- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਸ਼ਾਸਨ ਦੇ ਬਲਬੂਤੇ ਜਨਤਕ ਜੀਵਨ ’ਚ ਅਦਭੁਤ ਅਤੇ ਅਦੁੱਤੀ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਸਾਨੂੰ ਅਨੁਸ਼ਾਸਿਤ ਰਾਸ਼ਟਰ ਦੇ ਨਿਰਮਾਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਨੁਸ਼ਾਸਿਤ ਨਾਗਰਿਕ ਹੀ ਅਨੁਸ਼ਾਸਿਤ ਰਾਸ਼ਟਰ ਬਣਾ ਸਕਦਾ ਹੈ। ਅਜਿਹਾ ਹੀ ਰਾਸ਼ਟਰ ਵਿਕਾਸ ਦੇ ਰਾਹ ’ਤੇ ਵਧ ਕੇ ਖ਼ੁਸ਼ਹਾਲੀ ਦਾ ਸਿਰਮੌਰ ਬਣ ਸਕਦਾ ਹੈ।

ਅਨੁਸ਼ਾਸਨ ਦੀ ਡੋਰ ਸਹਾਰੇ ਸਫਲਤਾ ਦੀਆਂ ਪੌੜੀਆਂ ਨੂੰ ਆਸਾਨੀ ਨਾਲ ਚੜ੍ਹਿਆ ਜਾ ਸਕਦਾ ਹੈ। ਜੀਵਨ ਵਿਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੈ। ਅਨੁਸ਼ਾਸਨ ਦਾ ਅਰਥ ਨਿਯਮ ਅਤੇ ਕਾਇਦੇ ਦੇ ਅਧੀਨ ਕੰਮ ਕਰਨਾ ਹੈ। ਸਵੈ-ਅਨੁਸ਼ਾਸਨ ਵਿਚ ਅਸੀਂ ਖ਼ੁਦ ਲਈ ਅਨੁਸ਼ਾਸਨ ਬਣਾਉਂਦੇ ਹਾਂ। ਫਿਰ ਇਸੇ ਅਨੁਸ਼ਾਸਨ ਦੇ ਨਾਲ ਰੋਜ਼ਮੱਰਾ ਦੇ ਕੰਮਕਾਜ ਕਰਦੇ ਹਾਂ। ਅਨੁਸ਼ਾਸਿਤ ਵਿਅਕਤੀ ਦਾ ਜੀਵਨ ਮਿਸਾਲ ਬਣ ਜਾਂਦਾ ਹੈ। ਉਹ ਸਰੀਰਕ ਅਤੇ ਮਾਨਸਿਕ, ਦੋਵਾਂ ਰੂਪਾਂ ਵਿਚ ਮਜ਼ਬੂਤ ਹੁੰਦਾ ਹੈ। ਅਨੁਸ਼ਾਸਨ ਹੀ ਸਫਲਤਾ ਦਾ ਧੁਰਾ ਹੈ। ਇਹੀ ਉਹ ਨੀਂਹ ਦੀ ਇੱਟ ਹੈ ਜਿਸ ’ਤੇ ਸਫਲਤਾ ਦਾ ਵਿਸ਼ਾਲ ਭਵਨ ਖੜ੍ਹਾ ਕੀਤਾ ਜਾ ਸਕਦਾ ਹੈ। ਕੁਦਰਤ ਅਨੁਸ਼ਾਸਨ ਦੀ ਸਭ ਤੋਂ ਵੱਡੀ ਮਿਸਾਲ ਹੈ। ਇਹ ਸਾਨੂੰ ਹਰ ਪਲ ਸਬਕ ਦਿੰਦੀ ਹੈ। ਉੱਚੇ ਪਹਾੜ, ਵਗਦੀਆਂ ਨਦੀਆਂ, ਪੌਣ-ਪਾਣੀ ਅਤੇ ਹਿਮ-ਖੰਡ ਸਾਰੇ ਸਾਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਹਨ। ਇਹ ਅਨੁਸ਼ਾਸਨ ਵਿਚ ਬੱਝੇ ਰਹਿੰਦੇ ਹਨ। ਕਲਪਨਾ ਕਰੋ ਕਿ ਜੇਕਰ ਕੁਦਰਤ ਅਨੁਸ਼ਾਸਨ ਨੂੰ ਛੱਡ ਦੇਵੇ ਤਾਂ ਕੀ ਹੋਵੇਗਾ। ਨਦੀਆਂ ਜਦ ਅਨੁਸ਼ਾਸਨ ਦੀ ਹੱਦ ਨੂੰ ਲੰਘ ਜਾਂਦੀਆਂ ਹਨ ਤਾਂ ਹੜ੍ਹ ਆ ਜਾਂਦਾ ਹੈ, ਹਵਾ ਅਨੁਸ਼ਾਸਨ ਨੂੰ ਤੋੜਦੀ ਹੈ ਤਾਂ ਤੂਫਾਨ ਆ ਜਾਂਦਾ ਹੈ, ਪਹਾੜ ਅਨੁਸ਼ਾਸਨ ਤੋੜਦੇ ਹਨ ਤਾਂ ਜ਼ਮੀਨ ਧਸਣ ਲੱਗਦੀ ਹੈ। ਅਰਥਾਤ ਜਦ ਅਨੁਸ਼ਾਸਨ ਟੁੱਟਦਾ ਹੈ ਤਾਂ ਤਬਾਹੀ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਾਡੇ ਪੂਰਵਜਾਂ ਵਿਚ ਗਜ਼ਬ ਦਾ ਅਨੁਸ਼ਾਸਨ ਸੀ। ਰਿਸ਼ੀ-ਮੁਨੀ ਸੈਂਕੜੇ ਸਾਲਾਂ ਤਕ ਜੋ ਕਠਿਨ ਤਪੱਸਿਆ ਕਰਦੇ ਸਨ, ਉਹ ਅਨੁਸ਼ਾਸਨ ਨਾਲ ਹੀ ਸੰਭਵ ਹੋ ਸਕਦੀ ਹੋਵੇਗੀ। ਵਰਤਮਾਨ ’ਚ ਅਨੁਸ਼ਾਸਨ ਦੀ ਇਕ ਵੱਡੀ ਮਿਸਾਲ ਸਾਡੀ ਫ਼ੌਜ ਹੈ ਜੋ ਅਨੁਸ਼ਾਸਨ ’ਚ ਇੰਜ ਬੰਨ੍ਹੀ ਹੋਈ ਹੈ ਕਿ ਸਾਨੂੰ ਪ੍ਰੇਰਨਾ ਨਾਲ ਭਰ ਦਿੰਦੀ ਹੈ। ਫ਼ੌਜ ਦਾ ਪੂਰਾ ਕੰਮਕਾਜ ਤੇ ਫ਼ੌਜੀਆਂ ਦਾ ਵਿਵਹਾਰ ਅਨੁਸ਼ਾਸਨ ਦਾ ਪ੍ਰਗਟਾਵਾ ਹਨ। ਸਾਨੂੰ ਆਪਣੇ ਜੀਵਨ ’ਚ ਤੇਜ਼ੀ ਲਿਆਉਣ ਲਈ, ਇਸ ਨੂੰ ਸਫਲਤਾ ਦੇ ਸਿਖ਼ਰ ਤਕ ਪਹੁੰਚਾਉਣ ਲਈ ਅਨੁਸ਼ਾਸਨਬੱਧ ਮਿਹਨਤ ਕਰਨੀ ਚਾਹੀਦੀ ਹੈ। ਅਨੁਸ਼ਾਸਨ ਦੇ ਬਲਬੂਤੇ ਜਨਤਕ ਜੀਵਨ ’ਚ ਅਦਭੁਤ ਅਤੇ ਅਦੁੱਤੀ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਸਾਨੂੰ ਅਨੁਸ਼ਾਸਿਤ ਰਾਸ਼ਟਰ ਦੇ ਨਿਰਮਾਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਨੁਸ਼ਾਸਿਤ ਨਾਗਰਿਕ ਹੀ ਅਨੁਸ਼ਾਸਿਤ ਰਾਸ਼ਟਰ ਬਣਾ ਸਕਦਾ ਹੈ। ਅਜਿਹਾ ਹੀ ਰਾਸ਼ਟਰ ਵਿਕਾਸ ਦੇ ਰਾਹ ’ਤੇ ਵਧ ਕੇ ਖ਼ੁਸ਼ਹਾਲੀ ਦਾ ਸਿਰਮੌਰ ਬਣ ਸਕਦਾ ਹੈ।
-ਲਲਿਤ ਸ਼ੌਰੀਆ