- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਤੱਕ ਅਜਿਹੀਆਂ ਤਕਨੀਕਾਂ ਲਈ ਅਕਸਰ ਦਿਮਾਗ ’ਚ ਇਲੈਕਟ੍ਰੋਡ ਲਗਾਉਣ ਵਰਗੀ ਸਰਜਰੀ ਕਰਨੀ ਪੈਂਦੀ ਸੀ। ਮੇਟਾ ਦਾ ਦਾਅਵਾ ਹੈ ਕਿ ਉਸ ਦਾ ਨਵਾਂ ਸਿਸਟਮ ਸਿਰ ਦੇ ਬਾਹਰ ਤੋਂ ਦਿਮਾਗ ਦੇ ਸੰਕੇਤ ਰਿਕਾਰਡ ਕਰ ਕੇ ਇਹ ਕੰਮ ਕਰ ਸਕਦਾ।

ਨਵੀਂ ਦਿੱਲੀ (ਏਐੱਨਆਈ) : ਕੀ ਸਿਰਫ਼ ਸੋਚਣ ਨਾਲ ਕੰਪਿਊਟਰ ਤੁਹਾਡੀ ਗੱਲ ਲਿਖ ਸਕੇਗਾ? ਮੇਟਾ ਨੇ ਅਜਿਹਾ ਹੀ ਦਾਅਵਾ ਕਰਦੇ ਹੋਏ ਬ੍ਰੇਨ2ਕਵਰਟੀ ਵੀ2 ਨਾਂ ਦਾ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਸਟਮ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਤਕਨੀਕ ਬਿਨਾਂ ਕਿਸੇ ਸਰਜਰੀ ਦੇ ਦਿਮਾਗ ਦੀ ਗਤੀਵਿਧੀ ਨੂੰ ਸਮਝ ਕੇ ਉਸ ਨੂੰ ਲਿਖਤੀ ਸ਼ਬਦਾਂ ’ਚ ਬਦਲ ਸਕਦੀ ਹੈ।
ਹੁਣ ਤੱਕ ਅਜਿਹੀਆਂ ਤਕਨੀਕਾਂ ਲਈ ਅਕਸਰ ਦਿਮਾਗ ’ਚ ਇਲੈਕਟ੍ਰੋਡ ਲਗਾਉਣ ਵਰਗੀ ਸਰਜਰੀ ਕਰਨੀ ਪੈਂਦੀ ਸੀ। ਮੇਟਾ ਦਾ ਦਾਅਵਾ ਹੈ ਕਿ ਉਸ ਦਾ ਨਵਾਂ ਸਿਸਟਮ ਸਿਰ ਦੇ ਬਾਹਰ ਤੋਂ ਦਿਮਾਗ ਦੇ ਸੰਕੇਤ ਰਿਕਾਰਡ ਕਰ ਕੇ ਇਹ ਕੰਮ ਕਰ ਸਕਦਾ। ਜੇ ਭਵਿੱਖ ਦੇ ਪ੍ਰੀਖਣਾਂ ’ਚ ਵੀ ਇਹ ਸਫ਼ਲ ਰਹਿੰਦਾ ਹੈ ਤਾਂ ਸਟ੍ਰੋਕ, ਲਕਵਾ, ਦਿਮਾਗ ਦੀ ਸੱਟ ਜਾਂ ਹੋਰ ਨਿਊਰੋਲੋਜੀਕਲ ਬਿਮਾਰੀਆਂ ਦੇ ਕਾਰਨ ਬੋਲਣ ’ਚ ਅਸਮਰੱਥ ਲੋਕਾਂ ਲਈ ਇਹ ਵੱਡੀ ਉਮੀਦ ਬਣ ਸਕਦਾ ਹੈ।
ਕੰਪਨੀ ਮੁਤਾਬਕ, ਇਸ ਤਕਨੀਕ ਨੂੰ 22 ਹਜ਼ਾਰ ਤੋਂ ਵੱਧ ਵਾਕਾਂ ਦੇ ਡਾਟਾ ’ਤੇ ਸਿੱਖਿਅਤ ਕੀਤਾ ਗਿਆ। ਇਸ ਲਈ ਨੌਂ ਸਵੈ ਸੇਵਕਾਂ ਨੇ ਵਿਸ਼ੇਸ਼ ਐੱਮਈਜੀ (ਮੈਗਨੇਟੋਏਂਸੇਫੇਲੋਗ੍ਰਾਫੀ) ਉਪਕਰਣ ਪਹਿਨ ਕੇ ਲਗਪਗ 10 ਘੰਟੇ ਤੱਕ ਟਾਈਪਿੰਗ ਕੀਤੀ। ਇਸੇ ਦੌਰਾਨ ਉਨ੍ਹਾਂ ਦੇ ਦਿਮਾਗ ਤੋਂ ਨਿਕਲਣ ਵਾਲੇ ਸੰਕੇਤ ਰਿਕਾਰਡ ਕੀਤੇ ਗਏ, ਜਿਨ੍ਹਾਂ ਨੂੰ ਏਆਈ ਨੇ ਭਾਸ਼ਾ ਨਾਲ ਜੋੜਨਾ ਸਿੱਖਿਆ।
