- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਕਾਸ਼ ਮੇਰੀ ਮਾਂ ਅੱਜ ਇੱਥੇ ਹੁੰਦੀ। ਮੈਨੂੰ ਖੇਡਦੇ ਨੂੰ ਵੇਖ ਰਹੀ ਹੁੰਦੀ।’ ਮੈਚ ਤੋਂ ਬਾਅਦ ਭਮਕੜਾ ਵਾਂਗ ਉਸ ਦੇ ਦੁਵਾਲੇ ਇਕੱਠੇ ਹੋ ਰਹੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵੋਜੀਨਹਾ ਨੇ ਇਹ ਸ਼ਬਦ ਕਹੇ ਸੀ। ਕੌਣ ਵੋਜੀਨਹਾ ? ਕੀ ਸ਼ੈਅ ਹੈ ਉਹ? ਆਉ ਉਸ ਬਾਰੇ ਜਾਣੀਏ। ਇਹ ਸਾਡਾ ਵਿਸ਼ਵਾਸ ਹੈ ਕਿ ਜਦੋਂ ਉੱਪਰ ਵਾਲਾ ਬਖ਼ਸ਼ਸ਼ਾਂ ਕਰਦਾ ਹੈ ਫਿਰ ਝੋਲੀਆਂ ਭਰ ਦਿੰਦਾ ਹੈ।

‘ਕਾਸ਼ ਮੇਰੀ ਮਾਂ ਅੱਜ ਇੱਥੇ ਹੁੰਦੀ। ਮੈਨੂੰ ਖੇਡਦੇ ਨੂੰ ਵੇਖ ਰਹੀ ਹੁੰਦੀ।’ ਮੈਚ ਤੋਂ ਬਾਅਦ ਭਮਕੜਾ ਵਾਂਗ ਉਸ ਦੇ ਦੁਵਾਲੇ ਇਕੱਠੇ ਹੋ ਰਹੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵੋਜੀਨਹਾ ਨੇ ਇਹ ਸ਼ਬਦ ਕਹੇ ਸੀ। ਕੌਣ ਵੋਜੀਨਹਾ ? ਕੀ ਸ਼ੈਅ ਹੈ ਉਹ? ਆਉ ਉਸ ਬਾਰੇ ਜਾਣੀਏ। ਇਹ ਸਾਡਾ ਵਿਸ਼ਵਾਸ ਹੈ ਕਿ ਜਦੋਂ ਉੱਪਰ ਵਾਲਾ ਬਖ਼ਸ਼ਸ਼ਾਂ ਕਰਦਾ ਹੈ ਫਿਰ ਝੋਲੀਆਂ ਭਰ ਦਿੰਦਾ ਹੈ। ਚੱਲ ਰਹੇ ਫੀਫਾ ਵਰਲਡ ਕੱਪ ਵਿਚ ਇਹ ਕਰਤਾਰੀ ਬੋਲ ਸੱਚ ਸਾਬਿਤ ਹੋ ਚੁਕੇ ਨੇ। ਪਿਛਲੇ ਹਫ਼ਤੇ ਜਦੋਂ ਫੀਫਾ ਕੱਪ ਸ਼ੁਰੂ ਹੋਇਆ ਤਾਂ ਕਿਸੇ ਨੇ ਵੋਜੀਨਹਾ ਦਾ ਨਾਂ ਤੱਕ ਨਹੀਂ ਸੀ ਸੁਣਿਆ। ਅੱਜ ਉਸ ਦੀ ਹੀ ਚਰਚਾ ਹੋ ਰਹੀ ਹੈ। ਉਹ ਫੀਫਾ ਕੱਪ ਅਤੇ ਲੋਕ ਮਨਾਂ ਉਤੇ ਸੌਣ ਮਹੀਨੇ ਦੀ ਕਾਲੀ ਘਟਾ ਵਾਂਗ ਛਾਇਆ ਪਿਆ ਹੈ। ਫੀਫਾ ਕੱਪ ਵਿਚ ਪਹਿਲੀ ਵਾਰ ਭਾਗ ਲੈ ਰਹੇ ਚਿੜੀ ਦੇ ਪੰਜੇ ਤੋਂ ਵੀ ਛੋਟੇ ਦੇਸ਼ ਕਾਬੋ ਵਰਦੇ ਦੀ ਫੁੱਟਬਾਲ ਟੀਮ ਦਾ ਗੋਲ਼ ਕੀਪਰ ਹੈ ਵੋਜੀਨਹਾ। ਉਮਰ 40 ਸਾਲ। ਸਰੀਰ ਵਿਚ ਫੁਰਤੀ ਚੀਤੇ ਵਰਗੀ। ਬਿਲਕੁਲ ਸ਼ਾਂਤ ਚਿੱਤ ਤੇ ਰੁੱਖਾਂ ਵਰਗੀ ਜੀਰਾਂਦ ਵਾਲਾ ਹੈ ਉਹ। ਉਸ ਦਾ ਪੂਰਾ ਨਾਂ ਹੈ ਜੋਸ਼ੀਮਾਰ ਹੋਜੇ ਐਵੋਰਾ। ਕਾਬੋ ਵਰਦੇ ਦੇਸ਼ ਦੀ ਕੁਲ ਅਬਾਦੀ ਇਸ ਵੇਲੇ 6 ਲੱਖ 15 ਹਾਜ਼ਰ ਹੈ। ਕਹਿ ਲਵੋ ਕੇ ਮੋਹਾਲੀ ਜਿੰਨੀ ਅਬਾਦੀ ਹੈ। ਫੀਫਾ ਕੱਪ ਵਿਚ ਖੇਡਣ ਆਏ ਸਭ ਤੋਂ ਛੋਟੇ ਦੇਸ਼ਾ ਵਿੱਚੋਂ ਇਕ ਹੈ ਉਹ ਦੇਸ਼।
ਪਹਿਲੇ ਮੈਚ ਹੀ ਵੋਜੀਨਹਾ ਦੀ ਟੀਮ ਦਾ ਪੇਚਾ ਯੂਰਪ ਦੀ ਤਤਕਾਲੀਨ ਚੈਮਪੀਅਨ ਟੀਮ ਸਪੇਨ ਨਾਲ ਪੈ ਗਿਆ। ਸਪੇਨ ਇਸ ਫੀਫਾ ਕੱਪ ਵਿਚ ਬੜੀ ਸੱਜ ਧੱਜ ਨਾਲ ਉਤਰਿਆ ਹੈ। ਇਸ ਵਾਰ ਫੀਫਾ ਕੱਪ ਜਿੱਤਣ ਵਾਲੇ ਸੰਭਾਵੀ ਦੇਸ਼ਾ ਦੀ ਕਤਾਰ ਵਿੱਚੋਂ ਸੱਭ ਤੋਂ ਅਗੇ ਖੜ੍ਹਾ ਹੈ ਸਪੇਨ। ਅੱਲੜ ਉਮਰ ਦਾ ਯਮਾਲ, ਜਿਸ ਨੂੰ ਹੁਣ ਤੋਂ ਹੀ ਲੋਕਾਂ ਨੇ ਮੈਸੀ ਦਾ ਵਾਰਿਸ ਕਹਿਣਾ ਸ਼ੁਰੂ ਕਰ ਦਿੱਤਾ ਹੈ, ਵੀ ਸਪੇਨ ਦੀ ਟੀਮ ਵਿਚ ਹੀ ਹੈ ਪਰ ਪਹਿਲੇ ਮੈਚ ਵਿਚ ਜੇਕਰ ਕੋਈ ਸਪੇਨ ਦੇ ਅੱਗੇ ਚੀਨ ਦੀ ਕੰਧ ਬਣਕੇ ਖੜ੍ਹਾ ਰਿਹਾ ਉਸ ਸੀ ਵੋਜੀਨਹਾ। ਸਪੇਨ ਨੇ ਕਾਬੋ ਦੇ ਗੋਲ਼ ਤੇ ਸੱਤ ਅਜਿਹੇ ਹਮਲੇ ਕੀਤੇ ਜਿਨ੍ਹਾਂ ਵਿੱਚੋਂ ਚਾਰ ਤਾਂ ਪੱਕੇ ਗੋਲ਼ ਹੀ ਸਮਝੋ ਪਰ ਗੋਲ਼ ਹੋਏ ਨਹੀਂ। ਕਿਉਂਕਿ ਗੋਲ਼ ਵਿਚ ਵੋਜੀਨਹਾ ਖੜ੍ਹਾ ਸੀ।
ਦੋ ਵਾਰ ਤਾਂ ਉਸ ਨੇ ਜੰਪ ਕਰਕੇ ਬਾਲ ਨੂੰ ਟੌਪ ਬਾਰ ਉਤੋਂ ਦੀ ਟਪਾ ਦਿੱਤਾ। ਇਕ ਗੋਲ਼ ਬਚਾਉਂਦਾ ਉਹ ਡਿੱਗ ਪਿਆ ਸੀ ਪਰ ਜਿਸ ਫੁਰਤੀ ਨਾਲ ਉਹ ਉਠਿਆ ਤੇ ਰਿਬੋਊਂਡ ਤੋਂ ਹੁੰਦਾ-ਹੁੰਦਾ ਗੋਲ਼ ਬਚਾਇਆ, ਉਹ ਦਰਸ਼ਨੀ ਤੇ ਕਰਤਾਰੀ ਵਰਤਾਰਾ ਸੀ। ਉਹ ਲੋਕ ਮਨਾਂ ਤੇ ਮੇਰੈਡੋਨਾ ਦੇ 1986 ਦੇ ਫੀਫਾ ਕੱਪ ਵਿਚ ‘ਗੋਲ਼ ਆਫ ਸੈਂਚਰੀ’ ਦੇ ਦ੍ਰਿਸ਼ ਦੀ ਤਰ੍ਹਾਂ ਬਹੁਤ ਵਰ੍ਹੇ ਛਾਇਆ ਰਹੇਗਾ।
ਮੈਚ ਖ਼ਤਮ ਹੋਣ ਤੋਂ ਬਾਅਦ ਵੋਜੀਨਹਾ ਚੁੱਪ ਕਰ ਕੇ ਇਕ ਫਲੈਗ ਪੋਸਟ ਕੋਲ ਜਾ ਕੇ ਖੜ੍ਹ ਗਿਆ। ਉਸ ਵੇਲੇ ਉਹ ਆਪਣੀ ਮਾਂ ਨੂੰ ਯਾਦ ਕਰ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਉਸ ਗ੍ਰਾਉਂਡ ’ਚੋਂ ਖੜ੍ਹਾ ਉਹ ਕਈ ਸੌ ਮੀਲ ਦੂਰ ਆਪਣੀ ਮਾਂ ਨਾਲ ਗੱਲਾਂ ਕਰਦਾ ਹੋਇਆ ਸਿੱਧੂ ਮੂਸੇਵਾਲੇ ਦੇ ਅਮਰ ਗੀਤ ਦੇ ਬੋਲ ‘ਕਦੇ ਸੂਰਜ ਵਾਂਗੂ ਤੱਪਦਾ, ਕਦੇ ਸ਼ਾਂਤ ਸਵੇਰੇ ਵਰਗਾ ਹਾਂ, ਮਾਂ ਮੈਨੂੰ ਲੱਗਦਾ ਐ, ਮੈਂ ਜਵਾਂ ਤੇਰੇ ਵਰਗਾ ਹਾਂ’, ਸਾਂਝੇ ਕਰ ਰਿਹਾ ਹੋਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਜਦੋਂ ਉਹ ਆਪਣੀ ਮਾਂ ਦਾ ਜ਼ਿਕਰ ਕਰ ਰਿਹਾ ਸੀ ਉਸ ਸਮੇ ਉਸ ਦੀਆਂ ਅੱਖਾਂ ਵਿਚ ਹੰਝੂ ਤੈਰ ਰਹੇ ਸੀ। ਫੀਫਾ ਕੱਪ ਦਿਖਾਉਣ ਲਈ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਆਉਣਾ ਚਾਹੁੰਦਾ ਸੀ ਪਰ ਘੇਰਲੂ ਤੰਗੀਆਂ ਤੁਰਸ਼ੀਆਂ ਕਰਕੇ ਉਹ ਵੀਜ਼ੇ ਲੈਣ ਲਈ ਬਾਂਡ ਭਰਨ ਲਈ ਸਮੇਂ ਸਿਰ ਪੈਸੇ ਦਾ ਇੰਤਜ਼ਾਮ ਨਾ ਕਰ ਸਕਿਆ ਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਆਉਣ ਦੀ ਖ਼ਾਹਿਸ਼ ਵਿੱਚੇ ਹੀ ਰਹਿ ਗਈ।
ਹੁਣ ਧਰੂ ਤਾਰਾ ਬਣਿਆ ਗੋਲਕੀਪਰ ਜਿਸ ਸਮੇਂ ਕਾਬੋ ਤੋਂ ਚੱਲਿਆ ਸੀ, ਉਸ ਸਮੇ ਉਸ ਨੂੰ ਇੰਸਟਾਗ੍ਰਾਮ ’ਤੇ 50 ਹਾਜ਼ਰ ਲੋਕ ਫਾਲੋ ਕਰ ਰਹੇ ਸੀ ਤੂੰ ਹੁਣ ਉਸ ਨੂੰ 13 ਮਿਲੀਅਨ ਲੋਕ ਦੁਨੀਆ ਭਰ ’ਚੋਂ ਫਾਲੋ ਕਰ ਰਹੇ ਨੇ। ਮੈਚ ਤੋਂ ਬਾਅਦ ਅਗਲੀ ਇਕ ਰਾਤ ਵਿਚ ਹੀ ਉਸ ਨਾਲ ਇੰਸਟਰਗ੍ਰਾਮ ਤੇ 9 ਮਿਲੀਅਨ ਲੋਕ ਜੁੜ ਗਏ ਸੀ।
