- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖੀ ਦਾ ਕੇਂਦਰੀ ਸਥਾਨ (ਪਹਿਲਾ ਸੈਂਟਰ) ਮਾਝੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੁਣਿਆ ਅਤੇ ਵਿਕਸਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰਹਿਮਤ ਹੋਈ ਤਾਂ ਦੂਜਾ ਕੇਂਦਰ ਪੁਆਧ ਦੀ ਧਰਤੀ ’ਤੇ ਸਥਾਪਿਤ ਕੀਤਾ ਜੋ ਸ੍ਰੀ ਕੀਰਤਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਪਾਵਨ ਧਰਤੀ ਨੂੰ 6 ਗੁਰੂ ਸਾਹਿਬਾਨ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ।

ਸਿੱਖੀ ਦਾ ਕੇਂਦਰੀ ਸਥਾਨ (ਪਹਿਲਾ ਸੈਂਟਰ) ਮਾਝੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੁਣਿਆ ਅਤੇ ਵਿਕਸਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰਹਿਮਤ ਹੋਈ ਤਾਂ ਦੂਜਾ ਕੇਂਦਰ ਪੁਆਧ ਦੀ ਧਰਤੀ ’ਤੇ ਸਥਾਪਿਤ ਕੀਤਾ ਜੋ ਸ੍ਰੀ ਕੀਰਤਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਪਾਵਨ ਧਰਤੀ ਨੂੰ 6 ਗੁਰੂ ਸਾਹਿਬਾਨ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਗੁਰੂ ਸਾਹਿਬ ਜੀ, ਪਾਤਸ਼ਾਹੀ 7ਵੀਂ ਅਤੇ ਪਾਤਸ਼ਾਹੀ 8ਵੀਂ ਜੀ, (ਪਿਉ-ਪੁੱਤਰ ਦੇ ਰੂਪ ’ਚ) ਦਾ ਪ੍ਰਕਾਸ਼ ਆਗਮਨ ਹੋਣ ਦਾ ਮਾਣ ਵੀ ਹਾਸਿਲ ਹੋਇਆ। ਜੋ ਸਿੱਖ ਇਤਿਹਾਸ ’ਚ ਹੋਰ ਕਿਸੇ ਭੂ-ਖੰਡ ਨੂੰ ਇਸ ਤਰ੍ਹਾਂ ਦਾ ਮਾਣ ਹਾਸਿਲ ਨਹੀਂ ਹੈ। ਕਰੀਬ 50 ਸਾਲ, 5 ਗੁਰੂ ਸਾਹਿਬਾਨ ਇਸ ਧਰਤੀ ’ਤੇ ਗੁਰੂਤਾ ਗੱਦੀ ’ਤੇ ਰਹਿੰਦਿਆਂ ਸ੍ਰੀ ਕੀਰਤਪੁਰ ਸਾਹਿਬ ਨੂੰ ਭਾਗ ਲਾਏ, ਸਿੱਖੀ ਦਾ ਪ੍ਰਚਾਰ ਪਸਾਰ ਕੀਤਾ, ਤਖ਼ਤ ’ਤੇ ਬੈਠ ਹੁਕਮਨਾਮੇ ਜਾਰੀ ਕੀਤੇ, ਦੀਨ ਦੁਖੀ ਦੀ ਫਰਿਆਦ ਸੁਣੀ ਅਤੇ ਨਿਆਂ ਕੀਤਾ। ਗੁਰੂ ਸਾਹਿਬ ਜੀ ਨੂੰ ਗੁਰੂਤਾ ਗੱਦੀ, ਗੁਰੂ ਸਾਹਿਬ ਜੀ ਦੀਆਂ ਅੰਤਿਮ ਕਿਰਿਆਵਾਂ, ਗੁ: ਪਤਾਲਪੁਰੀ ਸਾਹਿਬ (ਸਸਕਾਰ) ਦੀਆਂ ਰਸਮਾਂ, ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸਸਕਾਰ ਵੀ, ਬਾਬਾ ਸ੍ਰੀ ਚੰਦ (ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ) ਜੀ ਦੀ ਕਰਮ-ਭੂਮੀ ਅਤੇ ਬੀਬੀ ਵੀਰੋ, (ਸਪੁੱਤਰੀ ਗੁਰੂ ਹਰਗੋਬਿੰਦ ਜੀ, ਪਾਤਸ਼ਾਹੀ 6ਵੀਂ ਦਾ ਰਿਹਾਇਸ਼ ਘਰ, ਬਾਬਾ ਰਾਮ ਰਾਇ ਜੀ (ਸਪੁੱਤਰ ਗੁਰੂ ਹਰਿ ਰਾਏ ਸਾਹਿਬ ਜੀ) ਜਨਮ ਸਥਾਨ ਵੀ ਹੈ ਇਹ ਨਗਰ। ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਇਹ ਧਰਤੀ ਪ੍ਰਾਪਤ ਕਰ ਕੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਗਰ ਵਸਾਇਆ। ਮੋੜੀ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਗਡਾਈ-ਨਾਮ ਧਰਿਓ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਅਦ, ਉਸੇ ਤਰਜ਼ ’ਤੇ ਤਖ਼ਤ ਦੀ ਤਾਮੀਰ ਕਰਵਾਈ ਵੀ ਮੌਜੂਦ ਹੈ। ਸ੍ਰੀ ਕੀਰਤਪੁਰ ਸਾਹਿਬ, ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਕੋਟ ਸਾਹਿਬ ਸੁਸ਼ੋਭਿਤ ਹੈ। ਕੰਧ ’ਤੇ ਲੱਗਾ ਪੁਰਾਤਨ ਪੱਥਰ ਲਿਖਤ ਸ਼ਾਹਦੀ ਭਰ ਰਿਹਾ ਹੈ। ਸਾਹਮਣੇ, ਨੀਵੇਂ ਥਾਵੇਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਬਣਵਾਈ ਜਿੱਥੇ ਬੈਠ ਕੇ ਗੁਰੂ ਹਰਿ ਰਾਇ ਸਾਹਿਬ ਜੀ ਪ੍ਰਭੂ ਦੀ ਬੰਦਗੀ ’ਚ ਲੀਨ ਰਹਿੰਦੇ ਅਤੇ ਮਨੁੱਖਤਾ ਦੇ ਭਲੇ ਲਈ ਮੁਫ਼ਤ ਵੈਦਖ਼ਾਨਾ, ਜੜ੍ਹੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਵਾ ਕੇ ਵੰਡਦੇ। ਪਸ਼ੂਆਂ-ਪੰਛੀਆਂ ਦਾ ਇਲਾਜ ਵੀ ਹੁੰਦਾ।

ਪੁਆਧ ਹੈ ਸਿੱਖੀ ਦਾ ਦੂਜਾ ਕੇਂਦਰ
ਸਪਤ ਸਿੰਧੂ ਤੋਂ ਪੰਜ-ਆਬ ਭਾਵ ਪੰਜ ਪਾਣੀ ਜਾਂ ਪੰਜ ਦਰਿਆ। ਆਬ-ਏ-ਹਯਾਤ ਪਵਿੱਤਰ ਪਾਣੀ ਕਦੇ 7 ਦਰਿਆਵਾਂ ’ਚ ਘਿਰੀ ਹੋਈ ਧਰਤੀ ਜਰਖੇਜ਼ ਭੂਮੀ-ਸਪਤ ਸਿੰਧੂ ਦੇ ਨਾਂ ਤੋਂ ਪ੍ਰਸਿੱਧ ਧਰਤੀ ਹੌਲੀ-ਹੌਲੀ ਪੰਜਾਬ ਤਕ ਸੀਮਤ ਰਹਿ ਗਈ। ਸਮੇਂ ਦੇ ਨਾਲ-ਨਾਲ ਨਵੀਆਂ ਹੱਦਾਂ ਦੀ ਹੋਂਦ ਬਣਦੀ ਵੀ ਰਹੀ ਤੇ ਵਿਗੜਦੀ ਵੀ ਰਹੀ। ਬਹੁਤਾਤ ਕਰਕੇ ਮੁਲਕਾਂ ਦੀਆਂ ਹੱਦਾਂ ਦਰਿਆਵਾਂ ਦੇ ਅਪਾਰ ਤੇ ਮੰਨ ਲਈਆਂ ਜਾਂਦੀਆਂ ਨੇ। ਸਮੇਂ ਨਾਲ ਪੰਜਾਬ ਨੂੰ ਫਿਰ 4 ਹਿੱਸਿਆਂ ’ਚ ਵੰਡ ਲਿਆ ਗਿਆ ਜਿਵੇਂ ਕੰਮਾਂ ਦੇ ਅਧਾਰ ’ਤੇ ਸਮਾਜ ਨੇ ਵਰੁਣ ਵੰਡ ਕਰ ਲਈ ਹੋਵੇਗੀ। ਸ਼ਾਇਦ ਚਿੰਨਹਤ ਕਰਨ ਦੀ ਇਹ ਕਵਾਇਦ ਹੋਵੇਗੀ ਜੋ ਅੱਗੇ ਚੱਲ ਕੇ ਜਾਤ-ਪਾਤ ਦਾ ਰੂਪ ਧਾਰਨ ਕਰ ਗਈ ਹੋਵੇਗੀ। ਇਲਾਕਿਆਂ ਨੂੰ ਚਿੰਨਹਿਤ ਕਰਨ ਖ਼ਾਤਰ ਦੋ ਆਬਾਂ ਦੇ ਵਿਚਕਾਰ ਦਾ ਇਲਾਕਾ ਬਿਆਸ ਦਰਿਆ ਅਤੇ ਸਤਲੁਜ ਦੇ ਦਰਮਿਆਨ ਦਾ ਇਲਾਕਾ ਦੁਆਬੇ ਨਾਮ ਨਾਲ ਪ੍ਰਸਿੱਧ ਹੋ ਗਿਆ। ਉਂਝ ਖੇਤਰ ਤੋਂ ਖੇਤ, ਖੇਤ ਤੋਂ ਖੱਤਾ, ਖੱਤੇ ਤੋਂ ਛੋਟਾ ਹਿੱਸਾ ਖੱਤੀ, ਇਸ ਵੱਡੇ ਖੇਤਰ ਦੀ ਸਭ ਤੋਂ ਛੋਟੀ ਇਕਾਈ ਕਹਾਈ। ਇਹ ਵੀ ਮੰਨਿਆ ਜਾਂਦਾ ਹੈ ਕਿ ਚਾਰ ਵੇਦ ਵੀ ਪੰਜਾਬ ਦੀ ਧਰਤੀ ’ਤੇ ਲਿਖੇ ਗਏ। ਸ਼ਾਇਦ ਵਿਆਸ ਰਿਸ਼ੀ ਤੋਂ ਹੀ ਦਰਿਆ ਦਾ ਨਾਮ ਬਿਆਸ ਪ੍ਰਸਿੱਧ ਹੋਇਆ ਹੋਵੇ। ਇਹ ਸਮੇਂ ਦੇ ਗਰਭ ਦੀ ਗੱਲ ਹੈ।
ਸਿੱਖੀ ਦਾ ਪਹਿਲਾ ਕੇਂਦਰ ਮਾਝਾ
ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਖਿੱਤੇ ਦੀ ਸੋਚ ਨਿਵੇਕਲੀ ਰਹੀ ਹੈ। ਗੱਲ ਭਾਵੇਂ 4 ਵੇਦ ਲਿਖੇ ਜਾਣ ਦੀ ਹੋਵੇ, ਮਹਾਭਾਰਤ ਦੇ ਜੰਗ ਦੀ ਹੋਵੇ, ਲਵ-ਕੁਸ਼ ਦੀ ਪਿਤਾ ਨਾਲ ਜੰਗ ਦੀ ਹੋਵੇ, ਵਾਲਮੀਕਿ ਰਿਸ਼ੀ ਦੇ ਆਸ਼ਰਮ ਦੀ ਭਗਵਾਨ ਰਾਮ ਦੇ ਨਾਨਕਿਆਂ ਦੀ ਹੋਵੇ, ਪੰਜਾਬ ਦੀ ਧਰਤੀ ਦਾ ਇਹ ਖਿੱਤਾ ਪੁਆਧ ਧਰਮ ਦੇ ਖੇਤਰ ’ਚ ਹਮੇਸ਼ਾ ਮੁੱਖ ਭੂਮਿਕਾ ’ਚ ਹੀ ਰਿਹਾ ਹੈ। ਧਰਮ ਦੀ ਮੁੱਖ ਧਾਰਾ ਤੋਂ ਟੁੱਟੇ ਲੋਕਾਂ ਨੂੰ ਫਿਰ ਤੋਂ ਆਪਣੇ ਮੂਲ ਨਾਲ ਜੋੜਨ ਹਿੱਤ ਕਲਯੁੱਗੀ ਜੀਵਾਂ ਦੇ ਉਧਾਰ ਲਈ ਪਰਉਪਕਾਰ ਕਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਦਇਆ ਕਰਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਚੁਣਿਆ। ਬਿਆਸਾ ਦਾ ਕੰਢਾ, ਮਾਝੇ ਦੀ ਧਰਤੀ ’ਤੇ ਪ੍ਰਥਮ ਸਿੱਖੀ ਦਾ ਕੇਂਦਰ ਸਥਾਪਤ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ। ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਾਤਰਨ ਸਾਹਿਬ ਆਦਿ ਅਨੇਕਾਂ ਨਗਰ ਵਸਾਏ। ਇਤਿਹਾਸ ਦੇ ਸੁਨਹਿਰੇ ਪੰਨੇ ਇਹ ਗਵਾਹੀ ਦਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੁਰਖੇ ਵੱਡੇ ਵਡੇਰੇ-ਦਾਦਾਕਾ ਪਰਿਵਾਰ ਇਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਬਾਸ਼ਿੰਦੇ ਹੋਏ ਸਨ। ਬਾਅਦ ’ਚ ਪਿਤਾ ਸ੍ਰੀ ਕਲਿਆਣ ਦਾਸ ਜੀ ਧਰਮ ਦੀ ਕਿਰਤ ਦੇ ਬੰਧਨ ਕਰ ਕੇ ਰਾਇ ਭੋਇੰ ਦੀ ਤਲਵੰਡੀ, ਨਨਕਾਣਾ ਸਾਹਿਬ ਹਾਲੀਆ ਪਾਕਿਸਤਾਨ ਗਏ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਾਸਰਕੇ ਗਿੱਲਾਂ, ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋਏ। ਇਸ ਤਰ੍ਹਾਂ ਮਾਝੇ ਨੂੰ ਮਾਣ ਮਿਲਿਆ, ਸਭ ਤਰ੍ਹਾਂ ਇਤਿਹਾਸਕ ਪੱਖੋਂ ਵੀ ਅਤੇ ਹੋਰ ਬਹੁਤ ਸਾਰੇ ਘਟਨਾਕ੍ਰਮ ਕਰਕੇ। ਸਭ ਤੋਂ ਵੱਧ ਭਾਵ ਚਾਰ ਗੁਰੂ ਸਾਹਿਬ ਜੀ ਇਸ ਖਿੱਤੇ ’ਚ ਪ੍ਰਗਟ ਹੋਏ ਅਤੇ ਸਭ ਤੋਂ ਵੱਧ ਨਗਰ ਵੀ ਮਾਝੇ ’ਚ ਹੀ ਵਸਾਏ ਗਏ ਤਾਂ ਕਰਕੇ ਮਾਝੇ ਦੀ ਸਿੱਖੀ ਦੇ ਪ੍ਰਥਮ ਕੇਂਦਰ ਵਜੋਂ ਸਥਾਪਤੀ ਹੋਈ।
ਸਰਬੱਤ ਦੇ ਭਲੇ ਦਾ ਸੰਕਲਪ
ਧਰਮ ਦੇ ਫੈਲਾਅ ਲਈ, ਸਿੱਖੀ ਦੇ ਪ੍ਰਚਾਰ ਲਈ ਅਤੇ ਸੱਚ ਨਾਲ ਜੋੜਨ ਲਈ, ਸਰਬੱਤ ਦੇ ਭਲੇ ਦਾ ਸੰਕਲਪ ਦਾ ਦਾਇਰਾ ਹੋਰ ਵਧਾਉਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ਨੀਮ ਪਹਾੜੀ ਇਲਾਕੇ ਨੂੰ ਚੁਣਿਆ। ਸ਼ਿਵਾਲਿਕ ਦੀਆਂ ਪਹਾੜੀਆਂ ਰਮਣੀਕ ਸ਼ਾਂਤ ਉਦਾਰਤਾ ਨਾਲ ਨੱਕੋ-ਨੱਕ ਭਰਿਆ ਪੁਆਧ ਦਾ ਇਲਾਕਾ ਪਹਿਲੀ ਨਜ਼ਰੇ ਗੁਰੂ ਜੀ ਨੂੰ ਭਾਹ ਗਿਆ। ਸਤਲੁਜ ਦਾ ਨਿਰਮਲ ਨੀਰ ਨਿਰਮਲ ਚਿਤ ਹੋਣ ਦੀ ਗਵਾਹੀ ਭਰਦਿਆਂ ਇਸ ਧਰਤੀ ਦਾ ਪਾਣੀ ਪਿਆਸਿਆਂ ਦੀ ਪਿਆਸ ਬੁਝਾਉਣ ਦੇ ਸਮਰੱਥ ਹੋ ਨਿੱਬੜਿਆ। ਜਦੋਂ ਤੀਸਰੀ ਉਦਾਸੀ ਵੇਲੇ 15 ਅੱਸੂ ਸੰਮਤ 1574 ਗੁਰੂ ਨਾਨਕ ਸਾਹਿਬ ਨੇ ਪਹਿਲੀ ਵੇਰਾਂ ਕੁਲੂ, ਮੰਡੀ ਆਦਿ ਨਗਰਾਂ ਤੋਂ ਵਿਚਰਿਆਂ ਇਸ ਧਰਤੀ ਨੂੰ ਭਾਗ ਲਾਏ। ਇਕ ਰੱਬੀ ਰੂਹ, ਫ਼ਕੀਰ ਸਾਈਂਂਂ ਬਾਬਾ ਬੁੱਢਣ ਸ਼ਾਹ ਜੀ ਨੂੰ ਆਏ ਦੀਦਾਰ ਬਖ਼ਸ਼ੇ। ਅੱਗੋਂ ਪੀਰ ਜੀ ਨੇ ਦੁੱਧ ਦਾ ਕਟੋਰਾ ਗੁਰੂ ਜੀ ਦੇ ਨਜ਼ਰ ਕੀਤਾ। ਗੁਰੂ ਜੀ ਨੇ ਫੇਰ ਕਦੇ ਆਏ ਕਹਿ ਕੇ ਇਹ ਭੇਟਾ ਪ੍ਰਵਾਨ ਕਰਨ ਦਾ ਬਚਨ ਕੀਤਾ। ਦੁੱਧ ਦਾ ਕਟੋਰਾ ਸਾਂਭ-ਸੰਭਾਲ ਕੇ ਰੱਖਣ ਦੀ ਇੱਛਾ ਪ੍ਰਗਟ ਕਰਕੇ ਕਿ ਇਹ ਸਾਡੀ ਅਮਾਨਤ ਹੋਈ, ਫਿਰ ਆਏ ਛਕਾਂਗੇ।
