- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਨੇ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਦਿਖਾਇਆ ਅਤੇ ਛੇਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ 'ਤੇ ਗੋਲ ਕਰ ਦਿੱਤਾ। ਇਹ ਗੋਲ ਨਵਨੀਤ ਨੇ ਕੀਤਾ। 13ਵੇਂ ਮਿੰਟ 'ਚ ਭਾਰਤ ਨੇ ਫਿਰ ਅਟੈਕ ਕੀਤਾ ਤੇ ਕਪਤਾਨ ਸਲੀਮਾ ਨੇ ਭੱਜਦੇ ਹੋਏ ਖਾਲੀ ਖੜ੍ਹੀ ਨਵਨੀਤ ਨੂੰ ਪਾਸ ਦਿੱਤਾ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਿਲੀ ਨੂੰ 6-0 ਨਾਲ ਮਾਤ ਦੇ ਕੇ ਐੱਫਆਈਐੱਚ ਨੇਸ਼ਨਜ਼ ਕੱਪ (FIH Nations Cup) ਦੇ ਫਾਈਨਲ 'ਚ ਥਾਂ ਬਣਾ ਲਈ ਹੈ। ਟੀਮ ਇੰਡੀਆ ਦੀ ਕਪਤਾਨ ਸਲੀਮਾ ਟੇਟੇ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਭਾਰਤ ਲਈ ਨਵਨੀਤ ਕੌਰ ਤੇ ਦੀਪਿਕਾ ਨੇ ਦੋ-ਦੋ ਗੋਲ ਕੀਤੇ। ਉੱਥੇ ਹੀ, ਨੇਹਾ ਤੇ ਰਿਤੂਜਾ ਦਾਦੋਸਾ ਪਿਸਾਲ ਨੇ ਇਕ-ਇਕ ਗੋਲ ਕਰਦੇ ਹੋਏ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਕਪਤਾਨ ਨੂੰ ਉਨ੍ਹਾਂ ਦੇ ਆਲਰਾਊਂਡ ਖੇਡ ਦੇ ਕਾਰਨ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਹੁਣ ਫਾਈਨਲ 'ਚ ਭਾਰਤ ਦਾ ਸਾਹਮਣਾ ਅਮਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਸੈਮੀਫਾਈਨਲ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।
ਭਾਰਤ ਨੇ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਦਿਖਾਇਆ ਅਤੇ ਛੇਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ 'ਤੇ ਗੋਲ ਕਰ ਦਿੱਤਾ। ਇਹ ਗੋਲ ਨਵਨੀਤ ਨੇ ਕੀਤਾ। 13ਵੇਂ ਮਿੰਟ 'ਚ ਭਾਰਤ ਨੇ ਫਿਰ ਅਟੈਕ ਕੀਤਾ ਤੇ ਕਪਤਾਨ ਸਲੀਮਾ ਨੇ ਭੱਜਦੇ ਹੋਏ ਖਾਲੀ ਖੜ੍ਹੀ ਨਵਨੀਤ ਨੂੰ ਪਾਸ ਦਿੱਤਾ। ਨਵਨੀਤ ਨੇ ਆਪਣਾ ਦੂਜਾ ਗੋਲ ਕਰਨ ਦਾ ਮੌਕਾ ਨਹੀਂ ਛੱਡਿਆ ਅਤੇ ਆਸਾਨੀ ਨਾਲ ਗੇਂਦ ਨੂੰ ਨੈੱਟ ਵਿਚ ਡਿਫਲੈਕਟ ਕਰ ਦਿੱਤਾ।
ਡਰੈਗਫਲਿੱਕਰ ਦੀਪਿਕਾ ਨੇ 14ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਕੇ ਸਕੋਰ 3-0 ਕਰ ਦਿੱਤਾ ਅਤੇ ਪਹਿਲੇ ਕੁਆਰਟਰ ਦਾ ਅੰਤ ਇਸੇ ਸਕੋਰ ਦੇ ਨਾਲ ਹੋਇਆ। ਦੂਜੇ ਕੁਆਰਟਰ 'ਚ ਦੀਪਿਕਾ ਨੇ ਇਕ ਹੋਰ ਗੋਲ ਕਰ ਦਿੱਤਾ। 18ਵੇਂ ਮਿੰਟ ਵਿਚ ਦੀਪਿਕਾ ਨੇ ਸੈੱਟ ਪੀਸ 'ਤੇ ਗੋਲ ਕਰ ਕੇ ਭਾਰਤ ਦਾ ਸਕੋਰ 4-0 ਕਰ ਦਿੱਤਾ। ਦੂਜੇ ਕੁਆਰਟਰ ਦਾ ਅੰਤ ਇਸੇ ਸਕੋਰ ਨਾਲ ਹੋਇਆ ਜਿਸ ਨਾਲ ਚਿਲੀ 'ਤੇ ਹੁਣ ਅਗਲੇ ਦੋ ਕੁਆਰਟਰਾਂ ਵਿੱਚ ਵਾਪਸੀ ਦਾ ਦਬਾਅ ਵਧ ਗਿਆ ਸੀ।
ਦੂਜੇ ਹਾਫ਼ 'ਚ ਭਾਰਤ ਨੇ ਕੋਈ ਕਸਰ ਨਹੀਂ ਛੱਡੀ ਅਤੇ ਆਪਣਾ ਦਬਦਬਾ ਕਾਇਮ ਰੱਖਿਆ। ਤੀਜੇ ਕੁਆਰਟਰ 'ਚ ਅਜੇ ਦੋ ਮਿੰਟ ਦਾ ਹੀ ਸਮਾਂ ਹੋਇਆ ਸੀ ਕਿ ਭਾਰਤ ਦੇ ਹਿੱਸੇ ਪੰਜਵਾਂ ਗੋਲ ਆ ਗਿਆ। ਇਸ ਵਾਰ ਗੋਲਸ਼ੀਟ 'ਤੇ ਨਾਮ ਨੇਹਾ ਦਾ ਸੀ। ਇਹ ਗੋਲ ਉਨ੍ਹਾਂ ਪੈਨਲਟੀ ਕਾਰਨਰ 'ਤੇ ਕੀਤਾ। ਰਿਤੂਜਾ ਨੇ 39ਵੇਂ ਮਿੰਟ ਵਿੱਚ ਓਪਨ ਪਲੇਅ 'ਚ ਸ਼ਾਨਦਾਰ ਰਿਵਰਸ ਹਿੱਟ ਲਗਾ ਕੇ ਗੇਂਦ ਨੂੰ ਨੈੱਟ ਵਿੱਚ ਪਾਇਆ, ਆਪਣਾ ਖਾਤਾ ਖੋਲ੍ਹਿਆ ਅਤੇ ਭਾਰਤ ਲਈ ਛੇਵਾਂ ਗੋਲ ਕਰ ਦਿੱਤਾ। ਚਿਲੀ ਦੀ ਟੀਮ ਨੇ ਆਖਰੀ ਕੁਆਰਟਰ 'ਚ ਕੁਝ ਚੰਗੇ ਯਤਨ ਕੀਤੇ, ਪਰ ਭਾਰਤੀ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਉਸਦੇ ਕਾਲਮ 'ਚ ਗੋਲ ਨਹੀਂ ਆਉਣ ਦਿੱਤੇ।