ਇਸ ਸਮੇਂ ਫੁੱਟਬਾਲ ਵਰਲਡ ਕੱਪ ਦਾ ਪਹਿਲਾ ਗੇੜ ਚੱਲ ਰਿਹਾ ਹੈ। ਮੈਸੀ, ਕ੍ਰਿਸਟੀਨ ਰੋਨਾਲਡੋ, ਯਮਾਲ ਆਪਣੇ ਮੈਚ ਖੇਡ ਚੁੱਕੇ ਨੇ। ਮੈਸੀ ਨੇ ਪਹਿਲੇ ਹੀ ਮੈਚ ਵਿਚ ਅਲਜੀਰੀਆ ਖ਼ਿਲਾਫ਼ ਹੈਟ ਟ੍ਰਿਕ ਮਾਰ ਕੇ ਇਸ ਟੂਰਨਾਮੈਂਟ ਵਿਚ ਆਪਣੀ ਬੱਲੇ-ਬੱਲੇ ਕਰ ਲਈ ਹੈ। ਅਮਰੀਕਾ ਵਿਚ ਉਸ ਦੀ ਛੱਡ ਮੱਚੀ ਹੈ। ਹਰ ਪਾਸੇ ਉਸ ਦਾ ਡੰਕਾ ਵੱਜ ਰਿਹਾ ਹੈ। ਉਹ ਇਸ ਟੂਰਨਮੈਂਟ ਦੌਰਾਨ ਹੀ ਉਹ ਆਪਣੀ ਉਮਰ ਦੇ 39 ਸਾਲ ਪੂਰੇ ਕਰ ਕੇ 40 ਵੇਂ ਸਾਲ ਵਿਚ ਦਾਖ਼ਲ ਹੋ ਜਾਵੇਗਾ। ਰੋਨਾਲਡੋ ਤੋਂ ਉਹ ਕੋਈ ਢਾਈ ਸਾਲ ਛੋਟਾ ਹੈ।
ਦੋਨਾਂ ਦਾ ਹੀ ਇਹ ਆਖ਼ਰੀ ਵਰਲਡ ਕੱਪ ਲੱਗ ਰਿਹਾ ਹੈ। ਮੈਸੀ ਦਾ ਇਹ ਛੇਵਾਂ ਵਰਲਡ ਕੱਪ ਹੈ ਤੇ ਇਹ ਵੀ ਆਪਣੇ ਆਪ ਵਿਚ ਰਿਕਾਰਡ ਬਣ ਗਿਆ ਹੈ। ਉਸ ਨੇ ਇਸੇ ਹੀ ਵਰਲਡ ਕਪ ਵਿਚ ਜਰਮਨ ਖਿਡਾਰੀ ਕਲੋਸੇ, ਜਿਸ ਦਾ ਹੁਣ ਤੱਕ ਦਾ ਵਰਲਡ ਕੱਪ ਵਿਚ ਸੋਲਾਂ ਗੋਲ਼ ਕਾਰਨ ਦਾ ਰਿਕਾਰਡ ਸੀ, ਦੀ ਬਰਾਬਰੀ ਵੀ ਕਰ ਲਈ ਹੈ। ਇਸ ਗੱਲ ਨੂੰ ਹੋਰ ਸਪਸ਼ਟ ਕਰ ਦੇਈਏ। ਕਲੋਸੇ ਚਾਰ ਵਰਲਡ (2002 ਤੋਂ 2014 ਤੱਕ) ਚਾਰ ਵਰਲਡ ਕੱਪ ਟੂਰਨਾਮੈਂਟ ਖੇਡਿਆ ਸੀ ਤੇ ਉਸ ਨੇ ਕੁੱਲ ਮਿਲਾ ਕੇ 16 ਗੋਲ਼ ਕੀਤੇ ਸਨ।
ਫਰਾਂਸ ਵਾਲਾ ਸ਼ਰਮੀਲਾ ਖਿਡਾਰੀ ਬਾਪੈ ਵੀ ਮੈਸੀ ਤੋਂ ਕੋਈ ਵਾਹਲਾ ਪਿੱਛੇ ਨਹੀਂ, ਉਹ ਇਸ ਵਰਲਡ ਕੱਪ ਵਿਚ ਦੋ ਗੋਲ਼ ਕਰ ਚੁੱਕਿਆ ਹੈ ਤੇ ਉਸ ਦੇ ਪਿਛਲੇ ਵਰਲਡ ਕੱਪਾਂ ਨੂੰ ਮਿਲਾ ਕੇ ਹੁਣ ਤੱਕ ਕੁਲ 14 ਗੋਲ਼ ਹੋ ਚੁੱਕੇ ਨੇ।