ਬਾਅਦ ’ਚ ਜਲੰਧਰ ਦੀ ਜੰਗ ਤੋਂ ਬਾਅਦ ਜਦੋਂ ਛੇਵੇਂ ਗੁਰੂ ਪਰਿਵਾਰ ਸਮੇਤ ਇੱਥੇ ਪਹੁੰਚੇ ਤਾਂ ਬਾਬਾ ਗੁਰਦਿੱਤਾ ਜੀ ਵੀ ਨਾਲ ਸਨ। ਗੁਰਦਿੱਤਾ ਜੀ ਨੂੰ ਹੁਕਮ ਹੋਇਆ ਕਿ ਸਾਡੀ ਅਮਾਨਤ ਦੁੱਧ ਦਾ ਕਟੋਰਾ ਫ਼ਕੀਰ ਸਾਈਂ ਜੀ ਪਾਸੋਂ ਜਾਉ ਛਕੋ। ਜਗਤ ਗੁਰੂ ਨਾਨਕ ਜੀ ਦਾ ਨਾਮ ਲੈਣਾ ਸਾਡੇ ਹਵਾਲਾ। ਐਸਾ ਹੀ ਹੋਇਆ। ਬਾਬਾ ਗੁਰਦਿੱਤਾ ਜੀ ਨੇ ਸਾਈਂ ਬੁੱਢਣ ਸ਼ਾਹ ਜੀ ਪਾਸੋਂ ਜਾ ਕੇ ਦੁੱਧ ਦਾ ਕਟੋਰਾ ਹਾਸਿਲ ਕਰ ਕੇ ਛਕਿਆ ।
ਗੁਰੂ ਨਾਨਕ ਦੀ ਧਰਤੀ ਸਮਝ ਕੇ ਜਿੱਥੇ ਸਿੱਖੀ ਦਾ ਦੂਜਾ ਵੱਡਾ ਕੇਂਦਰ ਸਥਾਪਿਤ ਕੀਤਾ ਜਾਣਾ ਸੀ, ਜਿਸ ਧਰਤੀ ’ਤੇ ਦੋ-ਦੋ ਗੁਰੂ ਜੀਆਂ ਦਾ ਪ੍ਰਗਟ ਹੋਣਾ ਵਿਧਾਤੇ ਨੇ ਪਹਿਲਾਂ ਲਿਖ ਰੱਖਿਆ ਸੀ। ਉਸ ਪੁਆਧ ਦੀ ਪਵਿੱਤਰ ਧਰਤੀ ਨੂੰ ਜਿਸ ਧਰਤੀ ’ਤੇ ਖ਼ਾਲਸਾ ਜੀ ਨੇ ਪ੍ਰਗਟ ਹੋਣਾ ਸੀ, ਉਸ ਧਰਤੀ ਨੂੰ ਨਾਮ ਦਾ ਛਿੱਟਾ ਮਾਰਨ ਲਈ ਬੰਦਗੀ ਦਾ ਜਲ ਛਿੜਕਣ ਲਈ ਆਬੋ-ਹਵਾ ਨੂੰ, ਨਾਮ ਦੀ ਸੁਗੰਧ ਨਾਲ ਭਰਪੂਰ ਕਰਨ ਲਈ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ, ਬੰਦਗੀ ਦੀ ਮੂਰਤ, ਬਾਬਾ ਸ੍ਰੀ ਚੰਦ ਜੀ ਨੇ ਆ ਡੇਰਾ ਕੀਤਾ। ਅੱਜ ਵੀ ਨਹਿਰ ਦੇ ਕੰਢੇ ਗੁਰਦੁਆਰਾ ਤੀਰ ਸਾਹਿਬ ਪਾਤਸ਼ਾਹੀ ਛੇਵੀਂ (ਨਜ਼ਦੀਕ ਬਾਬਾ ਗੁਰਦਿੱਤਾ ਜੀ ਸਥਾਨ) ਸ੍ਰੀ ਕੀਰਤਪੁਰ ਸਾਹਿਬ ਤੋਂ ਕੁੱਲੂ-ਮਨਾਲੀ ਰੋਡ ਸ਼ੁਰੂ ਹੁੰਦਿਆਂ ਹੀ ਬਾਬਾ ਸ੍ਰੀ ਚੰਦ ਜੀ ਕਾ ਧੂਣਾ ਅਜੇ ਵੀ ਹੈ। ਬਹੁਤ ਸੁੰਦਰ ਰਮਣੀਕ ਧਰਤੀ ਹੈ। ਬਾਬਾ ਸ੍ਰੀ ਚੰਦ ਜੀ ਦਾ ਡੇਰਾ ਇਲਾਕੇ ’ਚ ਪ੍ਰਸਿੱਧੀ ਹਾਸਲ ਹੈ। ਇੱਥੇ ਪੁਰਾਤਨ ਬਾਊਲੀ ਹੈ ਜਿਸ ਦਾ ਉਸ ਸਮੇਂ ਜਲ ਇਸਤੇਮਾਲ ਹੁੰਦਾ ਸੀ, ਮੌਜੂਦ ਹੈ। ਕਰਤਾਰਪੁਰ ਦੀ 1634 ਦੀ ਜੰਗ ਤੋਂ ਬਾਅਦ ਛੇਵੇਂ ਗੁਰੂ ਜੀ ਜਦੋਂ ਇਸ ਧਰਤੀ ’ਤੇ ਪਹੁੰਚੇ ਤਾਂ ਪਹਿਲਾਂ ਤੋਂ ਬਾਬਾ ਸ੍ਰੀ ਚੰਦ ਜੀ ਇੱਥੇ ਬਿਰਾਜਮਾਨ ਪ੍ਰਭੂ ਬੰਦਗੀ ’ਚ ਲੀਨ ਸਨ। ਬਾਬਾ ਸ੍ਰੀ ਚੰਦ ਜੀ ਨੇ ਗੁਰੂ ਜੀ ਪਾਸੋਂ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਸੇਵਾ ’ਚ ਮੰਗ ਲਿਆ। ਬਾਬਾ ਜੀ ਨੇ ਆਖਿਆ ਕਿ ਹੁਣ ਬਿਰਧ ਹੋ ਗਏ ਹਾਂ, ਇਹ ਇਕ ਸਾਨੂੰ ਦੇ ਦੇਵੋ। ਹੁਣ ਬਾਬਾ ਜੀ ਦੀ ਗੱਦੀ ਦੇ ਵਾਰਿਸ ਵੀ ਬਾਬਾ ਗੁਰਦਿੱਤਾ ਜੀ ਹੋਏ। ਬਾਬਾ ਸੂਰਜ ਮੱਲ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ’ਚ ਰਹਿ ਗਏ।
