- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਸਬੰਧੀ ਪ੍ਰਦੂਸ਼ਣ ਚੈੱਕ ਸੈਂਟਰ ਦੇ ਸੰਚਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਪ੍ਰਦੂਸ਼ਣ ਚੈੱਕ ਸੈਂਟਰਾਂ ਦੇ ਸੋਫਟਵੇਅਰ ਨੂੰ ਹੀ ਅਪਡੇਟ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਵਾਹਨ ਚਾਲਕ ਤੋਂ ਓਟੀਪੀ ਮਿਲਣ ਤੋਂ ਬਾਅਦ ਹੀ ਪ੍ਰਦੂਸ਼ਣ ਸਰਟੀਫਿਕੇਟ ਪ੍ਰਾਪਤ ਕਰਨ ਦੀ ਪਰਿਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਵਾਹਨਾਂ ਨਾਲ ਸਬੰਧਤ ਆਨਲਾਈਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਵਾਹਨ ਡਾਟਾ ਨੂੰ ਡਿਜੀਟਲ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਹਿਤ ਵਾਹਨ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ’ਚ ਮੋਬਾਇਲ ਨੰਬਰ ਲਿੰਕ ਹੋਣਾ ਮਹੱਤਵਪੂਰਨ ਬਣ ਗਿਆ ਹੈ। ਕਈ ਮਾਮਲਿਆਂ ਵਿੱਚ ਆਰਸੀ ਰਿਕਾਰਡ ਵਿੱਚ ਮੋਬਾਇਲ ਨੰਬਰ ਉਪਲਬਧ ਨਾ ਹੋਣ ਜਾਂ ਪੁਰਾਣਾ ਨੰਬਰ ਦਰਜ ਹੋਣ ਕਾਰਨ ਆਨਲਾਈਨ ਪ੍ਰਕਿਰਿਆਵਾਂ ਦੌਰਾਨ ਤਕਨੀਕੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਵਾਹਨ ਸਬੰਧੀ ਸੇਵਾਵਾਂ ਲਈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਵਾਹਨ ਪੋਰਟਲ ’ਤੇ ਉਪਲਬਧ ਡਾਟਾ ਦੀ ਵਰਤੋਂ ਕੀਤੀ ਜਾਂਦੀ ਹੈ। ਮੋਬਾਈਲ ਨੰਬਰ ਅਪਡੇਟ ਹੋਣ ਨਾਲ ਵਾਹਨ ਮਾਲਕਾਂ ਨੂੰ ਓਟੀਟੀ ਆਧਾਰਿਤ ਤਸਦੀਕ, ਚਲਾਨ ਸਬੰਧੀ ਜਾਣਕਾਰੀ ਅਤੇ ਹੋਰ ਆਨਲਾਈਨ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹੂਲਤ ਮਿਲਦੀ ਹੈ।
ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਆਨਲਾਈਨ ਪ੍ਰਣਾਲੀ ਨਾਲ ਜੁੜੀ ਹੋਈ ਹੈ। ਕੁੱਝ ਮਾਮਲਿਆਂ ਵਿੱਚ ਆਰਸੀ ਰਿਕਾਰਡ ਅਤੇ ਆਨਲਾਈਨ ਡਾਟਾ ਵਿੱਚ ਅੰਤਰ ਹੋਣ ਕਾਰਨ ਵਾਹਨ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵਿੱਚ ਦਿੱਕਤਾਂ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲੇ ਨਾਲ ਸਬੰਧਤ ਵਾਹਨ ਚਾਲਕ ਅਮਨਦੀਪ ਡੰਗ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦਾ ਪ੍ਰਦੂਸ਼ਣ ਸਰਟੀਫਿਕੇਟ ਐਕਸਪਾਇਰ ਹੋ ਗਿਆ ਹੈ। ਜਦੋਂ ਉਹ ਪ੍ਰਦੂਸ਼ਣ ਚੈੱਕ ਸੈਂਟਰ ’ਤੇ ਆਪਣੀ ਕਾਰ ਦਾ ਪ੍ਰਦੂਸ਼ਣ ਸਰਟੀਫਿਕੇਟ ਬਣਵਾਉਣ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਮੋਬਾਇਲ ਨੰਬਰ ਆਰਸੀ ਨਾਲ ਲਿੰਕ ਨਹੀਂ ਹੈ l ਜਿਸ ਕਾਰਨ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ’ਚ ਵਰਤੋਂ ਲਈ ਓਟੀਪੀ ਨਹੀਂ ਆ ਰਿਹਾ ਜਿਸ ਕਾਰਨ ਪ੍ਰਦੂਸ਼ਣ ਚੈੱਕ ਸੈਂਟਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਵਾਹਨ ਦੀ ਆਰਸੀ ਨਾਲ ਲਿੰਕ ਕਰਵਾਉਣ ਲਈ ਕਿਹਾ ਗਿਆ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਸਪੱਸ਼ਟ ਹੁਕਮ ਜਾਰੀ ਹੋਣ ਦੀ ਜਾਣਕਾਰੀ ਨਹੀਂ ਹੈ ਕਿ ਸਿਰਫ਼ ਆਰਸੀ ਵਿੱਚ ਮੋਬਾਇਲ ਨੰਬਰ ਨਾ ਹੋਣ ਦੇ ਆਧਾਰ ’ਤੇ ਹਰ ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ ਰੋਕਿਆ ਜਾਵੇਗਾ।
