- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ 'ਚ ਕੰਪਨੀ ਨੇ ਇੰਡੀਅਨ ਸਟਾਰਟਅੱਪ CRED ਦੇ ਫਾਊਂਡਰ ਕੁਨਾਲ ਸ਼ਾਹ ਨੂੰ ਗਲੋਬਲ ਸੀਈਓ ਬਣਾਇਆ ਹੈ। ਕੰਪਨੀ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵ੍ਹਟਸਐਪ ਨੂੰ ਮੈਸੇਜਿੰਗ ਐਪ ਤੋਂ ਵੀਚੈਟ (WeChat) ਵਰਗੇ ਸੁਪਰ ਐਪ 'ਚ ਬਦਲਣ ਲਈ ਦਿੱਤੀ ਹੈ। ਇਸਦੇ ਸੁਪਰ ਐਪ ਬਣਨ 'ਚ ਸਭ ਤੋਂ ਵੱਡੀ ਅੜਚਨ ਯੂਜ਼ਰ ਦੀ ਪ੍ਰਾਈਵੇਸੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਵ੍ਹਟਸਐਪ ਨੂੰ ਸੁਪਰ-ਐਪ 'ਚ ਤਬਦੀਲ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਵਰ੍ਹਿਆਂ ਤੋਂ ਇਹ ਮੈਸੇਜਿੰਗ ਐਪ ਇਕ ਬੇਸਿਕ ਸਿਧਾਂਤ 'ਤੇ ਕੰਮ ਕਰ ਰਹੀ ਸੀ। ਜੇਕਰ ਤੁਹਾਨੂੰ ਇਸ ਪਲੇਟਫਾਰਮ 'ਤੇ ਕਿਸੇ ਯੂਜ਼ਰ ਨੂੰ ਮੈਸੇਜ ਕਰਨਾ ਹੈ ਤਾਂ ਤੁਹਾਨੂੰ ਉਸਦਾ ਫ਼ੋਨ ਨੰਬਰ ਪਤਾ ਹੋਣਾ ਚਾਹੀਦਾ ਹੈ। ਇਹ ਵਿਵਸਥਾ ਹੁਣ ਪੁਰਾਣੀ ਹੋਣ ਜਾ ਰਹੀ ਹੈ। ਵ੍ਹਟਸਐਪ ਨੇ ਯੂਜ਼ਰਨੇਮ ਫੀਚਰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਜ਼ ਐਪ 'ਤੇ ਆਪਣਾ ਯੂਜ਼ਰਨੇਮ ਰਿਜ਼ਰਵ ਵੀ ਕਰ ਸਕਦੇ ਹਨ। ਇਸਦੇ ਪਿੱਛੇ ਵਜ੍ਹਾ ਸਾਫ਼ ਹੈ— ਜੇਕਰ ਕਿਸੇ ਯੂਜ਼ਰ ਨੇ ਆਪਣਾ ਫ਼ੋਨ ਨੰਬਰ ਨਹੀਂ ਦੇਣਾ, ਤਾਂ ਉਹ ਵ੍ਹਟਸਐਪ ਯੂਜ਼ਰਨੇਮ ਦੇ ਕੇ ਵੀ ਮੈਸੇਜਿੰਗ ਐਪ 'ਤੇ ਉਸ ਨਾਲ ਚੈਟ ਕਰ ਸਕਦਾ ਹੈ।