ਬਾਬਾ ਗੁਰਦਿੱਤਾ ਜੀ ਦਾ ਵਿਆਹ ਪਹਿਲਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਚੁੱਕਾ ਸੀ। ਬਾਬਾ ਗੁਰਦਿੱਤਾ ਜੀ ਦੇ ਘਰ ਸ਼ਾਂਤੀ ਦੇ ਮਸੀਹਾ, ਦਇਆ ਦੇ ਸਾਗਰ, ਸ਼੍ਰੋਮਣੀ ਵੈਦ, ਧੰਨ ਗੁਰੂ ਹਰਿ ਰਾਇ ਸਾਹਿਬ ਜੀ ਪਾਤਸ਼ਾਹੀ 7ਵੀਂ, 16 ਜਨਵਰੀ 1630 ਨੂੰ ਪ੍ਰਗਟ ਹੋਏ। ਮਾਤਾ ਨਿਹਾਲ ਕੌਰ ਜੀ ਨਿਹਾਲ ਹੋਏ। ਇਸ ਪਵਿੱਤਰ ਧਰਤੀ ’ਤੇ ਜਨਮ ਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ। ਇੱਥੇ ਹੀ 8ਵੇਂ ਗੁਰੂ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ 1656 ਨੂੰ ਗੁ: ਸ਼ੀਸ਼ ਮਹਿਲ ਵਿਖੇ ਹੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਕਈ ਅਰਸਾ ਪਹਿਲਾਂ ਬਹੁਤ ਸੁੰਦਰ ਇਮਾਰਤ ਦੀ ਕਾਰ ਸੇਵਾ ਕਰਾਈ ਸੀ। ਇਮਾਰਤ ਪੱਖੋਂ ਭਾਵੇਂ ਛੋਟੀ ਪਰ ਇਤਿਹਾਸ ਪੱਖੋਂ ਬਹੁਤ ਵੱਡੀ ਹੈ। ਧਰਤੀ ’ਤੇ ਹੋਰ ਕੋਈ ਥਾਂ ਨਹੀਂ ਹੈ, ਜਿੱਥੇ ਦੋ ਸਿੱਖ ਗੁਰੂ ਸਾਹਿਬ ਜੀ ਦਾ ਆਗਮਨ ਹੋਇਆ ਹੋਵੇ। ਕੇਵਲ ਤੇ ਕੇਵਲ ਗੁਰਦੁਆਰਾ ਸ਼ੀਸ਼ ਮਹਿਲ ਸ੍ਰੀ ਕੀਰਤਪੁਰ ਸਾਹਿਬ ਨੂੰ ਹੀ ਇਹ ਰੁਤਬਾ ਹਾਸਿਲ ਹੈ ਜਿੱਥੇ ਪਾਤਸ਼ਾਹੀ 7ਵੀਂ ਅਤੇ ਪਾਤਸ਼ਾਹੀ 8ਵੀਂ, ਅਸ਼ਟਮ ਬਲਬੀਰਾਂ ਪ੍ਰਗਟ ਹੋਏ। ਇਹ ਉਹ ਥਾਂ ਹੈ, ਉਹ ਘਰ ਹੈ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਜੀ, ਮਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਨਿਹਾਲ ਕੌਰ ਜੀ, ਪੂਜਨੀਕ ਮਾਤਾ ਪਾਤਸ਼ਾਹੀ 7ਵੀਂ, ਅਤੇ ਮਾਤਾ ਕਿ੍ਰਸ਼ਨ ਕੌਰ ਜੀ, ਪੂਜਨੀਕ ਮਾਤਾ ਪਾਤਸ਼ਾਹੀ 8ਵੀਂ ਜੀ ਤੋਂ ਇਲਾਵਾ ਮਾਤਾ ਗੁਜਰੀ ਜੀ ਧਰਮ ਪਤਨੀ ਪਾਤਸ਼ਾਹੀ 9ਵੀਂ, ਬੀਬੀ ਵੀਰੋ-ਸਪੁੱਤਰੀ ਪਾਤਸ਼ਾਹੀ ਛੇਵੀਂ-ਬਾਬਾ ਸੂਰਜ ਮੱਲ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਗੁਰਦਿੱਤਾ ਜੀ, ਪੁਰਾਤਨ ਗੁਰੂ ਹਰਿਗੋਬਿੰਦ ਸਾਹਿਬ ਜੀ ਕੇਪਾਵਨ ਚਰਨਾਂ ਕਮਲਾਂ ਦੀ ਛੋਹ ਵੀ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ (ਗੋਬਿੰਦ ਰਾਏ ਪਾਤਸ਼ਾਹੀ 10ਵੀਂ) ਅਕਸਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਸ ਘਰ ਆਇਆ ਜਾਇਆ ਕਰਦੇ। ਇੱਥੇ ਹੀ ਬਾਬਾ ਰਾਮ ਰਾਇ ਜੀ (ਵੱਡੇ ਸਪੁੱਤਰ ਗੁਰੂ ਹਰਿ ਰਾਇ ਸਾਹਿਬ ਜੀ) ਦਾ ਜਨਮ ਵੀ ਹੋਇਆ।
ਗੁਰਦੁਆਰਾ ਤੀਰ ਸਾਹਿਬ, ਪਾਤਸ਼ਾਹੀ 6ਵੀਂ
ਇਹ ਸਥਾਨ ਸ੍ਰੀ ਕੀਰਤਪੁਰ ਸਾਹਿਬ ਦੇ ਬਾਹਰ ਵਾਰ ਉੱਚੀ ਪਹਾੜੀ ਉੱਤੇ ਸਥਿਤ ਹੈ । ਬਾਬਾ ਸ੍ਰੀ ਚੰਦ ਜੀ ਦੇ ਡੇਰੇ ਤੋਂ ਉਤਾਂਹ ਵੱਲ ਸਿੱਧੀਆਂ ਪੌੜੀਆਂ ਰਾਹੀਂ ਜਾ ਹੰੁਦਾ ਹੈ। ਦੂਜਾ ਰਸਤਾ ਬਾਬਾ ਗੁਰਦਿੱਤਾ ਜੀ ਦੇ ਡੇਰੇ ਗੁਰਦੁਆਰਾ ਸਾਹਿਬ ਵੱਲੋਂ ਵੀ ਪਹੁੰਚ ਮਾਰਗ ਬਣਿਆ ਹੋਇਆ ਹੈ। ਇੱਥੋਂ 6ਵੇਂ ਗੁਰੂ ਜੀ ਨੇ ਇਕ ਤੀਰ ਚਲਾਇਆ-ਜਿਸ ਕਰ ਕੇ ਸਥਾਨ ਤੀਰ ਸਾਹਿਬ ਕਰ ਕੇ ਪ੍ਰਸਿੱਧ ਹੈ। ਸਤਿਗੁਰਾਂ ਦੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਖ਼ਰੀ ਸਮ੍ੇਂ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਜੋ ਤੀਰ- ਸਤਲੁਜ ਵਾਲੇ ਲਹਿੰਦੇ ਪਾਸੇ ਵੱਲ ਨੂੰ ਸੇਧਿਤ ਕਰ ਕੇ ਚਲਾ ਰਹੇ ਹਾਂ ਜਿੱਥੇ ਜਾਏ ਗਿਰੇ ਉਹ ਧਰਤੀ ਪਤਾਲਪੁਰੀ ਹੈ। ਉਸ ਥਾਂ ’ਤੇ ਹੀ ਸਾਡਾ ਅੰਤਿਮ ਸੰਸਕਾਰ ਕਰਨਾ ਹੈ- ਐਸੇ ਆਗਿਆ ਮੁਖੋਂ ਫੁਰਮਾਇ ਕੈ ਤੀਰ ਚਲਾਇਆ, ਜੋ ਸਤਲੁੱਜ ਕੰਢੇ ਜਾ ਡਿੱਗਾ। ਫਿਰ ਸਿੱਖਾਂ ਅਤੇ ਪਰਿਵਾਰ ਨੇ ਇਸੇ ਥਾਵੇਂ ਗੁਰੂ ਜੀ ਕੇ ਪਾਵਨ ਸਰੀਰ ਨੂੰ ਅਗਨ ਭੇਟ ਕੀਤਾ ਅਤੇ ਸਸਕਾਰ ਕੀਤਾ । 1644 ਈ: ਨੂੰ 6ਵੇਂ ਗੁਰੂ ਜੀ ਸੱਚਖੰਡ ਜਾ ਬਿਰਾਜੇ ।
ਗੁਰਦੁਆਰਾ ਮੰਜੀ ਸਾਹਿਬ (ਬੀਬੀ ਵੀਰੋ ਜੀ ਦਾ ਘਰ)
ਇਹ ਸਥਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਜੀ ਦਾ ਹੈ। ਇਹ ਗੁਰਦੁਆਰਾ ਸ਼ੀਸ਼ ਮਹਿਲ ਤੋਂ ਦੱਖਣ-ਪੱਛਮ ਵੱਲ ਨੂੰ ਛੋਟੀ ਗਲੀ ’ਚ ਜਾ ਕੇ ਹੈ। ਪਿੰਡ ਦੇ ਕੇਂਦਰ ’ਚ ਸਥਿਤ ਬੀਬੀ ਵੀਰੋ ਜੀ ਦੀਆਂ ਨਿਸ਼ਾਨੀਆਂ ਹੱਥਾਂ ਦਾ ਕੱਢਿਆ ਰੁਮਾਲ, ਪੱਖੀ ਝੱਲਣ ਵਾਲੀ, ਮੰਜੀ ਸਾਹਿਬ ਆਦਿ ਦੁਰਲੱਭ ਵਸਤੂਆਂ ਹਨ।
ਗੁਰਦੁਆਰਾ ਚਰਨ ਕਮਲ ਸਾਹਿਬ, ਪਾਤਸ਼ਾਹੀ ਪਹਿਲੀ
ਇਹ ਉਹ ਸਥਾਨ ਹੈ ਜਿੱਥੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਆਏ ਸਨ। 15 ਅੱਸੂ 1574 ਸੰਮਤ ਨੂੰ ਫ਼ਕੀਰ ਸਾਂਈਂ ਬੁੱਢਣ ਸ਼ਾਹ ਨਾਲ ਮੁਲਾਕਾਤ ਕੀਤੀ। ਉਸ ਯਾਦ ’ਚ ਉੱਚੀ ਥਾਂਵੇਂ ਨਹਿਰ ਕੰਢੇ, ਮੇਨ ਬਾਜ਼ਾਰ ’ਚ ਸਥਿਤ ਹੈ ਉੱਚਾ ਦਰ ਬਾਬੇ ਨਾਨਕ ਦਾ।
ਗੁਰਦੁਆਰਾ ਕੋਟ ਸਾਹਿਬ,
ਪਾਤਸ਼ਾਹੀ 6ਵੀਂ-7ਵੀਂ-8ਵੀਂ-9ਵੀਂ ਤੇ 10ਵੀਂ
ਇਹ ਅਸਥਾਨ ਗੁ: ਸ਼ੀਸ਼ ਮਹਿਲ ਦੇ ਬਿਲਕੁਲ ਸਨਮੁੱਖ ਉੱਚੀ ਥਾਂਵੇਂ ਹੈ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਣਵਾਇਆ। ਨਾਮ ਰੱਖਿਆ ਤਖ਼ਤ ਮੀਰੀ-ਪੀਰੀ। ਸ੍ਰੀ ਕੀਰਤਪੁਰ ਸਾਹਿਬ ਸਾਢੇ 49 ਸਾਲ 5 ਗੁਰੂ ਸਾਹਿਬ ਜੀ ਨੇ ਇਸ ਤਖ਼ਤ ’ਤੇ ਸ਼ੁਸ਼ੋਭਿਤ ਹੋ ਕੇ ਗੁਰੂਤਾ ਗੱਦੀ ਦੀ ਸੇਵਾ ਕੀਤੀ (ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ)। ਕਰੀਬ 11 ਸਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ 15-16 ਸਾਲ ਗੁਰੂ ਹਰਿ ਰਾਇ ਸਾਹਿਬ ਜੀ ਇਸ ਤਖ਼ਤ ’ਤੇ ਰਹੇ। ਅਨੇਕਾਂ ਫ਼ੈਸਲੇ ਕੀਤੇ, ਹੁਕਮ ਸੁਣਾਏ ਅਤੇ ਨਿਆਂ ਕੀਤਾ। ਸਰਬੱਤ ਦੇ ਭਲੇ ਦਾ ਸਿਧਾਂਤ ਦ੍ਰਿੜ ਕਰਾਇਆ। ਬਹੁਤ ਸਾਰੇ ਰਾਜੇ, ਮਹਾਰਾਜੇ ਆਏ, ਦੀਦਾਰ ਕਰਦੇ।
ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਪਾਤਸ਼ਾਹੀ 9ਵੀਂ ਤੇ 10ਵੀਂ
ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਲੱਖ ਪ੍ਰਕਾਰ ਦੀਆਂ ਔਕੜਾਂ ਨਾਲ ਦੋ-ਚਾਰ ਹੁੰਦੇ ਹੋਏ ਸਵਾ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਬਿਖੜੇ ਪੈਂਡੇ ਤੈਅ ਕਰਦੇ ਹੋਏ ਚਾਂਦਨੀ ਚੌਕ, ਦਿੱਲੀ ਤੋਂ ਅਦਬ ਸਹਿਤ 9ਵੇਂ ਗੁਰੂ ਜੀ ਦਾ ਸੀਸ ਲੈ ਕੇ ਪੰਜਵੇਂ ਦਿਨ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਨੇਹਾ ਭੇਜਿਆ ਕਿ ਮੈਂ ਸੀਸ ਲੈ ਕੇ ਕੀਰਤਪੁਰ ਪਹੁੰਚ ਗਿਆ ਹਾਂ। ਅੱਗੇ ਕੀ ਹੁਕਮ ਹੈ। ਤਾਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ। ਪਰਿਵਾਰ ਸਮੇਤ ਬਾਲ ਗੁਰੂ ਗੋਬਿੰਦ ਰਾਇ ਜੀ ਪੈਦਲ ਚੱਲ ਕੇ ਆਏ। ਇਕ ਸੁੰਦਰ ਪਾਲਕੀ ਫੁੱਲਾਂ ਨਾਲ ਸਜਾਈ ਗਈ। ਭਾਈ ਜੈਤਾ ਤੋਂ ਗੁਰਾਂ ਦਾ ਸੀਸ ਆਦਰ ਸਹਿਤ ਲੈ ਕੇ ਨਮਸਕਾਰ ਕੀਤੀ। ਪਾਲਕੀ ਸਾਹਿਬ ’ਚ ਸਜਾਇਆ। 9ਵੇਂ ਗੁਰੂ ਜੀ ਦਾ ਵੱਡਾ ਭਾਈ ਸੂਰਜ ਮੱਲ, ਭੈਣ ਬੀਬੀ ਵੀਰੋ ਜੀ, ਪਤਨੀ ਮਾਤਾ ਗੁਜਰੀ ਜੀ ਅਤੇ ਪੂਜਨੀਕ ਮਾਤਾ ਨਾਨਕੀ ਜੀ ਵੀ ਪਹੁੰਚੇ ਸਨ। ਜਿੱਥੇ ਬਿਬਾਨ ਬਣਾਇਆ ਉੱਥੇ ਹੁਣ ਨਹਿਰ ਕੰਢੇ ਪੁਲਿਸ ਸਟੇਸ਼ਨ ਦੇ ਨੇੜੇ ਗੁ: ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ। ਦਿੱਲੀ ਦੀ ਸੰਗਤ ਵੱਲੋਂ ਅਖੰਡ ਪਾਠਾਂ ਦੀ ਲੜੀ 2-3 ਸਾਲਾਂ ਤੋਂ ਚੱਲ ਰਹੀ ਹੈ। ਜਿਸ ਥਾਂ ਸਤਿਗੁਰਾਂ ਦੇ ਪਾਵਨ ਸੀਸ ਦਾ ਸਸਕਾਰ ਹੋਇਆ, ਉਸ ਥਾਂ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਇਸ ਦੀ ਅੰਦਰਲੀ ਪੁਰਾਤਨ ਇਮਾਰਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਬਣਵਾਈ ਸੀ। ਗੁਰਦੁਆਰਾ ਗੁਰੂ ਕੇ ਮਹਿਲ ਦੇ ਸਾਹਮਣੇ ਸਥਿਤ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਉੱਤਰ ਵਾਲੇ ਪਾਸੇ ਦਰਸ਼ਨ ਹੋ ਜਾਂਦੇ ਨੇ। ਇੱਥੇ ਹੀ ਪੁਰਾਤਨ ਖ਼ੂਹੀ ਵੀ ਹੈ।
ਗੁਰੂ ਕਾ ਬਾਗ਼ ਨੌਲੱਖਾ
ਸਤਿਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਅਨੇਕਾਂ ਖ਼ੂਹ ਲਗਵਾਏ। ਚਾਰ ਖ਼ੂਹ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਵੀ ਖ਼ੁਦਵਾਏ। ਆਪ ਜੀ ਬਾਗ਼ਾਂ ਦੀ ਸੈਰ ਰੋਜ਼ਾਨਾ ਕਰਦੇ ਸਨ। ਇੱਥੇ ਹੀ ਬਾਗ਼ ’ਚ ਸੈਰ ਕਰਦਿਆਂ ਬਾਲ ਗੁਰੂ ਹਰਿ ਰਾਇ ਜੀ ਪਾਸੋਂ ਜਾਮੇ (ਚੋਗੇ) ’ਚ ਅੜ ਕੇ ਫੁੱਲ ਟੁੱਟਿਆ ਸੀ। ਫਿਰ ਗੁਰੂ ਦਾਦਾ ਜੀ ਵੱਲੋਂ ਚੋਗਾ ਸਮੇਟ ਕੇ ਚੱਲਣ ਦੀ ਆਗਿਆ ਦਿੱਤੀ ਸੀ। ਇਸੇ ਬਾਗ਼ ’ਚੋਂ ਸ਼ਾਹਜਹਾਂ ਦੇ ਵੱਡੇ ਬੇਟੇ ਔਰੰਗਜ਼ੇਬ ਦੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ ਹਰੜ ਤੇ ਲੌਂਗ ਤੋਂ ਦਵਾਈ ਤਿਆਰ ਕਰ ਦਿੱਤੀ ਸੀ ਜਿਸ ਨਾਲ ਉਸ ਨੂੰ ਆਰਾਮ ਮਿਲਿਆ। ਇਸ ਬਾਗ਼ ਦਾ ਵੱਡਾ ਇਤਿਹਾਸ ਹੈ। ਇਸ ਬਾਗ਼ ਦਾ ਨਾਮ ਨੌਲੱਖਾ ਹੈ।ਇਸ ਦੀ ਸੰਭਾਲ ਭਾਈ ਭਗਤੂ ਜੀ ਕਰਦੇ ਰਹੇ।