ਅਲਜੀਰੀਆ ਦੀ ਟੀਮ ਮਾੜਾ ਨਹੀਂ ਖੇਡੀ। ਇਹ ਗੱਲ ਵੱਖਰੀ ਹੈ ਕੇ ਉਹ ਗੋਲ਼ ਨਹੀਂ ਕਰ ਸਕੀ ਪਰ ਉਸ ਦੀ ਨੌਜਵਾਨ ਟੀਮ ਵਿਚ ਕਈ ਖਿਡਾਰੀਆਂ ਨੇ ਮੈਸੀ ਦੀ ਅਰਜਨਟਾਈਨਾ ਦੀ ਟੀਮ ਨੂੰ ਚੰਗੇ ਜੌਹਰ ਵਿਖਾਏ। ਦਰਸ਼ਕ ਕਹਿ ਰਹੇ ਨੇ ਜੇ ਅਲਜੀਰੀਆ ਦੇ ਗੋਲ਼ ਵਿਚ ਵੋਜੀਨਹਾ ਹੁੰਦਾ ਤੇ ਫਿਰ ਮੈਸੀ ਗੋਲ਼ ਕਰਦਾ ਤਾਂ ਸਵਾਦ ਆਉਂਦਾ। ਇਹ ਗੱਲ ਤੋਂ ਕੋਈ ਮੁਕਰ ਨਹੀਂ ਸਕਦਾ ਕੇ ਇਸ ਕੱਪ ਵਿਚ ਹੁਣ ਤੱਕ ਕਈ ਗੋਲਕੀਪਰਾਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ ਹੈ।
ਜਿੱਥੇ ਮੈਸੀ ਦੀ ਬੱਲੇ-ਬੱਲੇ ਹੋ ਰਹੀ ਹੈ ਉੱਥੇ ਕ੍ਰਿਸਟੀਨ ਨੂੰ ਜ਼ਰਾ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਦੇਸ਼ ਪੁਰਤਗਾਲ ਦੀ ਨੁਮਾਇਦਗੀ ਕਰਦਾ ਹੋਇਆ ਰੋਨਾਲਡੋ ਪਿਛਲੀ ਰਾਤ ਖੇਡੇ ਮੈਚ ਵਿਚ ਆਪਣੇ ਜੌਹਰ ਨਹੀਂ ਦਿਖਾ ਸਕਿਆ ਤੇ ਕੋਈ ਗੋਲ਼ ਨਹੀਂ ਕਰ ਸਕਿਆ। ਛੋਟੇ ਜਿਹੇ ਮੁਲਖ ਕਾਂਗੋ ਖ਼ਿਲਾਫ਼ ਖੇਡਦੀ ਹੋਈ ਉਸ ਦੀ ਟੀਮ ਨੂੰ ਮਹਿਜ਼ 1-1 ਗੋਲ਼ਾਂ ਨਾਲ ਮੈਚ ਬਰਾਬਰੀ ’ਤੇ ਖ਼ਤਮ ਕਰ ਕੇ ਸੰਤੋਸ਼ ਕਰਨਾ ਪਿਆ। ਸੱਭ ਤੋਂ ਵੱਧ ਪੰਜ ਵਾਰ ਵਰਲਡ ਕੱਪ ਜਿੱਤ ਚੁੱਕੀ ਬ੍ਰਾਜ਼ੀਲ ਦੀ ਟੀਮ ਤਾਂ ਓਪਨਿੰਗ ਮੈਚ ਵਿਚ ਨਿਖਿੱਧ ਸਾਬਿਤ ਹੋਈ। ਲੱਗ ਹੀ ਨਹੀਂ ਸੀ ਰਿਹਾ ਕੇ ਪੇਲੇ, ਰੋਨਾਲਡੀਨੋ, ਕਾਕਾ, ਰੋਬਾਰਤੋ ਕਾਰਲੋਸ, ਜੀਕੋ, ਰੋਮਾਰਿਓ, ਰਿਵਾਲਡੋ, ਰੋਨਾਲਡੋ ਵਰਗੇ ਆਪਣੇ ਖਿਡਾਰੀਆਂ ਅਤੇ ਪੰਜ ਵਾਰ ਵਰਲਡ ਕੱਪ ਜਿੱਤਣ ਵਾਲਾ ਦੇਸ਼ ਇਸ ਕੱਪ ਦੇ ਪਹਿਲੇ ਗੇੜ ਦੇ ਮੋਰੋਕੋ ਦੇ ਖ਼ਿਲਾਫ਼ ਖੇਡੇ ਮੈਚ ਵਿਚ ਹੀ ਇੰਨੀ ਸਾਧਾਰਨ ਖੇਡ ਖੇਡੇਗਾ ਕਿ ਦਰਸ਼ਕ ਉਬਾਸੀਆਂ ਲੈਣ ਲੱਗ ਪੈਣਗੇ।
ਪਹਿਲੇ ਮੈਚ ਨੇਮਾਰ ਨਹੀਂ ਖੇਡਿਆ ਉਸ ਦੇ ਅਗਲੇ ਮੈਚ ਵਿਚ ਖੇਡਣ ਦੇ ਸੰਭਾਵਨਾ ਹੈ। ਮੋਰੋਕੋ ਦੀ ਟੀਮ ਨੇ 21 ਮਿੰਟ ਵਿਚ ਬ੍ਰਾਜ਼ੀਲ ਦੇ ਡਿਫੈਂਸ ਨੂੰ ਤਕੜਾ ਝਟਕਾ ਦਿੰਦੇ ਹੋਏ ਆਪਣੇ ਨੌਜਵਾਨ ਖਿਡਾਰੀ ਇਸਮਾਈਲ ਸੈਬਰੀ ਰਾਹੀਂ ਗੋਲ਼ ਦਾਗ ਕੇ ਲੀਡ ਹਾਸਿਲ ਕਰ ਲਈ ਸੀ। ਬ੍ਰਾਜ਼ੀਲ ਨੂੰ ਗੋਲ਼ ਬਰਾਬਰ ਕਰਨ ਲਈ ਬੜੀ ਮੁਸ਼ੱਕਤ ਕਰਨੀ ਪਈ। ਬ੍ਰਾਜ਼ੀਲ ਦੇ ਵਿਨਿਸਿਉਸ ਜੂਨੀਅਰ ਨੇ ਆਪਣੇ ਬਲਬੂਤੇ ’ਤੇ ਮੋਰੋਕੋ ਦੀ ਟੀਮ ਦੀ ਡਿਫੈਂਸ ਲਾਈਨ ਨੂੰ ਤੋੜਦੇ ਹੋਏ ਗੋਲ਼ ਕੀਤਾ ਤੇ ਮੈਚ 1-1 ਦੇ ਬਰਾਬਰੀ ’ਤੇ ਖ਼ਤਮ ਕਰ ਕੇ ਆਪਣੇ ਦੇਸ਼ ਦੀ ਇੱਜ਼ਤ ਬਚਾ ਲਈ।
ਹੁਣ ਇਰਾਨ ’ਤੇ ਆਉਂਦੇ ਹਾਂ। ਜੰਗ ਵਿਚ ਕਈ ਮਹੀਨੇ ਉਲਝੇ ਰਹੇ ਇਰਾਨ ਦੀ ਟੀਮ ਨੇ ਵਰਲਡ ਕੱਪ ਵਿਚ ਸ਼ੁਰੂਆਤ ਚੰਗੀ ਕੀਤੀ ਹੈ। ਜੰਗ ਕਾਰਨ ਇਰਾਨ ਦੀ ਟੀਮ ਚਾਰ ਮਹੀਨੇ ਪ੍ਰੈਕਟਿਸ ਨਹੀਂ ਕਰ ਸਕੀ। ਇਰਾਨ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਬਰਾਬਰੀ ’ਤੇ ਖ਼ਤਮ ਕੀਤਾ। ਮੈਚ 2-2 ਨਾਲ ਡਰਾ ਰਿਹਾ।
ਹਾਲਾਂਕਿ ਮੈਚ ਦੇ ਸ਼ੁਰੂ ਵਿਚ ਇਰਾਨ ਦੀ ਟੀਮ ਪਛੜ ਗਈ ਸੀ ਪਰ ਜਲਦੀ ਹੀ ਇਸ ਨੇ ਬਰਾਬਰੀ ਕਰ ਲਈ ਸੀ। ਲੜਾਈ ਅਲੱਗ ਗੱਲ ਹੈ ਪਰ ਜਿੱਥੋਂ ਤਕ ਅਮਰੀਕਾ ਦੇ ਲੋਕਾਂ ਦਾ ਸਵਾਲ ਹੈ ਉਹਨਾਂ ਨੇ ਮੈਚ ਦੌਰਾਨ ਇਰਾਨ ਦੇ ਖਿਡਾਰੀਆਂ ਨੂੰ ਚੰਗਾ ਸਤਿਕਾਰ ਦਿੱਤਾ ਤੇ ਉਹਨਾਂ ਵੱਲੋਂ ਕੀਤੇ ਗੋਲ਼ਾਂ ਸਮੇਂ ਖ਼ੂਬ ਤਾੜੀਆਂ ਵਜਾਈਆਂ ਪਰ ਦੂਸਰੇ ਪਾਸੇ ਜੇਕਰ ਅਮਰੀਕੀ ਪ੍ਰਸ਼ਾਸ਼ਨ ਦੇ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਕੇ ਟੀਮ ਪ੍ਰਤੀ ਇਸ ਦਾ ਵਤੀਰਾ ਰੁੱਖਾਂ ਹੀ ਹੈ। ਨਿਊਜੀਲੈੰਡ ਨਾਲ ਮੈਚ ਸਮਾਪਤ ਹੀ ਹੋਇਆ ਸੀ ਕੇ ਅਮਰੀਕਾ ਦੇ ਸੰਬਧਿਤ ਅਧਿਕਾਰੀ ਇਰਾਨ ਟੀਮ ਦੇ ਗ੍ਰੀਨ ਰੂਮ ਵਿਚ ਪਹੁੰਚ ਗਏ।
