- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ ਕੌਮੀ ਸ਼ਾਹ ਮਾਰਗ ’ਤੇ ਪਿੰਡ ਗੰਡਿਆ ਖੇੜੀ ਤੋਂ 3 ਕਿਲੋਮੀਟਰ ਦੂਰ ਤਹਿਸੀਲ ਰਾਜਪੁਰਾ ਤੇ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਵੱਖਰੇ ਤਰ੍ਹਾਂ ਦਾ ਡੌਗ ਟੈਂਪਲ (ਕੁੱਤਿਆਂ ਦਾ ਡੇਰਾ) ਸਥਿਤ ਹੈ। ਇਹ ਕੋਈ ਆਮ ਮੰਦਰ ਨਹੀਂ ਹੈ ਸਗੋਂ ਭਗਵਾਨ ਸ਼ਿਵ ਦੇ ਨਾਂ ਉਤੇ ਬਣੇ ਮੰਦਰ ’ਚ ਇੱਥੋਂ ਦੇ ਮਹੰਤਾਂ ਵੱਲੋਂ ਬੇਜ਼ੁਬਾਨ ਦਰਵੇਸ਼ (ਕੁੱਤਿਆਂ) ਨੂੰ ਅਹਿਮ ਥਾਂ ਦਿੱਤੀ ਗਈ ਹੈ।

ਪਟਿਆਲਾ ਕੌਮੀ ਸ਼ਾਹ ਮਾਰਗ ’ਤੇ ਪਿੰਡ ਗੰਡਿਆ ਖੇੜੀ ਤੋਂ 3 ਕਿਲੋਮੀਟਰ ਦੂਰ ਤਹਿਸੀਲ ਰਾਜਪੁਰਾ ਤੇ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਵੱਖਰੇ ਤਰ੍ਹਾਂ ਦਾ ਡੌਗ ਟੈਂਪਲ (ਕੁੱਤਿਆਂ ਦਾ ਡੇਰਾ) ਸਥਿਤ ਹੈ। ਇਹ ਕੋਈ ਆਮ ਮੰਦਰ ਨਹੀਂ ਹੈ ਸਗੋਂ ਭਗਵਾਨ ਸ਼ਿਵ ਦੇ ਨਾਂ ਉਤੇ ਬਣੇ ਮੰਦਰ ’ਚ ਇੱਥੋਂ ਦੇ ਮਹੰਤਾਂ ਵੱਲੋਂ ਬੇਜ਼ੁਬਾਨ ਦਰਵੇਸ਼ (ਕੁੱਤਿਆਂ) ਨੂੰ ਅਹਿਮ ਥਾਂ ਦਿੱਤੀ ਗਈ ਹੈ। ਹਰ ਕੁੱਤਾ ਕਰੋੜਾਂ ਰੁਪਏ ਦੀ ਜ਼ਮੀਨ ਦਾ ਮਾਲਕ ਹੈ।
ਸੈਂਕੜੇ ਸਾਲ ਪੁਰਾਣਾ ਹੈ ਮੰਦਰ
ਇਸ ਮੰਦਰ ਦੇ ਇਤਿਹਾਸ ਬਾਰੇ ਪੰਡਿਤ ਦੇਵੀ ਰਾਮ ਵਾਸੀ ਪਿੰਡ ਖਾਨਪੁਰ ਗੰਡਿਆ ਨੇ ਦੱਸਿਆ ਕਿ ਇਹ ਮੰਦਰ ਸੈਂਕੜੇ ਸਾਲ ਪੁਰਾਣਾ ਹੈ। ਇਸ ਥਾਂ ’ਤੇ ਭਗਵਾਨ ਗਿਰ ਜੀ ਬੇਰੀ ਦੇ ਦਰੱਖ਼ਤ ਥੱਲੇ ਸਮਾਧੀ ਲਗਾ ਕੇ ਤਪੱਸਿਆ ਕਰ ਰਹੇ ਸਨ। ਜਦੋਂ ਉਸ ਸਮੇਂ ਦਾ ਰਾਜਾ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਧੂਣਾ ਬਲਦਾ ਦੇਖ ਕੇ ਕਿਸੇ ਤਪੱਸਵੀ ਵੱਲੋਂ ਤਪੱਸਿਆ ਕੀਤੇ ਜਾਣ ਦਾ ਅਹਿਸਾਸ ਹੋਇਆ। ਫਿਰ ਉਸ ਨੇ ਭਗਵਾਨ ਗਿਰ ਨਾਲ ਮੁਲਾਕਾਤ ਕੀਤੀ। ਰਾਜੇ ਨੇ ਭਗਵਾਨ ਗਿਰ ਅੱਗੇ ਇਸ ਬੀਆਬਾਨ ਥਾਂ ਜਿੱਥੇ ਝਾੜੀਆਂ ਦੇ ਸੰਘਣਾ ਜੰਗਲ ਬਣਿਆ ਹੋਇਆ ਸੀ, ਵਿਖੇ ਸਰ੍ਹਾਂ ਬਣਾਉਣ ਦਾ ਵਿਚਾਰ ਕੀਤਾ। ਇਸ ਮੌਕੇ ਭਗਵਾਨ ਗਿਰ ਵੱਲੋਂ ਮਾਤਾ ਅੰਨਪੂਰਨਾ ਮੰਦਰ ਬਣਾਉਣ ਦੀ ਇੱਛਾ ਜਤਾਈ। ਜਦੋਂ ਰਾਜੇ ਨੇ ਮੰਦਰ ਬਣਾ ਕੇ ਦੇਣ ਦੀ ਹਾਮੀ ਭਰੀ ਤਾਂ ਭਗਵਾਨ ਗਿਰ ਪੈਦਲ ਚੱਲ ਕੇ ਪਾਕਿਸਤਾਨ ਗਏ ਤੇ ਉਥੇ ਸਥਿਤ ਹਿੰਗ ਰਾਜ ਦੇਵੀ ਮਾਂ ਦੇ ਮੰਦਰ ’ਚ ਮਾਤਾ ਦੇ ਚਰਨਾ ’ਚ ਅਰਦਾਸ ਕਰ ਕੇ ਉਨ੍ਹਾਂ ਨੂੰ ਮਨਾ ਕੇ ਮੰਦਰ ਵਾਸਤੇ ਮਾਤਾ ਅੰਨਪੂਰਨਾ ਦੀ ਮੂਰਤੀ ਆਪਣੇ ਸਿਰ ਉੱਤੇ ਲੈ ਕੇ ਇਸੇ ਅਸਥਾਨ ’ਤੇ ਪਹੁੰਚੇ। ਪੰਡਿਤ ਦੇਵੀ ਰਾਮ ਨੇ ਦੱਸਿਆ ਕਿ ਇਤਿਹਾਸ ਮੁਤਾਬਿਕ ਭਗਵਾਨ ਗਿਰ ਨੇ ਮਾਤਾ ਅੰਨਪੂਰਨਾ ਦੀ ਮੂਰਤੀ ਨੂੰ ਸੱਚੀ ਸ਼ਰਧਾ ਨਾਲ ਉਦੋਂ ਤੱਕ ਆਪਣੇ ਸਿਰ ਉਤੇ ਰੱਖਿਆ, ਜਦੋਂ ਤੱਕ ਮੰਦਰ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋਇਆ। ਫਿਰ ਜਦੋਂ ਮੰਦਰ ਦਾ ਨਿਰਮਾਣ ਕਾਰਜ ਮੁਕੰਮਲ ਹੋਇਆ ਤਾਂ ਭਗਵਾਨ ਗਿਰ ਨੇ ਆਪਣੇ ਸਿਰ ਉਤੇ ਰੱਖੀ ਮਾਤਾ ਅੰਨਪੂਰਨਾ ਦੀ ਮੂਰਤੀ ਨੂੰ ਮੰਦਰ ’ਚ ਸ਼ਰਧਾ ਤੇ ਸਤਿਕਾਰ ਨਾਲ ਸੁਸ਼ੋਭਿਤ ਕੀਤਾ। ਇਸ ਤੋਂ ਬਾਅਦ ਇੱਥੇ ਡੇਰੇ ਦਾ ਨਿਰਮਾਣ ਹੋਇਆ। ਇਸ ਤਰ੍ਹਾਂ ਜਦੋਂ ਭਗਵਾਨ ਗਿਰ ਜਿਉਂਦੇ ਜੀਅ ਸਮਾਧੀ ਲਗਾ ਕੇ ਬੈਠ ਗਏ ਤੇ ਆਪਣਾ ਚੋਲਾ ਤਿਆਗ ਦਿੱਤਾ। ਉਸ ਨੇ ਹੋਰ ਦੱਸਿਆ ਕਿ ਦੇਵ ਦਤਾਤਰੇ ਜੀ ਨੇ ਸਨਿਆਸ ਪੰਥ ਚਲਾਇਆ। ਇਸ ਤਰ੍ਹਾਂ ਸਨਿਆਸੀਆਂ, ਮਹੰਤਾਂ ਤੇ ਸੰਤਾਂ ਵੱਲੋਂ ਕੁੱਤਿਆਂ ਨੂੰ ਦਰਵੇਸ਼ ਮੰਨਦਿਆਂ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਖਾਣ ਲਈ ਅੰਨ ਤੇ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਰਿਹਾ ਹੈ।
