ਜੇ ਇਤਿਹਾਸ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖ਼ਾਲਸੇ ਦੇ ਕਾਰਨਾਮਿਆਂ ਨੂੰ ਤੱਕੀਏ ਤਾਂ ਖ਼ਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ।

ਖ਼ਾਲਸਾ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੀ ਦੁਨੀਆ ਅੰਦਰ ਕੋਈ ਨਹੀਂ ਦਿਸਦਾ। ਸਾਰਾ ਪਰਿਵਾਰ ਵਾਰ ਕੇ ਫਿਰ ਵੀ ਚੜ੍ਹਦੀ ਕਲਾ 'ਚ ਰਹਿਣਾ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਕਰ ਸਕਦੇ ਸਨ। ਆਪ ਜੀ ਦੀ ਵਡਿਆਈ ਵੱਡੀ ਹੈ। ਆਪ ਦੀ ਉਸਤਤ ਕਰਨ ਸਮੇਂ ਸ਼ਬਦ ਘੱਟ ਪੈ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ, ਉਨ੍ਹਾਂ ਦੀ ਹਰ ਗੱਲ, ਹਰ ਕਿਰਿਆ, ਹਰ ਕਰਤਵ ਹੀ ਉਤਮ ਤੋਂ ਉਚਤਮ ਦਰਜੇ ਦੀ ਚੜ੍ਹਦੀ ਕਲਾ ਦਾ ਸਾਕਾਰ ਰੂਪ ਸੀ। ਉਹ ਜਿੱਥੇ ਸਹਿਜ, ਸੱਚਾਈ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ ਸਨ ਉੱਥੇ ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ, ਕਲਮ ਤੇ ਤਲਵਾਰ ਦੇ ਧਨੀ ਵੀ ਸਨ। ਦੇਗ ਤੇਗ਼ ਫ਼ਤਹਿ ਉਨ੍ਹਾਂ ਦਾ ਬੋਲਾ ਤੇ 'ਸਤਿ ਸ੍ਰੀ ਅਕਾਲ' ਜੈਕਾਰਾ ਸੀ।
ਆਪ ਦੀ ਉਸਤਤ ਵਿਚ ਬਹੁਤ ਕੁਝ ਲਿਖਿਆ ਗਿਆ ਪਰ ਫਿਰ ਵੀ ਆਪ ਦੀ ਬਹੁਪੱਖੀ ਸ਼ਖ਼ਸੀਅਤ ਦੇ ਕੁਝ ਪਹਿਲੂਆਂ ਨੂੰ ਹੀ ਉਘਾੜਿਆ ਜਾ ਸਕਿਆ ਹੈ। ਆਪ ਦੀ ਸ਼ਖ਼ਸੀਅਤ ਦੇ ਅਨੇਕ ਰੰਗਾਂ ਨੂੰ ਕੇਵਲ ਉਹ ਆਪ ਹੀ ਜਾਣਦੇ ਹਨ। ਪੰਥ ਦੇ ਵਾਲੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਵੀਂ ਮੁਤਾਬਿਕ 1666 ਈਸਵੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ। ਆਪ 'ਬਚਿੱਤ੍ਰ ਨਾਟਕ' ਵਿਚ ਇਸ ਸਬੰਧੀ ਕਥਨ ਕਰਦੇ ਹਨ :
ਤਹੀ ਪ੍ਰਕਾਸ ਹਮਾਰਾ ਭÝੋ।।
ਪਟਨਾ ਸਹਰ ਬਿਖੈ ਭਵ ਲÝੋ।।
ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਢਾਕਾ, ਬੰਗਾਲ ਤੇ ਅਸਾਮ ਆਦਿ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿਚ ਬੀਤੇ ਤੇ ਇਸ ਦੌਰਾਨ ਉੱਥੇ ਹੀ ਆਪ ਨੇ ਵਿੱਦਿਆ ਵੀ ਲਈ। ਆਪ ਨੂੰ ਗੁਰਮੁਖੀ ਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜ-ਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਆਦਿ ਦੀ ਮੁੱਢਲੀ ਸਿਖਲਾਈ ਦਿੱਤੀ ਗਈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਘਟਨਾਵਾਂ ਵਿੱਚੋਂ ਖ਼ਾਲਸਾ ਸਿਰਜਣਾ ਦੀ ਗਾਥਾ ਅਸਲੋਂ ਵਿਲੱਖਣ ਤੇ ਨਿਵੇਕਲੀ ਹੈ। ਦੁਨੀਆ ਦੇ ਇਤਿਹਾਸ 'ਚ ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਰਹਿਬਰ ਵੱਲੋਂ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਮਾਨਤਾ ਦਿੱਤੀ ਗਈ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਖ਼ੁਦ ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ 'ਗੁਰੂ ਤੋਂ ਚੇਲਾ' ਹੋਣ ਦਾ ਇਤਿਹਾਸ ਸਿਰਜਿਆ। ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਇਸ ਸਮੇਂ ਨੂੰ ਬਿਆਨਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਵਿਚ ਲਿਖਦੇ ਹਨ :