ਦੋ ਗੁਰੂ ਸਾਹਿਬਾਨ ਦਾ ਪ੍ਰਕਾਸ਼ ਸਥਾਨ, ਦੋ ਗੁਰੂ ਸਹਿਬਾਨ ਦਾ ਗੁਰੂਤਾ ਗੱਦੀ ਨਸ਼ੀਨ ਸਥਾਨ, 2 ਗੁਰੂ ਜੀ ਦਾ ਅੰਤਮ ਸੰਸਕਾਰ, 6 ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ, ਬਾਬਾ ਸ੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਰਾਮ ਰਾਇ ਜੀ, ਭਾਈ ਭਗਤੂ ਜੀ ਦੀ ਕਰਮ ਭੂਮੀ, ਬੀਬੀ ਵੀਰੋ ਜੀ ਦਾ ਗ੍ਰਹਿ, ਬਾਬਾ ਬੁੱਢਣ ਸ਼ਾਹ ਜੀ ਦੀ ਤਪੋ ਭੂਮੀ ਹੈ ਸ੍ਰੀ ਕੀਰਤਪੁਰ ਸਾਹਿਬ।
ਪੁਆਧ ਨੂੰ ਵੱਡਾ ਮਾਣ ਇਹ ਵੀ ਹੈ ਕਿ ਸੰਸਾਰ ਭਰੀ ਦੀਆਂ ਪੁਰਾਤਨ (ਬਹੁਤ ਹੀ ਵਿਕਸਤ) ਸੱਭਿਤਾਵਾਂ ’ਚੋਂ ਅਹਿਮ ਸੱਭਿਅਤਾ, ਉੱਚਾ ਪਿੰਡ ਸੰਘੋਲ ਇਸ ਖਿੱਤੇ ਦਾ ਹਿੱਸਾ ਹੈ। ਭਾਵ ਪੁਆਧੀਏ ਆਦਿ ਕਾਲ ਤੋਂ ਹੀ ਅਗਾਂਹ-ਵਧੂ, ਵਿਕਸਤ ਜੀਵਨ ਸ਼ੈਲੀ ਦੇ ਆਦੀ ਨੇ। ਪੁਆਧ ਸਤਲੁਜ ਦੇ ਕੰਢੇ ਤੋਂ ਲੈ ਕੇ ਦੱਖਣ ’ਚ ਸਰਸਵਤੀ ਨਦੀ ਦੇ ਤੱਟ, ਭਾਵ-ਕੁਰਕਸ਼ੇਤਰ ਤੱਕ ਫੈਲਿਆ ਹੈ। ਉੱਪਰੋਂ ਨੀਮ ਪਹਾੜੀ ਇਲਾਕੇ ਤੋਂ ਸਮਰਾਲੇ ਵੱਲ, ਜ਼ਿਲ੍ਹਾ ਪਟਿਆਲਾ ਵੱਲ, ਜਰਖੇਜ਼ ਇਲਾਕਾ, ਜਿੱਥੇ ਭਾਂਤ-ਭਾਂਤ ਦੀਆਂ ਫ਼ਸਲਾਂ, ਬਾਗ਼-ਬਗ਼ੀਚੇ, ਸਬਜ਼ੀਆਂ ਤੇ ਬੇਸ਼ਕੀਮਤੀ ਅਨਾਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਪੁਆਧ ਦਾ ਖਿੱਤਾ। ਉੱਥੇ ਹੀ ਇਸ ਧਰਤ ਨੇ ਮਹਾਬਲੀ ਸੂਰਮੇ, ਪੀਰ-ਫ਼ਕੀਰ,ਗੁਰੂ,ਇਸ ਮਿੱਟੀ ਨੇ ਪੈਦਾ ਕੀਤੇ। ਕਿਵੇਂ ਭੁੱਲ ਜਾਈਏ ਚਮਕੌਰ ਦੀ ਗੜ੍ਹੀ। ਇਹ ਗੁਰੂ ਕੀ ਬਾਣੀ ਤੇ ਪੁਆਧ ਦੇ ਪੌਣ-ਪਾਣੀ ਦੀ ਕਰਾਮਾਤ ਨਹੀਂ ਤਾਂ ਹੋਰ ਕੀ ਏ ? ਕਲਗੀਆ ਵਾਲੇ ਦੇ 4 ਲਾਲ ਤੇ 5 ਪਿਆਰੇ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ਇਸ ਖਿੱਤੇ ਦਾ ਗੌਰਵਮਈ ਇਤਿਹਾਸ ਹੈ।
ਸਜਾਇਆ ਜਾਵੇਗਾ ਨਗਰ ਕੀਰਤਨ
ਧਰਮ ਦੀ ਚਾਦਰ, ਤਿਲਕ-ਜੰਝੂ ਦੇ ਰਾਖੇ ਧਰਮ ਦੀ ਆਜ਼ਾਦੀ ਦੇ ਝੰਡਾ ਬਰਦਾਰ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸਾਕਾ-ਏ-ਚਾਂਦਨੀ ਚੌਕ ਦੀ ਪਵਿੱਤਰ ਅਤੇ ਮਿੱਠੀ ਯਾਦ ਸੁਨਹਿਰੇ ਇਤਿਹਾਸ
ਅਤੇ ਸ਼ਹਾਦਤਾਂ ਨੂੰ ਸਮਰਪਿਤ 11 ਜੁਲਾਈ 2025 ਨੂੰ ਇਕ ਮਹਾਨ ਨਗਰ ਕੀਰਤਨ ਧਰਮ ਬਚਾਓ ਯਾਤਰਾ ਗੁ: ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ ਆਰੰਭ ਹੋ ਕੇ ਨਗਰਾਂ-ਪਿੰਡਾਂ ਤੋਂ ਹੁੰਦਾ ਹੋਇਆ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਆਦਿ ਰਾਜਾਂ ’ਚੋਂ ਦੀ ਪੜਾਅ ਦਰ ਪੜਾਅ ਕਰਦਿਆਂ ਆਗਰੇ ਤੋਂ ਬਾਅਦ ਗੁ: ਸੀਸ ਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਵਿਖੇ ਸਮਾਪਤ ਹੋਵੇਗੀ।
• ਮਨਜੀਤ ਸਿੰਘ ਜ਼ੀਰਕਪੁਰ