- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਮਹੀਨੇ ਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 (1469 ਈ.) ਰਾਏ ਭੋਇ ਦੀ ਤਲਵੰਡੀ, ਜਿਲ੍ਹਾ ਸ਼ੇਖਪੁਰਾ ਅੱਜ-ਕੱਲ ਇਹ ਸਥਾਨ ਪਾਕਿਸਤਾਨ ਹੈ ਅਤੇ ਇਹ ਸਥਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਸੁਸ਼ੋਭਿਤ ਹੈ।ਗੁਰੂ ਜੀ ਦੇ ਜਨਮ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ।

ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ ਫੂਲ : ਪੀਰ-ਪੈਗੰਬਰਾਂ, ਰਿਸੀਆਂ-ਮੁਨੀਆਂ, ਸਾਧੂ-ਸੰਤਾਂ, ਜਤੀਆਂ-ਤੱਪੀਆਂ,ਗੁਰੂਆਂ-ਭਗਤਾਂ ਨੇ ਇਸ ਧਰਤੀ ਤੇ ਜਨਮ ਲਿਆ ਹੈ। ਜਿਨ੍ਹਾਂ ਦੀਆਂ ਸਿਖਿਆਵਾਂ ਸਮਾਜ ਲਈ ਰਾਹ-ਦਸੇਰੇ ਬਣੀਆਂ ਹਨ ਜਦ ਇਸ ਧਰਤੀ ਤੇ ਘੋਰ ਅੰਧੇਰਾ ਪਸਰਿਆ ਹੋਇਆ ਸੀ ਤਾਂ ਚਾਨਣ ਫੈਲਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਮਹੀਨੇ ਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 (1469 ਈ.) ਰਾਏ ਭੋਇ ਦੀ ਤਲਵੰਡੀ, ਜਿਲ੍ਹਾ ਸ਼ੇਖਪੁਰਾ ਅੱਜ-ਕੱਲ ਇਹ ਸਥਾਨ ਪਾਕਿਸਤਾਨ ਹੈ ਅਤੇ ਇਹ ਸਥਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਸੁਸ਼ੋਭਿਤ ਹੈ।ਗੁਰੂ ਜੀ ਦੇ ਜਨਮ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁਝ ਅਕਤੂਬਰ-ਨਵੰਬਰ ਮਹੀਨੇ ਮੰਨਦੇ ਹਨ ਤੇ ਕੁਝ ਅਪ੍ਰੈਲ ਮਹੀਨਾ ਠੀਕ ਮੰਨਦੇ ਹਨ। ਗੁਰੂ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ ਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ (ਕਲਿਆਣ ਦਾਸ ਜੀ) ਸੀ ਅਤੇ ਉਹ ਖਤਰੀ ਪਰਿਵਾਰ ਨਾਲ ਸਬੰਧਤ ਬੇਦੀ ਸਨ। ਉਸ ਸਮੇਂ ਗੁਰੂ ਜੀ ਦੇ ਪਿਤਾ ਜੀ ਪਿੰਡ ਦੇ ਪਟਵਾਰੀ ਸਨ । ਗੁਰੁ ਸਾਹਿਬ ਜੀ ਦੇ ਕੋਈ ਭਰਾ ਨਹੀਂ ਸੀ, ਕੇਵਲ ਇੱਕ ਭੈਣ ਹੀ ਸੀ ਜੋ ਉਮਰ ‘ਚ ਗੁਰੂ ਜੀ ਤੋਂ 5 ਸਾਲ ਵੱਡੀ ਸੀ। ਜਿਸ ਦਾ ਨਾਮ ਨਾਨਕੀ ਜੀ ਸੀ।
ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ 7 ਸਾਲ ਦੀ ਉਮਰ ਵਿੱਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿੱਚ ਹਿੰਦੀ ਅਤੇ ਗਣਿਤ ਦੀ ਮੁਢੱਲੀ ਸਿੱਖਿਆ ਲਈ ਭੇਜਿਆ ਤਾਂ ਆਪ ਜੀ ਨੇ ਪਾਂਧੇ ਨੂੰ ਆਪਣੇ ਉੱਚ ਅਧਿਆਪਮਕ ਵਿਚਾਰਾ ਨਾਲ ਪ੍ਰਭਾਵਿਤ ਕੀਤਾ।ਫਿਰ ਗੁਰੂ ਜੀ ਨੇ ਮੌਲਵੀ ਕੁਤਬਉੱਦੀਨ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਲਿਆ ਤੇ ਪੰਡਤ ਬ੍ਰਿਜਨਾਥ ਤੋਂ ਸੰਸਕ੍ਰਿਤ ਸਿੱਖੀ ਜਦ ਪੁਰੋਹਿਤ ਹਰਦਿਆਲ ਨੇ ਗੁਰੂ ਨਾਨਕ ਜੀ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ ਤਾਂ ਗੁਰੂ ਸਾਹਿਬ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਪੁਰੋਹਿਤ ਹਰਦਿਆਲ ਨੂੰ ਜਨੇਊ ਪਹਿਨਣ ਤੋਂ ਕੋਰਾ ਜਵਾਬ ਦੇ ਦਿੱਤਾ । ਆਪ ਜੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਸੰਨ 1487 ਈ: ਨੂੰ ਬਟਾਲੇ ਦੇ ਵਸਨੀਕ ਮੂਲ ਚੰਦ ਖੱਤਰੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਜੀ( ਸੰਨ 1494) ਤੇ ਬਾਬਾ ਲੱਛਮੀ ਦਾਸ ਜੀ (ਸੰਨ 1497) ਨੂੰ ਪੈਦਾ ਹੋਏ।
ਮੁੱਢ ਤੋਂ ਹੀ ਗੁਰੂ ਜੀ ਦੇ ਪਿਤਾ ਦੀ ਦਿਲੀ ਇੱਛਾ ਸੀ ਕਿ ਆਪ ਹੱਥੀ ਕੰਮ-ਕਾਰ ਕਰਨ, ਜਾਂ ਚੰਗੇ ਵਪਾਰੀ ਬਣਨ। ਇੱਕ ਵਾਰ ਪਿਤਾ ਜੀ ਨੇ ਵੀਹ ਰੁਪਾਏ ਦੇ ਕੇ ਆਪ ਜੀ ਨੂੰ ਸੱਚਾ-ਸੌਦਾ ਕਰਨ ਲਈ ਭੇਜਿਆ ਤਾਂ ਰਾਸਤੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਸਕਾ ਕੇ ਖਾਲੀ ਹੱਥ ਵਾਪਸ ਘਰ ਮੁੜ ਆਏ। ਪਿਤਾ ਮਹਿਤਾ ਕਾਲੂ ਜੀ ਬਹੁਤ ਦੁਖੀ ਹੋਏ। ਫਿਰ ਗੁਰੂ ਜੀ ਨੂੰ ਮੱਝਾਂ ਚਾਰਨ ਲਾਇਆ, ਖੇਤੀ-ਬਾੜੀ ਦੇ ਕਿਤੇ ਤੇ ਲਾਇਆ, ਮੋਦੀ ਖਾਨੇ ਨੌਕਰੀ ਤੇ ਲਾਇਆ। ਸਭ ਹੀ ਕੰਮ ਵਿਚਕਾਰੇ ਛੱਡ ਦਿੱਤੇ ਗਏ, ਕਿਉਂਕਿ ਗੁਰੂ ਜੀ ਭਗਤੀ ਵਿੱਚ ਦਿਨ-ਰਾਤ ਲੀਨ ਰਹਿੰਦੇ ਸਨ।