ਉਹਨਾਂ ਨੇ ਟੀਮ ਨੂੰ ਹੁਕਮ ਦਿੱਤਾ ਕੇ ਉਸ ਨੂੰ ਤੁਰੰਤ ਵਾਪਸ ਚਲੀ ਜਾਵੇ। ਅੱਠ ਵਜੇ ਮੈਚ ਖ਼ਤਮ ਹੋਇਆ। ਦਸ ਵਜੇ ਟੀਮ ਏਅਰਪੋਰਟ ਵੱਲ ਚੱਲ ਪਈ ਤੇ 11 ਵਜੇ ਜਹਾਜ਼ ਚੜ੍ਹ ਗਈ। ਪਹਿਲੇ ਪ੍ਰੋਗ੍ਰਾਮ ਮੁਤਾਬਿਕ ਟੀਮ ਨੇ ਲੌਸ ਏਂਲਜ਼ ਵਿਚ ਰਾਤ ਭਰ ਠਹਿਰਨਾ ਸੀ। ਟੀਮ ਨੂੰ ਮੈਚ ਤੋਂ ਬਾਅਦ ਰਿਕਵਰੀ ਕਰਨ ਲਈ ਅਰਾਮ ਦੀ ਜ਼ਰੂਰਤ ਹੁੰਦੀ ਹੈ। ਇਰਾਨ ਟੀਮ ਦੇ ਸਟਰਾਈਕਰ ਨੇ ਕਿਹਾ ਕੇ ਸਾਡੇ ਲਈ ਇਹ ਵਰਲਡ ਕੱਪ ਕਹਿਰ ਹੈ।
ਸਾਡੇ ਤੇ ਇਕ ਤਰ੍ਹਾਂ ਨਾਲ ਤਸ਼ੱਦਦ ਹੋ ਰਿਹਾ ਹੈ। ਫੀਫਾ ਦਾ ਪ੍ਰੈਜ਼ੀਡੈਂਟ ਇੰਫੈਂਟੀਨੋ ਇਰਾਨ ਦੀ ਟੀਮ ਨੂੰ ਗ੍ਰੀਨ ਰੂਮ ਵਿਚ ਜਾ ਕੇ ਮਿਲਿਆ ਸੀ ਤੇ ਉਸ ਨੇ ਕਿਹਾ ਸੀ ਕੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰ ਸ਼ਬਦਾਂ ਨਾਲ ਤੱਸਲੀ ਨਹੀਂ ਹੁੰਦੀ ਤੇ ਸਥਿਤੀ ਨਹੀਂ ਬਦਲਦੀ। ਇਰਾਨ ਦੀ ਟੀਮ ਤੇ ਅਧਿਕਾਰੀ ਨਿਰਾਸ਼ ਨੇ। ਮੈਕਸੀਕੋ ਨੇ 300 ਦੇ ਕਰੀਬ ਫੌ਼ਜੀ ਤੇ ਪੁਲਿਸ ਅਧਿਕਾਰੀ ਇਰਾਨ ਦੀ ਟੀਮ ਦੀ ਸਕਿਉਰਿਟੀ ਵਾਸਤੇ ਲਾਏ ਨੇ।
ਉਸ ਦੀ ਇੱਛਾ ਪੂਰੀ ਕਰਨ ਲਈ ਪੈਸੇ ਦੇਣ ਨੂੰ ਤਿਆਰ
ਜਦੋਂ ਲੋਕਾਂ ਨੂੰ ਪਤਾ ਲੱਗਿਆ ਕੇ ਉਹ ਪੈਸੇ ਦੀ ਘਾਟ ਕਰਕੇ ਮਾਂ ਨੂੰ ਨਾਲ ਨਹੀਂ ਲੈ ਕੇ ਆ ਸਕਿਆ ਤਾਂ ਲੱਖਾਂ ਲੋਕ ਉਸ ਦੀ ਇਹ ਇੱਛਾ ਨੂੰ ਪੂਰੀ ਕਰਨ ਲਈ ਪੈਸੇ ਦੇਣ ਨੂੰ ਤਿਆਰ ਹੋ ਗਏ। ਹੁਣ ਮਾਂ ਅਮਰੀਕਾ ਆ ਰਹੀ ਹੈ। ਇਸ ਲਈ ਅਮਰੀਕਾ ਦਾ ਧੰਨਵਾਦ ਕਰਨਾ ਬਣਦਾ ਹੈ। ਆਉਣ ਵਾਲੇ ਐਤਵਾਰ ਨੂੰ ਉਰੁਗੋਏ ਨਾਲ ਹੋਣੇ ਵਾਲੇ ਕਾਬੋ ਦੇ ਮੈਚ ਤੋਂ ਪਹਿਲਾਂ ਵੋਜੀਨਹਾ ਦੀ ਮਾਂ ਮਿਆਮੀ ਪਹੁੰਚ ਜਾਵੇਗੀ ਜਿੱਥੇ ਮੈਚ ਹੋਣਾ ਹੈ। ਅਮਰੀਕਾ ਨੇ ਉਸ ਨੂੰ ਵੀਜ਼ਾ ਦੇ ਦਿੱਤਾ ਤੇ ਸਭ ਫ਼ੀਸਾਂ ਮੁਆਫ਼ ਕਰ ਦਿੱਤੀਆਂ ਨੇ। ਇਸ ਵਿਚ ਵੱਡਾ ਰੋਲ ਅਮਰੀਕਾ ਦੀ ਡੈਮੋਕਰੇਟ ਪਾਰਟੀ ਦੇ ਲੀਡਰ ਹਕੀਮ ਜੈਫਰੀ ਨੇ ਨਿਭਾਇਆ ਹੈ। ਉਸ ਨੇ ਸੇਕ੍ਰੇਟਰੀ ਆਫ ਸਟੇਟ ਮਾਰਕੋ ਰੁਬਿਓ ਨੂੰ ਕਹਿਕੇ ਵੀਜ਼ਾ ਫ਼ੀਸ ਤੇ ਬਾਂਡ ਤੋਂ ਮਾਫ਼ੀ ਦਿਵਾ ਕੇ ਵੀਜ਼ੇ ਲਈ ਰਾਹ ਪੱਧਰਾ ਕੀਤਾ।
ਵਰਲਡ ਕੱਪ ’ਚ ਕਾਬੋ ਵਰਗੇ ਛੋਟੇ ਦੇਸ਼
ਵਰਲਡ ਕੱਪ ਵਿਚ ਕਾਬੋ ਵਰਗੇ ਛੋਟੇ ਦੇਸ਼ ਫੁੱਟਬਾਲ ਦੀਆਂ ਮਹਾਸ਼ਕਤੀਆਂ ਨਾਲ ਜਿਸ ਵਲਵਲੇ ਨਾਲ ਮੁਕਬਲਾ ਕਰ ਰਹੇ ਨੇ ਉਹ ਕਾਬਲੇ-ਏ-ਤਾਰੀਫ਼ ਹੈ। ਨਿੱਕੇ-ਨਿੱਕੇ ਦੇਸ਼ਾ ਦੀਆਂ ਟੀਮਾਂ ਜਦੋਂ ਧੁਨੰਤਰ ਟੀਮਾਂ ਦੇ ਖ਼ਿਲਾਫ਼ ਗੋਲ਼ ਕਰ ਦਿੰਦਿਆਂ ਨੇ ਤਾਂ ਫਿਰ ਉਹਨਾਂ ਦੇਸ਼ਾ ਤੋਂ ਆਏ ਦਰਸ਼ਕਾਂ ਦੀ ਖ਼ੁਸ਼ੀ ਵੇਖਣ ਵਾਲੀ ਹੁੰਦੀ ਹੈ। ਉਹ ਨੱਚ-ਨੱਚ ਧਰਤੀ ਹਲਾ ਦਿੰਦੇ ਨੇ। ਜਦੋਂ ਚਾਰ ਵਾਰ ਵਰਲਡ ਕਪ ਜਿੱਤਣ ਵਾਲੀ ਜਰਮਨੀ ਖ਼ਿਲਾਫ਼ ਮਹਿਜ਼ ਡੇਢ ਲੱਖ ਦੀ ਅਬਾਦੀ ਵਾਲੇ ਕੁਰਾਕਾਓ ਦੇਸ਼ ਦੀ ਪਹਿਲੀ ਵਾਰ ਵਰਲਡ ਕੱਪ ਵਿਚ ਭਾਗ ਲੈਣ ਵਾਲੀ ਟੀਮ ਨੇ ਗੋਲ਼ ਕੀਤਾ ਤਾਂ ਉਸ ਸਟੇਡੀਅਮ ਵਿਚ ਹਾਜ਼ਰ ਕੁਰਾਕਾਓ ਦੇ ਦਰਸ਼ਕਾਂ ਦੀ ਖ਼ੁਸ਼ੀ ਵੇਖਣ ਵਾਲੀ ਸੀ। ਹਾਲਾਂਕਿ ਜਰਮਨੀ ਨੇ ਇਸ ਟੀਮ ਨੂੰ ਅਖ਼ੀਰ ਵਿਚ 7-1 ਗੋਲ਼ਾਂ ਦੇ ਫ਼ਰਕ ਨਾਲ ਹਰਾਇਆ ਪਰ ਜਰਮਨੀ ਖ਼ਿਲਾਫ਼ ਗੋਲ਼ ਕਰ ਕੇ ਜੋ ਸੰਤੁਸ਼ਟੀ ਕੁਰਾਕਾਓ ਦੀ ਟੀਮ ਨੂੰ ਹੋਈ ਉਹ ਉਸ ਟੀਮ ਵਰਲਡ ਕਪ ਜਿੱਤਣ ਦੇ ਬਰਾਬਰ ਹੀ ਸੀ।
• ਸਰਬਜੀਤ ਧਾਲੀਵਾਲ