ਬੈਲਰੈਟ ’ਚ ਲੱਗੀਆਂ ਦੀਵਾਲੀ ਮੇਲੇ ਦੀਆਂ ਰੌਣਕਾਂ! ਮਾਸਟਰ ਸਲੀਮ, ਹਰਦੇਵ ਮਾਹੀਨੰਗਲ ਤੇ ਸਰਦਾਰ ਅਲੀ ਨੇ ਬੰਨ੍ਹਿਆ ਰੰਗ ਮੇਲੇ ਦੀ ਮੁੱਖ ਖਿੱਚ ਪ੍ਰਸਿੱਧ ਗਾਇਕ ਮਾਸਟਰ ਸਲੀਮ, ਹਰਦੇਵ ਮਾਹੀਨੰਗਲ ਅਤੇ ਸਰਦਾਰ ਅਲੀ ਦੀਆਂ ਪੇਸ਼ਕਾਰੀਆਂ ਰਹੀਆਂ। ਤਿੰਨਾਂ ਕਲਾਕਾਰਾਂ ਨੇ ਆਪੋ ਆਪਣੇ ਅੰਦਾਜ਼ ਦੇ ਵਿੱਚ ਨਵੇਂ-ਪੁਰਾਣੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
Publish Date: Mon, 26 Oct 2026 03:17 PM (IST)
Updated Date: Mon, 26 Oct 2026 03:27 PM (IST)
ਬੈਲਰਟ ਦੀਵਾਲੀ ਮੇਲੇ ਤੇ ਮਾਸਟਰ ਸਲੀਮ, ਹਰਦੇਵ ਮਾਹੀਨੰਗਲ ਅਤੇ ਸਰਦਾਰ ਅਲੀ। ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ ਮੈਲਬੌਰਨ : ਫੋਕ ਐਂਡ ਰੌਕਸ ਮਿਊਜ਼ਿਕ ਐਂਡ ਡਾਂਸ ਅਕੈਡਮੀ ਵੱਲੋਂ ਮੈਲਬੌਰਨ ਦੇ ਨੇੜਲੇ ਸ਼ਹਿਰ ਬੈਲਰੈਟ ਦੇ ਸ਼ੋਅਗਰਾਊਂਡ ਵਿਖੇ ਸ਼ਾਨਦਾਰ ਦੀਵਾਲੀ ਮੇਲਾ ਕਰਵਾਇਆ ਗਿਆ। ਮੇਲੇ ਦਾ ਆਨੰਦ ਮਾਣਨ ਲਈ ਬੈਲਰੈਟ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਲੋਕ ਪਰਿਵਾਰਾਂ ਸਮੇਤ ਪਹੁੰਚੇ। ਹਰ ਉਮਰ ਵਰਗ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਅਤੇ ਗੀਤ-ਸੰਗੀਤ ਤੇ ਲੋਕ ਨਾਚਾਂ ਨਾਲ ਸਜੇ ਇਸ ਸਮਾਗਮ ਨੇ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ ।
ਮੇਲੇ ਦੀ ਮੁੱਖ ਖਿੱਚ ਪ੍ਰਸਿੱਧ ਗਾਇਕ ਮਾਸਟਰ ਸਲੀਮ, ਹਰਦੇਵ ਮਾਹੀਨੰਗਲ ਅਤੇ ਸਰਦਾਰ ਅਲੀ ਦੀਆਂ ਪੇਸ਼ਕਾਰੀਆਂ ਰਹੀਆਂ। ਤਿੰਨਾਂ ਕਲਾਕਾਰਾਂ ਨੇ ਆਪੋ ਆਪਣੇ ਅੰਦਾਜ਼ ਦੇ ਵਿੱਚ ਨਵੇਂ-ਪੁਰਾਣੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਫੋਕ ਐਂਡ ਰੌਕਸ ਮਿਊਜ਼ਿਕ ਐਂਡ ਡਾਂਸ ਅਕੈਡਮੀ ਦੇ ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੂਨੀਅਰ ਤੇ ਸੀਨੀਅਰ ਮੁੰਡਿਆਂ ਦੇ ਭੰਗੜੇ ਅਤੇ ਮੁੰਡੇ ਕੁੜੀਆਂ ਦੀ ਸਾਂਝੀ ਭੰਗੜਾ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹਿਆ। ‘ਢੋਲ ਫਿਊਜ਼ਨ’ ਦੌਰਾਨ ਅਕੈਡਮੀ ਦੇ ਬੱਚਿਆਂ ਨੇ ਢੋਲ ਅਤੇ ਹੋਰਨਾਂ ਸਾਜ਼ਾਂ ਦੀ ਜੁਗਲਬੰਦੀ ਨਾਲ ਵੱਖਰਾ ਹੀ ਮਾਹੌਲ ਸਿਰਜ ਦਿੱਤਾ।
ਭੰਗੜਾ ਰੂਟਸ ਵੱਲੋਂ ਮਲਵਈ ਗਿੱਧੇ, ਲਾਈਵ ਗਿੱਧੇ ਅਤੇ ਭੰਗੜੇ ਰਾਹੀਂ ਪੰਜਾਬੀ ਲੋਕ ਨਾਚਾਂ ਦੀ ਝਲਕ ਪੇਸ਼ ਕੀਤੀ ਗਈ। ਭੁਪਿੰਦਰ ਸਿੰਘ ਅਤੇ ਮਾਹੀ ਨੇ ਵੀ ਆਪਣੀ ਸੋਲੋ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਜਿੱਥੇ ਡਾ. ਪਰਦੁਸ਼ ਦੀ ਅਗਵਾਈ ਵਿੱਚ ਸਾਊਥ ਇੰਡੀਅਨ ਭਾਈਚਾਰੇ ਵੱਲੋਂ ਵੀ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਗਈ ਉੱਥੇ ਹੀ ਡਾਂਸ ਮੇਕਰ ਅਤੇ ਬਾਲੀਵੁੱਡ ਗਰੁੱਪ ਦੀਆਂ ਪੇਸ਼ਕਾਰੀਆਂ ਨੇ ਮੇਲੇ ਵਿੱਚ ਹੋਰ ਰੰਗ ਭਰੇ। ਇਸ ਮੌਕੇ ਸੰਦੀਪ ਜੋਸ਼ਨ ਅਤੇ ਦਲਜੀਤ ਸਿੱਧੂ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਮੰਚ ਦੀਆਂ ਪੇਸ਼ਕਾਰੀਆਂ ਦੇ ਨਾਲ ਕਾਰ ਅਤੇ ਬਾਈਕ ਸ਼ੋਅ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਵਿੱਚ ਵਿੰਟੇਜ ਕਾਰਾਂ ਅਤੇ ਮੋਟਰਸਾਈਕਲਾਂ ਦੇ ਸ਼ੌਕੀਨ ਆਪੋ ਆਪਣੇ ਵਾਹਨ ਲੈ ਕੇ ਪਹੁੰਚੇ ਹੋਏ ਸਨ। ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਆਦਿ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ।
ਮੇਲੇ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮਾਜਿਕ ਕਾਰਕੁਨ ਵੀ ਪਹੁੰਚੇ। ਇਨ੍ਹਾਂ ਵਿੱਚ ਰਿਪਨ ਤੋਂ ਸੂਬਾਈ ਸੰਸਦ ਮੈਂਬਰ ਮਾਰਥਾ ਹੈਲੇਟ, ਬੈਲਰੈਟ ਤੋਂ ਫੈਡਰਲ ਸੰਸਦ ਮੈਂਬਰ ਕੈਥਰੀਨ ਕਿੰਗ ਅਤੇ ਵੈਂਡੂਰੀ ਤੋਂ ਸੂਬਾਈ ਸੰਸਦ ਮੈਂਬਰ ਜੂਲੀਆਨਾ ਐਡੀਸਨ ਸ਼ਾਮਲ ਸਨ। ਲਿਬਰਲ ਪਾਰਟੀ ਵੱਲੋਂ ਸੰਸਦ ਮੈਂਬਰ ਜੋ ਮੈਕਕ੍ਰੈਕਨ, ਰਿਪਨ ਤੋਂ ਉਮੀਦਵਾਰ ਮੇਗਨ ਰੀਡ, ਯੂਰੇਕਾ ਤੋਂ ਉਮੀਦਵਾਰ ਐਮਾ ਮਿਊਰ, ਵੈਂਡੂਰੀ ਤੋਂ ਉਮੀਦਵਾਰ ਗੈਵਿਨ ਰੋਨਨ ਅਤੇ ਵੈਸਟਰਨ ਵਿਕਟੋਰੀਆ ਤੋਂ ਉਮੀਦਵਾਰ ਗ੍ਰਾਹਮ ਵਾਟ ਨੇ ਵੀ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਬੈਲਰੈਟ ਸਿਟੀ ਕੌਂਸਲ ਦੇ ਵੈਂਡੂਰੀ ਵਾਰਡ ਤੋਂ ਕੌਂਸਲਰ ਜੇ ਮੌਰਿਸਨ, ਐਲਫ੍ਰੈਡਟਨ ਵਾਰਡ ਤੋਂ ਕੌਂਸਲਰ ਡੇਮਨ ਸਾਂਡਰਜ਼, ਗ੍ਰੇਟਰ ਬੈਂਡੀਗੋ ਸਿਟੀ ਕੌਂਸਲ ਤੋਂ ਕੌਂਸਲਰ ਸ਼ਿਵਾਲੀ ਚੈਟਲੀ, ਰਿਪਨ ਤੋਂ ਨੈਸ਼ਨਲਜ਼ ਪਾਰਟੀ ਦੀ ਉਮੀਦਵਾਰ ਜੋ ਆਰਮਸਟ੍ਰੌਂਗ ਅਤੇ ਅਰਾਰਟ ਤੋ ਡਿਪਟੀ ਮੇਅਰ ਤਲਵਿੰਦਰ ਕੌਰ ਟੈਲੀ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮਹਿਮਾਨਾਂ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਬੰਧਕਾਂ ਨੂੰ ਸਫਲ ਮੇਲੇ ਲਈ ਮੁਬਾਰਕਬਾਦ ਦਿੱਤੀ।
ਅੰਤ ਵਿੱਚ ਮੇਲੇ ਦੇ ਪ੍ਰਬੰਧਕਾਂ ਸੁਲਤਾਨ ਢਿੱਲੋਂ, ਬਿਕਰਮ ਬਰਾੜ, ਗੁਰਮੇਜ ਸਿੰਘ, ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਸਮੁੱਚੀ ਟੀਮ ਨੇ ਆਏ ਹੋਏ ਮਹਿਮਾਨਾਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਸਾਂਝੇ ਸਹਿਯੋਗ ਸਦਕਾ ਹੀ ਇਹ ਮੇਲਾ ਸਫਲ ਹੋ ਸਕਿਆ ਹੈ ਅਤੇ ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।