- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਜਾ ਰਣਜੀਤ ਸਿੰਘ ਦੂਰ-ਅੰਦੇਸ਼ੀ ਤੇ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ। ਸ਼ੁਕਰਚੱਕੀਆ ਮਿਸਲ ਦੇ ਸੀਮਤ ਖੇਤਰ ਦੀ ਸਰਦਾਰੀ ਤੋਂ ਆਪਣੀ ਹਿੰਮਤ ਨਾਲ ਤਰੱਕੀ ਕਰ ਕੇ ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਹਾਕਮ ਬਣਿਆ, ਜਿਸ ਦੇ ਜਿਉਂਦੇ ਜੀਅ ਅੰਗਰੇਜ਼ੀ ਹਕੂਮਤ ਵੀ ਭੈਅ ਖਾਂਦੀ ਰਹੀ ਤੇ ਉਨ੍ਹਾਂ ’ਚ ਮਹਾਰਾਜੇ ਨੂੰ ਛੇੜਨ ਦੀ ਜ਼ੁਅਰਤ ਨਹੀਂ ਸੀ।

ਇਤਿਹਾਸ ਅੰਦਰ ਝਾਤੀ ਮਾਰਨੀ ਪੀਡੀ ਗੰਢ ਖੋਲ੍ਹਣ ਵਾਂਗ ਹੈ। ਮੁਗ਼ਲ ਬਾਦਸ਼ਾਹ ਦਰਬਾਰੀ ਲੇਖਕਾਂ ਤੋਂ ਆਪਣਾ ਇਤਿਹਾਸ ਲਿਖਵਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਦਰਬਾਰੀ ਇਤਿਹਾਸ ’ਚ ਸਿਰਫ਼ ਉਨ੍ਹਾਂ ਘਟਨਾਵਾਂ ਤੇ ਜੰਗਾਂ ਦਾ ਜ਼ਿਕਰ ਕੀਤਾ ਜਾਂਦਾ, ਜਿਹੜੀਆਂ ਤਖ਼ਤ ਜਾਂ ਬਾਦਸ਼ਾਹ ਦੀ ਸ਼ਾਨ ਨੂੰ ਹੋਰ ਚਮਕਾਉਂਦੀਆਂ ਹੁੰਦੀਆਂ ਸਨ। ਇੰਜ ਪੁਰਾਤਨ ਅਫ਼ਵਾਹਾਂ ਤੇ ਫ਼ਰਜ਼ੀ ਘਟਨਾਵਾਂ ਨੂੰ ਇਤਿਹਾਸ ਸਮਝ ਲਿਆ ਜਾਂਦਾ ਸੀ। ਇਨ੍ਹਾਂ ਹੁਕਮਰਾਨਾਂ ਨੂੰ ਆਪਣੇ ਸਾਮਰਾਜ ਦੇ ਭਵਿੱਖ ਦੀ ਵਧੇਰੇ ਚਿੰਤਾ ਰਹਿਣ ਕਾਰਨ ਵਰਤਮਾਨ ਉਨ੍ਹਾਂ ਦੇ ਹੱਥਾਂ ਵਿੱਚੋਂ ਨਿਕਲ ਜਾਂਦਾ।
ਵਿਦੇਸ਼ੀ ਇਤਿਹਾਸਕਾਰਾਂ ਦਾ ਮਹਾਰਾਜਾ ਰਣਜੀਤ ਸਿੰਘ ਹੋਰ ਹੈ। ਸਾਡੇ ਇਤਿਹਾਸਕਾਰ ਮਹਾਰਾਜੇ ਨੂੰ ਜੰਗਬਾਜ਼ ਨੇਤਾ, ਸੱਚਾ-ਸੁੱਚਾ ਸਿੱਖ, ਨਿਤਨੇਮੀ, ਦਇਆਵਾਨ, ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਦਰਸਾਉਂਦੇ ਹਨ। ਕੋਈ ਇਤਿਹਾਸਕਾਰ ਉਸ ਨੂੰ ਨਪੋਲੀਅਨ ਦੇ ਮੁਕਾਬਲੇ ਦਾ ਸ਼ਾਸਕ ਮੰਨਦਾ ਹੈ ਤੇ ਕੋਈ ਹੋਰ ਸ਼ੇਰ-ਏ-ਪੰਜਾਬ ਦੇ ਖ਼ਿਤਾਬ ਨਾਲ ਨਿਵਾਜਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਜਾਂਬਾਜ਼ ਜਰਨੈਲ ਹਰੀ ਸਿੰਘ ਨਲਵਾ ਬਾਰੇ ਕਿਹਾ ਜਾਂਦਾ ਹੈ,‘ਸੰਸਾਰ ਵਿਚ ਉੱਚ ਕੋਟੀ ਦੇ ਦਲੇਰ, ਸੂਰਮੇ ਤੇ ਖੂੰਖਾਰ ਜਿੰਨੇ ਵੀ ਜਰਨੈਲ ਪੈਦਾ ਹੋਏ ਹਨ, ਉਨ੍ਹਾਂ ’ਚੋਂ ਹਰੀ ਸਿੰਘ ਨਲਵਾ ਸਭ ਤੋਂ ਸਿਰਮੌਰ ਜਰਨੈਲ ਮੰਨਿਆ ਜਾਂਦਾ ਹੈ।
ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਹਾਕਮ
ਮਹਾਰਾਜਾ ਰਣਜੀਤ ਸਿੰਘ ਦੂਰ-ਅੰਦੇਸ਼ੀ ਤੇ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ। ਸ਼ੁਕਰਚੱਕੀਆ ਮਿਸਲ ਦੇ ਸੀਮਤ ਖੇਤਰ ਦੀ ਸਰਦਾਰੀ ਤੋਂ ਆਪਣੀ ਹਿੰਮਤ ਨਾਲ ਤਰੱਕੀ ਕਰ ਕੇ ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਹਾਕਮ ਬਣਿਆ, ਜਿਸ ਦੇ ਜਿਉਂਦੇ ਜੀਅ ਅੰਗਰੇਜ਼ੀ ਹਕੂਮਤ ਵੀ ਭੈਅ ਖਾਂਦੀ ਰਹੀ ਤੇ ਉਨ੍ਹਾਂ ’ਚ ਮਹਾਰਾਜੇ ਨੂੰ ਛੇੜਨ ਦੀ ਜ਼ੁਅਰਤ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਤਿੱਬਤ ਤੋਂ ਲੈ ਕੇ ਸਿੰਧ ਦੇ ਮਾਰੂਥਲ ਤੱਕ, ਖੈਬਰ ਦੇ ਦਰ੍ਹੇ ਤੋਂ ਲੈ ਕੇ ਸਤਲੁਜ ਤੱਕ ਫੈਲਿਆ ਹੋਇਆ ਸੀ।
ਕਿਵੇਂ ਪਿਆ ਨਾਂ?
ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ (ਹੁਣ ਪਾਕਿਸਤਾਨ) ’ਚ ਹੋਇਆ। ਕੁਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਰਣਜੀਤ ਸਿੰਘ ਦਾ ਜਨਮ ਬਡਰੁੱਖਾਂ ’ਚ ਹੋਇਆ। ਜਨਮ ਸਮੇਂ ਉਸ ਦੇ ਪਿਤਾ ਮਹਾਂ ਸਿੰਘ ਜੰਗੀ ਮੁਹਿੰਮ ਉਪਰ ਸਨ ਤੇ ਉਸ ਝੜਪ ’ਚ ਉਨ੍ਹਾਂ ਦੀ ਫ਼ਤਿਹ ਹੋਈ ਸੀ। ਘੋੜਸਵਾਰ ਜਦੋਂ ਇਹ ਖ਼ੁਸ਼ਖ਼ਬਰੀ ਲੈ ਕੇ ਆਇਆ ਤੇ ਇਹ ਵੀ ਦੱਸਿਆ ਕਿ ਬਾਲਕ ਦਾ ਨਾਂ ਬੁੱਧ ਸਿੰਘ ਰੱਖਿਆ ਹੈ। ਖ਼ੁਸ਼ੀ ਵਿਚ ਸਿਪਾਹੀਆਂ ਨੇ ਜੈਕਾਰਾ ਛੱਡਿਆ। ਮਹਾਂ ਸਿੰਘ ਨੇ ਐਲਾਨ ਕੀਤਾ ਕਿ ਰਣ ’ਚ ਜਿੱਤ ਹੋਈ ਹੈ, ਇਸ ਲਈ ਬੱਚੇ ਦਾ ਨਾਂ ਰਣਜੀਤ ਸਿੰਘ ਹੋਵੇਗਾ। ਫਿਰ ਜੈਕਾਰਾ ਛੱਡਿਆ ਗਿਆ।
ਖੱਬੀ ਅੱਖ ਹੋਈ ਨਕਾਰਾ
ਬਚਪਨ ’ਚ ਰਣਜੀਤ ਸਿੰਘ ਬਿਮਾਰ ਹੋ ਗਿਆ। ਮਾਤਾ (ਚੇਚਕ) ਨਿਕਲ ਆਈ। ਪੂਰਾ ਸਰੀਰ ਉਸ ਨਾਲ ਭਰ ਗਿਆ। ਇਸ ਕਰਕੇ ਖੱਬੀ ਅੱਖ ਸਦਾ ਲਈ ਨਕਾਰਾ ਹੋ ਗਈ। ਸਿਹਤ ਪੱਖੋਂ ਰਣਜੀਤ ਸਿੰਘ ਕਮਜ਼ੋਰ ਹੀ ਰਿਹਾ ਪਰ ਹੌਸਲੇ ਪੱਖੋਂ ਉਹ ਆਪਣੇ ਹਾਣੀਆਂ ਤੇ ਵਡੇਰੀ ਉਮਰ ਵਾਲਿਆਂ ਉੱਪਰ ਵੀ ਭਾਰੂ ਸੀ। ਜਦੋਂ ਰਣਜੀਤ ਸਿੰਘ ਅਜੇ 10-11 ਸਾਲਾਂ ਦਾ ਸੀ ਤਾਂ ਉਸ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ। ਮਿਸਲ ਦੀ ਸਾਰੀ ਜ਼ਿੰਮੇਵਾਰੀ ਬਾਲ ਰਣਜੀਤ ਸਿੰਘ ’ਤੇ ਆ ਹਈ। ਭਾਵੇਂ ਮਿਸਲ ਦਾ ਸਾਰਾ ਪ੍ਰਬੰਧ ਦੀਵਾਨ ਲੱਖਪਤ ਰਾਏ ਦੇ ਹੱਥਾਂ ’ਚ ਸੀ।
ਆਪਣੇ ਹਾਣੀਆਂ ’ਚ ਰਣਜੀਤ ਸਿੰਘ ਸਿਹਤ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਦਲੇਰ ਤੇ ਸ਼ਰਾਰਤੀ ਸੀ। ਤੈਰ ਕੇ ਨਦੀ ਪਾਰ ਕਰ ਜਾਂਦਾ ਸੀ। ਸ਼ਿਕਾਰ ਖੇਡਦਾ ਦੂਰ ਤੱਕ ਨਿਕਲ ਜਾਂਦਾ ਸੀ। ਇਸੇ ਤਰ੍ਹਾਂ ਇਕ ਵਾਰ ਆਪਣੇ ਹਾਣੀਆਂ ਨਾਲ ਹਿਰਨ ਦੇ ਪਿੱਛੇ ਜਾਂਦਾ ਦੁਸ਼ਮਣ ਹਸ਼ਮਤ ਖਾਂ ਦੇ ਖੇਤਰ ’ਚ ਚਲਾ ਗਿਆ। ਉਸ ਨਾਲ ਮਿਸਲ ਦੀ ਦੁਸ਼ਮਣੀ ਸੀ ਤੇ ਮਹਾਂ ਸਿੰਘ ਦੇ ਜਿਉਂਦਿਆਂ ਉਹ ਇਕ-ਦੂਸਰੇ ਉਪਰ ਕਈ ਹਮਲੇ ਕਰ ਚੁੱਕੇ ਸਨ ਤੇ ਹੁਣ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੂੰ ਆਪਣੇ ਖੇਤਰ ’ਚ ਆਇਆ ਦੇਖ ਕੇ ਘੇਰ ਲਿਆ। ਰਣਜੀਤ ਸਿੰਘ ਦੀ ਉਮਰ ਹਸ਼ਮਤ ਨਾਲੋਂ ਅੱਧੀ ਸੀ ਪਰ ਉਹ ਨਾ ਡਰਿਆ, ਨਾ ਹੌਸਲਾ ਛੱਡਿਆ ਤੇ ਉਲਟਾ ਲਲਕਾਰਿਆ,‘ਵਾਰ ਕਰ।’ ਇਤਿਹਾਸ ਗਵਾਹ ਹੈ ਕਿ ਰਣਜੀਤ ਸਿੰਘ ਦੇ ਹਾਣੀ ਅਜੇ ਪਿੱਛੇ ਸਨ ਜਾਂ ਡਰ ਗਏ ਸਨ। ਉਸ ਆਹਮੋ-ਸਾਹਮਣੇ ਦੀ ਲੜਾਈ ਵਿਚ ਰਣਜੀਤ ਸਿੰਘ ਨੇ ਅਜਿਹਾ ਵਾਰ ਕੀਤਾ ਕਿ ਹਸ਼ਮਤ ਖ਼ਾਂ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ।
ਸਦਾ ਕੌਰ ਦੇ ਸੁਪਨੇ ਸਨ ਵੱਡੇ
ਮਹਾਂ ਸਿੰਘ ਦੇ ਮਰਨ ਉਪਰੰਤ ਰਣਜੀਤ ਸਿੰਘ ਦੇ ਪੱਗ ਬੰਨ੍ਹਣ ਦੀ ਰਸਮ ਸਮੇਂ ਸਾਹਿਬ ਸਿੰਘ ਬੇਦੀ ਨੂੰ ਉਚੇਚਾ ਬੁਲਾਇਆ ਗਿਆ। ਸਾਹਿਬ ਸਿੰਘ ਬੇਦੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ’ਚੋਂ ਸਨ ਤੇ ਸਿੱਖਾਂ ਵਿਚ ਉਨ੍ਹਾਂ ਦਾ ਬਾਬੇ ਨਾਨਕ ਵਾਂਗ ਹੀ ਸਤਿਕਾਰ ਸੀ। ਇਸ ਸਮੇਂ ਤਕ ਰਣਜੀਤ ਸਿੰਘ ਦੀ ਮੰਗਣੀ ਬਟਾਲਾ ਹੋ ਗਈ ਸੀ। ਉਸ ਦੀ ਸੱਸ ਸਦਾ ਕੌਰ ਵਿਸ਼ੇਸ਼ ਤੌਰ ’ਤੇ ਇਸ ਰਸਮ ’ਤੇ ਆਈ ਹੋਈ ਸੀ। ਸਦਾ ਕੌਰ ਦੇ ਸੁਪਨੇ ਵੀ ਵੱਡੇ ਸਨ। ਉਹ ਸੋਚਦੀ ਸੀ,‘ਦੋਵੇਂ ਮਿਸਲਾਂ ਮਿਲ ਕੇ ਪੂਰੇ ਪੰਜਾਬ ’ਤੇ ਰਾਜ ਕਰ ਸਕਦੀਆਂ ਹਨ। ਰਣਜੀਤ ਸਿੰਘ ਤਾਂ ਅਜੇ ਇੰਞਾਣਾ ਹੈ, ਇਸ ਨੂੰ ਆਪਣੇ ਅਧੀਨ ਰੱਖਣਾ ਕੀ ਮੁਸ਼ਕਲ ਹੋਵੇਗਾ?
