- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਨਾਲਡੋ ਵੈਸੇ ਵੀ ਮਿਲਣਸਾਰ ਹੈ ਤੇ ਮੈਸੀ ਥੋੜ੍ਹਾ ਜਿਹਾ ਅੰਤਰਮੁਖੀ ਹੈ। ਮੈਸੀ ਤੇ ਰੋਨਾਲਡੋ ਦੀ ਖ਼ੂਬਸੂਰਤੀ ਇਹ ਹੈ ਕਿ ਦੋਵਾਂ ਨੇ ਹਮੇਸ਼ਾ ਇਕ-ਦੂਜੇ ਬਾਰੇ ਚੰਗਾ ਤੇ ਇੱਜ਼ਤ ਨਾਲ ਹੀ ਬੋਲਿਆ ਹੈ। ਇਕ ਸਮਾਗਮ ਵਿਚ ਮੈਸੀ ਤੇ ਰੋਨਾਲਡੋ ਇਕੱਠੇ ਬੈਠੇ ਸੀ ਤਾਂ ਪੱਤਰਕਾਰ ਨੇ ਰੋਨਾਲਡੋ ਨੂੰ ਉਹੀ ਸਵਾਲ ਪੁੱਛਿਆ, ਜੋ ਅਕਸਰ ਪੁੱਛਿਆ ਜਾਂਦਾ ਸੀ। ਜਵਾਬ ਵਿਚ ਰੋਨਾਲਡੋ ਨੇ ਕਿਹਾ, ‘ਅਸੀਂ ਇਕੱਠੇ ਡਿਨਰ ਕਰਨ ਜਾਵਾਂਗੇ।’

ਤਕੜੇ ਦਾ ਸੱਤੀ ਵੀਹੀਂ ਸੌ। ਦੁਨੀਆ ਦੇ ਕਰੋੜਾਂ ਲੋਕਾਂ ਵੱਲੋਂ ਵੇਖੇ ਜਾ ਰਹੇ ਫੁੱਟਬਾਲ ਵਰਲਡ ਕੱਪ ’ਚ ਇਹੀ ਹੋ ਰਿਹਾ ਹੈ। ਟਰੰਪ ਨੇ ਮਾੜੀ ਜਿਹੀ ਘੁਰਕੀ ਦਿੱਤੀ ਤੇ ਅੰਤਰਾਸਟਰੀ ਫੁੱਟਬਾਲ ਫੈਡਰੇਸ਼ਨ ਤੀਰਕਮਾਨ ਵਾਂਗ ਦੂਹਰੀ ਹੋ ਗਈ। ਮਾਮਲਾ ਸੀ ਅਮਰੀਕਾ ਦੇ ਫੁੱਟਬਾਲ ਖਿਡਾਰੀ ਫੋਲਾਰਿਨ ਬਾਲੋਗੰਨ ਦਾ। ਇਸ ਖਿਡਾਰੀ ਨੂੰ ਬੋਸਾਨੀਆ ਖ਼ਿਲਾਫ਼ ਖੇਡਦਿਆਂ ਸੰਗੀਨ ਫਾਊਲ ਕਰਨ ਦੇ ਦੋਸ਼ ਹੇਠ ਸਜ਼ਾ ਦਿੱਤੀ ਗਈ ਸੀ ਤੇ ਅਗਲਾ ਮੈਚ ਖੇਡਣ ’ਤੇ ਰੋਕ ਲਾ ਦਿੱਤੀ ਗਈ ਸੀ। ਅਮਰੀਕਾ ਦਾ ਅਗਲਾ ਮੈਚ ਬੈਲਜੀਅਮ ਨਾਲ ਹੋਣਾ ਸੀ। ਟਰੰਪ ਨੇ ਸਿੱਧਾ ਫੋਨ ਅੰਤਰ-ਰਾਸ਼ਟਰੀ ਫੁੱਟਬਾਲ ਫੈਡਰੇਸ਼ਨ ਦੇ ਚੇਅਰਮੈਨ ਜਿਆਨੀ ਇਨਫੈਂਟੀ ਨੂੰ ਲਾਇਆ ਤੇ ਕਿਹਾ ਬਾਲੋਗੰਨ ’ਤੇ ਲਾਈ ਪਾਬੰਦੀ ਹਟਾਓ। ਫੈਡਰੇਸ਼ਨ ਦੀ ਅਨੁਸ਼ਾਸਨੀ ਕਮੇਟੀ ਨੇ ਮੀਟਿੰਗ ਕੀਤੀ ਤੇ ਪਾਬੰਦੀ ਹਟਾ ਦਿੱਤੀ। ਇਸ ਫ਼ੈਸਲੇ ਖ਼ਿਲਾਫ਼ ਬੜਾ ਰੌਲਾ ਪਿਆ। ਬੜੀ ਤੋਏ-ਤੋਏ ਹੋਈ। ਬੈਲਜੀਅਮ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਪਾਈ ਪਰ ਮੇਲੇ ’ਚ ਚੱਕੀ ਰਾਹੁਣੇ ਦੀ ਕੌਣ ਸੁਣਦਾ।
ਚੰਗਾ ਖਿਡਾਰੀ ਹੈ ਫੋਲਾਰਿਨ ਬਾਲੋਗੰਨ
ਉਂਜ ਬਾਲੋ ਚੰਗਾ ਖਿਡਾਰੀ ਹੈ ਤੇ ਟਰੰਪ ਦੀ ਬਦੌਲਤ ਉਹ ਅਗਲਾ ਮੈਚ ਖੇਡਿਆ ਪਰ ਉਹ ਅਗਲੇ ਮੈਚ ’ਚ ਬੈਲਜੀਅਮ ਖ਼ਿਲਾਫ ਕੋਈ ਚਮਤਕਾਰ ਨਹੀਂ ਦਿਖਾ ਸਕਿਆ। ਬੈਲਜੀਅਮ, ਜੋ ਫੈਡਰੇਸ਼ਨ ਦੀ ਕਹਿਚਰੀ ’ਚ ਆਪਣੀ ਲੜਾਈ ਹਾਰ ਗਿਆ ਸੀ, ਖੇਡ ਮੈਦਾਨ ਵਿਚ ਇਹ ਲੜਾਈ ਬੜੇ ਧੜੱਲੇ ਨਾਲ ਜਿੱਤਿਆ। ਉਸ ਨੇ ਅਮਰੀਕਾ ਨੂੰ 4-1 ਗੋਲਾਂ ਨਾਲ ਹਰਾ ਕੇ ਇਸ ਦਾ ਬਿਸਤਰਾ ਵਰਲਡ ਕੱਪ ਵਿੱਚੋਂ ਗੋਲ ਕਰ ਦਿੱਤਾ। ਇੱਥੇ ਮੈਨੂੰ ਪਿਛਲੀ ਓਲੰਪਿਕ ਦਾ ਵਿਨੇਸ਼ ਫੋਗਾਟ ਵਾਲਾ ਕਿੱਸਾ ਯਾਦ ਆ ਰਿਹਾ ਹੈ। ਜੇ ਸਾਡੇ ਕੋਲ ਟਰੰਪ ਹੁੰਦਾ ਤਾਂ ਵਿਨੇਸ਼ ਨੇ ਘੱਟੋ-ਘੱਟ ਸਿਲਵਰ ਮੈਡਲ ਲੈ ਕੇ ਜ਼ਰੂਰ ਘਰ ਆਉਣਾ ਸੀ। ਤੁਹਾਨੂੰ ਯਾਦ ਹੋਣਾ ਕਿ ਵਿਨੇਸ਼ ਨੇ ਭਾਵੇਂ ਫਾਈਨਲ ਕੁਸ਼ਤੀ ਮੁਕਬਲਾ ਜਿੱਤ ਲਿਆ ਸੀ ਪਰ ਥੋੜ੍ਹਾ ਜਿਹਾ ਉਸ ਦਾ ਭਾਰ ਵਧਣ ਕਰਕੇ ਉਸ ਖ਼ਿਲਾਫ਼ ਅੰਤਰ-ਰਾਸ਼ਟਰੀ ਕੁਸ਼ਤੀ ਸੰਘ ਨੇ ਕਾਰਵਾਈ ਕਰਦਿਆਂ ਮੁਕਬਾਲੇ ਵਿੱਚੋਂ ਹੀ ਖਾਰਿਜ ਕਰ ਦਿੱਤਾ ਸੀ। ਉਸ ਨੂੰ ਕੋਈ ਮੈਡਲ ਨਹੀਂ ਸੀ ਮਿਲਿਆ, ਹਾਲਾਂਕਿ ਉਸ ਨੇ ਫਾਈਨਲ, ਸੈਮੀਫਾਈਨਲ ਤੇ ਉਸ ਤੋਂ ਪਹਿਲਾਂ ਵੀ ਦੋ ਮੁਕਬਾਲੇ ਜਿੱਤੇ ਸਨ।
ਜਾਂਚ ਤੇ ਕਾਰਵਾਈ ਦੀ ਕੀਤੀ ਮੰਗ
ਫਿਲਹਾਲ ਇਨਫੈਂਟੀ ਨੂੰ ਫੈਡਰੇਸ਼ਨ ਦੇ ਬਾਲੋ ਸਬੰਧੀ ਕੀਤੇ ਫ਼ੈਸਲੇ ਬਾਰੇ ਬੜੀਆਂ ਸਫ਼ਾਈਆਂ ਦੇਣੀਆਂ ਪੈ ਰਹੀਆਂ ਨੇ ਪਰ ਉਸ ਦਾ ਹਾਲੇ ਖਹਿੜਾ ਨਹੀਂ ਛੁੱਟਿਆ। ਯੂਰੋਪੀਅਨ ਪਾਰਲੀਮੈਂਟ ਦੇ 72 ਮੈਂਬਰਾਂ ਨੇ ਇਨਫੈਂਟੀ ਦੇ ਖ਼ਿਲਾਫ਼ ਰਾਜਨੀਤਕ ਪੱਖਪਾਤ ਦੇ ਦੋਸ਼ ਲਾਉਂਦਿਆਂ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਯੂਰਪ ਦੇ 27 ਦੇਸ਼ਾ ਦੀਆਂ ਫੁੱਟਬਾਲ ਐਸੋਸੀਏਸ਼ਨਾਂ ਨੂੰ ਲਿਖਿਆ ਹੈ ਕਿ ਫੁੱਟਬਾਲ ਫੈਡਰੇਸ਼ਨ ਦੀ ਮੀਟਿੰਗ ਕਰ ਕੇ ਇਨਫੈਂਟੀ ਖ਼ਿਲਾਫ ਜਾਂਚ ਕਰਵਾਉਣ ਦੀ ਮੰਗ ਰੱਖੀ ਜਾਵੇ। ਅਸਲ ’ਚ ਗੱਲ ਸਹੇ ਦੀ ਨਹੀਂ ਪਹੇ ਦੀ ਹੈ। ਅੱਗੇ ਤੋਂ ਹਰ ਫੁੱਟਬਾਲ ਖੇਡਣ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਫੋਨ ਕਰ ਦਿਆ ਕਰੂ ਕੇ ਸਾਡੇ ਖਿਡਾਰੀ ’ਤੇ ਵੀ ਪਾਬੰਦੀ ਹਟਾਓ ਜਿਵੇ ਬਾਲੋ ਤੋਂ ਹਟਾਈ ਸੀ। ਜੋ ਪਿਰਤ ਟਰੰਪ ਕਰਕੇ ਪੈ ਗਈ ਹੈ, ਇਸ ਨੂੰ ਨੂੰ ਤੋੜਨਾ ਮੁਸ਼ਕਲ ਹੋ ਜਾਵੇਗਾ।
ਸਵਿਟਜ਼ਰਲੈਂਡ ’ਚ ਜੰਮੇ ਇਨਫੈਂਟੀ ਨੂੰ ਟਰੰਪ ਭਗਤ ਮੰਨਿਆ ਜਾਂਦਾ ਹੈ। ਉਸ ਨੇ ਹੀ ਸਾਲ 2025 ’ਚ ਟਰੰਪ ਨੂੰ ਫੀਫਾ ਪੀਸ ਪ੍ਰਾਈਜ਼ ਦਿਵਾਇਆ ਸੀ। ਦੱਸੋ ਟਰੰਪ ਦਾ ਤੇ ਪੀਸ (ਸ਼ਾਂਤੀ) ਦਾ ਕੋਈ ਆਪਸ ’ਚ ਸਬੰਧ ਹੈ। ਟਰੰਪ ਨੇ ਤਾਂ ਨੋਬਲ ਪੀਸ ਪ੍ਰਾਈਜ਼ ( ਸਾਲ 2025) ਲੈਣ ਲਈ ਬੜੇ ਹੱਥ-ਪੈਰ ਮਾਰੇ ਸੀ। ਇਹ ਨੋਬਲ ਪ੍ਰਾਈਜ਼ ਕਮੇਟੀ ਹੀ ਸਿਆਣੀ ਨਿਕਲੀ ਕਿ ਉਹ ਇਸ ਦੇ ਦਬਾਅ ਹੇਠ ਨਹੀਂ ਆਈ, ਨਹੀਂ ਤਾਂ ਲੈਣੇ ਦੇ ਦੇਣੇ ਪੈ ਜਾਣੇ ਸੀ। ਜੋ ਇਰਾਨ ’ਚ ਟਰੰਪ ਨੇ ਕੀਤਾ, ਉਸ ਦੀ ਸਫ਼ਾਈ ਨੋਬਲ ਪ੍ਰਾਈਜ਼ ਕਮੇਟੀ ਤੋਂ ਲੱਖ ਯਤਨਾਂ ਦੇ ਬਾਵਜੂਦ ਦਿੱਤੀ ਨਹੀਂ ਸੀ ਜਾਣੀ।
ਚੁੱਭਦਾ ਹੈ ਰੈਫਰੀਆਂ ਵੱਲੋ ਦਿਖਾਇਆ ਜਾ ਰਿਹਾ ਪੱਖਪਾਤ
ਇਸ ਵਰਲਡ ਕੱਪ ਨੂੰ ਟਰੰਪ ਤੇ ਇਨਫੈਂਟੀ ਦਾ ਗ੍ਰਹਿਣ ਇਸ ਕਦਰ ਲੱਗਿਆ ਹੈ ਕਿ ਇਸ ਦੀ ਲਿਸ਼ਕ ਧੁੰਦਲੀ ਪੈਣੀ ਸ਼ੁਰੂ ਹੋ ਗਈ ਹੈ। ਕੱਪ ਵਿਚ ਖੇਡ ਦੌਰਾਨ ਰੈਫਰੀਆਂ ਵੱਲੋਂ ਦਿਖਾਇਆ ਜਾ ਰਿਹਾ ਪੱਖਪਾਤ ਚੁੱਭਦਾ ਹੈ। ਜੇ ਪੱਖਪਾਤ ਨਾ ਹੁੰਦਾ ਤਾਂ ਹੁਣ ਤੱਕ ਅਰਜਨਟਾਈਨਾ ਇਸ ਫੀਫਾ ਕੱਪ ’ਚ ਖੇਡ ਨਾ ਰਿਹਾ ਹੁੰਦਾ। ਉਸ ਨੇ ਪ੍ਰੀ-ਕੁਆਰਟਰ ਫਾਈਨਲ ’ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਜਾਣਾ ਸੀ ਤੇ ਉਸ ਦੀ ਥਾਂ ਇਜ਼ਿਪਟ ਤੇ ਕਾਬੋ ਵਰਦੇ ਨੇ ਖੇਡਦੇ ਹੋਣਾ ਸੀ। ਇਜ਼ਿਪਟ ਖ਼ਿਲਾਫ਼ ਜਿਵੇਂ ਰੈਫਰੀ ਨੇ ਵਿਵਹਾਰ ਕੀਤਾ, ਉਸ ਨੇ ਇਸ ਟੂਰਨਾਮੈਂਟ ’ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਨੇ। ਦੋਸ਼ ਲੱਗ ਰਿਹਾ ਕੇ ਮੈਸੀ ਕਰਕੇ ਇਨਫੈਂਟੀ ਵਰਗਿਆਂ ਨੇ ਸਾਰਾ ਟੂਰਨਾਮੈਂਟ ਦਾਅ ’ਤੇ ਲਾ ਦਿੱਤਾ ਹੈ। ਇਜ਼ਿਪਟ ਦੀ ਟੀਮ, ਜਿਸ ਵਿਚ ਫੁੱਟਬਾਲ ਦਾ ਨਾਮੀ ਖਿਡਾਰੀ ਮੋ-ਸਲਾਹ ਵੀ ਸੀ, ਨੇ ਸਾਰੇ ਮੈਚ ਵਿਚ ਅਰਜਨਟੀਨਾ ਨੂੰ ਦੱਬੀ ਰੱਖਿਆ ਸੀ ਤੇ ਖੇਡ ਦੇ 75ਵੇਂ ਮਿੰਟ ਤੱਕ ਇਹ ਟੀਮ ਅਰਜਨਟੀਨਾ ਤੋਂ 2-0 ਦੇ ਫ਼ਰਕ ਨਾਲ ਅੱਗੇ ਸੀ। ਮੈਚ ਦੇ ਪਿਛਲੇ 15 ਮਿੰਟਾਂ ਵਿਚ ਅਰਜਨਟਾਈਨਾ ਦੀ ਟੀਮ ਨੇ ਤਿੰਨ ਗੋਲ ਕਰ ਦਿੱਤੇ ਤੇ ਇਜ਼ਿਪਟ ਨੂੰ ਹਰਾ ਦਿੱਤਾ। ਇਜ਼ਿਪਟ ਨੇ ਤੀਜਾ ਗੋਲ ਕੀਤਾ ਸੀ ਪਰ ਉਹ ਗੋਲ, ਜੋ ਇਸ ਟੂਰਨਾਮੈਂਟ ਵਿਚ ਹੋਏ ਸਭ ਤੋਂ ਬਿਹਤਰੀਨ ਗੋਲਾਂ ਵਿਚੋਂ ਇਕ ਸੀ, ਦੋ ਮਿੰਟ ਪਹਿਲਾਂ ਗੋਲ ਤੋਂ ਕਿਤੇ ਦੂਰ ਹੋਏ ਫਾਊਲ ਕਰਕੇ ਰੱਦ ਕਰ ਦਿੱਤਾ ਗਿਆ।
ਹਾਰ ਤੋਂ ਬਾਅਦ ਇਜਿਪਟ ਨੂੰ ਯਾਦ ਕਰ ਰਹੀ ਦੁਨੀਆ
ਮੈਦਾਨੀ ਰੈਫਰੀਆਂ ਤੇ ਵਾਰ (ਵੀਡੀਓ ਅਸਸਿਟੈਂਟ ਰੈਫਰੀਆਂ) ਦੇ ਪੱਖਪਾਤੀ ਵਰਤਾਰੇ ਕਰਕੇ ਲੋਕਾਂ ਦੇ ਮਨਾਂ ਅੰਦਰ ਟੂਰਨਾਮੈਂਟ ਵਾਰੇ ਵੱਡੇ ਸ਼ੰਕੇ ਖੜ੍ਹੇ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਮਾਰਕੀਟ ਟੂਰਨਾਮੈਂਟ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਰਹੀ ਹੈ। ਫੀਫਾ ਨੂੰ ਲੱਗਦਾ ਜੇ ਮੈਸੀ ਤੇ ਉਸ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਤਾਂ ਫਿਰ ਟਿਕਟਾਂ ਨਹੀਂ ਵਿਕਣੀਆਂ ਤੇ ਪੈਸਾ ਇਕੱਠਾ ਨਹੀਂ ਹੋਣਾ। ਪਹਿਲਾਂ ਹੀ ਜਰਮਨੀ, ਬ੍ਰਾਜ਼ੀਲ ਤੇ ਪੁਰਤਗਾਲ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਨ ਪਰ ਇਜਿਪਟ ਨਾਲ ਜੋ ਮੈਚ ਦੌਰਾਨ ਹੋਇਆ, ਉਸ ਦੀ ਚਰਚਾ ਤਾਂ ਗਲੀ-ਗਲੀ ਹੈ। ਸੋਸ਼ਲ ਮੀਡਿਆ, ਟਵਿੱਟਰ (ਐਕਸ) ’ਤੇ ਦੁਨੀਆਂ ਦੇ ਵੱਡੇ ਖਿਡਾਰੀ ਤੇ ਫੁੱਟਬਾਲ ਦੇ ਆਸ਼ਕ ਇਜਿਪਟ ਨਾਲ ਹੋਏ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਨੇ ਤੇ ਇਸ ਟੂਰਨਾਮੈਂਟ ਦੀ ਫੂਕ ਕੱਢ ਰਹੇ ਹਵ। ਇਜ਼ਿਪਟ ਨਾਲ ਕੀਤੀ ਗਈ ਬੇਈਮਾਨੀ ਤੋਂ ਬਾਅਦ ਮੈਨੂੰ ਮੂਸੇ ਵਾਲਾ ਸਿੱਧੂ ਫਿਰ ਯਾਦ ਆ ਰਿਹਾ ਹੈ। ਪਿਛਲੀਆਂ ਵਿਧਾਨ ਸਭ ਚੋਣਾਂ ’ਚ ਹੋਈ ਹਾਰ ਤੋਂ ਬਾਅਦ ਉਸ ਨੇ ਸਕੇਪਗੋਟ ਗੀਤ ਲਿਖਿਆ ਸੀ। ਉਸ ਦੇ ਕੁਝ ਬੋਲ ਇਸ ਤਰ੍ਹਾਂ ਸਨ, ‘ਸੂਲੀ ਆਲੇ ਸੂਲੀ ਬਿਨਾਂ ਸਾਰਦੇ ਨ੍ਹੀ ਹੁੰਦੇ, ਜਿਹਦੀ ਰਗਾਂ ਵਿਚ ਫ਼ਤਿਹ, ਕਦੇ ਹਾਰ ਦੇ ਨ੍ਹੀ ਹੁੰਦੇ।’ ਚੋਣਾਂ ਵਿਚ ਹੋਈ ਹਾਰ ਦੇ ਬਾਵਜੂਦ ਮੂਸੇਵਾਲੇ ਨੂੰ ਅੱਜ ਦੁਨੀਆ ਯਾਦ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਇਜਿਪਟ ਨੂੰ ਉਸ ਦੀ ਹੋਈ ਹਾਰ ਤੋਂ ਬਾਅਦ ਦੁਨੀਆ ਯਾਦ ਕਰ ਰਹੀ ਹੈ।
ਸਪੇਨ ਤੋਂ 1-0 ਨਾਲ ਹਾਰਿਆ ਪੁਰਤਗਾਲ
ਮੈਸੀ ਅਜੇ ਟੂਰਨਾਮੈਂਟ ’ਚ ਹੈ। ਮੈਬਾਪੇ ਵੀ ਹੈ ਤੇ ਯਮਾਲ ਵੀ ਪਰ ਕ੍ਰਿਸਟੀਆਨੋ ਰੋਨਾਲਡੋ ਨਹੀਂ ਹੈ। ਉਹ ਲਿਸਬਨ ਆਪਣੇ ਘਰ ਵਾਪਸ ਚਲਾ ਗਿਆ ਹੈ। ਸਪੇਨ ਖ਼ਿਲਾਫ਼ ਖੇਡਦਿਆਂ ਉਸ ਦੀ ਪੁਰਤਗਾਲ ਦੀ ਟੀਮ ਸਪੇਨ ਤੋਂ 1-0 ਗੋਲ ਦੇ ਫ਼ਰਕ ਨਾਲ ਹਾਰ ਗਈ ਸੀ। ਮੈਚ ਸਮਾਪਤ ਹੋਣ ਤੋਂ ਬਾਅਦ ਰੋਨਾਲਡੋ ਖੇਡ ਮੈਦਾਨ ਦੇ ਇਕ ਪਾਸੇ ਜਾ ਕੇ ਇਕੱਲਾ ਖੜ੍ਹਾ ਸੀ। ਉਸ ਦੀਆਂ ਅੱਖਾਂ ’ਚ ਹੰਝੂ ਤੈਰ ਰਹੇ ਸੀ। ਉਸ ਨੇ ਖ਼ੁਦ ’ਤੇ ਕਾਬੂ ਪਾਉਣ ਦਾ ਬੜਾ ਯਤਨ ਕੀਤਾ ਪਰ ਉਸ ਅੰਦਰਲੀ ਪੀੜ ਅੱਖਾਂ ਰਾਹੀਂ ਵਹਿ ਤੁਰੀ। ਉਸ ਸਮੇਂ ਡੂੰਘੀ ਉਦਾਸੀ ਵਿੱਚੋਂ ਗੁਜ਼ਰ ਰਿਹਾ ਸੀ ਤੇ ਇਸ ਦੀ ਝਲਕ ਉਸ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਹੀ ਸੀ। ਲੱਗ ਰਿਹਾ ਸੀ ਕੇ ਉਹ ਆਪਣੇ ਆਪ ਨਾਲ ਘੁਲ ਰਿਹਾ ਹੈ। ਉਹ ਵੱਡੇ ਟੂਰਨਾਮੈਂਟ ਦਾ ਵੱਡਾ ਖਿਡਾਰੀ ਰਿਹਾ ਹੈ। ਅੱਜ ਦੇ ਪੁਰਤਗਾਲ ਨੂੰ ਉਸ ਨੇ ਦੁਨੀਆ ਭਰ ’ਚ ਮਸ਼ਹੂਰ ਕੀਤਾ ਹੈ। ਇਸ ਲਈ ਕਈ ਟਾਈਟਲ ਜਿੱਤੇ।
