ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸੁੱਖੀ ਬੱਲ ਨੇ ਆਪਣੀ ਇਸ ਵਿਲੱਖਣ ਉਪਲਬਧੀ ਨਾਲ ਨਾ ਸਿਰਫ਼ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ ਸਗੋਂ ਦੁਨੀਆ ਭਰ ਦੀਆਂ ਮਹਿਲਾਵਾਂ ਲਈ ਵੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਮੈਲਬੌਰਨ ,ਖੁਸ਼ਪ੍ਰੀਤ ਸਿੰਘ ਸੁਨਾਮ : ਨੇਪਾਲ ਵਿੱਚ ਸਥਿਤ ਹਿਮਾਲਿਆ ਦੀਆਂ ਸਭ ਤੋਂ ਚੁਣੌਤੀਪੂਰਨ ਅਤੇ ਤਕਨੀਕੀ ਤੌਰ ਤੇ ਔਖੀਆਂ ਚੋਟੀਆਂ ਵਿੱਚੋਂ ਇੱਕ ਮੰਨੀ ਜਾਂਦੀ Mt. Ama Dablam ਨੂੰ ਫਤਿਹ ਕਰਕੇ ਇਤਿਹਾਸ ਰਚਣ ਵਾਲੀ ਪਹਿਲੀ ਪੰਜਾਬਣ ਸੁੱਖੀ ਬੱਲ ਦੇ ਮੈਲਬੌਰਨ ਪਹੁੰਚਣ ’ਤੇ ਉਹਨਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। “ਬੋਲ ਪੰਜਾਬੀ ਨੂੰ” ਅਦਾਰੇ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰਾਂ, ਸਮਾਜਿਕ ਆਗੂਆਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਸੁੱਖੀ ਬੱਲ ਨੂੰ ਉਹਨਾਂ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸੁੱਖੀ ਬੱਲ ਨੇ ਆਪਣੀ ਇਸ ਵਿਲੱਖਣ ਉਪਲਬਧੀ ਨਾਲ ਨਾ ਸਿਰਫ਼ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ ਸਗੋਂ ਦੁਨੀਆ ਭਰ ਦੀਆਂ ਮਹਿਲਾਵਾਂ ਲਈ ਵੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਫ਼ਲਤਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਇਨਸਾਨ ਵਿੱਚ ਹੌਸਲਾ, ਲਗਨ ਅਤੇ ਦ੍ਰਿੜ ਨਿਸ਼ਚਾ ਹੋਵੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਰਹਿੰਦਾ।
ਇਸ ਮੌਕੇ ਐਰਾਰਟ ਤੋਂ ਪਹਿਲੀ ਪੰਜਾਬੀ ਡਿਪਟੀ ਮੇਅਰ ਤਲਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਤੇ ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਸੁੱਖੀ ਬੱਲ ਦੀ ਇਸ ਪ੍ਰਾਪਤੀ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਅਜਿਹੀਆਂ ਕਾਮਯਾਬੀਆਂ ਨਵੀਂ ਪੀੜ੍ਹੀ ਨੂੰ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਨੇ ਆਪਣੇ ਜੀਵਨ ਤਜਰਬੇ ਸਾਂਝੇ ਕਰਦਿਆਂ ਖ਼ਾਸ ਤੌਰ ’ਤੇ ਮਹਿਲਾਵਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
ਸੁੱਖੀ ਬੱਲ ਨੇ ਵੀ ਆਪਣੇ ਸੰਬੋਧਨ ਦੌਰਾਨ Mt. Ama Dablam ਦੀ ਚੜ੍ਹਾਈ ਨਾਲ ਜੁੜੇ ਤਜਰਬੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ 6,812 ਮੀਟਰ ਉੱਚੀ ਇਸ ਚੋਟੀ ਦੀ ਚੜ੍ਹਾਈ ਦੌਰਾਨ ਕਈ ਅਜਿਹੇ ਪਲ ਆਏ ਜਦੋਂ ਹਾਲਾਤ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਨ ਹੋ ਗਏ ਸਨ। ਕਈ ਵਾਰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਖ਼ਤ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਮਜ਼ਬੂਤ ਇਰਾਦਿਆਂ, ਲਗਾਤਾਰ ਮਿਹਨਤ ਅਤੇ ਆਤਮ ਵਿਸ਼ਵਾਸ ਦੇ ਸਹਾਰੇ ਉਹ ਹਰ ਔਕੜ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੇ। ਸੁੱਖੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਵੱਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਅਨੁਸ਼ਾਸਨ ਲਗਨ ਅਤੇ ਹੋਂਸਲਾ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਸੁੱਖੀ ਬੱਲ ਨੇ ਆਪਣੀ ਇਸ ਸਫ਼ਲਤਾ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਉਹਨਾਂ ਸਭ ਲੋਕਾਂ ਦੇ ਨਾਮ ਕੀਤਾ ਜਿਨ੍ਹਾਂ ਨੇ ਹਰ ਪੜਾਅ ’ਤੇ ਉਹਨਾਂ ਦਾ ਸਾਥ ਦਿੱਤਾ ਅਤੇ ਹੌਸਲਾ ਵਧਾਇਆ।
ਇਸ ਮੌਕੇ ਸੁੱਖੀ ਬੱਲ, ਤਲਵਿੰਦਰ ਕੌਰ ਡਿਪਟੀ ਮੇਅਰ ਅਤੇ ਹਰਮਨ ਰੇਡੀਓ ਦੀ ਪੇਸ਼ਕਰਤਾ ਅਮਰਦੀਪ ਕੌਰ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਵਨੀਤ ਚੀਮਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਨਿਭਾਈ।
ਸਮਾਗਮ ਦੇ ਅੰਤ ਵਿੱਚ “ਬੋਲ ਪੰਜਾਬੀ ਨੂੰ” ਅਦਾਰੇ ਦੇ ਮੁੱਖ ਪ੍ਰਬੰਧਕ ਸੋਨੀ ਢਿੱਲੋਂ ਵੱਲੋਂ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ Mt. Ama Dablam ਨੂੰ ਦੁਨੀਆ ਦੀਆਂ ਸਭ ਤੋਂ ਤਕਨੀਕੀ ਅਤੇ ਖ਼ਤਰਨਾਕ ਪਹਾੜੀ ਚੜ੍ਹਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਚੋਟੀ ਨੂੰ ਫਤਿਹ ਕਰਕੇ ਸੁੱਖੀ ਬੱਲ ਨੇ ਇਤਿਹਾਸ ਰਚਿਆ ਹੈ ਅਤੇ ਉਹਨਾਂ ਦੀ ਇਹ ਪ੍ਰਾਪਤੀ ਪੰਜਾਬੀ ਭਾਈਚਾਰੇ ਲਈ ਮਾਣ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।