- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਸਕਲ ਨੇ ਭੌਤਿਕ ਵਿਗਿਆਨ ਦੇ ਖੇਤਰ 'ਚ ਵਾਯੂਮੰਡਲੀ ਦਬਾਅ (ਏਅਰ ਪ੍ਰੈਸ਼ਰ) ਤੇ ਵੈਕਿਊਮ ਦੇ ਸਿਧਾਂਤ ਲਈ ਵੀ ਕਈ ਸ਼ਲਾਘਾਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਆਪਣੇ ਪ੍ਰਯੋਗਾਂ ਨਾਲ ਸਿੱਧ ਕੀਤਾ ਕਿ ਵਾਯੂਮੰਡਲੀ ਦਬਾਅ ਦੇ ਨਾਲ-ਨਾਲ ਵੈਕਿਊਮ ਵੀ ਸੰਭਵ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਦੁਨੀਆ ਨੂੰ ਪਹਿਲਾ ਕੈਲਕੁਲੇਟਰ ਦੇਣ ਵਾਲੇ ਬਲੇਜ਼ ਪਾਸਕਲ ਦਾ ਜਨਮ ਅੱਜ ਦੇ ਦਿਨ ਹੀ ਸਾਲ 1623 'ਚ ਹੋਇਆ ਸੀ। ਉਹ 17ਵੀਂ ਸ਼ਤਾਬਦੀ ਦੇ ਮਹਾਨ ਗਣਿਤ-ਸ਼ਾਸਤਰੀ, ਭੌਤਿਕ ਵਿਗਿਆਨੀ ਤੇ ਕਾਢਾਂ 'ਚ ਸ਼ੁਮਾਰ ਸਨ। ਪਹਿਲਾ ਕੈਲਕੁਲੇਟਰ ਬਣਾਉਣ ਦੇ ਨਾਲ- ਨਾਲ ਉਨ੍ਹਾਂ ਨੂੰ ਸੰਭਾਵਨਾ ਸਿਧਾਂਤ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।
ਪਾਸਕਲ ਨੂੰ ਦੁਨੀਆ ਦੇ ਪਹਿਲੇ ਮਕੈਨੀਕਲ ਕੈਲਕੁਲੇਟਰ ਦੀ ਕਾਢ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਬਣਾਈ ਗਈ ਮਸ਼ੀਨ ਨੂੰ ਪਾਸਕਲ ਕੈਲਕੁਲੇਟਰ ਜਾਂ ਪਾਸਕਲਾਈਨ ਕਿਹਾ ਜਾਂਦਾ ਹੈ। ਇਸ ਕੈਲਕੁਲੇਟਰ ਨਾਲ ਜੋੜ ਅਤੇ ਘਟਾਓ ਵਰਗੀਆਂ ਗਣਨਾਵਾਂ ਕੀਤੀਆਂ ਜਾ ਸਕਦੀਆਂ ਸਨ। ਇਸੇ ਕੈਲਕੁਲੇਟਰ 'ਤੇ ਅੱਜ ਦੇ ਆਧੁਨਿਕ ਕੈਲਕੁਲੇਟਰ ਅਤੇ ਕੰਪਿਊਟਰ ਦੀ ਨੀਂਹ ਰੱਖੀ ਹੋਈ ਹੈ।
ਬਲੇਜ਼ ਪਾਸਕਲ ਦਾ ਜਨਮ 19 ਜੂਨ 1623 ਨੂੰ ਫਰਾਂਸ ਦੇ ਕਲੇਰਮੋਂਟ ਫੇਰਾਂਡ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਵੀ ਇਕ ਗਣਿਤ-ਸ਼ਾਸਤਰੀ ਸਨ ਤੇ ਟੈਕਸ ਅਫ਼ਸਰ ਸਨ। ਉਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਮਹਿਜ਼ 12 ਸਾਲ ਦੀ ਉਮਰ 'ਚ ਪਾਸਕਲ ਨੇ ਬਿਨਾਂ ਕਿਸੇ ਰਸਮੀ ਗਣਿਤਿਕ ਸਿੱਖਿਆ ਦੇ ਖ਼ੁਦ ਹੀ ਜਿਓਮੈਟਰੀ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ ਅਤੇ ਖ਼ੁਦ ਹੀ ਕਈ ਸਿਧਾਂਤ ਖੋਜ ਲਏ ਸਨ। 16 ਸਾਲ ਦੀ ਉਮਰ 'ਚ ਉਨ੍ਹਾਂ ਨੇ ਜਿਓਮੈਟਰੀ 'ਤੇ ਇੱਕ ਖੋਜ ਪੱਤਰ ਵੀ ਲਿਖ ਲਿਆ ਸੀ।
ਇਸ ਦੇ ਨਾਲ ਹੀ ਪਾਸਕਲ ਨੇ ਹਾਈਡ੍ਰੋਡਾਇਨਾਮਿਕਸ ਤੇ ਹਾਈਡ੍ਰੋਸਟੈਟਿਕਸ ਦੇ ਖੇਤਰ 'ਚ ਵੀ ਕਈ ਜ਼ਰੂਰੀ ਖੋਜਾਂ ਕੀਤੀਆਂ ਹਨ। ਇਹ ਖੋਜਾਂ ਜ਼ਿਆਦਾਤਰ ਤਰਲ ਵਿਚ ਪ੍ਰੈਸ਼ਰ ਦੇ ਵਿਵਹਾਰ 'ਤੇ ਸਨ ਜਿਸ ਲਈ ਉਨ੍ਹਾਂ ਨੇ ਪਾਸਕਲ ਥਿਊਰੀ ਦਿੱਤੀ। ਉਨ੍ਹਾਂ ਦੀ ਖੋਜ 'ਤੇ ਹੀ ਅੱਜ ਦੀ ਐਡਵਾਂਸਡ ਹਾਈਡ੍ਰੌਲਿਕ ਟੈਕਨਾਲੋਜੀ ਅਧਾਰਤ ਹੈ।
ਪਾਸਕਲ ਨੇ ਭੌਤਿਕ ਵਿਗਿਆਨ ਦੇ ਖੇਤਰ 'ਚ ਵਾਯੂਮੰਡਲੀ ਦਬਾਅ (ਏਅਰ ਪ੍ਰੈਸ਼ਰ) ਤੇ ਵੈਕਿਊਮ ਦੇ ਸਿਧਾਂਤ ਲਈ ਵੀ ਕਈ ਸ਼ਲਾਘਾਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਆਪਣੇ ਪ੍ਰਯੋਗਾਂ ਨਾਲ ਸਿੱਧ ਕੀਤਾ ਕਿ ਵਾਯੂਮੰਡਲੀ ਦਬਾਅ ਦੇ ਨਾਲ-ਨਾਲ ਵੈਕਿਊਮ ਵੀ ਸੰਭਵ ਹੈ।
ਉਨ੍ਹਾਂ ਦੇ ਨਾਮ 'ਤੇ ਹੀ ਦਬਾਅ ਦੀ ਸਟੈਂਡਰਡ ਇੰਟਰਨੈਸ਼ਨਲ ਯੂਨਿਟ - ਪਾਸਕਲ (Pa) ਹੈ। ਇਸ ਦੇ ਨਾਲ ਹੀ ਪਾਸਕਲ ਪ੍ਰੋਗਰਾਮਿੰਗ ਲੈਂਗਵੇਜ ਤੇ ਕਈ ਇੰਸਟੀਚਿਊਟ, ਐਵਾਰਡ ਤੇ ਵਿਗਿਆਨਕ ਸੰਕਲਪ ਹਨ। ਪਾਸਕਲ ਦਾ ਦੇਹਾਂਤ 39 ਸਾਲ ਦੀ ਉਮਰ 'ਚ ਹੋ ਗਿਆ ਸੀ। ਪਾਸਕਲ ਦਾ ਜੀਵਨ ਕਾਲ ਭਾਵੇਂ ਛੋਟਾ ਹੋਵੇ ਪਰ ਉਨ੍ਹਾਂ ਦੀਆਂ ਕਾਢਾਂ ਅੱਜ ਤਕ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ।