- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਦਾ ਮੰਨਣਾ ਸੀ ਭੂਰੇ ਘੁੰਗਰਾਲੇ ਵਾਲਾਂ (ਬਲੌਂਡ) ਤੇ ਸਮੁੰਦਰ ਦੇ ਨੀਲੇ ਪਾਣੀ ਦੇ ਰੰਗ ਵਰਗੀਆਂ ਅੱਖਾਂ ਵਾਲੇ ਲੋਕ ਹੀ ਇਨਸਾਨੀ ਨਸਲ ਹੈ ਤੇ ਬਾਕੀ ਸਭ ਕੂੜਾ ਕਰਕਟ। ਹਿਟਲਰ ਦਾ ਇਹ ਭਰਮ ਉਸ ਦੇ ਆਪਣੇ ਦੇਸ਼ ਵਿਚ ਹੀ, ਉਸ ਦੇ ਸਾਹਮਣੇ ਕਾਲੇ ਰੰਗ ਦੇ ਖੇਤ ਮਜਦੂਰ ਦੇ ਮੁੰਡੇ ਅਫ਼ਰੀਕਨ ਮੂਲ ਦੇ ਅਮਰੀਕਨ ਜੈਸੀ ਓਵੇਨ ਨੇ 1936 ਵਿਚ ਬਰਲਿਨ ਓਲੰਪਿਕ ਖੇਡਾਂ ਵਿਚ ਤੋੜਿਆ।

ਕਿਸੇ ਅਕਲੋਂ ਅੰਨ੍ਹੇ ਬੰਦੇ ਨੇ ਮਜਨੂੰ ਨੇ ਮੇਹਣਾ ਮਾਰਿਆ ਕਿ ਤੇਰੀ ਲੈਲਾ ਰੰਗ ਦੀ ਕਾਲੀ ਹੈ। ਮਜਨੂੰ ਨੇ ਜੋ ਜਵਾਬ ਦਿੱਤਾ ਉਸ ਨੂੰ ਵੱਡੇ ਤੋਂ ਵੱਡੇ ਗਾਇਕ ਗਾ-ਗਾ ਸ਼ੋਹਰਤ ਦੀਆਂ ਝੋਲੀਆਂ ਭਰ ਚੁੱਕੇ ਨੇ ਤੇ ਭਰ ਰਹੇ ਨੇ। ਲੈਲਾ ਨੂੰ ਬੇਹੱਦ ਪਿਆਰ ਕਰਨ ਵਾਲੇ ਮਜਨੂੰ ਨੇ ਕਿਹਾ ਭਲਿਆ ਮਾਣਸਾ ਤੇਰੇ ਕੋਲੇ ਤਾਂ ਉਹ ਅੱਖ ਹੀ ਨਹੀਂ ਜਿਹੜੀ ਉਹਦਾ ਰੰਗ ਪਛਾਣ ਸਕੇ-ਤੇਰੀ ਅੱਖ ਨਾ ਦੇਖਣ ਵਾਲੀ। ਇਸ ਤਰ੍ਹਾਂ ਦੀ ਬੇਅਕਲੀ ਫਾਸਿਸਟ ਤੇ ਵਹਿਸ਼ੀ ਬਿਰਤੀ ਦੇ ਮਾਲਕ ਹਿਟਲਰ ਨੇ ਵੀ ਵਿਖਾਈ ਸੀ। ਉਸ ਨੂੰ ਭਰਮ ਹੋ ਗਿਆ ਸੀ ਕੇ ਚਿੱਟੀ ਚਮੜੀ ਵਾਲੇ ਹੀ ਸਿਰਫ਼ ਬੰਦੇ ਨੇ ਤੇ ਬਾਕੀ ਸਾਰੀ ਦੁਨੀਆ ਰਹਿੰਦ-ਖੁਹੰਦ ਹੈ। ਉਸ ਨੇ ਆਪਣੀ ਆਰੀਅਨ ਨਸਲ ਨੂੰ ਸਭ ਤੋਂ ਉੱਤਮ ਕਹਿਕੇ ਵਡਿਆਈਆ। ਉਹਦਾ ਮੰਨਣਾ ਸੀ ਭੂਰੇ ਘੁੰਗਰਾਲੇ ਵਾਲਾਂ (ਬਲੌਂਡ) ਤੇ ਸਮੁੰਦਰ ਦੇ ਨੀਲੇ ਪਾਣੀ ਦੇ ਰੰਗ ਵਰਗੀਆਂ ਅੱਖਾਂ ਵਾਲੇ ਲੋਕ ਹੀ ਇਨਸਾਨੀ ਨਸਲ ਹੈ ਤੇ ਬਾਕੀ ਸਭ ਕੂੜਾ ਕਰਕਟ। ਹਿਟਲਰ ਦਾ ਇਹ ਭਰਮ ਉਸ ਦੇ ਆਪਣੇ ਦੇਸ਼ ਵਿਚ ਹੀ, ਉਸ ਦੇ ਸਾਹਮਣੇ ਕਾਲੇ ਰੰਗ ਦੇ ਖੇਤ ਮਜਦੂਰ ਦੇ ਮੁੰਡੇ ਅਫ਼ਰੀਕਨ ਮੂਲ ਦੇ ਅਮਰੀਕਨ ਜੈਸੀ ਓਵੇਨ ਨੇ 1936 ਵਿਚ ਬਰਲਿਨ ਓਲੰਪਿਕ ਖੇਡਾਂ ਵਿਚ ਤੋੜਿਆ।