ਮਾਮਲੇ ਸਬੰਧੀ ਪ੍ਰਦੂਸ਼ਣ ਚੈੱਕ ਸੈਂਟਰ ਦੇ ਸੰਚਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਪ੍ਰਦੂਸ਼ਣ ਚੈੱਕ ਸੈਂਟਰਾਂ ਦੇ ਸੋਫਟਵੇਅਰ ਨੂੰ ਹੀ ਅਪਡੇਟ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਵਾਹਨ ਚਾਲਕ ਤੋਂ ਓਟੀਪੀ ਮਿਲਣ ਤੋਂ ਬਾਅਦ ਹੀ ਪ੍ਰਦੂਸ਼ਣ ਸਰਟੀਫਿਕੇਟ ਪ੍ਰਾਪਤ ਕਰਨ ਦੀ ਪਰਿਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਸਰਟੀਫਿਕੇਟ ਨਾ ਬਣਨ ਕਾਰਨ ਉਨ੍ਹਾਂ ਨੂੰ ਟਰੈਫਿਕ ਪੁਲਿਸ ਵੱਲੋਂ ਚਲਾਨ ਕੀਤੇ ਜਾਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਪੁਰਾਣੇ ਵਾਹਨਾਂ ਦੀ ਆਰਸੀ ਵਿੱਚ ਮੋਬਾਇਲ ਨੰਬਰ ਅਪਡੇਟ ਨਹੀਂ ਹਨ ਅਤੇ ਇਸ ਤਕਨੀਕੀ ਸਮੱਸਿਆ ਕਾਰਨ ਆਮ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਮਾਲਕਾਂ ਨੇ ਟਰਾਂਸਪੋਰਟ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਸਾਰੇ ਵਾਹਨਾਂ ਦੇ ਰਿਕਾਰਡ ਅੱਪਡੇਟ ਨਹੀਂ ਹੋ ਜਾਂਦੇ, ਉਦੋਂ ਤੱਕ ਅਜਿਹੇ ਮਾਮਲਿਆਂ ਵਿੱਚ ਵਾਹਨ ਚਾਲਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਤੋਂ ਇਲਾਵਾ ਪ੍ਰਦੂਸ਼ਣ ਜਾਂਚ ਸੈਂਟਰਾਂ ਨੂੰ ਵੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਤਕਨੀਕੀ ਖਾਮੀਆਂ ਕਾਰਨ ਲੋਕਾਂ ਨੂੰ ਚਲਾਨ ਅਤੇ ਜੁਰਮਾਨੇ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਬੰਧੀ ਆਰਟੀਏ ਮਨਕੰਵਲ ਸਿੰਘ ਚਹਿਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਦੂਸ਼ਣ ਜਾਂਚ ਕੇਂਦਰਾਂ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਗਿਆ ਹੈ। ਨਵੀਂ ਪ੍ਰਣਾਲੀ ਤਹਿਤ ਹੁਣ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਾਹਨ ਮਾਲਕ ਨੂੰ ਆਪਣੀ ਆਰਸੀ ਨਾਲ ਲਿੰਕ ਮੋਬਾਇਲ ਨੰਬਰ ’ਤੇ ਪ੍ਰਾਪਤ ਹੋਣ ਵਾਲਾ ਓਟੀਪੀ ਦੇਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਾਹਨ ਚਾਲਕਾਂ ਦੇ ਵਾਹਨ ਦੀ ਆਰਸੀ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਨਜ਼ਦੀਕੀ ਸੇਵਾ ਕੇਂਦਰ ’ਤੇ ਜਾ ਕੇ ਆਪਣਾ ਮੋਬਾਇਲ ਨੰਬਰ ਆਰਸੀ ਨਾਲ ਲਿੰਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵਾਹਨ ਮਾਲਕ ਆਨਲਾਈਨ ਸੇਵਾ ਕੇਂਦਰ ਐਪ ਰਾਹੀਂ ਵੀ ਆਪਣਾ ਮੋਬਾਇਲ ਨੰਬਰ ਆਰਸੀ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਾਹਨਾਂ ਦੀ ਆਰਸੀ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਸਮੇਂ ਸਿਰ ਆਪਣਾ ਮੋਬਾਇਲ ਨੰਬਰ ਅੱਪਡੇਟ ਕਰਵਾ ਲੈਣ, ਤਾਂ ਜੋ ਭਵਿੱਖ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਬਣਵਾਉਣ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟਰੈਫਿਕ ਨਿਯਮਾਂ ਤਹਿਤ ਹੋਣ ਵਾਲੇ ਚਲਾਨ ਅਤੇ ਜੁਰਮਾਨਿਆਂ ਤੋਂ ਬਚਿਆ ਜਾ ਸਕੇ।