ਜਿਵੇਂ-ਜਿਵੇਂ ਰਣਜੀਤ ਸਿੰਘ ਵੱਡਾ ਹੁੰਦਾ ਗਿਆ ਤੇ ਉਸ ਦੀ ਮਦਦ ਲਈ ਸਦਾ ਕੌਰ ਹਰ ਸਮੇਂ ਤਿਆਰ ਰਹਿੰਦੀ, ਉਸ ਨੇ ਆਪਣੀਆਂ ਬਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਮਗੜ੍ਹੀਆ ਮਿਸਲ ਸਦਾ ਕੌਰ ਦੀ ਮਿਸਲ ਕਨੱਈਆ ਨੂੰ ਦੱਬਣਾ ਚਾਹੁੰਦੀ ਸੀ। ਸਦਾ ਕੌਰ ਨੇ ਰਣਜੀਤ ਸਿੰਘ ਤੋਂ ਸਹਾਇਤਾ ਮੰਗੀ ਤੇ ਰਾਮਗੜ੍ਹੀਆ ਮਿਸਲ ਨੇ ਉਸ ਦੀ ਔਕਾਤ ਦਿਖਾ ਦਿੱਤੀ। ਬਟਾਲੇ ਵੱਲੋਂ ਵਾਪਸੀ ’ਤੇ ਉਹ ਲਾਹੌਰ ਭੰਗੀ ਮਿਸਲ ਦੇ ਸਰਦਾਰਾਂ ਦਾ ਮਹਿਮਾਨ ਬਣ ਕੇ ਠਹਿਰਿਆ ਤੇ ਸ਼ਾਹੀ ਕਿਲ੍ਹਾ ਵੇਖ ਕੇ ਉਸ ਦੇ ਮਨ ’ਚ ਆਇਆ,‘ਜੇ ਮੈਂ ਇਸ ਕਿਲ੍ਹੇ ਦਾ ਮਾਲਕ ਹੋਵਾਂ...?
ਅਫ਼ਗਾਨੀ ਸਨ ਵੱਡਾ ਖ਼ਤਰਾ
ਮਹਿਤਾਬ ਕੌਰ ਨਾਲ ਵਿਆਹ ਤੋਂ ਬਾਅਦ 1798 ਵਿਚ ਰਣਜੀਤ ਸਿੰਘ ਨੇ ਨਕੱਈ ਸਰਦਾਰ ਦੀ ਭੈਣ ਨਾਲ ਦੂਸਰਾ ਵਿਆਹ ਕਰਵਾ ਲਿਆ ਤੇ ਇਤ ਤਰ੍ਹਾਂ ਨਾਲ ਉਸ ਕੋਲ ਤਿੰਨ ਮਿਸਲਾਂ ਦੀ ਤਾਕਤ ਆ ਗਈ। ਹੁਣ ਉਹ ਕਿਸੇ ਵੀ ਮਿਸਲ ਨੂੰ ਧੌਂਸ ਦੇ ਸਕਣ ਦੇ ਸਮਰੱਥ ਹੋ ਗਿਆ। ਉਹ ਪੰਜਾਬ ਦਾ ਸ਼ਕਤੀਸ਼ਾਲੀ ਰਾਜਾ ਬਣਨ ਦੇ ਸੁਪਨੇ ਵੇਖਣ ਲੱਗਿਆ ਪਰ ਪੰਜਾਬ ਲਈ ਸਭ ਤੋਂ ਵੱਡਾ ਖ਼ਤਰਾ ਅਫ਼ਗਾਨੀ ਸਨ ਤੇ ਹਰ ਸਮੇਂ ਗਿਰਝਾਂ ਵਾਂਗ ਪੰਜਾਬ ’ਤੇ ਨਜ਼ਰ ਰੱਖਦੇ ਸਨ। ਸ਼ਾਹ ਜ਼ਮਾਨ ਤਾਂ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਦੇ ਸਰਦਾਰਾਂ ਨੂੰ ਲਗਾਤਾਰ ਪਰੇਸ਼ਾਨ ਕਰਦਾ ਆ ਰਿਹਾ ਸੀ। ਉਸ ਨੇ ਐਲਾਨ ਕੀਤਾ ਕਿ ਮੈਂ ਜਲਦ ਹੀ ਕਾਫ਼ਰਾਂ ਨਾਲ ਯੁੱਧ ਲੜਨ ਲਈ ਆ ਰਿਹਾ ਹਾਂ। ਇਤਿਹਾਸ ਦੇ ਉਸ ਦੇ ਦੌਰ ਸਿੱਖ ਤੇ ਮਰਹੱਟੇ ਦੋ ਹੀ ਕਾਫ਼ਰ ਤਾਕਤਾਂ ਸਨ। ਇਸ ਵਾਰ ਰਣਜੀਤ ਸਿੰਘ ਨੇ ਵੀ ਦੂਸਰੀਆਂ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਸ਼ਾਹ ਜ਼ਮਾਨ ਨੂੰ ਸਬਕ ਸਿਖਾਉਣ ਦੀ ਠਾਣ ਲਈ। ਕੁਝ ਦਿਨਾਂ ਦੇ ਘਿਰਾਓ ਤੋਂ ਬਾਅਦ ਰਣਜੀਤ ਸਿੰਘ ਨੇ ਸ਼ਾਹੀ ਕਿਲ੍ਹੇ ਦੇ ਸਮਨ ਬੁਰਜ ਹੇਠਾਂ ਆ ਕੇ ਲਲਕਾਰਿਆ,‘ਓ ਅਹਿਮਦ ਸ਼ਾਹ ਦੇ ਪੋਤਰੇ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰ ਰਿਹਾ ਹੈ। ਬਾਹਰ ਨਿਕਲ ਕੇ ਮੇਰੇ ਨਾਲ ਦੋ ਹੱਥ ਕਰ ਕੇ ਵੇਖ।’
ਕੋਹਿਨੂਰ ਦੇਣ ਦੀ ਸੰਧੀ
ਸ਼ਾਹ ਜ਼ਮਾਨ ਦੇ ਆਪਣੇ ਖ਼ਾਨਦਾਨ ਵਿਚ ਬਗ਼ਾਵਤ ਹੋ ਗਈ ਤੇ ਉਹ ਸਿੱਖਾਂ ਨੂੰ ਫ਼ਤਿਹ ਕਰਨ ਦਾ ਸੁਪਨਾ ਮਨ ’ਚ ਲੈ ਕੇ ਪਰਤ ਗਿਆ ਤੇ ਆਪਣੇ ਜੰਗੀ ਹਥਿਆਰ ਵੀ ਪਿੱਛੇ ਛੱਡ ਗਿਆ। ਰਣਜੀਤ ਸਿੰਘ ਦੀ ਹੋਰ ਚੜ੍ਹਤ ਹੋ ਗਈ। ਸਮਾਂ ਬੜਾ ਬਲਵਾਨ ਹੈ। ਇਸ ਘਟਨਾ ਤੋਂ 10-12 ਸਾਲਾਂ ਬਾਅਦ ਸ਼ਾਹ ਜ਼ਮਾਨ ਬੁਰੀ ਹਾਲਤ ’ਚ ਪੰਜਾਬ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਪਨਾਹ ਲੈਣ ਲਈ ਤਰਲੇ ਮਾਰਨ ਲੱਗਿਆ। ਉਸ ਵੇਲੇ ਤੱਕ ਉਸ ਦੇ ਭਰਾ ਮਹਿਮੂਦ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅੰਨ੍ਹਾ ਕਰ ਦਿੱਤਾ ਸੀ ਤੇ ਉਸ ਦਾ ਇਕ ਭਰਾ ਸ਼ਾਹ ਸੁਜਾਹ ਕਸ਼ਮੀਰ ਵਿਚ ਕੈਦ ਸੀ, ਜਿਸ ਨੂੰ ਜਿਉਂਦਾ ਛੁਡਾਉਣ ਲਈ ਉਸ ਦੀ ਬੇਗ਼ਮ ਨੇ ਮਹਾਰਾਜੇ ਨਾਲ ਕੋਹਿਨੂਰ ਦੇਣ ਦੀ ਸੰਧੀ ਕੀਤੀ ਸੀ।
ਮਹਾਰਾਜਾ ਬਣਨ ਦਾ ਰਾਹ ਹੋ ਰਿਹਾ ਸੀ ਪੱਧਰਾ
ਹੌਲੀ-ਹੌਲੀ ਲਗਪਗ ਸਾਰੀਆਂ ਮਿਸਲਾਂ ਰਣਜੀਤ ਸਿੰਘ ਨੇ ਆਪਣੇ ’ਚ ਮਿਲਾ ਲਈਆਂ ਜਾਂ ਆਪਣੇ ਅਧੀਨ ਕਰ ਲਈਆਂ। ਹੁਣ ਮਹਾਰਾਜਾ ਬਣਨ ਲਈ ਰਾਹ ਪੱਧਰਾ ਹੁੰਦਾ ਜਾ ਰਿਹਾ ਸੀ। ਉਂਜ ਤਾਂ ਕਦੇ-ਕਦੇ ਅਫ਼ਗਾਨੀ ਹਾਕਮ ਅਜੇ ਵੀ ਹੈਂਕੜ ਦਿਖਾਉਂਦੇ ਸਨ, ‘ਜਿੱਥੋਂ ਦੀ ਸਾਡੇ ਘੋੜੇ ਲੰਘ ਜਾਣ, ਉੱਥੇ ਘਾਹ ਨਹੀਂ ਉੱਗਦਾ।’ ਸਿੰਘ ਵੀ ਮੋੜਵਾਂ ਉੱਤਰ ਦਿੰਦੇ, ‘ਜਿੱਥੋਂ ਦੀ ਸਿੰਘ ਜਾਣ, ਉਥੇ ਕੋਈ ਘੋੜੇ ਉੱਪਰ ਬੈਠਣ ਵਾਲਾ ਨਹੀਂ ਰਹਿੰਦਾ।’
ਇਸ ਵਾਰ ਰਣਜੀਤ ਸਿੰਘ ਨੇ ਸਦਾ ਕੌਰ ਦੀ ਮਦਦ ਨਾਲ ਲਾਹੌਰ ’ਤੇ ਹਮਲਾ ਕਰ ਦਿੱਤਾ। ਲਾਹੌਰ ਦੇ ਕਿਲ੍ਹੇ ’ਤੇ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਦੇ ਲੋਕ ਦੁਖੀ ਸਨ ਤੇ ਕੁਝ ਮੋਹਤਬਰ ਲਾਹੌਰ ਉਪਰ ਕਬਜ਼ੇ ਲਈ ਖ਼ੁਦ ਜਾ ਕੇ ਰਣਜੀਤ ਸਿੰਘ ਕੋਲ ਬੇਨਤੀ ਕਰ ਆਏ ਸਨ। ਰਣਜੀਤ ਸਿੰਘ ਦੀ ਚੜ੍ਹਤ ਦੇਖ ਕੇ 7 ਜੁਲਾਈ, 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਦਰਵਾਜ਼ੇ 18 ਸਾਲ ਦੇ ਭਰ ਜੁਆਨ ਲਈ ਖੋਲ੍ਹ ਦਿੱਤੇ ਗਏ। ਗਾਹੇ-ਬਗਾਹੇ ਜੰਗੀ ਝੜਪਾਂ ਹੁੰਦੀਆਂ ਰਹੀਆਂ। ਸਮਾਂ ਤੇ ਹਾਲਾਤ ਰਣਜੀਤ ਸਿੰਘ ਦੇ ਪੱਖ ’ਚ ਸਨ। ਜਦੋਂ ਆਸ-ਪਾਸ ਕੁਝ ਕੁਝ ਅਮਨ ਦਾ ਮਾਹੌਲ ਬਣ ਗਿਆ ਤਾਂ ਸਲਾਹਕਾਰਾਂ ਦੇ ਆਖਣ ’ਤੇ ਰਣਜੀਤ ਸਿੰਘ ਰਸਮੀ ਤਖ਼ਤ-ਨਸ਼ੀਨੀ ਲਈ ਰਾਜ਼ੀ ਹੋ ਗਿਆ।
ਪਹਿਲੀ ਵੈਸਾਖ 1801 ਨੂੰ ਸਾਹਿਬ ਸਿੰਘ ਬੇਦੀ ਨੇ ਰਣਜੀਤ ਸਿੰਘ ਦੇ ਮੱਥੇ ਉਪਰ ਕੇਸਰ ਦਾ ਟਿੱਕਾ ਲਗਾ ਕੇ ਉਸ ਨੂੰ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਮਹਾਰਾਜਾ ਬਣਿਆ ਰਣਜੀਤ ਸਿੰਘ ਹਾਥੀ ਉਪਰ ਚੜ੍ਹ ਕੇ ਲਾਹੌਰ ਦੇ ਬਾਜ਼ਾਰ ’ਚ ਗਿਆ। ਸੋਨੇ ਤੇ ਚਾਂਦੀ ਦੀਆਂ ਮੋਹਰਾਂ ਦੀ ਵਰਖਾ ਕੀਤੀ। ਕਿਲ੍ਹੇ ਤੋਂ ਤੋਪਾਂ ਦੀ ਸਲਾਮੀ ਦੇ ਕੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਤੇ ਰਾਤ ਨੂੰ ਪੂਰੇ ਲਾਹੌਰ ’ਚ ਦੀਪਮਾਲਾ ਕੀਤੀ ਗਈ।
ਮਹਾਰਾਜਾ ਰਣਜੀਤ ਸਿੰਘ ਦੀ ਜੰਗੀ ਸੂਝ ਕਮਾਲ ਦੀ ਸੀ। 