- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਮੀ ਰਾਮਤੀਰਥ ਜੀ ਦਾ ਜਨਮ ਤੇ ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆਨੰਦ ਜੀ ਦਾ ਨਿਰਵਾਣ ਵੀ ਦੀਵਾਲੀ ਦੇ ਦਿਨ ਹੋਇਆ ਸੀ ਤੇ 14 ਸਾਲ ਦੇ ਬਨਵਾਸ ਤੋਂ ਬਾਅਦ ਸ੍ਰੀਰਾਮ ਚੰਦਰ ਜੀ ਜਦ ਅਯੁੱਧਿਆ ਪੁੱਜੇ ਸਨ ਤਾਂ ਅੱਜ ਦੇ ਦਿਨ ਲੋਕਾਂ ਨੇ ਦੀਵੇ ਜਗਾਏ ਸਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਤੇ ਦੀਵਾਲੀ ਦੇ ਦਿਨ ਘਰ ਦੀ ਸਜਾਵਟ ਕਰ ਕੇ ਦੀਵੇ ਜਗਾਉਂਦੇ ਹਾਂ।

ਅੱਜ ਦੀਵਾਲੀ ਦਾ ਦਿਨ ਹੈ। ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਦੇ ਦਿਨ ਵੱਡੇ-ਵੱਡੇ ਸੰਤ-ਮਹਾਤਮਾਵਾਂ ਦੇ ਜੀਵਨ ਵਿਚ ਅਨੇਕ ਘਟਨਾਵਾਂ ਵਾਪਰੀਆਂ ਸਨ। ਮਸਲਨ ਭਗਵਾਨ ਮਹਾਵੀਰ ਨੂੰ ਨਿਰਵਾਣ ਪਦ ਦੀ ਪ੍ਰਾਪਤੀ ਅੱਜ ਦੇ ਦਿਨ ਹੀ ਹੋਈ ਸੀ। ਦੀਵਾਲੀ ਦਾ ਦਿਨ ਸਿੱਖ ਇਤਿਹਾਸ ਵਿਚ ਵੀ ਵੱਡੀ ਮਹੱਤਤਾ ਰੱਖਦਾ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਗਵਾਲੀਅਰ ਦੇ ਕਿਲੇ੍ਹ ’ਚ ਕੈਦ ਸਨ, ਅੱਜ ਦੇ ਦਿਨ ਹੀ ਉਹ 52 ਰਾਜਿਆਂ-ਮਹਾਰਾਜਿਆਂ ਦੇ ਨਾਲ ਰਿਹਾਅ ਹੋਏ ਸਨ। ਸਵਾਮੀ ਰਾਮਤੀਰਥ ਜੀ ਦਾ ਜਨਮ ਤੇ ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆਨੰਦ ਜੀ ਦਾ ਨਿਰਵਾਣ ਵੀ ਦੀਵਾਲੀ ਦੇ ਦਿਨ ਹੋਇਆ ਸੀ ਤੇ 14 ਸਾਲ ਦੇ ਬਨਵਾਸ ਤੋਂ ਬਾਅਦ ਸ੍ਰੀਰਾਮ ਚੰਦਰ ਜੀ ਜਦ ਅਯੁੱਧਿਆ ਪੁੱਜੇ ਸਨ ਤਾਂ ਅੱਜ ਦੇ ਦਿਨ ਲੋਕਾਂ ਨੇ ਦੀਵੇ ਜਗਾਏ ਸਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਤੇ ਦੀਵਾਲੀ ਦੇ ਦਿਨ ਘਰ ਦੀ ਸਜਾਵਟ ਕਰ ਕੇ ਦੀਵੇ ਜਗਾਉਂਦੇ ਹਾਂ। ਇਸ ਮੌਕੇ ਸਾਰੇ ਲੋਕ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਸੰਤਾਂ-ਮਹਾਪੁਰਸ਼ਾਂ ਮੁਤਾਬਕ ਜਿਸ ਤਰ੍ਹਾਂ ਅਸੀਂ ਦੀਵਾਲੀ ਮੌਕੇ ਕੂੜਾ-ਕਰਕਟ ਬਾਹਰ ਕੱਢ ਕੇ ਆਪਣੇ ਘਰ ਦੀ ਸਫ਼ਾਈ ਕਰਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਆਪਣੇ ਔਗੁਣਾਂ ਜਿਵੇਂ ਕਿ ਈਰਖਾ-ਸਾੜੇ, ਨਿੰਦਾ, ਚੁਗਲੀ, ਹਿੰਸਾ, ਝੂਠ, ਗੰਦੇ ਵਿਚਾਰਾਂ ਅਤੇ ਹੰਕਾਰ ਨੂੰ ਆਪਣੇ ਅੰਦਰੋਂ ਬਾਹਰ ਕੱਢਣਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਅਹਿੰਸਾ, ਪ੍ਰੇਮ, ਪਵਿੱਤਰਤਾ, ਨਿਮਰਤਾ ਤੇ ਨਿਸ਼ਕਾਮ ਸੇਵਾ ਵਰਗੇ ਗੁਣਾਂ ਨੂੰ ਆਪਣੇ ਜੀਵਨ ’ਚ ਢਾਲਣਾ ਹੈ ਜਿਸ ਨਾਲ ਕਿ ਸਾਡਾ ਧੁਰ ਅੰਦਰ ਵੀ ਸਾਫ਼ ਹੋਵੇ ਤੇ ਅਸੀਂ ਆਪਣੇ ਅੰਦਰ ਦੀਵਾਲੀ ਮਨਾਉਣ ਦੇ ਲਾਇਕ ਹੋ ਸਕੀਏ। ਸਾਰੇ ਧਰਮਾਂ ਦੀਆਂ ਮੂਲ ਸਿੱਖਿਆਵਾਂ ’ਚ ਸਾਨੂੰ ਇਹੀ ਸਮਝਾਇਆ ਗਿਆ ਹੈ ਕਿ ਜਿਵੇਂ ਅਸੀਂ ਬਾਹਰ ਦੀਵਾਲੀ ਮਨਾਉਂਦੇ ਹਾਂ, ਠੀਕ ਉਸੇ ਤਰ੍ਹਾਂ ਅਸੀਂ ਆਪਣੇ ਅੰਦਰ ਵੀ ਦੀਵਾਲੀ ਮਨਾ ਸਕਦੇ ਹਾਂ। ਦੀਵਾਲੀ ਦੇ ਤਿਉਹਾਰ ’ਤੇ ਅਸੀਂ ਜੋ ਦੀਵੇ ਬਾਲਦੇ ਅਤੇ ਪਟਾਕੇ ਚਲਾਉਂਦੇ ਹਾਂ, ਉਹ ਸਭ ਸਾਡੇ ਅੰਦਰ ਮੌਜੂਦ ਪ੍ਰਭੂ ਦੀ ਜੋਤ ਅਤੇ ਮਹਿਮਾ ਦਾ ਪ੍ਰਤੀਕ ਹਨ। ਆਪਣੇ ਅੰਦਰ ਪ੍ਰਭੂ ਦੀ ਜੋਤ ਅਤੇ ਮਹਿਮਾ ਦਾ ਅਨੁਭਵ ਕਰਨ ਲਈ ਸਾਨੂੰ ਵਕਤ ਦੇ ਪੂਰਨ ਸਤਿਗੁਰੂ ਦੀ ਜ਼ਰੂਰਤ ਹੁੰਦੀ ਹੈ। ਆਓ! ਦੀਵਾਲੀ ਦੇ ਇਸ ਤਿਉਹਾਰ ’ਤੇ ਅਸੀਂ ਆਪਣੀ ਬਾਹਰਲੀ ਸਫ਼ਾਈ ਦੇ ਨਾਲ-ਨਾਲ ਆਪਣੇ ਅੰਦਰ ਦੀ ਵੀ ਸਫ਼ਾਈ ਕਰੀਏ।
-ਸੰਤ ਰਾਜਿੰਦਰ ਸਿੰਘ