ਹਿਟਲਰ 1933 ਵਿਚ ਪੂਰੀ ਤਰ੍ਹਾਂ ਜਰਮਨੀ ਦੇ ਡਿਕਟੇਟਰ ਦੇ ਰੂਪ ਵਿਚ ਸਥਾਪਿਤ ਹੋ ਗਿਆ ਸੀ। ਉਸ ਦੇ ਮੂੰਹ ਵਿੱਚੋਂ ਨਿਕਲੇ ਬੋਲ ਹੀ ਉਸ ਸਮੇਂ ਜਰਮਨੀ ਦਾ ਕਾਨੂੰਨ ਸਮਝੇ ਜਾਂਦੇ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1936 ਦੀਆਂ ਓਲੰਪਿਕ ਖੇਡਾਂ ਜਰਮਨੀ ਦੇ ਪ੍ਰਸਿੱਧ ਸ਼ਹਿਰ ਬਰਲਿਨ ਵਿਚ ਕਰਵਾਉਣ ਦਾ ਫੈ਼ਸਲਾ ਕਰ ਲਿਆ ਸੀ। ਅਪ੍ਰੈਲ 1933 ਵਿਚ ਜਰਮਨੀ ਦੇ ਸਪੋਰਟ ਆਫ਼ਿਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਰਮਨੀ ਦੇ ਸਿਰਫ਼ ਆਰੀਅਨ ਨਸਲ ਦੇ ਲੋਕ ਹੀ ਓਲੰਪਿਕ ਵਿਚ ਭਾਗ ਲੈਣਗੇ। ਇਸ ਬਾਬਤ ਕਾਫ਼ੀ ਰੌਲਾ ਰੱਪਾ ਅਮਰੀਕਾ ਦੇ ਹੋਰ ਦੇਸ਼ਾ ਵਿਚ ਪਿਆ। ਓਲੰਪਿਕ ਕਮੇਟੀ ਨੇ ਜਾਂਚ ਕੀਤੀ। ਖ਼ੈਰ 1 ਅਗਸਤ 1936 ਨੂੰ ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ। ਜੇਕਰ ਕੋਈ ਗੋਰੀ ਚਮੜੀ ਵਾਲਾ ਮੈਡਲ ਜਿੱਤਦਾ ਸੀ, ਹਿਟਲਰ ਉਸ ਨੂੰ ਵਧਾਈ ਦਿੰਦਾ ਤੇ ਦੂਸਰਿਆਂ ਬਾਰੇ ਚੁੱਪ ਰਹਿੰਦਾ ਸੀ। ਕਿਸੇ ਵੇਲੇ ਅਮਰੀਕਾ ਦੇ ਖੇਤਾਂ ਵਿਚ ਕਪਾਹ ਚੁੱਗਣ ਵਾਲੇ ਜੈਸੀ ਓਵੇਨ ਨੇ ਉਸ ਓਲੰਪਿਕ ਵਿਚ ਚਾਰ ਗੋਲਡ ਮੈਡਲ, ਲੰਬੀ ਛਾਲ਼, 100 ਤੇ 200 ਮੀਟਰ ਤੇ 4X 100 ਮੀਟਰ ਰੀਲੇਅ ਰੇਸ ਵਿਚ ਜਿੱਤੇ ਤੇ ਉਹ ਪਹਿਲਾ ਕਾਲੇ ਰੰਗ ਦਾ ਅਥਲੀਟ ਸੀ ਜਿਸ ਨੇ ਇੰਨੀ ਵੱਡੀ ਪ੍ਰਾਪਤੀ ਕੀਤੀ ਸੀ ਤੇ ਤਹਿਲਕਾ ਮਚਾ ਦਿੱਤਾ ਸੀ। ਹਿਟਲਰ ਨੇ ਜੈਸੀ ਨਾਲ ਹੱਥ ਨਹੀਂ ਮਿਲਾਇਆ। ਇਹ ਵੀ ਕਿਹਾ ਜਾਂਦਾ ਹੈ ਹਿਟਲਰ ਸਟੇਡੀਅਮ ਵਿੱਚੋ ਉੱਠ ਕੇ ਚਲਾ ਗਿਆ ਸੀ ਕਿਉਂਕਿ ਉਸ ਦੇ ਆਰੀਅਨ ਨਸਲ ਦੇ ਸਰਵ ਉੱਤਮ ਹੋਣ ਵਾਲੇ ਸਿਧਾਂਤ ਨੂੰ ਜੈਸੀ ਨੇ ਉਸ ਦੇ ਸਾਹਮਣੇ ਹੀ ਆਪਣੇ ਪੈਰਾਂ ਹੇਠ ਲਤਾੜ ਦਿੱਤਾ ਸੀ। ਜੈਸੀ ਨੇ ਬਾਅਦ ਵਿਚ ਦੱਸਿਆ ਸੀ ਕਿ ਜਦੋਂ ਉਹ ਉਸ ਬਾਕਸ ਦੇ ਨੇੜੇ ਗਿਆ ਸੀ ਜਿੱਥੇ ਹਿਟਲਰ ਬੈਠਾ ਸੀ ਤਾਂ ਹਿਟਲਰ ਉਸ ਨੂੰ ਵੇਖ ਕੇ ਮੁਸਕਰਾਇਆ ਸੀ ਤੇ ਉਸ ਨੇ ਉਸ ਨੂੰ ਸਲੂਟ ਵੀ ਕੀਤਾ ਸੀ। ਜੈਸੀ ਨੂੰ ਹਿਟਲਰ ਨਾਲੋਂ ਵੱਧ ਅਫ਼ਸੋਸ ਆਪਣੇ ਹੀ ਦੇਸ਼ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਬਾਰੇ ਸੀ ਜਿਸ ਨੇ ਬਰਲਿਨ ਓਲੰਪਿਕ ਤੋਂ ਬਾਅਦ ਵ੍ਹਾਈਟ ਹਾਉਸ ਵਿਚ ਆਉਣ ਦਾ ਸੱਦਾ ਮੈਡਲ ਜਿੱਤਣ ਵਾਲੇ ਸਿਰਫ਼ ਚਿੱਟੀ ਚਮੜੀ ਵਾਲੇ ਅਥਲੀਟਾਂ ਨੂੰ ਹੀ ਦਿੱਤਾ ਸੀ। ਕਾਲੇ ਰੰਗ ਵਾਲੇ ਅਥਲੀਟਾਂ ਨੂੰ ਨਹੀਂ ਸੀ ਬੁਲਾਇਆ ਗਿਆ। ਇਸ ਗੱਲ ਦਾ ਜੈਸੀ ਨੂੰ ਸਾਰੀ ਉਮਰ ਰੰਜ ਰਿਹਾ। ਇਸ ਰੰਗ ਦੇ ਅਧਾਰਿਤ ਨਸਲੀ ਭੇਦ ਭਾਵ ਵਾਲੀ ਹੋਈ ਗ਼ਲਤੀ ਦੀ ਦੁਰਸਤੀ 80 ਸਾਲ ਬਾਅਦ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਉਹਨਾਂ ਕਾਲੇ ਰੰਗ ਦੇ ਅਥਲੀਟਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ 2016 ਵਿਚ ਵ੍ਹਾਈਟ ਹਾਉਸ ਵਿਚ ਬੁਲਾਕੇ ਕੀਤੀ, ਜਿਨ੍ਹਾਂ ਅਥਲੀਟਾਂ ਨੇ 1936 ਦੀ ਓਲੰਪਿਕ ਵਿਚ ਬਰਲਿਨ ਵਿਚ ਮੈਡਲ ਜਿੱਤੇ ਸੀ। ਇਹ ਵੀ ਸੱਚ ਹੈ ਕਿ ਜੈਸੀ ਨੂੰ ਆਪਣੇ ਦੇਸ਼ ਅਮਰੀਕਾ ਵਿਚ ਬਹੁਤ ਵਾਰ ਘੋਰ ਅਪਮਾਨ ਦਾ ਸਾਹਮਣਾ ਕਰਨਾ ਪਿਆ। ਉਸ ਨੇ ਉਹ ਦਿਨ ਵੀ ਦੇਖੇ ਸਨ ਜਦੋਂ ਉਹ ਆਪਣੇ ਦੇਸ਼ ਵਿਚ ਬੱਸ ਦੀ ਅਗਲੀ ਤਾਕੀ ਰਾਹੀਂ ਨਹੀਂ ਸੀ ਚੜ੍ਹ ਸਕਦਾ ਕਿਉਂਕਿ ਅਗਲੀ ਤਾਕੀ ਰਾਹੀਂ ਸਿਰਫ਼ ਨੀਲੀਆਂ ਅੱਖਾਂ ਵਾਲੇ ਹੀ ਚੜ੍ਹ ਸਕਦੇ ਸੀ। ਉਸ ਨੂੰ ਆਪਣੇ ਗੁਜਾਰੇ ਲਈ ਘੋੜਿਆਂ ਤੇ ਕੁੱਤਿਆਂ ਦੇ ਬਰਾਬਰ ਭੱਜਣਾ ਪਿਆ ਕਿਉਂਕਿ ਟੱਬਰ ਪਾਲਣ ਲਈ ਉਸ ਨੂੰ ਪੈਸੇ ਚਾਹੀਦੇ ਸੀ। ਇਹ ਗ਼ਲਤ ਹੋਵੇਗਾ ਜੇਕਰ ਇੱਥੇ ਚਿੱਟੀ ਚਮੜੀ ਵਾਲੇ ਜਰਮਨ ਅਥਲੀਟ ਲੁਜ਼ ਲੌਂਗ ਦਾ ਜ਼ਿਕਰ ਨਾ ਕੀਤਾ ਜਾਵੇ। ਲੁਜ਼ ਨੇ ਜੈਸੀ ਨਾਲ ਲੰਬੀ ਛਾਲ਼ ਵਿਚ ਭਾਗ ਲਿਆ ਸੀ। ਕੁਆਲੀਫਾਇੰਗ ਰਾਉਂਡ ਵਿਚ ਜੈਸੀ ਦੇ ਪਹਿਲੇ ਦੋ ਜੰਪ ਫੌਲ ਕਰਾਰ ਦੇ ਦਿੱਤੇ ਗਏ। ਤੀਜੇ ਜੰਪ ਤੋਂ ਪਹਿਲਾਂ ਲੁਜ਼ ਨੇ ਜੈਸੀ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਰਨ-ਵੇ ਥੋੜ੍ਹਾ ਠੀਕ ਕਰੇ ਤੇ ਜਿੱਥੋਂ ਲੰਬੀ ਛਾਲ਼ ਮਾਰਨ ਲਈ ਹਵਾ ਵਿਚ ਕੁੱਦਣਾ ਹੈ ਉਹ ਪੁਆਇੰਟ ਥੋੜ੍ਹਾ ਜਿਹਾ ਪਿੱਛੇ ਹਟਾ ਲਵੇ। ਜੈਸੀ ਨੇ ਸੁਝਾ ਮਨ ਲਿਆ ਤੇ ਉਸ ਦਾ ਅਗਲਾ ਜੰਪ ਸਹੀ ਕਰਾਰ ਦਿੱਤਾ ਗਿਆ। ਅਗਲੇ ਦਿਨ ਆਖ਼ਰੀ ਰਾਉਂਡ ਵਿਚ ਜੈਸੀ ਨੇ ਗੋਲਡ ਮੈਡਲ ਤੇ ਲੁਜ਼ ਨੇ ਚਾਂਦੀ ਦਾ ਤਗ਼ਮਾ ਜਿਤਿਆ। ਲੁਜ਼ ਨੇ ਹਿਟਲਰ ਤੇ ਉਸ ਦੇ ਚੇਲਿਆਂ ਚਪਟਾਇਆਂ ਦੇ ਪਰਵਾਹ ਨਾ ਕਰਦੇ ਹੋਏ ਜੈਸੀ ਨੂੰ ਘੁੱਟ ਕੇ ਜੱਫ਼ੀ ਪਾਈ ਤੇ ਉਸ ਨਾਲ ਸਟੇਡੀਅਮ ਵਿਚ ਗੇੜਾ ਦਿੱਤਾ। ਉਸ ਸਮੇਂ ਸਟੇਡੀਅਮ ਵਿਚ 1 ਲੱਖ ਤੋਂ ਵੱਧ ਲੋਕ ਹਾਜ਼ਰ ਸੀ। ਲੁਜ਼ ਤੇ ਜੈਸੀ ਦੇ ਉਮਰ ਭਰ ਲਈ ਦੋਸਤੀ ਪੈ ਗਈ ਤੇ ਫਿਰ ਦੋਨਾਂ ’ਤੇ ਫਿਲਮ ਵੀ ਬਣੀ।
ਇਤਿਹਾਸ ਦੱਸਦਾ ਹੈ ਕਿ ਜਿੰਨੇ ਜ਼ੁਲਮ ਨੀਲੀਆਂ ਅੱਖਾਂ ਵਾਲਿਆਂ ਦੇ ਵੱਡ-ਵਡੇਰਿਆਂ ਨੇ ਕਾਲੇ ਰੰਗ ਦੇ ਲੋਕਾਂ ’ਤੇ ਕੀਤੇ ਨੇ ਉਸ ਦਾ ਭਾਰ ਤਾਂ ਧਰਤੀ ਵੀ ਨਹੀਂ ਝੱਲਦੀ। ਕਾਲੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਉਹਨਾਂ ਦਾ ਕੋਈ 300 ਸਾਲ ਵਪਾਰ ਕਰਦੇ ਰਹੇ ਨੇ ਬਹੁਤ ਸਾਰੇ ਚਿੱਟੀ ਚਮੜੀ ਵਾਲੇ ਲੋਕ। ਉਹਨਾਂ ਨੂੰ ਮੰਡੀ ਵਿਚ ਵਸਤੂਆਂ ਵਾਂਗ ਵੇਚ ਦੇ ਤੇ ਖਰੀਦਦੇ ਰਹੇ ਨੇ। ਅਫ਼ਰੀਕਾ ਇਹ ਲੋਕ ਧਾੜਵੀ ਬਣ ਕੇ ਜਾਂਦੇ ਸੀ ਤੇ ਜਬਰਦਸਤੀ ਉਹਨਾਂ ਨੂੰ ਸਮੁੰਦਰੀ ਜਹਾਜ਼ਾਂ ਵਿਚ ਸੰਗਲੀਆਂ ਨਾਲ ਬੰਨ੍ਹ ਕੇ ਪਸ਼ੂਆਂ ਵਾਂਗ ਲੱਦ ਕੇ ਲਿਉਂਦੇ ਸੀ। ਇਹ ਕੰਮ 15ਵੀਂ ਸਦੀ ਦੇ ਅਖ਼ੀਰ ਵਿਚ ਸ਼ੁਰੂ ਹੋਇਆ ਸੀ। ਅਫ਼ਰੀਕਨ ਨੂੰ ਇਸ ਤੋਂ ਮੁਕਤੀ ਪਾਉਣ ਲਈ ਬੜੀਆਂ ਕੁਰਬਾਨੀਆਂ ਦੇਣੀਆਂ ਪਾਈਆਂ ਤੇ ਕਸ਼ਟ ਝੱਲਣੇ ਪਏ। ਜਦੋਂ ਕਿਤੇ ਵਿਹਲ ਮਿਲੇ ਤਾਂ ਐਲੈਕਸ ਹੇਲੀ ਦਾ ਨਾਵਲ ‘ਰੂਟਸ’ ਪੜ੍ਹਨਾ। ਉਹ ਕਾਲੇ ਰੰਗ ਦੇ ਅਫ਼ਰੀਕਨ ਦੀ ਖ਼ੂਨ ਨਾਲ ਲੱਥ ਪਥ ਦਾਸਤਾਨ ਹੈ। ਅਜੇ ਵੀ ਅਫ਼ਰੀਕੀ ਮੂਲ ਦੇ ਕਾਲੇ ਰੰਗ ਦੇ ਲੋਕਾਂ ਪ੍ਰਤਿ ਨੀਲੀਆਂ ਅੱਖਾਂ ਦਾ ਟੀਰ ਸਿੱਧਾ ਨਹੀਂ ਹੋਇਆ। ਅਜੇ ਵੀ ਉਹਨਾਂ ਨਾਲ ਜ਼ਿਆਦਤੀਆਂ ਹੁੰਦੀਆਂ ਨੇ, ਨਸਲੀ ਭੇਦ ਭਾਵ ਹੁੰਦਾ ਹੈ। ਉਹ ਭਾਵੇਂ ਅਮਰੀਕਾ ਹੋਵੇ, ਇੰਗਲੈਂਡ ਹੋਵੇ ਜਾਂ ਕੋਈ ਹੋਰ ਦੇਸ਼ ਪਰ ਦੁਨੀਆ ਦੇ ਕਾਫ਼ੀ ਵੱਡੇ ਹਿੱਸੇ ਨੇ ਇਸ ਰੰਗ ਦੇ ਲੋਕਾਂ ਨੂੰ ਮਜਨੂੰ ਦੀ ਅੱਖ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ।
ਚੱਲ ਰਹੇ ਫੁੱਟਬਾਲ ਵਰਲਡ ਕੱਪ ’ਤੇ ਜ਼ਰਾ ਨਜ਼ਰ ਮਾਰੋ। ਇਸ ਵਿਚ 48 ਟੀਮਾਂ ਨੇ ਭਾਗ ਲਿਆ। ਪਹਿਲੇ ਗੇੜ ਤੋਂ ਬਾਅਦ 16 ਟੀਮਾਂ ਬਾਹਰ ਹੋ ਗਈਆਂ। ਹੁਣ 32 ਟੀਮਾਂ ਵਾਲਾ ਰਾਊਂਡ ਚੱਲ ਰਿਹਾ ਤੇ ਇਸ ਵਿੱਚੋਂ ਵੀ ਕਈ ਟੀਮਾਂ ਬਾਹਰ ਹੋ ਗਈਆਂ ਨੇ ਤੇ ਘਰ ਪਰਤ ਗਈਆਂ ਨੇ। ਚਾਰ ਵਾਰ ਵਰਲਡ ਕੱਪ ਜੇਤੂ ਜਰਮਨੀ ਅਖਾੜੇ ਤੋਂ ਬਾਹਰ ਹੋ ਗਈ ਹੈ ਤੇ ਨੀਂਦਰਲੈਂਡ ਵੀ। ਇਕ ਦੋ ਟੀਮਾਂ ਨੂੰ ਛੱਡ ਕੇ ਕੋਈ ਅਜਿਹੀ ਟੀਮ ਨਜ਼ਰ ਨਹੀਂ ਆਈ ਜਿਸ ਵਿਚ ਅਫ਼ਰੀਕੀ ਮੂਲ ਦੇ ਖਿਡਾਰੀ ਨਾ ਹੋਣ। ਫਰਾਂਸ ਦੀ ਟੀਮ ਦੀ ਗੱਲ ਕਰ ਲੈਂਦੇ ਹਾਂ। ਇਹ ਨੀਲੀਆਂ ਅੱਖਾਂ ਵਾਲਿਆਂ ਦਾ ਦੇਸ਼ ਹੈ। ਇਸ ਨੇ ਬਹੁਤ ਦੇਸ਼ਾ ’ਤੇ ਕਾਬਜ਼ ਹੋ ਕੇ ਰਾਜ ਕੀਤਾ ਤੇ ਉਹਨਾਂ ਦੇਸ਼ਾਂ ਨੂੰ ਆਪਣੀਆਂ ਕਾਲੋਨੀਆਂ ਬਣਾਇਆ। ਉਹਨਾਂ ਕਾਲੋਨੀਆਂ ਦੇ ਬਹੁਤ ਸਾਰੇ ਲੋਕ ਕਈ ਪੀੜ੍ਹੀਆਂ ਤੋਂ ਇਸ ਦੇਸ਼ ਦੇ ਹੁਣ ਪੱਕੇ ਬਾਸ਼ਿੰਦੇ ਬਣ ਗਏ ਨੇ। ਇਸ ਟੀਮ ਦਾ ਕਪਤਾਨ ਮਬਾਪੇ ਵੀ ਉਹਨਾਂ ਵਿੱਚੋਂ ਇਕ ਹੈ। ਕਿਸੇ ਸਮੇਂ ਫ਼ਰਾਂਸ ਦਾ ਸਭ ਤੋਂ ਧਾਕੜ ਰਿਹਾ ਖਿਡਾਰੀ ਜੀਦੇਨ ਵੀ ਉਹਨਾਂ ਵਿੱਚੋਂ ਸੀ। ਇਸ ਵੇਲੇ ਇਸ ਟੀਮ 6-7 ਹੋਰ ਕਾਲੇ ਰੰਗ ਦੇ ਖਿਡਾਰੀ ਨੇ। ਜੇਕਰ ਫਰਾਂਸ ਇਸ ਵਾਰ ਵਰਲਡ ਕੱਪ ਜਿੱਤਦਾ ਹੈ ਤਾਂ ਇਹਨਾਂ ਖਿਡਾਰੀਆਂ ਦਾ ਰੋਲ ਪ੍ਰਮੁੱਖ ਹੋਵੇਗਾ। ਮਬਾਪੇ ਤਾਂ ਤੀਜੇ ਫੀਫਾ ਕੱਪਾਂ ਵਿਚ 18 ਗੋਲ਼ ਕਰ ਚੁੱਕਿਆ ਹੈ ਤੇ ਮੈਸੀ ਤੋਂ ਇਕ ਗੋਲ਼ ਹੀ ਪਿੱਛੇ ਹੈ। ਫਰਾਂਸ ਦੇ 24 ਸਾਲਾ ਖਿਡਾਰੀ ਮਾਈਕਲ ਓਲੀਸੇ ਨੇ ਖੇਡਦੇ ਵੇਖ ਕੇ ਆਨੰਦ ਆ ਜਾਂਦਾ ਹੈ, ਉਸ ਦੀ ਇਸ ਵਰਲਡ ਕੱਪ ਵਿਚ ਚਰਚਾ ਜ਼ੋਰਾਂ ’ਤੇ ਹੈ।
ਇਸ ਵਰਲਡ ਕੱਪ ਵਿਚ ਨੌਂ ਅਫ਼ਰੀਕਨ ਟੀਮਾਂ ਨੇ 32 ਟੀਮਾਂ ਵਾਲੇ ਰਾਉਂਡ ਵਿਚ ਪ੍ਰਵੇਸ਼ ਕੀਤਾ। ਇਹਨਾਂ ਵਿਚ ਅਲਜੇਰੀਆ, ਕਾਬੋ ਵਰਦੇ, ਡੀਆਰ ਕਾਂਗੋ, ਮੋਰਾਕੋ, ਸੈਨੇਗਲ, ਸਾਊਥ ਅਫ਼ਰੀਕਾ, ਆਈਵਰੀ ਕੋਸਟ ਸ਼ਾਮਿਲ ਸਨ। ਹੁਣ ਕੁਝ ਇਸ ਰਾਉਂਡ ’ਚੋਂ ਬਾਹਰ ਹੋ ਗਈਆਂ ਨੇ। ਕਾਂਗੋ ਦੀ ਟੀਮ ਨੇ ਇੰਗਲੈਂਡ ਨੂੰ ਨੌਕ ਆਊਟ ਰਾਉਂਡ ਵਿਚ ਇੰਨੀ ਸਖ਼ਤ ਟੱਕਰ ਦਿੱਤੀ ਕਿ ਲੱਗਿਆ ਇਕ ਹੋਰ ਵੱਡੀ ਟੀਮ ਵਰਲਡ ਕੱਪ ਤੋਂ ਬਾਹਰ ਦਾ ਰਸਤਾ ਦੇਖ ਰਹੀ ਹੈ। ਮੈਚ ਦੇ ਆਖ਼ਰੀ 15 ਮਿੰਟਾਂ ਵਿਚ ਹੈ ਇਸ ਮੁਕਾਬਲੇ ਦਾ ਪਾਸਾ ਪਲਟਿਆ ਤੇ ਇੰਗਲੈਂਡ ਨੂੰ ਸੁੱਖ ਦਾ ਸਾਹ ਆਇਆ। ਮੋਰਾਕੋ ਦੀ ਟੀਮ ਨੀਂਦਰਲੈਂਡ ਦੀ ਟੀਮ ਨੂੰ ਟੂਰਨਾਮੈਂਟ ’ਚੋਂ ਬਾਹਰ ਕਰ ਚੁੱਕੀ ਹੈ ਤੇ ਪੈਰਾਗੁਏ ਨੇ ਚਾਰ ਵਰਲਡ ਕੱਪ ਜਿੱਤ ਚੁੱਕੀ ਜਰਮਨੀ ਦੀ ਟੀਮ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਛੋਟੇ ਦੇਸ਼ ਵੱਡੀਆਂ ਕਮਾਲਾਂ ਕਰ ਰਹੇ ਨੇ। ਕਾਬੋ ਵਰਦੇ ਦਾ ਕਮਾਲ ਤੁਸੀਂ ਦੇਖ ਹੀ ਚੁਕੇ ਹੋ। ਪੈਰਾਗੁਏ ਦੇ 26 ਸਾਲਾਂ ਦੇ ਉਮਰ ਗੋਲ਼ ਕੀਪਰ ਓਰਨਾਲਡੋ ਗਿੱਲ ਨੇ ਜੋ ਜਰਮਨੀ ਦੇ ਖ਼ਿਲਾਫ਼ ਆਪਣੀ ਗੋਲਕੀਪਿੰਗ ਦਾ ਮੁਹਜਾਰਾ ਕੀਤਾ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਜਰਮਨੀ ਪੈਨਲਟੀ ਸ਼ੂਟ ਵਿਚ ਦੁਨੀਆ ਦੀ ਸਭ ਤੋਂ ਵਧੀਆ ਟੀਮ ਮੰਨੀ ਜਾਂਦੀ ਰਹੀ ਹੈ। ਇਸ ਵਾਰ ਉਸ ਦੀ ਸ਼ੂਟਆਉਟ ਮੁਕਬਾਲੇ ਵਿਚ ਹਾਰਨ ਦੀ ਵਜ੍ਹਾ ਸਿਰਫ਼ ਤੇ ਸਿਰਫ਼ ਵਿਰੋਧੀ ਧਿਰ ਦਾ ਗੋਲ਼ ਕੀਪਰ ਗਿੱਲ ਸੀ। ਕਾਲੇ ਰੰਗ ਦੇ ਲੋਕ ਖੇਡਾਂ ਦੀ ਦੁਨੀਆ ਦੀ ਅਮੀਰੀ ਨੇ। ਜੇਕਰ ਉਹ ਨਾ ਹੋਣ ਤਾਂ ਖੇਡ ਸੰਸਾਰ ਨੇ ਕਿੰਨਾ ਗ਼ਰੀਬ ਹੋਣਾ ਸੀ, ਇਸ ਦਾ ਅੰਦਾਜਾ ਹੀ ਨਹੀਂ ਲਾਇਆ ਜਾ ਸਕਦਾ। ਕਿਸੇ ਸਮੇਂ ਸ਼ਕਤੀ ਨੂੰ ਮਿਣਨ ਲਈ ਮੈਥੇਮੈਟਿਸ਼ਨਾਂ ਨੇ ਘੋੜਿਆਂ ਦੀ ਸ਼ਕਤੀ ਨੂੰ ਮੁਖ ਮੰਨਿਆ ਸੀ। ਹੁਣ ਤੱਕ ਉਹੀ ਵਿਧੀ ਚੱਲ ਰਹੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਹ ਮੋਟਰ ਕਿੰਨੇ ਹੌਰਸ ਪਾਵਰ ਦੀ ਹੈ। ਭਾਵ ਇਸ ਵਿਚ ਕਿੰਨੇ ਘੋੜਿਆਂ ਜਿੰਨੀ ਤਾਕਤ ਹੈ। ਉਸ ਸਮੇਂ ਯੂਰਪ ਵਿਚ ਤੇ ਵਿਕਸਤ ਦੇਸ਼ਾ ਵਿਚ ਘੋੜੇ ਨੂੰ ਹੀ ਸਭ ਤੋਂ ਤਾਕਤਵਾਰ ਘੇਰਲੂ ਜਾਨਵਰ ਮੰਨਿਆ ਜਾਂਦਾ ਸੀ। ਪਤਾ ਨਹੀਂ ਮੈਥੇਮੈਟਿਸ਼ਨਾਂ ਦੇ ਮਨ ਵਿਚ ਕਿਉਂ ਨ੍ਹੀਂ ਕਾਲੇ ਰੰਗ ਦੇ ਲੋਕਾਂ ਦਾ ਖ਼ਿਆਲ ਨਹੀਂ ਆਇਆ। ਸ਼ਾਇਦ ਉਹਨਾਂ ਨਸਲੀ ਭੇਦ ਭਾਵ ਦੇ ਭਾਵਨਾ ਭਾਰੂ ਪੈ ਗਈ ਹੋਵੇ।
ਅਫ਼ਰੀਕਨ ਮੂਲ ਦੇ ਖਿਡਾਰੀ
ਫੁੱਟਬਾਲ ਦੀ ਗੱਲ ਕਰਦੇ-ਕਰਦੇ ਤੇ ਫਿਰ ਅਫ਼ਰੀਕਨ ਮੂਲ ਦੇ ਕਾਲੇ ਰੰਗ ਦੇ ਖਿਡਾਰੀਆਂ ਤੇ ਅਥਲੀਟਾਂ ਦੇ ਚਿਹਰੇ ਮੇਰੇ ਮਨ ਮੰਦਿਰ ਵਿਚ ਘੁੰਮਣੇ ਸ਼ੁਰੂ ਹੋ ਗਏ। ਉਸੈਨ ਬੋਲਟ, ਕਾਰਲ ਲਿਉਸ, ਸੀਮੋਨ, ਪੇਲੇ, ਮਬਾਪੇ, ਓਲੀਸੇ, ਮੁਹੰਮਦ ਅਲੀ, ਬ੍ਰੇਨ ਲਾਰਾ, ਫਲੌਰੈਂਸ ਤੇ ਅੱਲੜ ਉਮਰ ਦੇ ਫੁੱਟਬਾਲ ਖਿਡਾਰੀ ਯਮਾਲ ਵਰਗੇ ਇਹ ਲੋਕ ਸਾਧਾਰਨ ਮਨੁੱਖ ਨਹੀਂ। ਇਹ ਖੇਡ ਸੰਸਾਰ ਦੇ ਖੇੜੇ ਤੇ ਖ਼ੁਸ਼ੀਆਂ ਨੇ। ਇਹ ਖੇਡ ਸੰਸਾਰ ਦਾ ਸੋਹਜ ਨੇ, ਸਹਿਜ ਨੇ। ਇਹਨਾਂ ਨੂੰ ਦੇਖ ਕੇ ਰੂਹ ਰੱਜ ਜਾਂਦੀ ਹੈ ਤੇ ਇਹਨਾਂ ਖੇਡਦੇ, ਭੱਜਦੇ ਵੇਖ ਕੇ ਰੂਹ ਅੰਬਰ ਵਿਚ ਉਡਾਰੀਆਂ ਲਾਉਣ ਲੱਗਦੀ ਹੈ। ਮਨ ਗੱਦ ਗੱਦ ਕਰ ਉੱਠਦਾ ਹੈ। ਯਮਾਲ ਵੀ ਅਫ਼ਰੀਕਨ ਮੂਲ ਹੈ। ਉਸ ਦਾ ਪਿਤਾ ਮੋਰਾਕੋ ਦਾ ਜੰਮਪਾਲ ਹੈ ਤੇ ਇਹ ਪਰਿਵਾਰ ਸਪੇਨ ਵਿਚ ਰਹਿੰਦਾ ਹੈ ਤੇ ਯਮਾਲ 16 ਸਾਲ ਦੀ ਉਮਰ ਵਿਚ ਹੀ ਫੁੱਟਬਾਲ ਦਾ ਯੂਰੋਪੀਅਨ ਚੈਂਪੀਅਨ ਬਣ ਗਿਆ ਸੀ ਤੇ ਹੁਣ ਉਹ 18 ਸਾਲ ਦਾ ਹੈ ਤੇ ਇਸ ਵਰਲਡ ਕੱਪ ਵਿਚ ਵੀ ਗੋਲ਼ ਕਰ ਚੁੱਕਿਆ ਹੈ। ਉਸ ਦੇ ਪੈਰਾਂ ਵਿਚ ਜਾਦੂ ਹੈ ਤੇ ਉਸ ਦੇ ਸਰੀਰ ਵਿਚ ਤੇਜ਼ ਹਵਾ ਵਿਚ ਝੂਮਦੇ ਦਰੱਖ਼ਤ ਵਰਗੀ ਲਰਜਿਸ਼।
ਖੇਡ ਮੈਦਾਨ ’ਚ ਲੈਂਦੇ ਨੇ ਅਪਮਾਨ ਦਾ ਬਦਲਾ
ਅਫ਼ਰੀਕਨ ਮੂਲ ਦੇ ਲੋਕ ਬਹੁਤ ਅਣਖੀ ਲੋਕ ਨੇ। ਉਹ ਆਪਣੀ ਅਣਖ ਦਾ ਪ੍ਰਗਟਾਵਾ ਖੇਡ ਦੇ ਮੈਦਾਨਾਂ ਵਿਚ ਕਰਦੇ ਨੇ। ਹੋਰ ਮਹਰਲੀਆਂ ’ਤੇ ਉਹ ਲੜ ਨਹੀਂ ਸਕਦੇ ਕਿਉਂਕਿ ਉੱਥੇ ਕਈ ਵਾਰ ਫੈ਼ਸਲੇ ਪੱਖ ਪਾਤ ਦੀ ਬਿਮਾਰੀ ਤੋਂ ਗ੍ਰਸਤ ਮਨੁੱਖਾਂ ਨੇ ਕਰਨੇ ਹੁੰਦੇ ਹਨ। ਜਦੋਂ ਰੇਸ ਲੱਗਦੀ ਹੈ ਤਾਂ ਉਸ ਦਾ ਫੈ਼ਸਲਾ ਘੜੀ ਕਰਦੀ ਹੈ ਕਿ ਕੌਣ ਤੇਜ਼ ਭੱਜਦਾ ਹੈ। ਜੇਕਰ ਇਹ ਫੈ਼ਸਲਾ ਮਨੁੱਖ ਦੇ ਹੱਥ ਹੁੰਦਾ ਤਾਂ ਫਿਰ ਭੇਦ ਭਾਵ ਹੋਣ ਗੁਜ਼ਾਇੰਸ਼ ਬਹੁਤ ਸੀ। ਇਸੇ ਲਈ ਕਾਲੇ ਰੰਗ ਦੇ ਲੋਕ ਦੌੜਾ ਦੇ ਖੇਤਰ ਵਿਚ ਸੱਭ ਤੋਂ ਵੱਧ ਦਿਲਚਸਪੀ ਲੈਂਦੇ ਨੇ ਤੇ ਮਿਹਨਤ ਕਰਦੇ ਨੇ। ਉਹ ਆਪਣੇ ਅਪਮਾਨ ਦਾ ਬਦਲਾ ਖੇਡ ਮੈਦਾਨ ਵਿਚ ਲੈਂਦੇ ਨੇ।