- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀ-ਕੁਆਰਟਰ ਫਾਈਨਲ ਮੈਚ ਤੋਂ ਪਹਿਲਾਂ ਹੀ 41 ਸਾਲਾ ਰੋਨਾਲਡੋ ਨੇ ਐਲਾਨ ਕੀਤਾ ਸੀ ਕਿ 2026 ਦਾ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਅਜਿਹੇ ’ਚ ਸਪੇਨ ਖਿਲਾਫ ਇਹ ਮੈਚ ਉਸ ਦੇ ਵਿਸ਼ਵ ਕੱਪ ਕਰੀਅਰ ਦਾ ਆਖਰੀ ਅਧਿਆਏ ਬਣ ਗਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਫਾਈਨਲ ਸੀਟੀ ਵੱਜਦੇ ਹੀ ਆਰਲਿੰਗਟਨ ਦੇ ਡਲਾਸ ਸਟੇਡੀਅਮ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਫੁੱਟਬਾਲ ਜਗਤ ’ਤੇ ਰਾਜ ਕਰਨ ਵਾਲੇ ਇਸ ਖਿਡਾਰੀ ਨੂੰ ਹਜ਼ਾਰਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਵਿਦਾਇਗੀ ਦਿੱਤੀ। ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਹੱਥ ਹਿਲਾ ਕੇ ਪ੍ਰਸ਼ੰਸਕਾਂ ਦਾ ਸੁਆਗਤ ਕੀਤਾ ਪਰ ਉਸ ਦੀਆਂ ਅੱਖਾਂ ਤੇ ਚਿਹਰੇ ’ਤੇ ਨਿਰਾਸ਼ਾ ਸਾਫ ਝਲਕ ਰਹੀ ਸੀ ਕਿ ਇਸ ਵਿਦਾਈ ’ਚ ਮੁਸਕਰਾਹਟ ਨਹੀਂ, ਸਗੋਂ ਅਧੂਰੇ ਸੁਪਨੇ ਦਾ ਦਰਦ ਹੈ। ਵਿਸ਼ਵ ਕੱਪ ਜਿੱਤਣ ਦੀ ਉਨ੍ਹਾਂ ਦੀ ਆਖਰੀ ਉਮੀਦ ਵੀ ਸੋਮਵਾਰ ਰਾਤ ਨੂੰ ਸਪੇਨ ਤੋਂ 1-0 ਨਾਲ ਹਾਰ ਕੇ ਹਮੇਸ਼ਾ ਲਈ ਖਤਮ ਹੋ ਗਈ।
ਪ੍ਰੀ-ਕੁਆਰਟਰ ਫਾਈਨਲ ਮੈਚ ਤੋਂ ਪਹਿਲਾਂ ਹੀ 41 ਸਾਲਾ ਰੋਨਾਲਡੋ ਨੇ ਐਲਾਨ ਕੀਤਾ ਸੀ ਕਿ 2026 ਦਾ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਅਜਿਹੇ ’ਚ ਸਪੇਨ ਖਿਲਾਫ ਇਹ ਮੈਚ ਉਸ ਦੇ ਵਿਸ਼ਵ ਕੱਪ ਕਰੀਅਰ ਦਾ ਆਖਰੀ ਅਧਿਆਏ ਬਣ ਗਿਆ। ਸਪੇਨ ਦੇ ਮਿਕੇਲ ਮੇਰਿਨੋ ਨੇ ਵਾਧੂ ਸਮੇਂ ਦੇ ਆਖਰੀ ਪਲਾਂ ’ਚ ਫੈਸਲਾਕੁੰਨ ਗੋਲ ਕਰ ਕੇ ਪੁਰਤਗਾਲ ਦੀ ਮੁਹਿੰਮ ਦਾ ਅੰਤ ਕੀਤਾ ਤੇ ਫੁੱਟਬਾਲ ਦੇ ਸਭ ਤੋਂ ਵੱਡੇ ਪੜਾਅ ’ਤੇ ਰੋਨਾਲਡੋ ਦਾ ਸਫਰ ਵੀ ਖਤਮ ਕਰ ਦਿੱਤਾ। ਮੌਜੂਦਾ ਟੂਰਨਾਮੈਂਟ ’ਚ 3 ਗੋਲ ਕਰਨ ਵਾਲੇ ਰੋਨਾਲਡੋ ਇਸ ਮੈਚ ’ਚ ਆਪਣੀ ਛਾਪ ਨਹੀਂ ਛੱਡ ਸਕੇ। ਸਪੇਨ ਦਾ ਗੋਲਕੀਪਰ ਉਨਾਈ ਸਿਮੈਨ ਉਨ੍ਹਾਂ ਦੇ ਸਾਹਮਣੇ ਮਜ਼ਬੂਤ ਕੰਧ ਵਾਂਗ ਖੜ੍ਹਾ ਸੀ। ਸਿਮੈਨ ਨੇ ਵਿਸ਼ਵ ਕੱਪ ’ਚ ਬਿਨਾਂ ਗੋਲ ਖਾਧੇ ਖੇਡਣ ਦਾ ਆਪਣਾ ਰਿਕਾਰਡ 609 ਮਿੰਟ ਤੱਕ ਪਹੁੰਚਾ ਦਿੱਤਾ, ਜਦਕਿ ਸਪੇਨ ਵਿਸ਼ਵ ਕੱਪ ਦੇ ਲਗਾਤਾਰ 6 ਮੈਚਾਂ ’ਚ ਕਲੀਨ ਸ਼ੀਟ ਰੱਖਣ ਵਾਲੀ ਪਹਿਲੀ ਟੀਮ ਬਣ ਗਈ।
