- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਵਿੱਚੋਂ 1,608 ਮੁੜ ਫ਼ੈਸਲੇ ਲਈ ਵਾਪਸ ਭੇਜੇ ਗਏ, ਜਦਕਿ 448 ਵਿੱਚ ਵੀਜ਼ਾ ਇਨਕਾਰ ਦਾ ਪਹਿਲਾ ਫ਼ੈਸਲਾ ਬਰਕਰਾਰ ਰਿਹਾ। ਹੋਰ 1,078 ਮਾਮਲੇ ਵਾਪਸ ਲਏ ਗਏ ਅਤੇ 260 ਹੋਰ ਸ਼੍ਰੇਣੀਆਂ ਵਿੱਚ ਨਿਪਟੇ। ਮਾਮਲਾ ਮੁੜ ਫ਼ੈਸਲੇ ਲਈ ਵਾਪਸ ਭੇਜੇ ਜਾਣ ਦਾ ਅਰਥ ਆਪਣੇ ਆਪ ਵੀਜ਼ਾ ਮਿਲ ਜਾਣਾ ਨਹੀਂ ਹੈ।

ਤੇਜਿੰਦਰ ਸਿੰਘ ਸਹਿਗਲ, ਸਿਡਨੀ : ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੇ ਰੱਦ ਵੀਜ਼ਿਆਂ ਵਿਰੁੱਧ ਸਮੀਖਿਆ ਅਰਜ਼ੀਆਂ ਦੇ ਨਿਪਟਾਰੇ ਵਿੱਚ ਲੱਗਦਾ ਸਮਾਂ 2023–24 ਦੇ 49 ਹਫ਼ਤਿਆਂ ਤੋਂ ਵਧ ਕੇ 2025–26 ਵਿੱਚ 68 ਹਫ਼ਤੇ, ਯਾਨੀ ਲਗਭਗ 16 ਮਹੀਨੇ ਹੋ ਗਿਆ ਹੈ। ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ (ਏਆਰਟੀ) ਵੱਲੋਂ ਦਿੱਤੇ ਅੰਕੜੇ ਭਾਰਤ ਨੂੰ ਸੰਦਰਭ ਦੇਸ਼ ਵਜੋਂ ਦਰਜ ਕਰਨ ਵਾਲੇ ਰੱਦ ਵਿਦਿਆਰਥੀ ਵੀਜ਼ਿਆਂ ਦੀ ਸਮੀਖਿਆ ਨਾਲ ਸਬੰਧਤ ਹਨ। 2025–26 ਵਿੱਚ ਅਜਿਹੀਆਂ 6,625 ਅਰਜ਼ੀਆਂ ਦਰਜ ਹੋਈਆਂ ਅਤੇ 3,394 ਮਾਮਲੇ ਨਿਪਟਾਏ ਗਏ। ਇਨ੍ਹਾਂ ਵਿੱਚੋਂ 1,608 ਮੁੜ ਫ਼ੈਸਲੇ ਲਈ ਵਾਪਸ ਭੇਜੇ ਗਏ, ਜਦਕਿ 448 ਵਿੱਚ ਵੀਜ਼ਾ ਇਨਕਾਰ ਦਾ ਪਹਿਲਾ ਫ਼ੈਸਲਾ ਬਰਕਰਾਰ ਰਿਹਾ। ਹੋਰ 1,078 ਮਾਮਲੇ ਵਾਪਸ ਲਏ ਗਏ ਅਤੇ 260 ਹੋਰ ਸ਼੍ਰੇਣੀਆਂ ਵਿੱਚ ਨਿਪਟੇ। ਮਾਮਲਾ ਮੁੜ ਫ਼ੈਸਲੇ ਲਈ ਵਾਪਸ ਭੇਜੇ ਜਾਣ ਦਾ ਅਰਥ ਆਪਣੇ ਆਪ ਵੀਜ਼ਾ ਮਿਲ ਜਾਣਾ ਨਹੀਂ ਹੈ।
ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਗ੍ਰਹਿ ਵਿਭਾਗ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਦਾ ਮੁਲਾਂਕਣ ਕੌਮੀਅਤ ਤੋਂ ਪਰ੍ਹੇ, ਹਰੇਕ ਅਰਜ਼ੀ ਦੇ ਆਪਣੇ ਹਾਲਾਤ ਅਤੇ ਕਾਨੂੰਨੀ ਮਾਪਦੰਡਾਂ ਅਨੁਸਾਰ ਕੀਤਾ ਜਾਂਦਾ ਹੈ। ਵਿਭਾਗ ਮੁਤਾਬਕ ਪ੍ਰੋਗਰਾਮ ਨੂੰ ਅਸਲ ਵਿਦਿਆਰਥੀਆਂ ’ਤੇ ਕੇਂਦਰਿਤ ਰੱਖਣ ਲਈ ਅਰਜ਼ੀਆਂ ਦੀ ਪੜਤਾਲ ਵਧਾਈ ਗਈ ਹੈ। ਵੀਜ਼ਾ ਰੱਦ ਹੋਣ ਦੇ ਆਮ ਕਾਰਨਾਂ ਵਿੱਚ ‘ਜੈਨੁਇਨ ਸਟੂਡੈਂਟ’ ਸ਼ਰਤ ਪੂਰੀ ਨਾ ਹੋਣਾ, ਵਿੱਤੀ ਸਮਰੱਥਾ ਦੇ ਨਾਕਾਫ਼ੀ ਸਬੂਤ ਅਤੇ ਪੜ੍ਹਾਈ ਦੇ ਅਸਲ ਇਰਾਦੇ ਬਾਰੇ ਚਿੰਤਾਵਾਂ ਸ਼ਾਮਲ ਹਨ।
2023–24 ਵਿੱਚ 3,010 ਸਮੀਖਿਆ ਅਰਜ਼ੀਆਂ ਦਰਜ ਹੋਈਆਂ ਅਤੇ 801 ਮਾਮਲੇ ਨਿਪਟਾਏ ਸਨ। 2024–25 ਵਿੱਚ ਪੁਰਾਣੇ ਏਏਟੀ ਦੀ ਪਹਿਲੀ ਜੁਲਾਈ ਤੋਂ 13 ਅਕਤੂਬਰ ਦੀ ਮਿਆਦ ਦੌਰਾਨ ਸਮਾਂ 53 ਹਫ਼ਤੇ ਸੀ। ਨਵੇਂ ਏਆਰਟੀ ਦੇ 14 ਅਕਤੂਬਰ 2024 ਤੋਂ 30 ਜੂਨ 2025 ਤੱਕ ਦੇ ਅੰਕੜਿਆਂ ਵਿੱਚ ਇਹ 62 ਹਫ਼ਤੇ ਰਿਹਾ। ਇਹ ਸਮੀਖਿਆ ਅਰਜ਼ੀਆਂ ਦੇ ਅੰਕੜੇ ਹਨ, ਸਮੁੱਚੇ ਭਾਰਤੀ ਵਿਦਿਆਰਥੀ ਵੀਜ਼ਾ ਇਨਕਾਰਾਂ ਦੀ ਗਿਣਤੀ ਨਹੀਂ। ਨਿਪਟਾਏ ਮਾਮਲਿਆਂ ਵਿੱਚ ਪਿਛਲੇ ਸਾਲਾਂ ਦੀਆਂ ਅਰਜ਼ੀਆਂ ਵੀ ਹੋ ਸਕਦੀਆਂ ਹਨ; ਇਸ ਲਈ ਦਰਜ ਅਤੇ ਨਿਪਟਾਏ ਮਾਮਲਿਆਂ ਦਾ ਫ਼ਰਕ ਕੁੱਲ ਬਕਾਇਆ ਨਹੀਂ ਮੰਨਿਆ ਜਾ ਸਕਦਾ। ਮੱਧਲਾ ਸਮਾਂ ਵੀ ਹਰ ਅਰਜ਼ੀ ਲਈ ਨਿਰਧਾਰਤ ਉਡੀਕ ਨਹੀਂ, ਸਗੋਂ ਨਿਪਟਾਏ ਮਾਮਲਿਆਂ ਦਾ ਵਿਚਕਾਰਲਾ ਅੰਕੜਾ ਹੈ।