ਵੱਡਾ ਧਾੜਵੀ ਦੇਸ਼ ਰਿਹਾ ਹੈ ਪੁਰਤਗਾਲ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੇ ਛੋਟਾ ਜਿਹਾ ਪੁਰਤਗਾਲ ਇਕ ਵੱਡਾ ਧਾੜਵੀ ਦੇਸ਼ ਰਿਹਾ ਹੈ ਤੇ ਦੁਨੀਆ ਦੇ ਕੋਈ 50 ਮੁਲਖਾਂ ’ਤੇ ਕਬਜ਼ਾ ਕਰ ਕੇ ਉਸ ਨੇ ਇਕ ਵੱਡੀ ਸਲਤਨਤ ਖੜ੍ਹੀ ਕਰ ਲਈ ਸੀ। ਪੰਦਰਵੀਂ ਸਦੀ ਦੇ ਆਖ਼ਰੀ ਵਰ੍ਹਿਆਂ ਵਿਚ ਭਾਰਤ ਆਉਣ ਵਾਲਾ ਵਾਸਕੋ ਡੀ ਗਾਮਾ ਇਸ ਦੇਸ਼ ਦਾ ਸੀ। ਪੁਰਤਗਾਲੀਆਂ ਦਾ ਭਾਰਤ ਦੇ ਸਮੁੰਦਰੀ ਤੱਟ ਨਾਲ ਲੱਗਦੇ ਕਾਫ਼ੀ ਵੱਡੇ ਇਲਾਕੇ ’ਤੇ 16ਵੀਂ ਸਦੀ ਦੇ ਸ਼ੁਰੂ ’ਚ ਕਬਜ਼ਾ ਹੋ ਗਿਆ ਸੀ ਤੇ ਗੋਆ ਤਾਂ ਕੁਝ ਦਹਾਕੇ ਪਹਿਲਾਂ ਹੀ ਪੁਰਤਗੇਜ਼ੀਆਂ ਤੋਂ ਆਜ਼ਾਦ ਕਰਵਾਇਆ ਗਿਆ ਸੀ। ਗੋਆ ਦੀ ਆਜ਼ਾਦੀ ਦੀ ਲੜਾਈ ਵਿਚ ਮਸ਼ਹੂਰ ਪੰਜਾਬੀ ਗ਼ਜ਼ਲਗੋ ਪ੍ਰਿੰਸੀਪਲ ਤਖ਼ਤ ਸਿੰਘ ਦਾ ਭਾਈ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਿਆ ਸੀ ਤੇ ਉਸ ਬਾਰੇ ਗੀਤ ਵੀ ਲਿਖੇ ਗਏ ਨੇ, ‘ਗੋਆ ’ਚ ਸ਼ਹੀਦ ਹੋ ਗਿਆ, ਮਾਏ ਕਰਨੈਲ ਪੁੱਤ ਨੀ ਲਾਡਲਾ ਤੇਰਾ।’ ਪੁਰਤਗਾਲੀਆਂ ਦੇ 16ਵੀਂ ਸਦੀ ’ਚ ਤੂਤੀ ਬੋਲਦੀ ਸੀ। ਪੰਦਰਵੀਂ ਸਦੀ ਵਿਚ ਉਸ ਨੇ ਅਫ਼ਰੀਕਾ ਦੇ ਸਮੁੰਦਰੀ ਤੱਟ ਨਾਲ ਲੱਗਦੇ ਦੇਸ਼ਾਂ ’ਤੇ ਕਬਜ਼ਾ ਕਰ ਕੇ ਉਥੋਂ ਦੇ ਮੂਲ ਵਾਸੀਆਂ ਨੂੰ ਗ਼ੁਲਾਮ ਬਣਾਇਆ ਤੇ ਉਨ੍ਹਾਂ ਨੂੰ ਯੂਰਪ ਤੇ ਹੋਰ ਦੇਸ਼ਾਂ ’ਚ ਵੇਚਿਆ। ਇਕ ਅੰਦਾਜ਼ੇ ਮੁਤਾਬਿਕ ਪੁਰਤਗਾਲੀਆਂ ਨੇ 400 ਸਾਲਾਂ ਵਿਚ ਕੋਈ 60 ਲੱਖ ਅਫ਼ਰੀਕੀਆਂ ਨੂੰ ਮੰਡੀ ’ਚ ਵੇਚਿਆ। ਪੁਰਤਗਾਲੀਆਂ ਨੇ ਹਵਾਈ ਬੇੜੇ ਬਣਾਉਣ ਦੇ ਮੁਹਾਰਤ ਕਈ ਸੌ ਸਾਲ ਪਹਿਲਾਂ ਹਾਸਿਲ ਕਰ ਲਈ ਸੀ।
