂੰ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਆਬਾਦੀ ਵਿਚ ਨਹੀਂ ਗਿਣਿਆ ਜਾਂਦਾ।
ਇਸ ਵਾਰ ਦੀ ਮਰਦਮਸ਼ੁਮਾਰੀ ਪੰਜਾਬੀ ਭਾਈਚਾਰੇ ਲਈ ਖ਼ਾਸ ਤੌਰ ’ਤੇ ਅਹਿਮ ਮੰਨੀ ਜਾ ਰਹੀ ਹੈ। ਫਾਰਮ ਵਿਚ ਜਦੋਂ ਪੁੱਛਿਆ ਜਾ ਰਿਹਾ ਹੈ ਕਿ ਘਰ ਵਿਚ ਅੰਗਰੇਜ਼ੀ ਤੋਂ ਇਲਾਵਾ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਤਾਂ ਘਰ ਵਿਚ ਪੰਜਾਬੀ ਬੋਲਣ ਵਾਲਿਆਂ ਨੂੰ ‘ਪੰਜਾਬੀ’ ਦਰਜ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬੀ ਕਿਸੇ ਇਕ ਧਰਮ ਤੱਕ ਸੀਮਤ ਨਹੀਂ ਹੈ, ਇਸ ਲਈ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਆਪਣੀ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਪੰਜਾਬੀ ਹੋਣ ’ਤੇ ਇਸ ਨੂੰ ਦਰਜ ਕਰ ਸਕਦਾ ਹੈ।
ਆਸਟ੍ਰੇਲੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਹੈ। 2011 ਵਿਚ 71,230, ਸੰਨ 2016 ਵਿਚ 1,32,499 ਅਤੇ 2021 ਵਿਚ ਇਹ ਗਿਣਤੀ ਵਧ ਕੇ ਲਗਪਗ 2.39 ਲੱਖ ਹੋ ਗਈ। 2016 ਤੋਂ 2021 ਵਿਚਾਲੇ ਕਰੀਬ 80 ਫ਼ੀਸਦੀ ਵਾਧੇ ਨਾਲ ਪੰਜਾਬੀ, ਅੰਗਰੇਜ਼ੀ ਤੋਂ ਇਲਾਵਾ ਆਸਟ੍ਰੇਲੀਆ ਵਿਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ। 2021 ਦੀ ਮਰਦਮਸ਼ੁਮਾਰੀ ਵਿਚ 2.10 ਲੱਖ ਤੋਂ ਵੱਧ ਲੋਕਾਂ ਨੇ ਸਿੱਖ ਧਰਮ ਨਾਲ ਆਪਣੀ ਪਛਾਣ ਵੀ ਦਰਜ ਕਰਵਾਈ ਸੀ।
ਮਰਦਮਸ਼ੁਮਾਰੀ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬੀ ਪ੍ਰੇਮੀਆਂ ਵੱਲੋਂ ਗੁਰੂਘਰਾਂ, ਸੋਸ਼ਲ ਮੀਡੀਆ, ਮੀਟਿੰਗਾਂ ਅਤੇ ਹੋਰ ਸਾਧਨਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਭਾਈਚਾਰੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 11 ਅਗਸਤ ਦੀ ਮਰਦਮਸ਼ੁਮਾਰੀ ਵਿਚ ਜ਼ਰੂਰ ਹਿੱਸਾ ਲਿਆ ਜਾਵੇ ਅਤੇ ਘਰ ਵਿਚ ਪੰਜਾਬੀ ਬੋਲਣ ਵਾਲੇ ਆਪਣੀ ਭਾਸ਼ਾ ‘ਪੰਜਾਬੀ’ ਜ਼ਰੂਰ ਦਰਜ ਕਰਨ, ਤਾਂ ਜੋ ਭਾਈਚਾਰੇ ਦੀ ਸਹੀ ਤਸਵੀਰ ਅੰਕੜਿਆਂ ਵਿਚ ਸਾਹਮਣੇ ਆ ਸਕੇ। ਇਸ ਵਾਰ ਮਰਦਮਸ਼ੁਮਾਰੀ ਵਿਚ ਕੁਝ ਅਹਿਮ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਲਿੰਗ ਅਤੇ ਨਿੱਜੀ ਪਛਾਣ ਨਾਲ ਸਬੰਧਤ ਜਾਣਕਾਰੀ ਵਿਚ ਬਦਲਾਅ ਦੇ ਨਾਲ-ਨਾਲ ਲੋਕ ਹੁਣ ਆਪਣੇ ਪਰਿਵਾਰਕ ਜਾਂ ਵੰਸ਼ਕ ਪਿਛੋਕੜ ਹੋਰ ਵਿਸਥਾਰ ਨਾਲ ਦਰਜ ਕਰ ਸਕਣਗੇ। ਪਹਿਲਾਂ ਦੇ ਦੋ ਦੀ ਥਾਂ ਹੁਣ ਚਾਰ ਤੱਕ ਪਿਛੋਕੜ ਦਰਜ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਜਨਮ ਅਤੇ ਪਰਿਵਾਰ ਨਾਲ ਸਬੰਧਤ ਅੰਕੜੇ ਇਕੱਠੇ ਕਰਨ ਦੇ ਤਰੀਕੇ ਵਿਚ ਵੀ ਬਦਲਾਅ ਕੀਤੇ ਗਏ ਹਨ।
ਮਰਦਮਸ਼ੁਮਾਰੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਰਕਾਰਾਂ ਵੱਖ-ਵੱਖ ਇਲਾਕਿਆਂ ਅਤੇ ਭਾਈਚਾਰਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਕੂਲਾਂ, ਹਸਪਤਾਲਾਂ, ਸੜਕਾਂ, ਘਰਾਂ, ਆਵਾਜਾਈ, ਕਮਿਊਨਿਟੀ ਸੈਂਟਰਾਂ, ਸਰਕਾਰੀ ਗ੍ਰਾਂਟਾਂ ਅਤੇ ਭਾਸ਼ਾਈ ਸੇਵਾਵਾਂ ਦੀ ਯੋਜਨਾਬੰਦੀ ਕਰਦੀਆਂ ਹਨ। ਅੰਕੜਾ ਵਿਭਾਗ ਵੱਲੋਂ ਸਿਰਫ਼ ਅੰਕੜੇ ਜਨਤਕ ਕੀਤੇ ਜਾਂਦੇ ਹਨ ਜਦਕਿ ਲੋਕਾਂ ਵੱਲੋਂ ਦਿੱਤੀ ਗਈ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।