ਦੁਨੀਆ ਭਰ ਵਿਚ ਵ੍ਹਟਸਐਪ ਦੇ ਐਕਟਿਵ ਮੰਥਲੀ ਯੂਜ਼ਰਜ਼ ਦੀ ਗਿਣਤੀ 300 ਕਰੋੜ ਪਾਰ ਕਰ ਗਈ ਹੈ। ਇਕੱਲੇ ਭਾਰਤ 'ਚ ਕੰਪਨੀ ਦੇ 50 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਹਨ ਤੇ ਕੰਪਨੀ ਲਈ ਇੰਡੀਆ ਸਭ ਤੋਂ ਵੱਡੀ ਮਾਰਕੀਟ ਹੈ। ਭਾਰਤ ਵਰਗੇ ਦੇਸ਼ 'ਚ WhatsApp ਪਰਸਨਲ ਮੈਸੇਜਿੰਗ ਜਾਂ ਫੈਮਿਲੀ ਗਰੁੱਪਾਂ ਤੱਕ ਸੀਮਤ ਨਹੀਂ ਹੈ। ਬਲਕਿ ਇਸਨੂੰ ਆਫ਼ਿਸ, ਸਕੂਲ, ਬਿਜ਼ਨੈੱਸ, ਕਸਟਮਰ ਸਰਵਿਸ ਤੇ ਪੇਮੈਂਟ ਨਾਲ ਜੁੜੇ ਕਮਿਊਨੀਕੇਸ਼ਨ ਲਈ ਖ਼ੂਬ ਇਸਤੇਮਾਲ ਕੀਤਾ ਜਾਂਦਾ ਹੈ। ਮੈਟਾ (Meta) ਦੀ ਮਾਲਕੀ ਵਾਲੀ ਮੈਸੇਜਿੰਗ ਐਪ ਦੀ ਨਜ਼ਰ ਭਾਰਤ ਦੇ ਕਾਰੋਬਾਰ, ਬਿਜ਼ਨੈੱਸ ਤੇ ਪੇਮੈਂਟ ਮਾਰਕੀਟ 'ਤੇ ਹੈ।
ਹਾਲ ਹੀ 'ਚ ਕੰਪਨੀ ਨੇ ਇੰਡੀਅਨ ਸਟਾਰਟਅੱਪ CRED ਦੇ ਫਾਊਂਡਰ ਕੁਨਾਲ ਸ਼ਾਹ ਨੂੰ ਗਲੋਬਲ ਸੀਈਓ ਬਣਾਇਆ ਹੈ। ਕੰਪਨੀ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਵ੍ਹਟਸਐਪ ਨੂੰ ਮੈਸੇਜਿੰਗ ਐਪ ਤੋਂ ਵੀਚੈਟ (WeChat) ਵਰਗੇ ਸੁਪਰ ਐਪ 'ਚ ਬਦਲਣ ਲਈ ਦਿੱਤੀ ਹੈ। ਇਸਦੇ ਸੁਪਰ ਐਪ ਬਣਨ 'ਚ ਸਭ ਤੋਂ ਵੱਡੀ ਅੜਚਨ ਯੂਜ਼ਰ ਦੀ ਪ੍ਰਾਈਵੇਸੀ ਹੈ। ਜਿਵੇਂ ਕਿ ਅਸੀਂ ਦੱਸਿਆ, ਵ੍ਹਟਸਐਪ 'ਤੇ ਲੌਗਇਨ ਜਾਂ ਅਕਾਊਂਟ ਬਣਾਉਣ ਲਈ ਫ਼ੋਨ ਨੰਬਰ ਹੋਣਾ ਜ਼ਰੂਰੀ ਹੈ। ਇਸ ਨਾਲ ਯੂਜ਼ਰ ਦੇ ਫ਼ੋਨ ਨੰਬਰ ਵਰਗੀ ਬੇਹੱਦ ਪਰਸਨਲ ਡਿਟੇਲ ਲੀਕ ਹੋਣ ਦਾ ਖ਼ਤਰਾ ਹੈ। ਹੁਣ ਯੂਜ਼ਰਨੇਮ ਫੀਚਰ ਦੀ ਐਂਟਰੀ ਹੋਣ ਨਾਲ ਕੰਪਨੀ ਇਸ ਅੜਚਨ ਨੂੰ ਲਗਪਗ ਪਾਰ ਕਰ ਚੁੱਕੀ ਹੈ। ਹਾਲਾਂਕਿ, ਯੂਜ਼ਰਨੇਮ ਫੀਚਰ ਲਿਆਉਣ ਦਾ ਫ਼ੈਸਲਾ ਕੁਨਾਲ ਸ਼ਾਹ ਦੀ ਨਿਯੁਕਤੀ ਤੋਂ ਪਹਿਲਾਂ ਦਾ ਹੈ।
ਯੂਜ਼ਰਨੇਮ ਇਕ ਯੂਨੀਕ ਹੈਂਡਲ ਹੋਵੇਗਾ, ਜੋ ਵ੍ਹਟਸਐਪ 'ਤੇ ਤੁਹਾਡੀ ਨਵੀਂ ਪਛਾਣ ਬਣੇਗਾ। ਵ੍ਹਟਸਐਪ 'ਤੇ ਤੁਹਾਡੇ ਫ਼ੋਨ ਨੰਬਰ ਦੀ ਜਗ੍ਹਾ ਸਾਹਮਣੇ ਵਾਲੇ ਨੂੰ ਤੁਹਾਡਾ ਯੂਜ਼ਰਨੇਮ ਦਿਖਾਈ ਦੇਵੇਗਾ। ਇਹ ਕਾਫ਼ੀ ਹੱਦ ਤਕ ਇੰਸਟਾਗ੍ਰਾਮ ਅਤੇ X (ਪਹਿਲਾਂ ਟਵਿੱਟਰ) ਦੀ ਤਰ੍ਹਾਂ ਹੀ ਹੈ। ਹਾਲਾਂਕਿ, ਇਕ ਵੱਡਾ ਅੰਤਰ ਇਹ ਹੈ ਕਿ ਵ੍ਹਟਸਐਪ ਪਬਲਿਕ ਸੋਸ਼ਲ ਨੈੱਟਵਰਕ 'ਚ ਕਨਵਰਟ ਨਹੀਂ ਹੋਵੇਗਾ।
ਮੈਟਾ ਦਾ ਕਹਿਣਾ ਹੈ ਕਿ ਉਸਦੇ ਪਲੇਟਫਾਰਮ ਦੇ ਯੂਜ਼ਰਜ਼ ਨੇਮ ਦੀ ਪਬਲਿਕ ਡਾਇਰੈਕਟਰੀ ਜਾਂ ਆਟੋ-ਕੰਪਲੀਟ ਸਰਚ ਦਾ ਆਪਸ਼ਨ ਨਹੀਂ ਮਿਲੇਗਾ। ਯਾਨੀ ਕੋਈ ਵੀ ਸਿਰਫ਼ ਅੰਦਾਜ਼ਾ ਲਗਾ ਕੇ ਕਿਸੇ ਨਾਲ ਕਨੈਕਟ ਨਹੀਂ ਕਰ ਸਕੇਗਾ। ਵ੍ਹਟਸਐਪ 'ਤੇ ਕਨੈਕਟ ਕਰਨ ਲਈ ਤੁਹਾਨੂੰ ਸਹੀ ਯੂਜ਼ਰਨੇਮ ਦਾ ਪਤਾ ਹੋਣਾ ਜ਼ਰੂਰੀ ਹੈ।
ਪ੍ਰਾਈਵੇਟ ਮੈਸੇਜਿੰਗ ਸ਼ੁਰੂਆਤ ਤੋਂ ਵ੍ਹਟਸਐਪ ਦੀ ਤਾਕਤ ਰਹੀ ਹੈ। ਯੂਜ਼ਰਨੇਮ ਫੀਚਰ ਦੇ ਨਾਲ ਹੁਣ ਯੂਜ਼ਰਜ਼ ਨੂੰ ਗ਼ੈਰ-ਜ਼ਰੂਰੀ ਚੀਜ਼ਾਂ ਲਈ ਆਪਣਾ ਫ਼ੋਨ ਨੰਬਰ ਸ਼ੇਅਰ ਨਹੀਂ ਕਰਨਾ ਪਵੇਗਾ। ਇਸਦੇ ਨਾਲ ਹੀ ਯੂਜ਼ਰਜ਼ ਡਾਇਰੈਕਟਰੀ ਵੀ ਪਬਲਿਕਲੀ ਉਪਲਬਧ ਨਹੀਂ ਹੋਵੇਗੀ। ਯਾਨੀ ਪ੍ਰਾਈਵੇਸੀ ਹੋਰ ਮਜ਼ਬੂਤ ਹੋਵੇਗੀ। ਇੰਨਾ ਹੀ ਨਹੀਂ, ਚੈਟ ਸ਼ੁਰੂ ਕਰਨ ਲਈ ਸਾਹਮਣੇ ਵਾਲੇ ਨੂੰ ਯੂਜ਼ਰਨੇਮ ਦੇ ਨਾਲ-साथ ਯੂਜ਼ਰਨੇਮ ਕੀ (username key) ਵੀ ਪਤਾ ਹੋਣਾ ਜ਼ਰੂਰੀ ਹੋਵੇਗਾ।
ਵ੍ਹਟਸਐਪ ਯੂਜ਼ਰਨੇਮ ਦੀ ਮਦਦ ਨਾਲ ਯੂਜ਼ਰ ਨੂੰ ਸਰਚ ਕੀਤਾ ਜਾ ਸਕਦਾ ਹੈ। ਪਰ, ਚੈਟ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਨੇ Username key ਦੇ ਨਾਲ ਇਕ ਹੋਰ ਪਰਮਿਸ਼ਨ ਲੇਅਰ ਸ਼ੁਰੂ ਕੀਤੀ ਹੈ। ਇਹ ਪਾਸਵਰਡ ਦੀ ਤਰ੍ਹਾਂ ਹੋਵੇਗਾ। ਤੁਹਾਡੇ ਨਾਲ ਚੈਟ ਸ਼ੁਰੂ ਕਰਨ ਲਈ ਯੂਜ਼ਰ ਦੇ ਫ਼ੋਨ ਬੁੱਕ 'ਚ ਨੰਬਰ ਸੇਵ ਹੋਣਾ ਚਾਹੀਦਾ ਹੈ ਜਾਂ ਫਿਰ ਉਸਨੂੰ Username key ਪਤਾ ਹੋਣੀ ਚਾਹੀਦੀ ਹੈ। ਇਸ ਨਾਲ ਤੁਸੀਂ ਸਪੈਮ (Spam) ਤੋਂ ਬਚ ਸਕਦੇ ਹੋ।
