- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਇਕ ਹੋਰ ਅਹਿਮ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਭਾਰਤੀ ਵਾਲੀਬਾਲ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ, ਕੋਚ ਅਤੇ ਮਾਹਿਰ ਦੇਣ ਦੇ ਬਾਵਜੂਦ ਪੰਜਾਬ ਨੂੰ ਅੱਜ ਵੀ ਰਾਸ਼ਟਰੀ ਵਾਲੀਬਾਲ ਦੀਆਂ ਚੋਣ ਕਮੇਟੀਆਂ, ਕੋਚਿੰਗ ਢਾਂਚਿਆਂ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵਿੱਚ ਯੋਗ ਨੁਮਾਇੰਦਗੀ ਨਹੀਂ ਮਿਲ ਰਹੀ।

ਸਟਾਫ ਰਿਪੋਰਟਰ, ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸ਼ਨਿਚਰਵਾਰ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੀ ਪ੍ਰਧਾਨ ਡਾ. ਪੀਟੀ ਊਸ਼ਾ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਉਭਰਦੇ ਵਾਲੀਬਾਲ ਖਿਡਾਰੀ ਜਸਕਰਨ ਸਿੰਘ ਨਾਲ ਹੋਏ ਕਥਿਤ ਅਨਿਆਏ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਨੇ ਪੀ.ਟੀ. ਊਸ਼ਾ ਨੂੰ ਲਿਖਤੀ ਰੂਪ ਵਿੱਚ ਜਸਕਰਨ ਸਿੰਘ ਨੂੰ ਭਾਰਤੀ ਸੀਨੀਅਰ ਟੀਮ ਦੇ ਸਿਖਲਾਈ ਕੈਂਪ ਤੋਂ ਬਾਹਰ ਰੱਖੇ ਜਾਣ 'ਤੇ ਗਹਿਰੀ ਚਿੰਤਾ ਅਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।
ਆਪਣੇ ਪੱਤਰ 'ਚ ਔਜਲਾ ਨੇ ਜ਼ਿਕਰ ਕੀਤਾ ਹੈ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਵਾਰਾਣਸੀ ਵਿੱਚ ਹੋਈ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ-2026 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਬੈਸਟ ਯੂਨੀਵਰਸਲ ਪਲੇਅਰ’ ਦਾ ਸਨਮਾਨ ਹਾਸਲ ਕੀਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸੀਨੀਅਰ ਵਾਲੀਬਾਲ ਟੀਮ ਦੇ ਕੈਂਪ ਵਿੱਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਕਾਰਨ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ।
ਔਜਲਾ ਨੇ ਕਿਹਾ ਕਿ ਜਦੋਂ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਤੁਲਨਾਤਮਕ ਤੌਰ 'ਤੇ ਘੱਟ ਉਪਲਬਧੀਆਂ ਵਾਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ, ਨਿਰਪੱਖਤਾ ਅਤੇ ਯੋਗਤਾ ਆਧਾਰਿਤ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਪ੍ਰਤਿਭਾ ਅਤੇ ਪ੍ਰਦਰਸ਼ਨ ਨੂੰ ਹੀ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ ਅਤੇ ਕਿਸੇ ਵੀ ਖਿਡਾਰੀ ਨਾਲ ਅਨਿਆਏ ਨਹੀਂ ਹੋਣਾ ਚਾਹੀਦਾ।
ਸੰਸਦ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਇਕ ਹੋਰ ਅਹਿਮ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਭਾਰਤੀ ਵਾਲੀਬਾਲ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ, ਕੋਚ ਅਤੇ ਮਾਹਿਰ ਦੇਣ ਦੇ ਬਾਵਜੂਦ ਪੰਜਾਬ ਨੂੰ ਅੱਜ ਵੀ ਰਾਸ਼ਟਰੀ ਵਾਲੀਬਾਲ ਦੀਆਂ ਚੋਣ ਕਮੇਟੀਆਂ, ਕੋਚਿੰਗ ਢਾਂਚਿਆਂ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵਿੱਚ ਯੋਗ ਨੁਮਾਇੰਦਗੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਭਾਰਤੀ ਵਾਲੀਬਾਲ ਵਿੱਚ ਪੰਜਾਬ ਦਾ ਯੋਗਦਾਨ ਹਮੇਸ਼ਾ ਮਹੱਤਵਪੂਰਨ ਰਿਹਾ ਹੈ, ਪਰ ਫੈਸਲੇ ਲੈਣ ਵਾਲੇ ਮੰਚਾਂ ਤੋਂ ਸੂਬੇ ਦੀ ਲਗਾਤਾਰ ਅਣਦੇਖੀ ਹੋਣਾ ਦੁੱਖਦਾਈ ਅਤੇ ਚਿੰਤਾਜਨਕ ਹੈ।
ਉਨ੍ਹਾਂ ਨੇ ਆਈਓਏ ਪ੍ਰਧਾਨ ਡਾ. ਪੀ.ਟੀ. ਊਸ਼ਾ ਨੂੰ ਅਪੀਲ ਕੀਤੀ ਕਿ ਜਸਕਰਨ ਸਿੰਘ ਦੇ ਚੋਣ ਮਾਮਲੇ ਦੀ ਨਿਰਪੱਖ ਸਮੀਖਿਆ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਰਾਸ਼ਟਰੀ ਟੀਮ ਵਿੱਚ ਚੋਣ ਦਾ ਆਧਾਰ ਸਿਰਫ਼ ਪ੍ਰਤਿਭਾ, ਪ੍ਰਦਰਸ਼ਨ ਅਤੇ ਖੇਡਾਂ ਵਿੱਚ ਉੱਤਮਤਾ ਹੀ ਹੋਵੇ। ਇਸ ਦੇ ਨਾਲ ਹੀ ਪੰਜਾਬ ਨੂੰ ਰਾਸ਼ਟਰੀ ਵਾਲੀਬਾਲ ਦੀਆਂ ਵੱਖ-ਵੱਖ ਕਮੇਟੀਆਂ, ਚੋਣ ਬੋਰਡਾਂ, ਕੋਚਿੰਗ ਢਾਂਚਿਆਂ ਅਤੇ ਪ੍ਰਸ਼ਾਸਨਿਕ ਮੰਚਾਂ 'ਤੇ ਯੋਗ ਅਤੇ ਅਰਥਪੂਰਨ ਨੁਮਾਇੰਦਗੀ ਦਿੱਤੀ ਜਾਵੇ।
ਗੁਰਜੀਤ ਸਿੰਘ ਔਜਲਾ ਨੇ ਭਰੋਸਾ ਜਤਾਇਆ ਕਿ ਇਸ ਮਾਮਲੇ ਵਿੱਚ ਸਮੇਂ ਸਿਰ ਦਖ਼ਲ ਨਾਲ ਖਿਡਾਰੀਆਂ ਅਤੇ ਖੇਡ ਜਗਤ ਨਾਲ ਜੁੜੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ ਅਤੇ ਭਾਰਤੀ ਖੇਡ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ, ਬਰਾਬਰ ਦੇ ਮੌਕੇ ਅਤੇ ਨਿਰਪੱਖਤਾ ਦੇ ਸਿਧਾਂਤਾਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਸੂਬੇ ਦੇ ਖਿਡਾਰੀ ਭਾਰਤ ਲਈ ਮਾਣ ਦਾ ਕਾਰਨ ਬਣਦੇ ਰਹਿਣਗੇ।