ਛੋਟੀ ਉਮਰ, ਵੱਡੀ ਉਡਾਣ ! 15 ਸਾਲ ਦੀ ਉਮਰ ’ਚ ਪੰਜਾਬੀ ਨੌਜਵਾਨ ਕਾਰਤਿਕ ਸਿੰਘ ਨੇ ਭਰੀ ਪਹਿਲੀ ਸੋਲੋ ਉਡਾਣ, ਵਧਾਇਆ ਮਾਣ
ਕਾਰਤਿਕ ਨੇ ਜਹਾਜ਼ ਉਡਾਉਣ ਦਾ ਸੁਪਨਾ ਸਾਕਾਰ ਕਰਨ ਲਈ ਐਡੀਲੇਡ ਦੇ ਹਵਾਬਾਜ਼ੀ ਸਿਖਲਾਈ ਕੇਂਦਰ ਤੋਂ ਸਿਖਲਾਈ ਹਾਸਲ ਕੀਤੀ। ਪਰਿਵਾਰ ਮੁਤਾਬਕ ਉਸ ਨੇ ਸਿਵਲ ਐਵੀਏਸ਼ਨ ਸੇਫਟੀ ਅਥਾਰਟੀ (CASA) ਦੇ ਨਿਯਮਾਂ ਤਹਿਤ ਲੋੜੀਂਦੇ ਟੈਸਟ ਅਤੇ ਮੁਲਾਂਕਣ ਪੂਰੇ ਕੀਤੇ।
Publish Date: Wed, 21 Oct 2026 04:51 PM (IST)
Updated Date: Wed, 21 Oct 2026 04:53 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਐਡੀਲੇਡ : ਸਾਊਥ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਰਹਿੰਦੇ 15 ਸਾਲਾ ਪੰਜਾਬੀ ਨੌਜਵਾਨ ਕਾਰਤਿਕ ਸਿੰਘ ਨੇ ਆਪਣੀ ਪਹਿਲੀ ਸੋਲੋ ਉਡਾਣ ਸਫਲਤਾਪੂਰਵਕ ਪੂਰੀ ਕਰਕੇ ਆਪਣੇ ਸੁਪਨਿਆਂ ਨੂੰ ਨਵੀਂ ਪਰਵਾਜ਼ ਦਿੱਤੀ ਹੈ। ਦਸਵੀਂ ਜਮਾਤ ਵਿੱਚ ਪੜ੍ਹਦੇ ਕਾਰਤਿਕ ਨੇ ਸਕੂਲੀ ਪੜ੍ਹਾਈ ਦੇ ਨਾਲ ਜਹਾਜ਼ ਉਡਾਉਣ ਦੀ ਸਿਖਲਾਈ ਲੈਂਦਿਆਂ ਛੋਟੀ ਉਮਰ ਵਿੱਚ ਹੀ ਇਹ ਅਹਿਮ ਪ੍ਰਾਪਤੀ ਆਪਣੇ ਨਾਂ ਕੀਤੀ ਹੈ।
ਜਾਣਕਾਰੀ ਅਨੁਸਾਰ ਕਾਰਤਿਕ ਨੇ ਜਹਾਜ਼ ਉਡਾਉਣ ਦਾ ਸੁਪਨਾ ਸਾਕਾਰ ਕਰਨ ਲਈ ਐਡੀਲੇਡ ਦੇ ਹਵਾਬਾਜ਼ੀ ਸਿਖਲਾਈ ਕੇਂਦਰ ਤੋਂ ਸਿਖਲਾਈ ਹਾਸਲ ਕੀਤੀ। ਪਰਿਵਾਰ ਮੁਤਾਬਕ ਉਸ ਨੇ ਸਿਵਲ ਐਵੀਏਸ਼ਨ ਸੇਫਟੀ ਅਥਾਰਟੀ (CASA) ਦੇ ਨਿਯਮਾਂ ਤਹਿਤ ਲੋੜੀਂਦੇ ਟੈਸਟ ਅਤੇ ਮੁਲਾਂਕਣ ਪੂਰੇ ਕੀਤੇ। ਉਡਾਣ ਭਰਨ ਤੋਂ ਪਹਿਲਾਂ ਉਸ ਨੇ ਸਿਖਲਾਈ ਕੇਂਦਰ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਹਾਜ਼ ਦੀ ਸੁਰੱਖਿਆ ਜਾਂਚ ਕੀਤੀ ਅਤੇ ਇਸ ਉਪਰੰਤ ਕੇਂਦਰ ਦੇ ਹਵਾਈ ਅੱਡੇ ਤੋਂ ਇੰਸਟ੍ਰਕਟਰ ਤੋਂ ਬਿਨਾਂ ਇਕੱਲਿਆਂ ਸਫਲਤਾਪੂਰਵਕ ਉਡਾਣ ਭਰੀ।ਲੋੜੀਂਦੇ ਟੈਸਟ ਪਾਸ ਕਰਨ ਅਤੇ ਪਹਿਲੀ ਸੋਲੋ ਉਡਾਣ ਪੂਰੀ ਕਰਨ ਮਗਰੋਂ ਉਸ ਦੇ ਕੋਚ ਅਤੇ ਪਾਇਲਟ ਹਮਿਸ਼ ਜੋਰਡਨ ਨੇ ਸਿਖਲਾਈ ਕੇਂਦਰ ਵੱਲੋਂ ਕਾਰਤਿਕ ਨੂੰ ਪ੍ਰਮਾਣ ਪੱਤਰ ਅਤੇ ਸਬੰਧਤ ਦਸਤਾਵੇਜ਼ ਭੇਟ ਕਰਕੇ ਸਨਮਾਨਿਤ ਕੀਤਾ।
ਕਾਰਤਿਕ ਨੇ ਦੱਸਿਆ ਕਿ ਉਹ ਹੁਣ ਇਸੇ ਕੇਂਦਰ ਤੋਂ ਕਮਰਸ਼ੀਅਲ ਪਾਇਲਟ ਬਣਨ ਲਈ ਅੱਗੇ ਦੀ ਸਿਖਲਾਈ ਲੈ ਰਿਹਾ ਹੈ। ਉਸ ਨੇ ਸਕੂਲੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਸਟ੍ਰੇਲੀਆਈ ਹਵਾਈ ਫ਼ੌਜ ਦਾ ਹਿੱਸਾ ਬਣਨ ਦੀ ਇੱਛਾ ਵੀ ਜ਼ਾਹਰ ਕੀਤੀ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਕਾਰਤਿਕ ਨੂੰ ਸਾਊਥ ਆਸਟ੍ਰੇਲੀਆ ਵਿੱਚ 15 ਸਾਲ ਦੀ ਉਮਰ ’ਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਸਿੱਖ ਨੌਜਵਾਨ ਹੋਣ ਦਾ ਮਾਣ ਮਿਲਿਆ ਹੈ। ਉਸ ਦੇ ਪਿਤਾ ਲੱਕੀ ਸਿੰਘ ਅਤੇ ਮਾਤਾ ਸੋਨੀਆ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਨਾਲ ਸਬੰਧਤ ਹਨ। ਉਹ ਸਾਲ 2009 ਵਿੱਚ ਪਰਿਵਾਰ ਸਮੇਤ ਆਸਟ੍ਰੇਲੀਆ ਆ ਕੇ ਐਡੀਲੇਡ ਵਿੱਚ ਵੱਸ ਗਏ ਸਨ। ਪਿਤਾ ਲੱਕੀ ਸਿੰਘ ਨੇ ਪੁੱਤਰ ਦੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਮਾਣ ਹੈ ਕਿ ਕਾਰਤਿਕ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਵੀ ਅੱਗੇ ਵਧ ਰਿਹਾ ਹੈ।