ਮੇਟਾ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਨੇ ਬਿਨਾਂ ਸਰਜਰੀ ਵਾਲੀਆਂ ਮੌਜੂਦਾ ਤਕਨੀਕਾਂ ਦੀ ਤੁਲਨਾ ’ਚ ਬਿਹਤਰ ਪ੍ਰਦਰਸ਼ਨ ਕੀਤਾ। ਕੰਪਨੀ ਮੁਤਾਬਕ ਇਸ ਦੀ ਔਸਤ ਸ਼ਬਦ ਪਛਾਣ ਸਟੀਕਤਾ 61 ਫ਼ੀਸਦੀ ਰਹੀ, ਜਦਕਿ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ’ਚ ਇਹ 78 ਫ਼ੀਸਦੀ ਤੱਕ ਪਹੁੰਚ ਗਈ। ਕਈ ਮਾਮਲਿਆਂ ’ਚ ਪੂਰੇ ਵਾਕ ’ਚ ਸਿਰਫ਼ ਇਕ ਜਾਂ ਉਸ ਤੋਂ ਘੱਟ ਸ਼ਬਦ ਦੀ ਗ਼ਲਤੀ ਰਹੀ।
ਇਸ ਸਿਸਟਮ ਦੀ ਖਾਸੀਅਤ ਇਹ ਹੈ ਕਿ ਇਹ ਦਿਮਾਗ ਤੋਂ ਮਿਲਣ ਵਾਲੇ ਕੱਚੇ ਸੰਕੇਤਾਂ ਦਾ ਵਿਸ਼ਲੇਸ਼ਣ ਕਰਨ ਲਈ ਡੀਪ ਲਰਨਿੰਗ ਤੇ ਵੱਡੇ ਭਾਸ਼ਾ ਮਾਡਲ (ਐੱਲਐੱਲਐੱਮ) ਦੀ ਵਰਤੋਂ ਕਰਦਾ ਹੈ। ਇਸ ਨਾਲ ਏਆਈ ਅਧੂਰੇ ਜਾਂ ਅਸਪੱਸ਼ਟ ਦਿਮਾਗੀ ਸੰਕੇਤਾਂ ਦਾ ਅਰਥ ਸਮਝ ਕੇ ਉਨ੍ਹਾਂ ਨੂੰ ਸ਼ਬਦਾਂ ’ਚ ਬਦਲਣ ਦੀ ਕੋਸ਼ਿਸ਼ ਕਰਦਾ ਹੈ।
ਹਾਲਾਂਕਿ ਇਹ ਤਕਨੀਕ ਅਜੇ ਖੋਜ ਦੇ ਸ਼ੁਰੂਆਤੀ ਪੜਾਅ ’ਚ ਹੈ। ਇਸ ਦਾ ਪ੍ਰੀਖਣ ਸਿਰਫ਼ ਨੌਂ ਲੋਕਾਂ ’ਤੇ ਕੀਤਾ ਗਿਆ ਹੈ ਤੇ ਇਸ ਦੀ ਆਮ ਲੋਕਾਂ ਜਾਂ ਹਸਪਤਾਲਾਂ ’ਚ ਵਰਤੋਂ ਕਰਨ ਤੋਂ ਪਹਿਲਾਂ ਵੱਡੇ ਪੱਧਰ ’ਤੇ ਕਈ ਹੋਰ ਅਧਿਐਨ ਤੇ ਮੈਡੀਕਲ ਪ੍ਰੀਖਣ ਜ਼ਰੂਰੀ ਹੋਣਗੇ।
ਮੇਟਾ ਨੇ ਖੋਜ ਨੂੰ ਅੱਗੇ ਵਧਾਉਣ ਲਈ ਇਸ ਸਿਸਟਮ ਦਾ ਟ੍ਰੇਨਿੰਗ ਕੋਡ ਤੇ ਸਬੰਧਤ ਡਾਟਾਸੈੱਟ ਖੋਜੀਆਂ ਲਈ ਉਪਲੱਬਧ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ ਡਿਜੀਟਲ ਬ੍ਰੇਨ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਦਾ ਟੀਚਾ ਦਿਮਾਗ ਸਬੰਧੀ ਬਿਮਾਰੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ ਤੇ ਭਵਿੱਖ ’ਚ ਉਨ੍ਹਾਂ ਦੇ ਇਲਾਜ ਦੇ ਨਵੇਂ ਰਾਹ ਲੱਭਣਾ ਹੈ।