10-11 ਸਾਲ ਦੀ ਉਮਰ ਤੋਂ ਹੀ ਉਹ ਅਸਲੀ ਜੰਗ ਵਿਚ ਭਾਗ ਲੈਣ ਲੱਗ ਪਿਆ ਸੀ। ਉਸ ਨੇ ਆਪਣੇ ਸ਼ਾਸਨਕਾਲ ’ਚ ਅਜਿਹੀ ਖ਼ਾਲਸਾ ਫ਼ੌਜ ਤਿਆਰ ਕੀਤੀ, ਜਿਸ ਨੂੰ ਬਰਤਾਨਵੀ ਹਕੂਮਤ ਨੇ ਵੀ ਭਾਰਤ ਦੀ ਸਭ ਤੋਂ ਉੱਤਮ ਫ਼ੌਜ ਮੰਨਿਆ। ਆਪਣੀ ਫ਼ੌਜ ’ਚ ਉਸ ਨੇ ਸਾਹਸੀ ਤੇ ਤਜਰਬੇਕਾਰ ਵਿਦੇਸ਼ੀ ਸੈਨਿਕ, ਜਰਨੈਲ ਸ਼ਾਮਿਲ ਕੀਤੇ। ਉਸ ਨੇ ਜਿੰਨੀਆਂ ਵੀ ਜੰਗੀ ਲੜੀਆਂ, ਫ਼ਤਿਹ ਹਾਸਿਲ ਕੀਤੀ। ਸੈਨਿਕਾਂ ਦਾ ਹੌਸਲਾ ਵਧਾਉਣ ਲਈ ਉਹ ਆਪਣੇ ਰੁਤਬੇ ਦੀ ਪ੍ਰਵਾਹ ਕੀਤੇ ਬਿਨਾਂ ਹੜ੍ਹ ਆਏ ਦਰਿਆ ’ਚ ਆਪਣਾ ਘੋੜਾ ਠੇਲ ਦਿੰਦਾ ਸੀ।
ਸਭ ਰਾਣੀਆਂ ਤੋਂ ਵਧੇਰੇ ਪਸੰਦ ਸੀ ਮੋਰਾਂ
ਮਹਾਰਾਜਾ ਰਣਜੀਤ ਸਿੰਘ ਬੜਾ ਫਰਾਖ਼ਦਿਲ ਸੀ। ਨਿਰਦਈ ਤਾਂ ਬਿਲਕੁਲ ਨਹੀਂ ਸੀ। ਉਹ ਜਿਸ ਕਿਲ੍ਹੇ ਜਾਂ ਰਾਜ ਉਪਰ ਕਬਜ਼ਾ ਕਰ ਲੈਂਦਾ ਸੀ, ਹਾਰੇ ਹੋਏ ਹਾਕਮਾਂ ਨਾਲ ਰਹਿਮ ਤੇ ਹਮਦਰਦੀ ਨਾਲ ਪੇਸ਼ ਆਉਂਦਾ ਸੀ। ਨਰਤਕੀ ਮੋਰਾਂ ਨਾਲ ਰਣਜੀਤ ਸਿੰਘ ਨੇ 1802 ’ਚ ਵਿਆਹ ਕੀਤਾ, ਉਹ ਮਹਾਰਾਜੇ ਨੂੰ ਸਭ ਰਾਣੀਆਂ ਨਾਲੋਂ ਵਧੇਰੇ ਪਸੰਦ ਸੀ। ਉਸ ਦੇ ਨਾਂ ਦਾ ਸਿੱਕਾ ਵੀ ਜਾਰੀ ਕੀਤਾ ਗਿਆ ਸੀ, ਜਿਸ ’ਤੇ ਮੋਰਾਂ ਦੀ ਤਸਵੀਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ। ਰਾਜਾ ਖੜਕ ਸਿੰਘ ਸਭ ਤੋਂ ਵੱਡਾ ਸੀ। ਸ਼ੇਰ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਮੁਲਤਾਨਾ ਸਿੰਘ ਤੇ ਦਲੀਪ ਸਿੰਘ ਸਭ ਤੋਂ ਛੋਟਾ ਸੀ। ਆਪਣੇ 41 ਸਾਲ ਦੇ ਰਾਜ ਵਿਚ ਮਹਾਰਾਜੇ ਨੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ।
1831 ਦੀ ਜਨਸੰਖਿਆ ਅਨੁਸਾਰ ਰਣਜੀਤ ਸਿੰਘ ਦੇ ਰਾਜ ’ਚ 35 ਲੱਖ ਦੀ ਆਬਾਦੀ ਸੀ। ਪੂਰਾ ਰਾਜ ਅੱਠ ਸੂਬਿਆਂ ’ਚ ਵੰਡਿਆ ਗਿਆ ਸੀ। ਲਾਹੌਰ, ਜਲੰਧਰ, ਕਾਂਗੜਾ, ਜੰਮੂ, ਕਸ਼ਮੀਰ, ਪਿਸ਼ਾਵਰ, ਗੁਜਰਾਤ ਤੇ ਮੁਲਤਾਨ। ਉਸ ਦਾ ਜਰਨੈਲ ਹਰੀ ਸਿੰਘ ਨਲਵਾ ਦੋ ਵਾਰ ਗਵਰਨਰ ਬਣਿਆ ਤੇ ਆਪਣੇ ਨਾਂ ਦਾ ਸਿੱਕਾ ਵੀ ਚਲਾਇਆ।
ਮਿੱਤਰਤਾ ਦੀ ਸੰਧੀ
