- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਧਾ ਰਮਨ ਮੰਦਰ ਵ੍ਰਿੰਦਾਵਨ ਦੇ ਸਭ ਤੋਂ ਪ੍ਰਾਚੀਨ ਅਤੇ ਇਤਿਹਾਸਕ ਮੰਦਰਾਂ 'ਚੋਂ ਹੈ। ਇਸ ਮੰਦਰ ਨਾਲ ਜੁੜਿਆ ਇਕ ਰਹੱਸ ਇਹ ਵੀ ਹੈ ਕਿ ਮੰਦਰ ਦੇ ਰਸੋਈ ਘਰ ਵਿਚ 500 ਸਾਲਾਂ ਤੋਂ ਵੀ ਜ਼ਿਆਦਾ ਪਹਿਲਾਂ ਤੋਂ ਲਗਾਤਾਰ ਅੱਗ ਜਲ ਰਹੀ ਹੈ ਤੇ ਇਹ ਉਹੀ ਅੱਗ ਹੈ, ਜੋ ਮੰਦਰ ਦੇ ਨਿਰਮਾਣ ਦੇ ਸਮੇਂ ਜਲਾਈ ਗਈ ਸੀ। ਮੰਦਰ 'ਚ ਲੱਗਣ ਵਾਲੇ ਭੋਗ ਨੂੰ ਇਸੇ ਅੱਗ ਵਿੱਚ ਪਕਾਇਆ ਜਾਂਦਾ ਹੈ ਜੋ ਕਿ ਠਾਕੁਰ ਜੀ ਨੂੰ ਵੀ ਲਗਾਇਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਸਥਿਤ ਹੈ ਸ਼੍ਰੀ ਰਾਧਾ ਰਮਨ ਜੀ ਦਾ ਮੰਦਰ ਜੋ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਰਾਧਾ ਰਮਨ ਰੂਪ ਨੂੰ ਸਮਰਪਿਤ ਹੈ। ਇਹ ਮੰਦਰ 1542 ਈਸਵੀ 'ਚ ਗੋਪਾਲ ਭੱਟ ਗੋਸਵਾਮੀ ਵੱਲੋਂ ਬਣਾਇਆ ਗਿਆ ਸੀ। ਸ਼੍ਰੀ ਰਾਧਾ ਰਮਨ ਮੰਦਰ, ਸ਼੍ਰੀ ਰਾਧਾ ਵੱਲਭ ਜੀ, ਸ਼੍ਰੀ ਗੋਵਿੰਦ ਦੇਵ ਜੀ ਤੇ 4 ਹੋਰਾਂ ਸਮੇਤ ਵ੍ਰਿੰਦਾਵਨ ਦੇ ਠਾਕੁਰਜੀ ਦੇ 7 ਮੰਦਰਾਂ 'ਚੋਂ ਇਕ ਹੈ। ਇਹ ਮੰਦਰ ਵ੍ਰਿੰਦਾਵਨ ਦੇ ਸਭ ਤੋਂ ਸਤਿਕਾਰਤ ਮੰਦਰਾਂ 'ਚੋਂ ਇਕ ਹੈ। ਇਸ ਵਿਚ ਰਾਧਾ ਰਾਣੀ ਦੇ ਨਾਲ ਕ੍ਰਿਸ਼ਨ ਮੂਲ ਸ਼ਾਲੀਗ੍ਰਾਮ ਦੇਵਤਾ ਦੇ ਰੂਪ 'ਚ ਵਾਸ ਕਰਦੇ ਹਨ।
ਸ਼੍ਰੀ ਰਾਧਾ ਰਮਨ ਜੀ ਦਾ ਮੰਦਰ ਸ਼੍ਰੀ ਗੌੜੀਯ ਸਮਾਜ ਦੇ ਸਭ ਤੋਂ ਪ੍ਰਸਿੱਧ ਮੰਦਰਾਂ 'ਚ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਹੋਰ ਵਿਗ੍ਰਹਿ (ਮੂਰਤੀਆਂ) ਤਾਂ ਵ੍ਰਿੰਦਾਵਨ ਛੱਡ ਕੇ ਜੈਪੁਰ ਚਲੇ ਗਏ ਸਨ, ਪਰ ਇੱਕਮਾਤਰ ਸ਼੍ਰੀ ਰਾਧਾ ਰਮਨ ਜੀ ਕਦੇ ਵੀ ਵ੍ਰਿੰਦਾਵਨ ਧਾਮ ਛੱਡ ਕੇ ਨਹੀਂ ਗਏ ਤੇ ਸਾਲ 1542 ਤੋਂ ਇੱਥੇ ਹੀ ਬਿਰਾਜਮਾਨ ਹਨ। ਮੰਦਰ ਦੇ ਦੱਖਣੀ ਹਿੱਸੇ 'ਚ ਸ਼੍ਰੀ ਰਾਧਾ ਰਮਨ ਜੀ ਦਾ ਪ੍ਰਗਟ ਸਥਾਨ ਤੇ ਗੋਪਾਲ ਭੱਟ ਗੋਸਵਾਮੀ ਜੀ ਦਾ ਸਮਾਧੀ ਸਥਲ ਹੈ। ਮੰਨਿਆ ਜਾਂਦਾ ਹੈ ਕਿ ਗੋਪਾਲ ਭੱਟ ਗੋਸਵਾਮੀ ਜੀ ਨੇ ਹੀ ਰਾਧਾ ਰਮਨ ਦੇ ਵਿਗ੍ਰਹਿ ਨੂੰ ਪ੍ਰਗਟ ਕੀਤਾ ਸੀ।
ਇਕ ਵਾਰ ਗੋਪਾਲ ਭੱਟ ਗੋਸਵਾਮੀ ਜੀ ਯਾਤਰਾ ਦੌਰਾਨ ਗੰਡਕੀ ਨਦੀ 'ਚ ਨਹਾ ਕੇ ਸੂਰਜ ਭਗਵਾਨ ਨੂੰ ਅਰਘ ਦੇ ਰਹੇ ਸਨ, ਉਦੋਂ ਹੀ ਉਨ੍ਹਾਂ ਦੀ ਹਥੇਲੀ 'ਚ ਸ਼ਾਲੀਗ੍ਰਾਮ ਭਗਵਾਨ ਦੀ ਇਕ ਅਦਭੁਤ ਸ਼ਿਲਾ ਉਨ੍ਹਾਂ ਦੇ ਹੱਥ ਵਿਚ ਆ ਗਈ। ਇਸੇ ਤਰ੍ਹਾਂ 12 ਵਾਰ ਚੁੱਭੀ ਲਗਾਉਣ 'ਤੇ 12 ਸ਼ਾਲੀਗ੍ਰਾਮ ਜੀ ਦੀਆਂ ਸ਼ਿਲਾਵਾਂ ਉਨ੍ਹਾਂ ਦੇ ਹੱਥ 'ਚ ਆਈਆਂ। ਇਸ ਤੋਂ ਬਾਅਦ ਗੋਪਾਲ ਭੱਟ ਸੁਆਮੀ ਜੀ ਉਨ੍ਹਾਂ ਸਾਰੀਆਂ ਸ਼ਿਲਾਵਾਂ ਨੂੰ ਲੈ ਕੇ ਵ੍ਰਿੰਦਾਵਨ ਆ ਗਏ। ਉਨ੍ਹਾਂ ਨੇ ਉਨ੍ਹਾਂ ਸਾਰੀਆਂ ਸ਼ਿਲਾਵਾਂ ਨੂੰ ਯਮੁਨਾ ਨਦੀ ਦੇ ਕੇਸ਼ੀ ਘਾਟ ਤਟ 'ਤੇ ਇਕ ਕੁਟੀਆ ਬਣਾ ਕੇ ਬਿਰਾਜਮਾਨ ਕਰ ਦਿੱਤਾ ਅਤੇ ਸੱਚੀ ਸ਼ਰਧਾ ਭਾਵਨਾ ਨਾਲ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ।
ਇਕ ਵਾਰ ਵ੍ਰਿੰਦਾਵਨ ਦੀ ਯਾਤਰਾ 'ਤੇ ਨਿਕਲੇ ਹੋਏ ਸੇਠ ਜੀ ਨੇ ਵ੍ਰਿੰਦਾਵਨ 'ਚ ਸਥਿਤ ਉਨ੍ਹਾਂ ਸਾਰੇ ਵਿਗ੍ਰਹਿਆਂ ਲਈ ਵੱਖ-ਵੱਖ ਤਰ੍ਹਾਂ ਦੇ ਮਹਿੰਗੇ ਕੱਪੜੇ ਤੇ ਗਹਿਣੇ ਦਿੱਤੇ। ਉਨ੍ਹਾਂ ਨੇ ਵਸਤਰ ਅਤੇ ਆਭੂਸ਼ਣ ਸ਼੍ਰੀ ਗੋਪਾਲ ਭੱਟ ਜੀ ਨੂੰ ਭੇਂਟ ਕਰ ਦਿੱਤੇ। ਪਰ ਜਦੋਂ ਉਨ੍ਹਾਂ ਨੇ ਸ਼ਾਲੀਗ੍ਰਾਮ ਵੱਲ ਦੇਖਿਆ ਤਾਂ ਉਹ ਸੋਚਣ ਲੱਗੇ ਕਿ ਸ਼੍ਰੀ ਸ਼ਾਲੀਗ੍ਰਾਮ ਜੀ ਨੂੰ ਕੱਪੜੇ ਕਿਵੇਂ ਧਾਰਨ ਕਰਵਾਏ ਜਾਣ। ਸ਼੍ਰੀ ਗੋਸਵਾਮੀ ਭੱਟ ਜੀ ਸੋਚਣ ਲੱਗੇ ਜੇਕਰ ਮੇਰੇ ਭਗਵਾਨ ਵੀ ਦੂਜੇ ਭਗਵਾਨਾਂ ਵਾਂਗ ਹੁੰਦੇ, ਤਾਂ ਮੈਂ ਉਨ੍ਹਾਂ ਨੂੰ ਨਵੇਂ-ਨਵੇਂ ਵਸਤਰ ਪਹਿਨਾਉਣ ਦੇ ਨਾਲ-ਵੱਖ ਤਰ੍ਹਾਂ ਦੇ ਆਭੂਸ਼ਣਾਂ ਨਾਲ ਸਜਾਉਂਦਾ ਅਤੇ ਉਨ੍ਹਾਂ ਨੂੰ ਝੂਲੇ ਵਿੱਚ ਬਿਠਾ ਕੇ ਝੂਟਾ ਦਿੰਦਾ।
ਇਸ ਖ਼ਿਆਲ ਵਿਚ ਡੁੱਬੇ-ਡੁੱਬੇ ਪੂਰੀ ਰਾਤ ਬੀਤ ਗਈ ਪਰ ਉਨ੍ਹਾਂ ਨੂੰ ਨੀਂਦ ਨਹੀਂ ਆਈ। ਸਵੇਰੇ ਜਦੋਂ ਥੋੜ੍ਹੀ ਅੱਖ ਲੱਗੀ ਤਾਂ ਉੱਠਣ ਤੋਂ ਬਾਅਦ ਉਨ੍ਹਾਂ ਜੋ ਦੇਖਿਆ ਉਸਨੂੰ ਦੇਖ ਕੇ ਉਹ ਕਾਫ਼ੀ ਹੈਰਾਨ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ, ਸ਼ਾਲੀਗ੍ਰਾਮ ਸਾਖਸ਼ਾਤ ਮੁਰਲੀਧਰ ਸ਼ਿਆਮ ਜੀ ਦੇ ਰੂਪ 'ਚ ਬੈਠੇ ਹੋਏ ਹਨ। ਜਿਸ ਦਿਨ ਇਹ ਘਟਨਾ ਵਾਪਰੀ ਉਹ ਦਿਨ 1599 ਬਿਕਰਮੀ ਸੰਮਤ ਵੈਸਾਖ ਸ਼ੁਕਲ ਪੂਰਨਮਾਸ਼ੀ ਦਾ ਸ਼ੁਭ ਦਿਨ ਸੀ।
ਗੋਪਾਲ ਭੱਟ ਸੁਆਮੀ ਸ਼੍ਰੀ ਸ਼ਾਲੀਗ੍ਰਾਮ ਦਾ ਬਦਲਿਆ ਰੂਪ ਦੇਖ ਕੇ ਤੁਰੰਤ ਉੱਠੇ, ਉਨ੍ਹਾਂ ਆਪਣੇ ਭਗਵਾਨ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਤੇ ਉਨ੍ਹਾਂ ਦੀ ਸੇਵਾ ਕੀਤੀ। ਉਸ ਤੋਂ ਬਾਅਦ ਗੋਪਾਲ ਭੱਟ ਗੋਸਵਾਮੀ ਜੀ ਨੇ ਆਪਣੇ ਸਾਰੇ ਵੱਡਿਆਂ ਅਤੇ ਗੁਰੂਜਨਾਂ ਨੂੰ ਬੁਲਾਇਆ ਅਤੇ ਰਾਧਾ ਰਮਨ ਜੀ ਦੇ ਪ੍ਰਾਕਟਯ ਉਤਸਵ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ।
ਭਗਵਾਨ ਰਾਧਾ ਰਮਨ ਜੀ ਗੋਸਵਾਮੀ ਜੀ ਦੇ ਨਿਵਾਸ ਦੇ ਨੇੜੇ ਇਕ ਪਿੱਪਲ ਦੇ ਰੁੱਖ ਦੇ ਹੇਠਾਂ ਪ੍ਰਗਟ ਹੋਏ ਸਨ। ਇਹ ਉਹੀ ਬ੍ਰਹਮ ਸਥਾਨ ਹੈ, ਜਿੱਥੇ ਅੱਜ ਤੋਂ ਕਰੀਬ 4500 ਸਾਲ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਨ ਇੱਕ ਰਾਸ ਦੌਰਾਨ ਸ਼੍ਰੀ ਰਾਧਾ ਜੀ ਤੋਂ ਅਲੋਪ ਹੋ ਗਏ ਸਨ। ਪਰ ਗੋਪਾਲ ਭੱਟ ਗੋਸਵਾਮੀ ਦੇ ਕਹਿਣ 'ਤੇ ਇੱਕ ਵਾਰ ਫਿਰ ਉਸੇ ਸਥਾਨ 'ਤੇ ਵਿਗ੍ਰਹਿ ਦੇ ਰੂਪ ਵਿੱਚ ਪ੍ਰਗਟ ਹੋਏ। ਕਿਹਾ ਜਾਂਦਾ ਹੈ ਕਿ, ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਉਸ ਜਗ੍ਹਾ ਤੋਂ ਅਲੱਗ ਹੋਏ ਸਨ ਤਾਂ ਰਾਧਾ ਜੀ ਨੇ ਉਨ੍ਹਾਂ ਨੂੰ ਰਮਨ ਦੇ ਨਾਮ ਨਾਲ ਪੁਕਾਰਿਆ ਅਤੇ ਫਿਰ ਉਨ੍ਹਾਂ ਨੂੰ ਸਾਰੇ ਲੋਕ ਰਾਧਾ ਦੇ ਰਮਨ ਦੇ ਨਾਮ ਨਾਲ ਜਾਣਨ ਲੱਗੇ, ਤਾਂ ਇਸ ਤਰ੍ਹਾਂ ਗੋਪਾਲ ਭੱਟ ਗੋਸਵਾਮੀ ਜੀ ਨੇ ਉਨ੍ਹਾਂ ਦਾ ਨਾਮ ਰਾਧਾ ਰਮਨ ਰੱਖ ਦਿੱਤਾ।
ਰਾਧਾ ਰਮਨ ਜੀ ਦਾ ਵਿਗ੍ਰਹਿ ਕੇਵਲ ਬਾਰਾਂ ਉਂਗਲਾਂ ਜਿੱਡਾ ਹੈ, ਪਰ ਉਨ੍ਹਾਂ ਦੇ ਦਰਸ਼ਨ ਇੰਨੇ ਨਿਰਾਲੇ ਤੇ ਮਨਮੋਹਕ ਹਨ ਕਿ ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਰਾਧਾ ਰਮਨ ਪ੍ਰੇਮੀ ਹੋ ਜਾਂਦਾ ਹੈ।
ਵ੍ਰਿੰਦਾਵਨ ਸਥਿਤ ਪ੍ਰਾਚੀਨ ਵਿਗ੍ਰਹਿਆਂ ਨੂੰ ਪਹਿਲਾਂ ਗੋਵਿੰਦ, ਮਦਨਮੋਹਨ ਅਤੇ ਗੋਪੀਨਾਥ ਵਰਗੇ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਸੀ, ਪਰ ਬਾਅਦ 'ਚ ਸ਼੍ਰੀ ਰਾਧਾ ਰਾਣੀ ਜੀ ਦੇ ਵਿਗ੍ਰਹਿ ਨੂੰ ਉਨ੍ਹਾਂ ਸਾਰੇ ਮੰਦਰਾਂ ਵਿੱਚ ਸਥਾਪਿਤ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਮ ਬਦਲ ਕੇ ਰਾਧਾ ਗੋਵਿੰਦ, ਰਾਧਾ ਗੋਪੀਨਾਥ ਅਤੇ ਰਾਧਾ ਮਦਨਮੋਹਨ ਰੱਖ ਦਿੱਤਾ ਗਿਆ।
ਰਾਧਾ ਰਮਨ ਜੀ ਬਾਰੇ ਦਿਲਚਸਪ ਗੱਲ ਇਹ ਹੈ ਕਿ, ਇਨ੍ਹਾਂ ਦਾ ਵਿਗ੍ਰਹਿ ਇਨ੍ਹਾਂ ਦੇ 3 ਹੋਰ ਵਿਗ੍ਰਹਿਆਂ ਤੋਂ ਮਿਲ ਕੇ ਬਣਿਆ ਹੋਇਆ ਰੂਪ ਹੈ।
ਇਨ੍ਹਾਂ ਦਾ ਮੁਖਾਰਬਿੰਦ ਗੋਵਿੰਦ ਦੇਵ ਦੀ ਤਰ੍ਹਾਂ ਹੈ।
ਵਕਸ਼ ਸਥਲ (ਛਾਤੀ ਵਾਲਾ ਹਿੱਸਾ) ਗੋਪੀਨਾਥ ਦੀ ਤਰ੍ਹਾਂ ਹੈ।
ਉੱਥੇ ਹੀ ਇਨ੍ਹਾਂ ਦੇ ਚਰਨ ਕਮਲ ਮਦਨਮੋਹਨ ਦੀ ਤਰ੍ਹਾਂ ਹਨ।
ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਦਰਸ਼ਨ ਮਾਤਰ ਨਾਲ ਹੀ ਤਿੰਨਾਂ ਵਿਗ੍ਰਹਿਆਂ ਦੇ ਦਰਸ਼ਨ ਪੂਰੇ ਹੋ ਜਾਂਦੇ ਹਨ ਅਤੇ ਇਨ੍ਹਾਂ ਦੇ ਇਕੱਲੇ ਦਰਸ਼ਨਾਂ ਨਾਲ ਤਿੰਨ ਠਾਕੁਰ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਸ਼੍ਰੀ ਰਾਧਾ ਰਮਨ ਮੰਦਰ ਵ੍ਰਿੰਦਾਵਨ ਦੇ ਸਭ ਤੋਂ ਪ੍ਰਾਚੀਨ ਅਤੇ ਇਤਿਹਾਸਕ ਮੰਦਰਾਂ 'ਚੋਂ ਹੈ। ਇਸ ਮੰਦਰ ਨਾਲ ਜੁੜਿਆ ਇਕ ਰਹੱਸ ਇਹ ਵੀ ਹੈ ਕਿ ਮੰਦਰ ਦੇ ਰਸੋਈ ਘਰ ਵਿਚ 500 ਸਾਲਾਂ ਤੋਂ ਵੀ ਜ਼ਿਆਦਾ ਪਹਿਲਾਂ ਤੋਂ ਲਗਾਤਾਰ ਅੱਗ ਜਲ ਰਹੀ ਹੈ ਤੇ ਇਹ ਉਹੀ ਅੱਗ ਹੈ, ਜੋ ਮੰਦਰ ਦੇ ਨਿਰਮਾਣ ਦੇ ਸਮੇਂ ਜਲਾਈ ਗਈ ਸੀ। ਮੰਦਰ 'ਚ ਲੱਗਣ ਵਾਲੇ ਭੋਗ ਨੂੰ ਇਸੇ ਅੱਗ ਵਿੱਚ ਪਕਾਇਆ ਜਾਂਦਾ ਹੈ ਜੋ ਕਿ ਠਾਕੁਰ ਜੀ ਨੂੰ ਵੀ ਲਗਾਇਆ ਜਾਂਦਾ ਹੈ।