ਰੋਨਾਲਡੋ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਮੈਚ ਦੇ 37ਵੇਂ ਮਿੰਟ ’ਚ ਮਿਲਿਆ। ਜੋਆਓ ਫੇਲਿਕਸ ਦਾ ਹੈਡਰ ਸਿਮਨ ਦੇ ਮੋਢੇ ਨਾਲ ਟਕਰਾ ਕੇ ਉਸ ਦੇ ਸਾਹਮਣੇ ਆ ਗਿਆ। ਰੋਨਾਲਡੋ ਨੇ ਤੁਰੰਤ ਬੈਕਵਰਡ ਕਿੱਕ ਚਲਾਈ ਪਰ ਸ਼ਾਟ ’ਚ ਸ਼ਕਤੀ ਦੀ ਘਾਟ ਸੀ ਤੇ ਸਪੈਨਿਸ਼ ਗੋਲਕੀਪਰ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਪੁਰਤਗਾਲ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਹਾਲਾਂਕਿ ਵਿਸ਼ਵ ਫੁੱਟਬਾਲ ਦੇ ਇਤਿਹਾਸ ’ਚ ਰੋਨਾਲਡੋ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਉਹ ਲਗਾਤਾਰ 6 ਵਿਸ਼ਵ ਕੱਪਾਂ ’ਚ ਗੋਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਖਿਡਾਰੀ ਬਣ ਗਿਆ। ਉਸ ਦੇ ਨਾਂ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ 146 ਗੋਲ ਤੇ ਰਿਕਾਰਡ 233 ਮੈਚ ਹਨ। ਉਸ ਨੇ ਕਲੱਬ ਤੇ ਦੇਸ਼ ਲਈ ਲਗਭਗ ਹਰ ਵੱਡੇ ਖਿਤਾਬ ਜਿੱਤੇ ਪਰ ਵਿਸ਼ਵ ਕੱਪ ਟਰਾਫੀ ਹਮੇਸ਼ਾ ਉਸ ਦੇ ਹੱਥਾਂ ਤੋਂ ਦੂਰ ਰਹੀ। ਇਹ ਇੱਕ ਕਮੀ ਉਸ ਦੇ ਮਹਾਨ ਕਰੀਅਰ ’ਚ ਸਭ ਤੋਂ ਵੱਡੀ ਕਸਕ ਸਬਣ ਕੇ ਰਹਿ ਗਈ।
ਰੋਨਾਲਡੋ ਦੀ ਅਗਵਾਈ ’ਚ ਪੁਰਤਗਾਲ ਦਾ ਸਰਬੋਤਮ ਵਿਸ਼ਵ ਕੱਪ ਪ੍ਰਦਰਸ਼ਨ 2006 ’ਚ ਸੈਮੀਫਾਈਨਲ ’ਚ ਪਹੁੰਚਣਾ ਸੀ, ਜੋ ਉਨ੍ਹਾਂ ਦਾ ਪਹਿਲਾ ਵਿਸ਼ਵ ਕੱਪ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਯਾਦਗਾਰ ਪਲ ਦਿੱਤੇ। 2018 ਵਿਸ਼ਵ ਕੱਪ ’ਚ ਸਪੇਨ ਵਿਰੁੱਧ ਉਸ ਦੀ ਹੈਟ੍ਰਿਕ ਨੂੰ ਅਜੇ ਵੀ ਵਿਸ਼ਵ ਕੱਪ ਇਤਿਹਾਸ ’ਚ ਸਭ ਤੋਂ ਯਾਦਗਾਰ ਪ੍ਰਦਰਸ਼ਨਾਂ ’ਚ ਗਿਣਿਆ ਜਾਂਦਾ ਹੈ। ਉਸ ਨੇ ਆਪਣੀਆਂ 6 ਵਿਸ਼ਵ ਕੱਪ ਮੁਹਿੰਮਾਂ ’ਚ ਕੁੱਲ 11 ਗੋਲ ਕੀਤੇ ਤੇ ਵਿਸ਼ਵ ਕੱਪ ਇਤਿਹਾਸ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ’ਚ ਨੌਵੇਂ ਸਥਾਨ ’ਤੇ ਹੈ।
ਸਪੇਨ ਖਿਲਾਫ ਮੈਚ ਤੋਂ ਇਕ ਦਿਨ ਪਹਿਲਾਂ ਰੋਨਾਲਡੋ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਹ ਉਨ੍ਹਾਂ ਦਾ ਆਖਰੀ ਮੈਚ ਨਹੀਂ ਹੋਵੇਗਾ ਤੇ ਉਹ ਆਪਣੇ ਆਖਰੀ ਵਿਸ਼ਵ ਕੱਪ ਦੇ ਹਰ ਪਲ ਦਾ ਆਨੰਦ ਲੈਣਾ ਚਾਹੁੰਦਾ ਸੀ ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਸੋਚਿਆ ਸੀ। ਰੋਨਾਲਡੋ ਜਦੋਂ ਤਾੜੀਆਂ ਦੀ ਗੂੰਜ ’ਚ ਮੈਦਾਨ ਤੋਂ ਬਾਹਰ ਆਇਆ ਤਾਂ ਦੁਨੀਆ ਨੇ ਨਾ ਸਿਰਫ ਇਕ ਮਹਾਨ ਖਿਡਾਰੀ ਨੂੰ ਵਿਦਾ ਹੁੰਦਾ ਦੇਖਿਆ ਸਗੋਂ ਉਸ ਸੁਪਨੇ ਨੂੰ ਵੀ ਅਲਵਿਦਾ ਕਹਿ ਦਿੱਤਾ, ਜੋ ਸਾਲਾਂ ਤੋਂ ਕਰੋੜਾਂ ਪ੍ਰਸ਼ੰਸਕਾਂ ਦੀਆਂ ਅੱਖਾਂ ’ਚ ਵਸਿਆ ਸੀ।