ਗੁਰੂ ਜੀ ਦੇ ਆਗਮਨ ਸਮੇਂ ਸਮਾਜ ਵਿੱਚ ਕੂੜ ਦਾ ਬੋਲ-ਬਾਲਾ ਸੀ। ਲੋਕ ਅੰਧ-ਵਿਸ਼ਵਾਸਾਂ ਦੇ ਜਾਲ ਵਿੱਚ ਪੂਰੀ ਤਰ੍ਹਾਂ ਜਾਦੂ-ਟੂਣਿਆਂ, ਜੰਤਰਾਂ-ਮੰਤਰਾਂ, ਕਰਮ-ਕਾਡਾਂ ਵਿੱਚ ਫਸ ਚੁੱਕੇ ਸਨ। ਲੋਕ ਧਰਮ ਆਪਣਾ ਮੂਲ ਗੁਆ ਚੁੱਕੇ ਸਨ। ਲੋਕਾਂ ਦਾ ਪ੍ਰਮਾਤਮਾ ਵਿੱਚੋਂ ਵਿਸ਼ਵਾਸ ਬਿਲਕੁਲ ਟੁੱਟ ਚੁੱਕਾ ਸੀ।ਲੋਕ ਧਰਮ ਦੀ ਅਸਲੀਅਤ ਨੂੰ ਭੁੱਲ ਚੁੱਕੇ ਸਨ। ਧੋਖਾ, ਫਰੇਬ, ਠੱਗੀ, ਚੋਰੀ ਤੇ ਚਲਾਕੀ ਦਾ ਰਾਜ ਸੀ। ਹਰ ਪਾਸੇ ਬੇਚੈਨੀ ਤੇ ਘਬਰਾਹਟ ਛਾਈ ਪਈ ਸੀ। ਸਮਾਜ ਵਿੱਚ ਇਸਤਰੀ ਦੀ ਦਸ਼ਾ ਬਹੁਤ ਤਰਸਯੋਗ ਸੀ।ਬਹੁਤ ਹੀ ਭਿਆਨਕ ਹਾਲਾਤ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾ ਰਾਹੀ ਸਮਾਜ ਨੂੰ ਜਾਗਰਤ ਕਰਨ ਲਈ ਲੰਬੀਆਂ ਯਾਤਰਾਵਾਂ ਕੀਤੀਆਂ।ਯਾਤਰਾਵਾਂ ਨੂੰ ਉਦਸੀਆਂ ਕਿਹਾ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਸ਼ਰਧਾਲੂ ਭਾਈ ਮਰਦਾਨਾ ਨੂੰ ਨਾਲ ਲੈ ਕੇ ਲੱਗ-ਭਗ 21 ਸਾਲ ਉਦਾਸੀਆਂ ਕੀਤੀਆ।ਗੁਰੂ ਨਾਨਕ ਦੇਵ ਜੀ ਨੇ 1499 ਈ: ਵਿੱਚ ਪਹਿਲੀ ਉਦਾਸੀ ਸ਼ੁਰੂ ਕੀਤੀ।ਇਹ ਯਾਤਰਾ 12 ਸਾਲ ਵਿੱਚ ਸੰਪੂਰਨ ਹੋਈ। ਇਹ ਯਾਤਰਾ ਪੂਰਬ ਤੋਂ ਦੱਖਣ ਵੱਲ ਸੀ। ਜਿਵੇਂ ਐਮਨਾਬਾਦ, ਤਾਲੁੰਬਾ, ਕੁਰੂਕਸ਼ੇਤਰ, ਹਰਿਦੁਆਰ, ਪਾਨੀਪਤ, ਦਿਲੀ, ਗੋਰਖਮਤਾ, ਧੁਬਰੀ, ਬਨਾਰਸ, ਕਾਮਰੂਪ, ਜਗਨਾਥਪੁਰੀ, ਲੰਕਾ, ਅਜੁਧਿਆ, ਪ੍ਰਯਾਗ, ਗਇਆ, ਗੋਹਾਟੀ, ਢਾਕਾ, ਪਾਕਪਟਨ, ਪਾਲੀਪੁਰ, ਰਾਮੇਸ਼ੁਰਮ, ਕੌਡਾ ਭੀਲ, ਸਿੰਘਲਾਦੀਪ, ਬੰਬਈ, ਰਾਜਸਥਾਨ, ਸੁਲਤਾਨਪੁਰ ਆਦਿ ਗੁਰੂ ਨਾਨਕ ਦੇਵ ਜੀ ਨੇ ਦੂਜੀ ਉਦਾਸੀ ਸੰਨ 1513 ਈ: ਤੋਂ ਸ਼ੁਰੂ ਕੀਤੀ, ਇਸ ਤੇ 3 ਸਾਲ ਲੱਗੇ, ਇਹ ਉਦਾਸੀ ਉਤਰ ਵੱਲ ਸੀ। ਯਤਰਾਵਾਂ ਕੀਤੀਆਂ ਜਿਵੇਂ ਕਾਗੜ ਕੁੱਲੂ, ਜਵਾਲਾ ਮੁਖੀ, ਬੈਜਨਾਥ, ਰਿਵਾਲਸਰ (ਪਹਾੜੀ ਰਿਆਸਤ), ਕੈਲਾਸ ਪਰਬਤ, ਕਸ਼ਮੀਰ, ਸਿਆਲ ਕੋਟ, ਲੱਦਾਖ, ਹਸਨ ਅਬਦਾਲ, ਸੁਮੇਰ ਪਰਬਤ, ਸਿਕਮ, ਤਿਬਤ, ਅਮਰਨਾਥ, ਜੰਮੂ ਆਦਿ।
ਤੀਜੀ ਉਦਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1517 ਈ: ਦੇ ਅਖੀਰ ‘ਚ ਸ਼ੁਰੂ ਕੀਤੀ। ਇਹ ਉਦਾਸੀ ਪੱਛਮੀ ਏਸ਼ੀਆ ਦੇਸ਼ਾਂ ਵੱਲ ਸੀ। ਇਸ ਉਦਾਸੀ ਤੇ ਲਗ-ਭਗ 4 ਸਾਲ ਦਾ ਸਮਾਂ ਲੱਗਿਆ। ਇਹ ਉਦਾਸੀ ਇਸ ਪ੍ਰਕਾਰ ਸੀ, ਜਿਵੇਂ: ਮੁਲਤਾਨ, ਮੱਕਾ, ਮਦੀਨਾ, ਕਾਬਲ, ਕੰਧਾਰ, ਬਗਦਾਦ, ਪਿਸ਼ਾਵਰ, ਸੈਦਪੁਰ, ਜਲਾਲਾਬਾਦ, ਆਦਿ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ (ਉਦਾਸੀਆਂ) ਸੰਨ 1521 ਈ: ਸਮਾਪਤ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸਮਾਪਤ ਹੋਣ ਮਗਰੋਂ ਆਪਣੀ ਉਮਰ ਦੇ 18 ਸਾਲ ਕਰਤਾਰਪੁਰ ਵਿਖੇ ਹੀ ਗੁਜ਼ਾਰੇ। ਗੁਰੂ ਸਾਹਿਬ ਜੀ ਧਰਮ ਪਰਚਾਰ ਕਰਨ ਜਾਂਦੇ ਸਨ।ਨਾਮ ਜਪਣ, ਹੱਥੀ ਕਿਰਤ ਕਰਨ ਅਤੇ ਵੰਡ ਛਕਣ ਲਈ ਅਮਲੀ ਸਿੱਖਿਆ ਦਿੱਤੀ। ਪੁਰੋਹਿਤ ਵਰਗ, ਮੂਰਤੀ ਪੂਜਾ, ਜਾਤੀ ਪ੍ਰਥਾ, ਗਲਤ ਰੀਤੀ-ਰਿਵਾਜ, ਇਸਤਰੀ ਜਾਤੀ ਨਾਲ ਹੁੰਦਾ ਅਨਿਆਏ ਦੀ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨਿਡਰ ਦੇਸ਼ ਭਗਤ ਸਨ, ਉਨ੍ਹਾਂ ਇੱਕ ਫਿਰਕੇ ਦਾ ਨਹੀਂ ਸਗੋਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਆਪ ਜੀ ਦੀ ਸਿੱਖਿਆ ਸਾਡੀ ਅਗਵਾਈ ਕਰਦੀ ਹੈ। ਦੇਸ਼ ਦੀ ਅਖੰਡਤਾ ਕਾਇਮ ਰੱਖ ਲਈ ਗੁਰੂ ਜੀ ਦੀ ਸਿੱਖਿਆ ਬੜੀ ਮਹੱਤਵ ਪੂਰਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸਤਰੀ ਦੀ ਨਿਰਾਦਰੀ ਹੁੰਦੀ ਸੀ। ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਆਦਰ ਸਤਿਕਾਰ ਨਹੀਂ ਸੀ। ਇਸ ਬੁਰਾਈ ਨੂੰ ਲਾਹਨਤ ਪਾਉਂਦਿਆਂ ਗੁਰੂ ਜੀ ਨੇ ਸੰਦੇਸ਼ ਦਿੱਤਾ।
‘ਸੋ ਕਿਉਂ ਮੰਦਾ ਆਖਿਐ, ਜਿਤੁ ਜਮਹਿ ਰਾਜਾਨੁ
ਉਸ ਸਮੇਂ ਗਰੀਬ ਨਿਆਸਰਿਆਂ ਦਾ ਖੂਨ ਚੂਸਿਆ ਜਾ ਰਿਹਾ ਸੀ ਤਾਂ ਗੁਰੂ ਜੀ ਨੇ ਜ਼ੁਾਲਮ ਨੂੰ ਫਟਕਾਰਾਂ ਪਾਈਆਂ।
‘ਜੋ ਰਤੁ ਲੱਗੇ ਕੱਪੜੇ, ਜਾਮਾ ਹੋਇ ਪਲੀਤ,
ਜੋ ਰਤਿ ਪੀਵਹਿ ਮਾਣਸਾ, ਤਿੰਨ ਕਿਓਂ ਨਿਰਮਲ ਜੀਤੁ
ਗੁਰੂ ਜੀ ਨੇ ਅਣ-ਮਨੁੱਖੀ ਵੰਡ ਨੂੰ ਭੰਡਿਆਂ ‘ਤੇ ਨੀਚਾਂ ਨੂੰ ਸਲਾਹਿਆ ਅਤੇ ਉਨ੍ਹਾਂ ਦੇ ਸਾਥ ਨੂੰ ਅਪਣਾਇਆ।
ਨੀਚ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ
ਨਾਨਕ ਤਿੰਨ ਕੈ ਸੰਗਿ ਸਾਥਿ, ਵਡਿਆ ਸਿੳਂੁ ਕਿਆ ਰੀਸ
ਜਦੋੋਂ ਘੋਰ ਅੱਤਿਆਚਾਰ ਹੋ ਰਹੇ ਸਨ। ਮਜ਼ਲੂਮ ਲੋਕ ਹਾਕਮਾਂ ਦੀਆਂ ਵਧੀਕੀਆਂ ਹੇਠ ਕੁਚਲੇ ਜਾ ਰਹੇ ਸਨ ਤਾਂ ਗੁਰੂ ਜੀ ਨੇ ਰੱਬ ਨੂੰ ਵੀ ਉਲਾਂਭਾ ਦਿੱਤਾ।
‘ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ’
ਉਸ ਸਮੇਂ ਪਖੰਡੀ ਲੋਕਾਂ ਨੇ ਅੰਧ-ਵਿਸ਼ਵਾਸ ਫਲਾ ਛੱਡਿਆ ਸੀ, ਤਾਂ ਗੁਰੂ ਜੀ ਨੇ ਓਦੋਂ ਇਹ ਵਚਨ ਉਚਾਰੇ
‘ਏਕ ਪਿਤਾ ਏਕਮ ਕੇ ਹਮ ਬਾਰਿਕ’
ਗੁਰੂ ਜੀ ਨੇ ਉਸ ਸਮੇਂ ਦੀਆਂ ਰਾਜਸ਼ਾਹੀ ਤਾਕਤਾਂ ਬਾਰੇ ਬਿਆਨ ਕੀਤਾ
ਰਾਜੇ ਸੀਹ ਮੁਕਦਮ ਕੁਤੇ
ਜਾਇ ਜਗਾਇਨੁ ਬੈਠੇ ਸੁਤੇ
ਚਾਕਰ ਨਹਦਾ ਪਾਇਨਿ ਘਾਊ
ਰਤੁ ਪਿਤੁ ਕੁਤਿਹੋ ਚਟਿ ਜਾਹੁ
ਗੁਰੂ ਜੀ ਸੱਚ ਦੇ ਪ੍ਰਚਾਰਕ ਤੇ ਉਪਾਸਕ ਸਨ ਜਦੋਂ ਸਿੱਧਾ ਨੇ ਪੁੱਛਿਆ ਕਿ ਤੁਸੀਂ ਰਟਨ ਕਿਸ ਕਾਰਨ ਕਰ ਰਹੇ ਹੋ? ਤਾਂ ਆਪ ਜੀ ਨੇ ਫਰਮਾਇਆ
ਨਾਥ ਜੀ, ਸੱਚ ਚੰਦ੍ਰਮਾ ਕੂੜ ਅੰਧਾਰ
ਹਉ ਭਾਲਣ ਚੜ੍ਹਿਆ ਸੰਸਾਰ
ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦੇ ਸੇਵਕ ਅਤੇ ਸੱਚ ਦੇ ਪੁਜਾਰੀ ਸਨ। ਆਪ ਜੀ ਦੇ ਮਹਾਨ ਵਿਚਾਰ ਇਹ ਹੈ:
ਮਨ ਹਠ ਬੁਧੀ ਕੇਤੀਆ ਕੇਤੇ ਬੰਦ ਬੀਚਾਰ
ਕੇਤੇ ਬੰਧਨ ਜੀਆ ਕੇ ਗੁਰਮਖਿ ਪੋਖ ਦੁਆਰ
ਸਚਹੁ ਓਰੈ ਸਭਕੋ ਉਪਰਿ ਸਚੁ ਆਚਾਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਮਨੁੱਖਤਾ ਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦਿਆਂ ਫਰਮਾਇਆ
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੂ ਪਛਾਣਹਿ ਸੇਇ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ, ਸੱਚੇ ਆਚਾਰ ਅਤੇ ਅਮਲੀ ਜੀਵਨ ਤੋਂ ਵੱਧ ਜ਼ੋਰ ਦਿੱਤਾ। ਆਪ ਜੀ ਦਾ ਕਥਨ ਹੈ।
ਆਦਿ ਸਚੁ, ਜੁਗਾਦਿ ਸਚੁ
ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਸੱਚ ਰਹਿੰਦੀ ਦੁਨੀਆਂ ਤੱਕ ਅਮਰ ਹੈ, ਹਕੀਕੀ ਹੈ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਨਾ ਕਦੇ ਮਿਟਾਇਆ ਜਾ ਸਕਦਾ ਹੈ।
‘ਸਚੁ ਤਾਂ ਪਰ ਜਾਣੀਐ ਜਾ ਰਿਦੇ ਸਚਾ ਹੋਇ
ਕੜੂ ਕੀ ਮਲੁ ਉਤਰੈ ਤਨ ਕਰੇ ਧੋਇ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਕਵੀ ਤੇ ਸੰਗੀਤਕਾਰ ਸਨ। ਆਪ ਜੀ ਨੇ 976 ਸ਼ਬਦ, 19 ਰਾਗਾਂ ‘ਚ ਰਚੇ ਹਨ। ਗੁਰੂ ਜੀ ਨੇ ‘ਜਪੁਜੀ’ ਨੂੰ ਛੱਡ ਬਾਕੀ ਸਾਰੀ ਬਾਣੀ ਰਾਗਾਂ ਵਿੱਚ ਰਚੀ ਹੈ।ਬਾਣੀ ਦਾ ਵੇਰਵਾ:- ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲੁ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ ਸਲੋਕ ਹਨ।‘ਜਪਜੀ’ ਆਪ ਜੀ ਦੀ ਮਹਾਨ ਬਾਣੀ ਹੈ। ਪੱਟੀ, ਥਿਤੀ, ਦੱਖਣੀ ਓਅੰਕਾਰ, ਸਿਧ ਗੋਸਟਿ ਗੁਰੂ ਜੀ ਦੀਆਂ ਲੰਮੇਰੀਆਂ ਬਾਣੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ। ਭਾਈ ਲਹਿਣਾ ਦੀ ਮਹਾਨ ਸੇਵਾ ਦੇਖ ਕੇ ਆਪਣੀ ਗੱਦੀ ਦਾ ਵਾਰਸ ਚਣਿਆ ਤੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਸ਼ੁਸ਼ੋਭਿਤ ਕੀਤਾ।ਇਥੇ ਹੀ ਆਪ ਜੀ 70 ਸਾਲ ਦੀ ਉਮਰ ਵਿੱਚ ਸੰਮਤ 1596 (1539 ਈ:) ਨੂੰ ਜੋਤੀ-ਜੋਤ ਸਮਾਅ ਗਏ।