ਅੰਗਰੇਜ਼ ਹਾਕਮ ਬਹੁਤ ਚਲਾਕ ਸਨ। ਉਨ੍ਹਾਂ ਨੇ 1809 ’ਚ ਮਹਾਰਾਜੇ ਨਾਲ ਮਿੱਤਰਤਾ ਦੀ ਸੰਧੀ ਕਰ ਲਈ ਤੇ ਦੋਵਾਂ ਧਿਰਾਂ ਨੇ ਸਾਰੀ ਉਮਰ ਇਸ ਸੰਧੀ ਦੀ ਪਾਲਣਾ ਕੀਤੀ। ਰਣਜੀਤ ਸਿੰਘ ਦੀ ਸੈਨਾ ਵਿਚ ਪੂਰਬੀਏ, ਗੋਰਖੇ, ਸਿੱਖ ਤੇ ਮੁਸਲਮਾਨ ਸ਼ਾਮਿਲ ਸਨ। ਉਸ ਨੂੰ ਆਪਣੇ ਵਿਦੇਸ਼ ਮੰਤਰੀ ਫ਼ਕੀਰ ਅਜੀਜ਼ਉਦਦੀਨ ’ਤੇ ਸਭ ਤੋਂ ਵੱਧ ਭਰੋਸਾ ਸੀ।
ਆਪਣੀ ਉਮਰ ਦੇ ਆਖ਼ਰੀ ਪੜਾਅ ਸਮੇਂ ਰਣਜੀਤ ਸਿੰਘ ਨੂੰ ਅਧਰੰਗ ਦੇ ਦੌਰੇ ਪੈਣ ਲੱਗੇ ਸਨ। ਕਮਜ਼ੋਰੀ ਬਹੁਤ ਹੋ ਗਈ ਸੀ। ਦੇਸੀ ਤੇ ਵਿਦੇਸ਼ੀ ਡਾਕਟਰਾਂ ਵੱਲੋਂ ਇਲਾਜ ਕਰਨ ਦੇ ਬਾਵਜੂਦ 27 ਜੂਨ 1839 ਨੂੰ ਮਹਾਰਾਜੇ ਦੀ ਮੌਤ ਹੋ ਗਈ। ਉਸ ਦੇ ਸਸਕਾਰ ਸਮੇਂ ਕੁਝ ਰਾਣੀਆਂ ਤੇ ਦਾਸੀਆਂ ਸਤੀ ਹੋਈਆ। ਮਹਾਰਾਜਾ ਰਣਜੀਤ ਸਿੰਘ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਜਾਂ ਇੰਨਾ ਸੁੰਦਰ ਨਹੀਂ ਸੀ। ਉਸ ਦੀ ਮੁਸਲਮਾਨ ਪਤਨੀ ਮੋਰਾਂ ਬਹੁਤ ਖ਼ੂਬਸੂਰਤ ਸੀ। ਇਕ ਦਿਨ ਉਸ ਨੇ ਮਹਾਰਾਜੇ ਨੂੰ ਛੇੜਿਆ,‘ਹਜ਼ੂਰ ਬਾਦਸ਼ਾਹ ਸਲਾਮਤ, ਜਦ ਅੱਲਾਹ ਸੁੰਦਰਤਾ ਵੰਡ ਰਿਹਾ ਸੀ, ਹਜ਼ੂਰ ਕਿੱਥੇ ਸਨ’? ਰਣਜੀਤ ਸਿੰਘ ਬੜਾ ਹਾਜ਼ਰ ਜਵਾਬ ਸੀ। ਉਸ ਨੇ ਜਵਾਬ ਦਿੱਤਾ, ‘ਉਸ ਸਮੇਂ ਆਪਣੇ ਲਈ ਰਾਜ ਹਾਸਿਲ ਕਰਨ ਗਿਆ ਹੋਇਆ ਸੀ।’
ਕੁਝ ਵੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਰਫ਼ 10 ਕੁ ਸਾਲਾਂ ’ਚ ਹੀ ਸ਼ਾਤਰ ਸਾਮਰਾਜੀ ਬਰਤਾਨਵੀ ਹਕੂਮਤ ਨੇ ਪੰਜਾਬ ’ਤੇ ਕਬਜ਼ਾ ਕਰ ਕੇ ਖ਼ਾਲਸਾ ਰਾਜ ਦਾ ਅੰਤ ਕਰ ਦਿੱਤਾ। ਇਹ ਸਭ ਆਪਣਿਆਂ ਦੀਆਂ ਗੱਦਾਰੀਆਂ ਕਾਰਨ ਹੋਇਆ। ਸ਼ਾਹ ਮੁਹੰਮਦ ਇਸ ਦਰਦ ਨੂੰ ਬਿਆਨਦਾ ਹੈ :
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
- ਬਲਦੇਵ ਸਿੰਘ (ਸੜਕਨਾਮਾ)
98147-83069