ਐਡੀਲੇਡ 'ਚ ‘ਮਹਾਰਾਣੀ ਜਿੰਦਾਂ’ ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਦੇ ਦਿਲਾਂ ’ਤੇ ਛੱਡੀ ਛਾਪ, ਰਮਾ ਸੇਖੋਂ ਨੇ ਨਿਭਾਈ ਕੇਂਦਰੀ ਭੂਮਿਕਾ
ਰਮਾ ਸੇਖੋਂ ਨੇ ਮਹਾਰਾਣੀ ਦੇ ਕਿਰਦਾਰ ਨੂੰ ਪੂਰੇ ਜੋਸ਼ ਅਤੇ ਭਾਵਨਾ ਨਾਲ ਪੇਸ਼ ਕਰਦਿਆਂ ਉਸ ਦੀ ਦਲੇਰੀ, ਸਵੈਮਾਣ ਅਤੇ ਮਾਂ ਵਜੋਂ ਆਪਣੇ ਪੁੱਤਰ ਲਈ ਤੜਪ ਨੂੰ ਉਭਾਰਿਆ। ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰਤੇਜ ਮਾਨ ਦੀ ਅਦਾਕਾਰੀ ਵੀ ਸ਼ਲਾਘਾਯੋਗ ਰਹੀ। ਉਨ੍ਹਾਂ ਨੇ ਇੱਕੋ ਨਾਟਕ ਵਿੱਚ ਨੌਂ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਬਹੁਪੱਖੀ ਸਮਰੱਥਾ ਦਿਖਾਈ।
Publish Date: Wed, 04 Nov 2026 04:44 PM (IST)
Updated Date: Wed, 04 Nov 2026 04:51 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਰੰਗ ਮੰਚਕਾਰੀ ਥਿਏਟਰ ਗਰੁੱਪ, ਮੈਲਬੌਰਨ ਵੱਲੋਂ ਇਤਿਹਾਸਕ ਪੰਜਾਬੀ ਨਾਟਕ ‘ਮਹਾਰਾਣੀ ਜਿੰਦਾਂ ਪੰਜਾਬ ਦੀ ਆਖ਼ਰੀ ਰਾਣੀ’ ਦੀ ਪੇਸ਼ਕਾਰੀ 31 ਅਕਤੂਬਰ ਨੂੰ ਐਡੀਲੇਡ ਦੇ ‘ਦਿ ਸਟਾਰ ਥਿਏਟਰਜ਼’ ਵਿਖੇ ਕੀਤੀ ਗਈ। ਰਾਬਤਾ ਰੇਡੀਓ ਆਸਟ੍ਰੇਲੀਆ ਅਤੇ ਰੌਬੀ ਬੈਣੀਪਾਲ ਦੇ ਪ੍ਰਬੰਧ ਹੇਠ ਹੋਈ ਇਸ ਪੇਸ਼ਕਾਰੀ ਵਿੱਚ ਮਹਾਰਾਣੀ ਜਿੰਦ ਕੌਰ ਦੇ ਜੀਵਨ, ਸਿਆਸੀ ਸੰਘਰਸ਼ ਅਤੇ ਪੁੱਤਰ ਦੇ ਵਿਛੋੜੇ ਦੀ ਪੀੜ ਨੂੰ ਦਰਸਾਇਆ ਗਿਆ।
ਰਮਾ ਸੇਖੋਂ ਨੇ ਮਹਾਰਾਣੀ ਦੇ ਕਿਰਦਾਰ ਨੂੰ ਪੂਰੇ ਜੋਸ਼ ਅਤੇ ਭਾਵਨਾ ਨਾਲ ਪੇਸ਼ ਕਰਦਿਆਂ ਉਸ ਦੀ ਦਲੇਰੀ, ਸਵੈਮਾਣ ਅਤੇ ਮਾਂ ਵਜੋਂ ਆਪਣੇ ਪੁੱਤਰ ਲਈ ਤੜਪ ਨੂੰ ਉਭਾਰਿਆ। ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰਤੇਜ ਮਾਨ ਦੀ ਅਦਾਕਾਰੀ ਵੀ ਸ਼ਲਾਘਾਯੋਗ ਰਹੀ। ਉਨ੍ਹਾਂ ਨੇ ਇੱਕੋ ਨਾਟਕ ਵਿੱਚ ਨੌਂ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਬਹੁਪੱਖੀ ਸਮਰੱਥਾ ਦਿਖਾਈ।
ਨਾਟਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਰਬਾਰ ਅੰਦਰ ਚੱਲੀਆਂ ਸਾਜ਼ਿਸ਼ਾਂ, ਆਪਣਿਆਂ ਦੇ ਧੋਖਿਆਂ ਅਤੇ ਬ੍ਰਿਟਿਸ਼ ਹਕੂਮਤ ਦੀਆਂ ਚਾਲਾਂ ਨੂੰ ਪੇਸ਼ ਕੀਤਾ ਗਿਆ। ਪੰਜਾਬ ਦੇ ਰਾਜ ਅਤੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਲਈ ਮਹਾਰਾਣੀ ਜਿੰਦ ਕੌਰ ਵੱਲੋਂ ਕੀਤਾ ਸੰਘਰਸ਼ ਕਹਾਣੀ ਦਾ ਮੁੱਖ ਆਧਾਰ ਰਿਹਾ।
ਮਹਾਰਾਣੀ ਅਤੇ ਉਸ ਦੇ ਪੁੱਤਰ ਦੇ ਵਿਛੋੜੇ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ। ਪੇਸ਼ਕਾਰੀ ਦੌਰਾਨ ਕਈ ਵਾਰ ਦਰਸ਼ਕਾਂ ਦੀਆਂ ਅੱਖਾਂ ਨਮ ਹੋਈਆਂ ਅਤੇ ਕਈ ਮੌਕਿਆਂ ’ਤੇ ਹਾਲ ਵਿੱਚ ਚੁੱਪ ਛਾਈ ਰਹੀ। ਸੰਵਾਦਾਂ, ਸੰਗੀਤ ਅਤੇ ਕਲਾਕਾਰਾਂ ਦੀ ਅਦਾਕਾਰੀ ਨੇ ਕਹਾਣੀ ਦੇ ਦਰਦ ਅਤੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਇਆ।
ਨਾਟਕ ਦੀ ਕਹਾਣੀ, ਡਿਜ਼ਾਈਨ ਅਤੇ ਨਿਰਦੇਸ਼ਨ ਕੇਵਲ ਧਾਲੀਵਾਲ ਵੱਲੋਂ ਕੀਤਾ ਗਿਆ। ਐਡੀਲੇਡ ਤੋਂ ਪਹਿਲਾਂ ਇਸ ਨਾਟਕ ਨੂੰ ਜੀਲੌਂਗ, ਬ੍ਰਿਸਬੇਨ ਅਤੇ ਸਿਡਨੀ ਵਿੱਚ ਵੀ ਪੇਸ਼ ਕੀਤਾ ਗਿਆ। ਮਹਾਰਾਣੀ ਜਿੰਦਾਂ ਦੀ ਕੇਂਦਰੀ ਭੂਮਿਕਾ ਨਿਭਾਉਣ ਦੇ ਨਾਲ ਰਮਾ ਸੇਖੋਂ ਨੇ ਆਸਟ੍ਰੇਲੀਆ ਵਿੱਚ ਨਿਰਦੇਸ਼ਨ ਸਹਿਯੋਗ ਦੀ ਜ਼ਿੰਮੇਵਾਰੀ ਵੀ ਸੰਭਾਲੀ। ਨਾਟਕ ਦਾ ਸੰਗੀਤ ਗਗਨ ਵਡਾਲੀ ਨੇ ਤਿਆਰ ਕੀਤਾ, ਜਦਕਿ ਕੁਸ਼ਾਗਰ ਕਾਲੀਆ ਅਤੇ ਹਰਸ਼ਿਤਾ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। ਗੁਰਤੇਜ ਐੱਸ. ਮਾਨ, ਰੰਮੀ ਸੈਣੀ ਅਤੇ ਗੁਰਪ੍ਰੀਤ ਬਰਾੜ ਨੇ ਤਕਨੀਕੀ ਸਹਿਯੋਗ ਦਿੱਤਾ। ਬਿਕਰਮ ਸੇਖੋਂ ਨੇ ਪ੍ਰੋਡਕਸ਼ਨ ਮੈਨੇਜਰ ਵਜੋਂ ਜ਼ਿੰਮੇਵਾਰੀਆਂ ਸੰਭਾਲੀਆਂ।
ਇਹ ਪੇਸ਼ਕਾਰੀ ਮਹਾਰਾਣੀ ਜਿੰਦਾਂ ਦੀ ਦਲੇਰੀ, ਸਵੈਮਾਣ ਅਤੇ ਮਾਂ ਵਜੋਂ ਉਸ ਦੀ ਪੀੜ ਨੂੰ ਉਭਾਰਦਿਆਂ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡ ਗਈ।