ਸਿੱਖ ਧਰਮ ਵਿਚ ਦਸ ਗੁਰੂ ਸਾਹਿਬਾਨ ਨੂੰ ਇਕ ਜੋਤ ਮੰਨਿਆ ਗਿਆ ਹੈ। ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ 'ਜੋਤ' ਸ਼ਬਦ ਦਾ ਅਰਥ ਸਮਝਣਾ ਪਵੇਗਾ। 'ਜੋਤ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਰੂਹਾਨੀ ਗਿਆਨ ਜਾਂ ਰੂਹਾਨੀ ਪ੍ਰਕਾਸ਼।

ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸੰਸਾਰ ਦੇ ਭਲੇ ਲਈ ਰੱਬ ਇਸ ਦੁਨੀਆ 'ਤੇ ਅਵਤਾਰ ਧਾਰਦਾ ਹੈ ਪਰ ਸਿੱਖ ਧਰਮ ਇਸ ਨਾਲ ਸਹਿਮਤ ਨਹੀ। ਸਰਵ-ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੇ ਰੂਹਾਨੀ ਗਿਆਨ ਦੀ ਜੋਤ ਧੁਰ ਦਰਗਾਹ ਤੋਂ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਈ। ਗੁਰੂ ਸਾਹਿਬ ਨੇ ਵਾਰ-ਵਾਰ ਅਵਤਾਰ ਨਹੀਂ ਧਾਰਿਆ ਸਗੋਂ ਉਹ ਧੁਰੋਂ ਵਰੋਸਾਈ ਰੱਬੀ ਪ੍ਰਕਾਸ਼ ਤੇ ਰੂਹਾਨੀ ਗਿਆਨ ਨਾਲ ਭਰਪੂਰ ਲਾਮਿਸਾਲ ਸ਼ਖ਼ਸੀਅਤ ਸਨ। ਰੂਹਾਨੀ ਗਿਆਨ ਦਾ ਇਹ ਪ੍ਰਕਾਸ਼ ਹੀ ਜੋਤ ਹੈ। ਭੱਟ ਸਾਹਿਬਾਨ ਨੇ ਇਸ ਬਾਰੇ ਬਹੁਤ ਸੁੰਦਰ ਫੁਰਮਾਇਆ ਹੈ :

ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ

ਤਾ ਤੇ ਅੰਗਦ ਭਯੋ ਤਤ ਸਿਉਂ ਤਤ ਮਿਲਾਇਓ

ਗੁਰਬਾਣੀ, ਗੁਰੂ ਇਤਿਹਾਸ ਤੇ ਸਿੱਖ ਫਲਸਫ਼ੇ ਤੋਂ ਅਨਜਾਣ ਬਹੁਤ ਸਾਰੇ ਵਿਦਵਾਨਾਂ ਤੇ ਸੰਗਤਾਂ ਨੇ ਇਹ ਭੁਲੇਖਾ ਖਾਧਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਰਸਤਾ ਹੋਰ ਸੀ ਤੇ ਬਾਕੀ ਗੁਰੂ ਸਾਹਿਬਾਨ ਦਾ ਰਸਤਾ ਹੋਰ। ਜਿਵੇਂ ਪ੍ਰਸਿੱਧ ਇਤਿਹਾਸਕਾਰ ਸਰ ਜਾਦੂ ਨਾਥ ਸਰਕਾਰ ਲਿਖਦਾ ਹੈ ਕਿ ''ਗੁਰੂ ਨਾਨਕ ਦੇਵ ਜੀ ਦੀ ਫ਼ਕੀਰੀ ਵਾਲਾ ਜਲ ਦਾ ਸੋਮਾ, ਗੁਰੂ ਹਰਗੋਬਿੰਦ ਸਾਹਿਬ ਦੀ ਫ਼ੌਜੀ ਛਾਉਣੀ ਦੇ ਮਾਰੂਥਲ ਵਿਚ ਆ ਕੇ ਸੁੱਕ ਗਿਆ ਸੀ।''

ਸਰ ਜਾਦੂ ਨਾਥ ਸਰਕਾਰ ਇਸ ਗੱਲ ਤੋਂ ਅਨਜਾਣ ਸੀ ਕਿ ਜੇਕਰ ਸ੍ਰੀ ਗੁਰੂ

ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਨਾ ਧਾਰਨ ਕਰਦੇ, ਕਿਲ੍ਹੇ ਨਾ ਬਣਵਾਉਂਦੇ, ਸਿੱਖ ਫ਼ੌਜਾਂ ਕਾਇਮ ਨਾ ਕਰਦੇ ਤਾਂ ਸਿੱਖੀ ਦਾ ਇਹ ਸੋਮਾ ਤਾਂ 30 ਮਈ 1606 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਹੀ ਸੁੱਕ ਜਾਣਾ ਸੀ।

ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਖ਼ਸ਼ਿਸ਼ ਕੀਤੇ ਸਨ, ਬਾਕੀ ਗੁਰੂ ਸਾਹਿਬਾਨ ਨੇ ਵੀ ਉੁਨ੍ਹਾਂ ਸਿਧਾਂਤਾਂ 'ਤੇ ਚੱਲਦੇ ਹੋਏ ਖ਼ਾਲਸਾ ਪੰਥ ਦੀ ਸੰਪੂਰਨਤਾ ਤਕ ਦਾ ਸਫ਼ਰ ਤਹਿ ਕੀਤਾ। ਇਸ ਗੱਲ ਸੌਖੇ ਸ਼ਬਦਾਂ 'ਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੋ ਪੌਦਾ ਗੁਰੂ ਨਾਨਕ ਸਾਹਿਬ ਨੇ ਲਗਾਇਆ, ਬਾਕੀ ਗੁਰੂ ਸਾਹਿਬਾਨ ਨੇ ਉਸ ਦੀ ਸੰਭਾਲ ਕਰ ਕੇ ਉਸ ਨੂੰ ਵੱਡਾ ਕੀਤਾ ਤੇ ਦਸਮ ਪਾਤਸ਼ਾਹ ਸਮੇਂ ਉਸੇ ਪੌਦੇ ਦਾ ਫਲ ਖ਼ਾਲਸੇ ਦੇ ਰੂਪ 'ਚ ਪ੍ਰਗਟ ਹੋਇਆ।

ਸੰਸਾਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਟਰੰਪ ਲਿਖਦਾ ਹੈ ਕਿ ''ਇਹ ਭਿੰਨ ਭੇਦ ਕਰਨ ਦੀ ਲੋੜ ਨਹੀਂ ਕਿ ਕਿਹੜੀ ਗੱਲ ਕਿਹੜੇ ਗੁਰੂ ਸਾਹਿਬ ਨੇ ਕਹੀ, ਬਾਕੀ ਗੁਰੂ ਸਾਹਿਬਾਨ ਨੇ ਵੀ ਉਹ ਗੱਲਾਂ ਅਪਣਾਈਆਂ, ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ ਸਨ। ਭਾਵ ਗੁਰੂ ਨਾਨਕ ਪਾਤਸ਼ਾਹ ਦੇ ਬਖ਼ਸ਼ਿਸ਼ ਕੀਤੇ ਸਿਧਾਂਤਾਂ ਅਨੁਸਾਰ ਹੀ ਬਾਕੀ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਸੰਪੂਰਨਤਾ ਦੀ ਸਿਖ਼ਰ 'ਤੇ ਪਹੁੰਚਾਇਆ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ : ''ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ'' ਜਾਂ ''ਨਾਨਕ ਤੂੰ ਲਹਿਣਾ ਤੂੰ ਹੈਂ ਗੁਰੂ ਅੰਗਦ ਤੋਂ ਵਿਚਾਰਿਆ'' ਜਿਵੇਂ ਜਗਦੇ ਹੋਏ ਲੈਂਪ ਤੋਂ ਭਾਵੇਂ ਲੱਖਾਂ ਲੈਂਪ ਜਗਾ ਲਏ ਜਾਣ, ਉਸ ਲੈਂਪ ਦੀ ਜੋਤ ਘਟਦੀ ਨਹੀਂ, ਸਗੋਂ ਬਾਕੀ ਦੇ ਲੈਂਪ ਵੀ ਜਗ ਪੈਂਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਵਿਚ, ਫਿਰ ਉਹੀ ਜੋਤ ਗੁਰੂ ਅਮਰਦਾਸ ਜੀ ਵਿਚ ਤੇ ਦਸ ਗੁਰੂ ਸਾਹਿਬਾਨ 'ਚੋਂ ਹੁੰਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਏਮਾਨ ਹੈ।

ਸਿੱਖ ਧਰਮ ਵਿਚ ਇਸ ਰੂਹਾਨੀ ਗਿਆਨ ਦੀ ਜੋਤ ਨੂੰ ਹੀ ਗੁਰੂ ਮੰਨਿਆ ਗਿਆ ਹੈ, ਕਿਉਂਕਿ ਜਗਦਾ ਦੀਵਾ ਹੀ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਜੋਤ ਨੇ 1469 ਤੋਂ 1708 ਤਕ, 239 ਸਾਲ ਦਾ ਲੰਬਾ ਸਮਾਂ ਲਗਾ ਕੇ ਇਕ ਸੰਪੂਰਨ ਮਨੁੱਖ ਦੀ ਸਿਰਜਣਾ ਖ਼ਾਲਸੇ ਦੇ ਰੂਪ ਵਿਚ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਇਹ ਹੁਕਮ ਕੀਤਾ ਸੀ ਕਿ 'ਆਤਮਾ ਗ੍ਰੰਥ ਵਿਚ ਅਤੇ ਸਰੀਰ ਪੰਥ ਵਿਚ।' ਹਰ ਸਿੱਖ ਰੋਜ਼ਾਨਾ ਅਰਦਾਸ ਕਰਨ ਸਮੇਂ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਇਸ ਤਰ੍ਹਾਂ ਯਾਦ ਕਰਦਾ ਹੈ, 'ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।'

ਗੁਰੂ ਨਾਨਕ ਦੇਵ ਜੀ ਦੀ ਉਹ ਪਾਵਨ ਜੋਤ ਦਸਾਂ ਜਾਮਿਆਂ ਰਾਹੀਂ ਵਿਚਰਦੀ ਹੋਈ ਅੱਜ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਰੂਪ ਵਿਚ ਸਾਡੇ ਸਾਹਮਣੇ ਬਿਰਾਜਮਾਨ ਹੈ। ਹੁਣ ਸਿੱਖਾਂ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ। ਜੋ ਲੋਕ ਆਪਣੇ ਆਪ ਨੂੰ ਦੇਹਧਾਰੀ ਗੁਰੂ ਅਖਵਾਉਂਦੇ ਹਨ, ਉਹ ਸਿੱਖਾਂ ਦੇ ਗੁਰੂ ਨਹੀਂ ਹੋ ਸਕਦੇ, ਸਗੋਂ ਸਿੱਖਾਂ ਲਈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਹੁਕਮ ਹੈ :

ਬਾਣੀ ਗੁਰੂ ਗੁਰੂ ਹੈ ਬਾਣੀ,

ਵਿਚ ਬਾਣੀ ਅੰਮ੍ਰਿਤ ਸਾਰੇ

ਗੁਰਬਾਣੀ ਕਹੈ ਸੇਵਕ ਜਨ

ਮਾਨੈ, ਪ੍ਰਤਖ ਗੁਰੂ ਨਿਸਤਾਰੇ

ਇਸ ਲਈ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲੱਗ ਕੇ ਕੇਸਾਧਾਰੀ, ਦਸਤਾਰਧਾਰੀ ਤੇ ਅੰਮ੍ਰਿਤਧਾਰੀ ਹੋ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ ਤੋਂ ਛੁਟਕਾਰਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤੇ 'ਖ਼ਾਲਸਾ ਅਕਾਲ ਪੁਰਖ ਕੀ ਫ਼ੌਜ' ਦੇ ਸਿਪਾਹੀ ਬਣ ਕੇ ਸਮਾਜ ਨੂੰ ਸੁਚੱਜੀ ਸੇਧ ਦੇਣ ਦੀ ਕੋਸ਼ਿਸ਼ ਕਰੀਏ। ਤਾਂ ਹੀ ਹੋ ਸਕਦੇ ਹਨ ਸਾਡੇ 'ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿਪ੍ਰਭ ਆਪੇ ਮੇਲੇ।'

- ਸੁਰਿੰਦਰ ਸਿੰਘ ਸੋਨੀ

98729-62991

Posted By: Harjinder Sodhi