ਰੋਨਾਲਡੋ 2006 ’ਚ ਪਹਿਲੀ ਵਾਰ ਖੇਡਿਆ ਸੀ ਵਰਲਡ ਕੱਪ
ਗੱਲ ਰੋਨਾਲਡੋ ਦੀ ਕਰ ਰਹੇ ਸੀ ਪਰ ਇਹ ਇਤਿਹਾਸ ਵੱਲ ਮੋੜਾ ਕੱਟ ਗਈ। ਜਿਸ ਤਰ੍ਹਾਂ ਮੈਚ ਤੋਂ ਬਾਅਦ ਹੁੰਦਾ ਹੈ, ਉਸ ਦੀ ਆਪਣੀ ਤੇ ਵਿਰੋਧੀ ਟੀਮ ਦੇ ਖਿਡਾਰੀ ਉਸ ਕੋਲ ਆ ਰਹੇ ਸੀ ਪਰ ਉਸ ਦਾ ਹੱਥ ਮਿਲਾਉਣ ਨੂੰ ਜੀਅ ਨਹੀਂ ਕਰ ਰਿਹਾ ਸੀ। ਯਮਾਲ ਉਸ ਨੂੰ ਗਲੇ ਲੱਗ ਕੇ ਮਿਲਿਆ। ਉਸ ਪ੍ਰਤੀ ਰੋਨਾਲਡੋ ਨੇ ਵੀ ਨਿੱਘ ਦਿਖਾਇਆ। ਰੋਨਾਲਡੋ ਨੂੰ ਪਤਾ ਸੀ ਕੇ ਇਸ ਉਸ ਦਾ ਆਖ਼ਰੀ ਵਰਲਡ ਕੱਪ ਸੀ। ਉਹ 41 ਵਰ੍ਹਿਆਂ ਦਾ ਹੋ ਗਿਆ ਹੈ। ਪਹਿਲੀ ਵਾਰ 2006 ਵਿਚ ਵਰਲਡ ਕੱਪ ’ਚ ਖੇਡਿਆ ਸੀ। ਉਸ ਨੇ ਹਰ ਵਰਲਡ ਕੱਪ ਵਿਚ ਗੋਲ ਕੀਤੇ ਹਨ ਪਰ ਉਸ ਨੂੰ ਵਰਲਡ ਕੱਪ ਜਿੱਤਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਇਸ ਟੂਰਨਾਮੈਂਟ ’ਚ ਮੈਸੀ ਅੱਠ ਗੋਲ ਕਰ ਕੇ ਸੋਨੇ ਦੇ ਬੂਟ ਦੀ ਰੇਸ ’ਚ ਸੱਭ ਤੋਂ ਅੱਗੇ ਹੈ। ਪਿਛਲੇ ਵਰਲਡ ਕੱਪ ਵਿਚ ਮੈਸੀ ਨੇ 7 ਗੋਲ਼ ਕੀਤੇ ਸੀ ਪਰ ਉਹ 2010 ਵਾਲੇ ਵਰਲਡ ਕੱਪ ਵਿਚ ਕੋਈ ਵੀ ਗੋਲ ਨਹੀਂ ਕਰ ਸਕਿਆ ਸੀ।
ਮੈਸੀ ਤੇ ਰੋਨਾਲਡੋ ਦਾ ਮੁਕਾਬਲਾ ਕਰਦੇ ਹਨ ਲੋਕ
ਅਕਸਰ ਲੋਕ ਮੈਸੀ ਤੇ ਰੋਨਾਲਡੋ ਦਾ ਮੁਕਾਬਲਾ ਕਰਦੇ ਹਨ। ਪੱਤਰਕਾਰ ਹਮੇਸ਼ਾ ਹੀ ਇਹ ਸਵਾਲ ਰੋਨਾਲਡੋ ਤੇ ਮੈਸੀ ਦੇ ਸਮਕਾਲੀ ਖਿਡਾਰੀਆਂ ਨੂੰ ਪੁੱਛਦੇ ਹਨ ਕਿ ਦੋਵਾਂ ਵਿੱਚੋਂ ਕਿਹੜਾ ਵਧੀਆ ਖਿਡਾਰੀ ਹੈ। ਮੈਬਾਪੇ ਤੇ ਯਮਾਲ ਦੋਵਾਂ ਨੂੰ ਵਧੀਆ ਕਹਿੰਦੇ ਨੇ ਪਰ ਰੋਨਾਲਡੋ ਨੂੰ ਮੈਸੀ ਤੋਂ ਥੋੜ੍ਹਾ ਜਿਹਾ ਉੱਪਰ ਰੱਖਦੇ ਹਨ। ਸੁਪਰ ਡੁਪਰ ਖਿਡਾਰੀ ਹੋਣ ਦੇ ਬਾਵਜੂਦ ਮੈਸੀ ਦੇਖਣ ਨੂੰ ਸੁਸਤ ਲੱਗਦਾ ਹੈ ਤੇ ਦੂਸਰੇ ਪਾਸੇ ਰੋਨਾਲਡੋ ਲਾਟ ਵਾਂਗੂੰ ਬਲਦਾ ਦਿਖਦਾ ਹੈ। ਰੋਨਾਲਡੋ ਇਕ ਦਰਸ਼ਨੀ ਅਥਲੀਟ ਵਰਗਾ ਹੈ ਪਰ ਮੈਸੀ ਨੂੰ ਦੇਖ ਕੇ ਇਹ ਫੀਲਿੰਗ ਨਹੀਂ ਆਉਂਦੀ। ਰੋਨਾਲਡੋ ਨੇ ਕਈ ਅਜਿਹੇ ਐਂਗਲਾਂ ਤੋਂ, ਫ੍ਰੀ ਕਿੱਕ ਨਾਲ, ਹੈੱਡ ਨਾਲ ਤੇ ਸਾਈਕਲ ਕਿੱਕ ਨਾਲ ਗੋਲ ਕੀਤੇ ਨੇ, ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਨੂੰ ਜੀਅ ਕਰਦਾ ਹੈ। ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਵੇ, ਜਿੱਥੇ ਇਕ ਮੈਚ ਵਿਚ ਰੋਨਾਲਡੋ ਉਪਰ ਨੂੰ ਜੰਪ ਕਰਦਾ ਹੈ ਤੇ ਹਵਾ ਵਿਚ ਇਸ ਤਰ੍ਹਾਂ ਲਹਿਰਦਾ ਹੈ, ਜਿਵੇਂ ਅਸਮਾਨ ਵਿੱਚੋਂ ਕੋਈ ਤਾਰਾ ਤੋੜਨ ਦਾ ਯਤਨ ਕਰ ਰਿਹਾ ਹੋਵੇ। ਉਹ ਬਾਲ ਦੇ ਹੈੱਡ ਮਾਰਦਾ ਤੇ ਇਹ ਗੋਲੀ ਵਾਂਗ ਗੋਲ ਵਿਚ ਜਾਂਦੀ ਹੈ।
ਇਕ-ਦੂਜੇ ਦਾ ਕਰਦੇ ਹਨ ਸਤਿਕਾਰ
ਰੋਨਾਲਡੋ ਵੈਸੇ ਵੀ ਮਿਲਣਸਾਰ ਹੈ ਤੇ ਮੈਸੀ ਥੋੜ੍ਹਾ ਜਿਹਾ ਅੰਤਰਮੁਖੀ ਹੈ। ਮੈਸੀ ਤੇ ਰੋਨਾਲਡੋ ਦੀ ਖ਼ੂਬਸੂਰਤੀ ਇਹ ਹੈ ਕਿ ਦੋਵਾਂ ਨੇ ਹਮੇਸ਼ਾ ਇਕ-ਦੂਜੇ ਬਾਰੇ ਚੰਗਾ ਤੇ ਇੱਜ਼ਤ ਨਾਲ ਹੀ ਬੋਲਿਆ ਹੈ। ਇਕ ਸਮਾਗਮ ਵਿਚ ਮੈਸੀ ਤੇ ਰੋਨਾਲਡੋ ਇਕੱਠੇ ਬੈਠੇ ਸੀ ਤਾਂ ਪੱਤਰਕਾਰ ਨੇ ਰੋਨਾਲਡੋ ਨੂੰ ਉਹੀ ਸਵਾਲ ਪੁੱਛਿਆ, ਜੋ ਅਕਸਰ ਪੁੱਛਿਆ ਜਾਂਦਾ ਸੀ। ਜਵਾਬ ਵਿਚ ਰੋਨਾਲਡੋ ਨੇ ਕਿਹਾ, ‘ਅਸੀਂ ਇਕੱਠੇ ਡਿਨਰ ਕਰਨ ਜਾਵਾਂਗੇ।’ ਮੈਸੀ ਕਹਿੰਦਾ ਕਿ ਮੈਂ ਤੇ ਰੋਨਾਲਡੋ ਦੋਸਤ ਨਹੀਂ ਹਾਂ ਪਰ ਅਸੀਂ ਇਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਅਗਲੇ ਵਰਲਡ ਕੱਪ ਵਿਚ ਰੋਨਾਲਡੋ ਨੂੰ ਖੇਡਦਾ ਨਹੀਂ ਵੇਖਾਂਗੇ ਪਰ ਲੱਗਦਾ ਹੈ ਕਿ ਕਲੱਬ ਫੁੱਟਬਾਲ ਵਿਚ ਉਹ ਖੇਡਣਾ ਜਾਰੀ ਰੱਖੇਗਾ। ਉਹ ਇਸ ਸਮੇ ਫੁੱਟਬਾਲ ਦੀ ਅਮਰ ਕਥਾ ਹੈ ਤੇ ਇਸ ਖੇਡ ਤੋਂ ਮੁਕੰਮਲ ਤੌਰ ’ਤੇ ਸੰਨਿਆਸ ਲੈਣ ਤੋਂ ਬਾਅਦ ਵੀ ਉਹ ਅਮਰ ਕਥਾ ਰਹੇਗਾ। ਜਦੋਂ ਕਿਤੇ ਪੇਲੇ, ਮੈਰਡੋਨਾ ਦਾ ਜ਼ਿਕਰ ਹੋਵੇਗਾ, ਉੱਥੇ ਰੋਨਾਲਡੋ ਦਾ ਜ਼ਿਕਰ ਵੀ ਜਰੂਰ ਹੋਵੇਗਾ ਤੇ ਮੈਸੀ ਦਾ ਵੀ।
- ਸਰਬਜੀਤ ਧਾਲੀਵਾਲ