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਜੇ ਇਤਿਹਾਸ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖ਼ਾਲਸੇ ਦੇ ਕਾਰਨਾਮਿਆਂ ਨੂੰ ਤੱਕੀਏ ਤਾਂ ਖ਼ਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਤੇ ਕਾਇਰ ਸਮਝੇ ਜਾਂਦੇ ਨੀਵੀਆਂ ਸ਼੍ਰੇਣੀਆਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ ਕਹਾਉਂਦੇ ਲੜਾਕੂਆਂ ਨੂੰ ਜੰਗਾਂ 'ਚ ਕਰਾਰੀ ਮਾਤ ਦਿੱਤੀ ਪਰ ਇਹ ਵੀ ਧਿਆਨਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਆਪ ਨੇ ਤੇ ਖ਼ਾਲਸੇ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਕੇਵਲ ਹੱਕ-ਸੱਚ ਦੀ ਪਹਿਰੇਦਾਰੀ ਕਰਦਿਆਂ ਲੜੀਆਂ। ਆਪ ਸਾਰੀ ਮਨੁੱਖਤਾ ਨਾਲ ਪਿਆਰ ਕਰਦੇ ਸਨ। ਸਭ ਵਿਚ ਇਕ ਪਰਮਾਤਮਾ ਦੀ ਜੋਤਿ ਅਨੁਭਵ ਕਰਦੇ ਸਨ। ਪਾਤਸ਼ਾਹ ਖ਼ੁਦ 'ਅਕਾਲ ਉਸਤਤ' ਵਿਚ ਫੁਰਮਾਉਂਦੇ ਹਨ :
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।
ਆਪ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਕੇ 'ਸਰਬੰਸ ਦਾਨੀ' ਅਖਵਾਏ। ਛੋਟੀ ਉਮਰ ਵਿਚ ਪਿਤਾ ਦੀ ਕੁਰਬਾਨੀ, ਚਮਕੌਰ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ, ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹਾਦਤ ਸਾਡੇ ਸਾਰਿਆਂ ਦੇ ਸਾਹਮਣੇ ਹੈ। ਆਪ ਵਿਚ ਏਨੀ ਸ਼ਕਤੀ ਸੀ ਕਿ ਆਪ ਜਿਸ 'ਤੇ ਵੀ ਕਿਰਪਾ ਕਰਦੇ ਸਨ, ਉਹ ਦੁਸ਼ਮਣ ਦਲ ਨਾਲ ਟੱਕਰ ਲੈਣ ਲਈ ਉਤਾਵਲਾ ਹੋ ਜਾਂਦਾ ਸੀ। ਇਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ, ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੀ ਖਿੰਡ ਚੁਕੀ ਸ਼ਕਤੀ ਨੂੰ ਸੰਗਠਤ ਕਰਨ, ਜਾਗੀਰਦਾਰੀ ਪ੍ਰਬੰਧ ਦੀਆਂ ਜੜ੍ਹਾਂ ਹਿਲਾਉਣ, ਸੁਤੰਤਰ ਲੋਕ ਰਾਜ ਦੀ ਸਥਾਪਨਾ ਕਰਨ, ਦੱਬੇ-ਕੁਚਲੇ ਲੋਕਾਂ ਦੇ ਮਨਾਂ 'ਚ ਆਤਮ ਵਿਸ਼ਵਾਸ ਪੈਦਾ ਕਰਨ ਤੇ ਪਰਮਾਤਮਾ 'ਚ ਭਰੋਸਾ ਰੱਖ ਕੇ ਹਰ ਕੰਮ ਫ਼ਤਹਿ ਕਰਨ ਵਾਲੇ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਦਾ ਯੋਗਦਾਨ ਅਹਿਮ ਹੈ।
ਅੱਜ ਵੀ ਜਦੋਂ ਅਸੀਂ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਹਾਂ ਤਾਂ ਅਦਰਸ਼ ਸਰੂਪ ਸ਼ਹੀਦ ਸਿੰਘ ਸਾਹਮਣੇ ਆ ਕੇ ਸਾਡੀ ਅਗਵਾਈ ਕਰਦੇ ਹਨ। ਇਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਰ ਦਾ ਹੀ ਕਮਾਲ ਕਿਹਾ ਜਾ ਸਕਦਾ ਹੈ। ਸਾਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੰਜ ਕਕਾਰੀ ਰਹਿਤ ਦੇ ਧਾਰਨੀ ਬਣ ਕੇ ਸਿੱਖ ਨੂੰ ਵੱਖਰੀ ਪਛਾਣ ਦਿੱਤੀ ਹੈ। ਸਾਡਾ ਵਿਰਸਾ ਬਹੁਤ ਮਹਾਨ ਹੈ ਪਰ ਸਾਡੀ ਨੌਜਵਾਨੀ ਨਸ਼ਿਆਂ ਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਹੈ। ਇਸ ਮਾਰੂ ਬਿਮਾਰੀ ਤੋਂ ਬਚਾਉਣ, ਗੁਰਸਿੱਖੀ ਮਾਰਗ 'ਤੇ ਨੌਜਵਾਨ ਪੀੜ੍ਹੀ ਨੂੰ ਤੋਰਨ ਵਾਸਤੇ ਆਪ ਦਾ ਪ੍ਰਕਾਸ਼ ਪੁਰਬ ਸਾਡੇ ਲਈ ਮਾਰਗ-ਦਰਸ਼ਨ ਕਰਦਾ ਹੈ। ਇਸ ਮੌਕੇ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਹੁਕਮਾਂ 'ਤੇ ਪਹਿਰਾ ਦੇਈਏ। ਇਸ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੁਨੀਆ ਵਿਚ ਜਾ ਸਕੇਗਾ।
- ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