ਭਾਰਤ 'ਚ ਮੋਬਾਈਲ ਨੰਬਰ ਸਿਰਫ਼ ਕਾਲਿੰਗ ਲਈ ਇਸਤੇਮਾਲ ਨਹੀਂ ਹੁੰਦਾ। ਮੋਬਾਈਲ ਨੰਬਰ ਤੁਹਾਡੇ— ਯੂਪੀਆਈ (UPI), ਸਰਕਾਰੀ ਦਸਤਾਵੇਜ਼ਾਂ ਅਤੇ ਦੂਜੀਆਂ ਜ਼ਰੂਰੀ ਸੇਵਾਵਾਂ ਵਿੱਚ ਬੇਹੱਦ ਜ਼ਰੂਰੀ ਹੁੰਦਾ ਹੈ। ਵ੍ਹਟਸਐਪ ਤੋਂ ਮੋਬਾਈਲ ਨੰਬਰ ਐਕਸਪੋਜ਼ (ਜਨਤਕ) ਹੋਣ ਦਾ ਵੱਡਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅਜਿਹੇ ਵਿਚ ਹੁਣ ਮੋਬਾਈਲ ਨੰਬਰ ਦੀ ਜਗ੍ਹਾ ਯੂਜ਼ਰਨੇਮ ਦਿਖਾਈ ਦੇਣ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਹੋਰ ਬਿਹਤਰ ਹੋਵੇਗੀ।
ਭਾਰਤ ਵਿਚ ਬੈਂਕ, ਕੂਰੀਅਰ, ਏਅਰਲਾਈਨ, ਕੋਚਿੰਗ ਸੈਂਟਰ ਤੇ ਇੱਥੋਂ ਤੱਕ ਕਿ ਗੁਆਂਢ ਦਾ ਦੁਕਾਨਦਾਰ ਆਪਣੇ ਗਾਹਕਾਂ ਨਾਲ ਵ੍ਹਟਸਐਪ 'ਤੇ ਹੀ ਕੁਨੈਕਟ ਕਰਦੇ ਹਨ। ਹੁਣ ਨਵੇਂ ਫੀਚਰ ਤੋਂ ਬਾਅਦ ਇਨ੍ਹਾਂ ਬਿਜ਼ਨੈੱਸਾਂ ਕੋਲ ਗਾਹਕ ਦਾ ਫ਼ੋਨ ਨੰਬਰ ਨਹੀਂ, ਬਲਕਿ ਸਿਰਫ਼ ਯੂਜ਼ਰਨੇਮ ਹੋਵੇਗਾ। ਇਸ ਨਾਲ ਬਿਜ਼ਨੈੱਸਾਂ ਨੂੰ ਸਿੱਧਾ ਗਾਹਕ ਦਾ ਫ਼ੋਨ ਨੰਬਰ ਨਹੀਂ ਦਿਖਾਈ ਦੇਵੇਗਾ।
ਫ਼ੋਨ ਨੰਬਰ ਦੇ ਐਕਸਪੋਜ਼ ਨਾ ਹੋਣ ਨਾਲ ਪ੍ਰਾਈਵੇਸੀ ਦੀ ਸਮੱਸਿਆ ਹੱਲ ਹੋਵੇਗੀ। ਇੰਨਾ ਹੀ ਨਹੀਂ, ਵ੍ਹਟਸਐਪ 'ਤੇ ਰੈਂਡਮਲੀ ਕਿਸੇ ਗਰੁੱਪ ਵਿੱਚ ਜੋੜ ਦਿੱਤੇ ਜਾਣ ਅਤੇ ਸਪੈਮ ਕਾਲਾਂ-ਮੈਸੇਜਾਂ ਤੋਂ ਵੀ ਛੁੱਟੀ ਮਿਲੇਗੀ। ਹਾਲਾਂਕਿ, ਇਸ ਨਾਲ ਸਕੈਮ ਪੂਰੀ ਤਰ੍ਹਾਂ ਬੰਦ ਨਹੀਂ ਹੋਣਗੇ। ਸਕੈਮਰਜ਼ ਕਿਸੇ ਯੂਜ਼ਰ ਵਰਗਾ ਦਿਖਣ ਵਾਲੇ ਯੂਜ਼ਰਨੇਮ ਨਾਲ ਅਕਾਊਂਟ ਬਣਾ ਕੇ ਜਾਣ-ਪਛਾਣ ਵਾਲਿਆਂ ਨਾਲ ਸਕੈਮ ਕਰ ਸਕਦੇ ਹਨ। ਅਜਿਹੇ ਵਿੱਚ ਵਟਸਐਪ 'ਤੇ ਕਿਸੇ ਵੀ ਯੂਜ਼ਰ ਨਾਲ ਕਿਸੇ ਤਰ੍ਹਾਂ ਦਾ ਪਾਸਵਰਡ, ਓਟੀਪੀ, ਯੂਪੀਆਈ ਜਾਂ ਬੈਂਕਿੰਗ ਡਿਟੇਲਸ ਸ਼ੇਅਰ ਨਾ ਕਰੋ।
ਜੇਕਰ ਤੁਹਾਡੀ ਐਪ 'ਚ ਯੂਜ਼ਰਨੇਮ ਦਾ ਆਪਸ਼ਨ ਆ ਗਿਆ ਹੈ ਤਾਂ ਸਾਵਧਾਨੀ ਨਾਲ ਯੂਜ਼ਰਨੇਮ ਚੁਣੋ। ਜੇਕਰ ਤੁਸੀਂ ਇੰਸਟਾਗ੍ਰਾਮ, ਫੇਸਬੁੱਕ, ਲਿੰਕਡਇਨ, ਐਕਸ (X) ਤੇ ਵ੍ਹਟਸਐਪ 'ਚ ਇੱਕੋ ਜਿਹਾ ਯੂਜ਼ਰਨੇਮ ਚੁਣਨ ਦੀ ਸੋਚ ਰਹੇ ਹੋ ਤਾਂ ਇਹ ਥੋੜ੍ਹਾ ਪਰੇਸ਼ਾਨੀ ਵਾਲਾ ਹੋ ਸਕਦਾ ਹੈ। ਇਸ ਨਾਲ ਤੁਹਾਡੀ ਪ੍ਰਾਈਵੇਸੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਕ੍ਰਿਏਟਰਸ ਤੇ ਬਿਜ਼ਨੈੱਸਾਂ ਲਈ ਇਹ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਆਪਣਾ ਯੂਜ਼ਰਨੇਮ ਪਬਲਿਕ ਕਰ ਰਹੇ ਹੋ ਤਾਂ ਤੁਹਾਨੂੰ ਪ੍ਰਾਈਵੇਸੀ ਲਈ 'ਯੂਜ਼ਰਨੇਮ ਕੀ' ਨੂੰ ਵੀ ਇਨੇਬਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਨਵੀਂ ਚੈਟ 'ਤੇ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਮਿਲੇਗਾ।
ਵ੍ਹਟਸਐਪ ਦਾ ਯੂਜ਼ਰਨੇਮ ਫੀਚਰ ਸ਼ੁਰੂਆਤੀ ਨਜ਼ਰ ਵਿੱਚ ਭਾਵੇਂ ਪ੍ਰਾਈਵੇਸੀ ਫੀਚਰ ਲੱਗ ਰਿਹਾ ਹੋਵੇ, ਪਰ ਕੰਪਨੀ ਦੀ ਪਲੈਨਿੰਗ ਇਸਨੂੰ ਲੈ ਕੇ ਕੁਝ ਹੋਰ ਹੈ। ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਪੁਖਤਾ ਕਰਕੇ ਕੰਪਨੀ ਦਾ ਇਸ ਮੈਸੇਜਿੰਗ ਪਲੇਟਫਾਰਮ ਨੂੰ ਸੁਪਰਐਪ 'ਚ ਬਦਲਣ ਲਈ ਇਹ ਪਹਿਲਾ ਕਦਮ ਹੈ।