ਮਹਾਰਾਜਾ ਆਲਾ ਸਿੰਘ ਨੇ ਦਿੱਤੀ ਜ਼ਮੀਨ
ਪਟਿਆਲਾ ਰਿਆਸਤ ਦੇ ਮਹਾਰਾਜਾ ਆਲਾ ਸਿੰਘ ਦੇ ਮੰਦਰ ਨਾਲ ਜੁੜੇ ਇਤਿਹਾਸ ਸਬੰਧੀ ਪੰਡਿਤ ਦੇਵੀ ਰਾਮ ਨੇ ਦੱਸਿਆ ਕਿ ਦੇਸ਼ ’ਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਆਲਾ ਸਿੰਘ ਨੇ ਡੇਰੇ ਦੇ ਮਹੰਤ ਕੋਲ ਉਨ੍ਹਾਂ ਦੀ ਤਪੱਸਿਆ ਨੂੰ ਦੇਖਦਿਆਂ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ। ਦੱਸਿਆ ਜਾਂਦਾ ਹੈ ਕਿ ਇਸ ਖਾਨਪੁਰ ਗੰਡਿਆ ਇਲਾਕੇ ਵਿਚ ਬਰਸਾਤੀ ਪਾਣੀ ਦੀ ਮਾਰ ਰਹਿੰਦੀ ਸੀ ਤੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਸੀ। ਜਿਸ ’ਤੇ ਜਦੋਂ ਡੇਰੇ ਦੇ ਮਹੰਤ ਰਾਜਪੁਰਾ ਸ਼ਹਿਰ ਦੀ ਪੁਰਾਣੀ ਰੇਲਵੇ ਲਾਈਨ ਕੋਲ ਪਹੁੰਚੇ ਤਾਂ ਆਲਾ ਸਿੰਘ ਨੇ ਮੁਲਾਕਾਤ ਦੌਰਾਨ ਪਟਿਆਲਾ ਦੀ ਰਿਆਸਤ ਦਾ ਮਹਾਰਾਜ ਬਣਨ ਦੀ ਇੱਛਾ ਜਤਾਈ। ਉਦੋਂ ਮਹੰਤ ਗਿਰ ਜੀ ਨੇ ਆਲਾ ਸਿੰਘ ਨੂੰ ਆਪਣੇ ਏਰੀਏ ’ਚ ਜਾ ਕੇ ਝੰਡੀ ਗੱਡ ਕੇ ਆਪਣਾ ਰਾਜ ਸਥਾਪਿਤ ਕਰਨ ਬਾਰੇ ਕਿਹਾ। ਉਸ ਸਮੇਂ ਦੇ ਗੁਪਤਚਰਾਂ ਨੇ ਅੰਗਰੇਜ਼ਾਂ ਕੋਲ ਆਲਾ ਸਿੰਘ ਵੱਲੋਂ ਝੰਡੀ ਗੱਡਣ ਦੀ ਗੱਲ ਪਹੁੰਚਾਈ ਤਾਂ ਅੰਗਰੇਜ਼ਾਂ ਵੱਲੋਂ ਝੰਡੀ ਪੁੱਟ ਕੇ ਖੂਹ ’ਚ ਸੁੱਟ ਦਿੱਤੀ ਗਈ। ਇਸ ਗੱਲ ਤੋਂ ਪ੍ਰੇਸ਼ਾਨ ਆਲਾ ਸਿੰਘ ਮਹੰਤ ਗਿਰ ਕੋਲ ਪਹੁੰਚੇ ਤੇ ਸਾਰੀ ਗੱਲਬਾਤ ਦੱਸੀ, ਜਿਸ ਤੋਂ ਬਾਅਦ ਮਹੰਤ ਗਿਰ ਨੇ ਆਲਾ ਸਿੰਘ ਨੂੰ ਦੁਬਾਰਾ ਝੰਡੀ ਗੱਡ ਕੇ ਪਟਿਆਲਾ ਰਿਆਸਤ ਦਾ ਰਾਜਾ ਐਲਾਨ ਕਰਨ ਦੀ ਗੱਲ ਆਖੀ। ਜਦੋਂ ਆਲਾ ਸਿੰਘ ਨੂੰ ਅੰਗਰੇਜ਼ਾ ਵੱਲੋਂ ਪਟਿਆਲਾ ਦੀ ਰਿਆਸਤ ਦਾ ਰਾਜਾ ਮੰਨ ਲਿਆ ਗਿਆ ਤਾਂ ਮਹਾਰਾਜਾ ਆਲਾ ਸਿੰਘ ਪਿੰਡ ਖਾਨਪੁਰ ਗੰਡਿਆ ਦੇ ਡੇਰੇ ’ਚ ਪਹੁੰਚੇ। ਉਸ ਸਮੇਂ ਡੇਰੇ ਵਿੱਚੋਂ ਦਰਵੇਸ਼ਾਂ (ਕੁੱਤਿਆਂ) ਨੂੰ ਰੋਟੀ ਖਵਾਈ ਜਾਂਦੀ ਸੀ। ਉਦੋਂ ਮਹਾਰਾਜਾ ਆਲਾ ਸਿੰਘ ਨੇ ਡੇਰੇ ਦੇ ਨਾਂ ਜ਼ਮੀਨ ਦੇਣ ਦੀ ਇੱਛਾ ਜਤਾਈ ਤਾਂ ਮਹੰਤ ਗਿਰ ਵੱਲੋਂ ਆਪਣੇ ਨਾਂ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਡੇਰੇ ਦੇ ਪ੍ਰਬੰਧਕਾਂ ਦੇ ਨਾਂ ਜ਼ਮੀਨ ਹੋ ਗਈ ਤਾਂ ਭਵਿੱਖ ’ਚ ਲੜਾਈਆਂ ਹੋਣ ਦਾ ਖ਼ਤਰਾ ਹੈ, ਜਿਸ ਤੋਂ ਬਾਅਦ ਮਹਾਰਾਜੇ ਵੱਲੋਂ 160 ਵਿੱਘੇ ਜ਼ਮੀਨ ਡੇਰੇ ਦੀਆਂ ਸਮਾਧਾਂ ਤੇ ਕੁੱਤਿਆਂ ਦੇ ਨਾਂ ਕਰ ਦਿੱਤੀ। ਉਨ੍ਹਾਂ ਦੇ ਵੱਲੋਂ ਇਲਾਕੇ ’ਚ ਬਰਸਾਤੀ ਪਾਣੀ ਦੀ ਮਾਰ ਨੂੰ ਵੀ ਸਹੀ ਕਰਵਾਇਆ ਤੇ ਮੰਦਰ ਦਾ ਨਿਰਮਾਣ ਵੀ ਕਰਵਾਇਆ ਗਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਡੇਰੇ ਦੇ ਸੇਵਾਦਾਰਾਂ ਵੱਲੋਂ ਡੇਰੇ ’ਚ ਰਹਿੰਦੇ ਕੁੱਤਿਆਂ ਨੂੰ ਨਾਸ਼ਤੇ ਵਿਚ ਲੱਸੀ ਪਿਲਾਈ ਜਾਂਦੀ ਹੈ ਤੇ ਫਿਰ ਦੁਪਹਿਰ 12 ਵਜੇ ਤੋਂ ਬਾਅਦ ਤੇ ਰਾਤ ਕਰੀਬ 9 ਵਜੇ ਆਵਾਜ਼ ਲਗਾ ਕੇ ਡੇਰੇ ਦੇ ਕੁੱਤਿਆਂ ਨੂੰ ਭੋਜਨ ਛਕਾਇਆ ਜਾਂਦਾ ਹੈ। ਇਨ੍ਹਾਂ ਦਰਵੇਸ਼ਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਹੀ ਸੇਵਾਦਾਰਾਂ ਨੂੰ ਭੋਜਨ ਖਾਣ ਲਈ ਦਿੱਤਾ ਜਾਂਦਾ ਹੈ। ਡੇਰੇ ਦੇ ਅੰਦਰ ਖਾਣਾ ਤਿਆਰ ਕਰਨ ਲਈ ਵੱਡੀ ਰਸੋਈ ਵੀ ਬਣਾਈ ਹੋਈ ਹੈ ਤੇ ਲਈ ਲੰਗਰ ਹਾਲ ਵੀ ਵੱਖਰਾ ਬਣਾਇਆ ਹੋਇਆ ਹੈ।
ਡੇਰੇ ਨਾਲ ਇਤਿਹਾਸ
ਪੰਡਿਤ ਦੇਵੀ ਰਾਮ ਨੇ ਦੱਸਿਆ ਕਿ ਪਿੰਡ ਖਾਨਪੁਰ ਦੇ ਬ੍ਰਾਹਮਣ ਪਰਿਵਾਰ ਦਾ ਇਕ ਵਿਅਕਤੀ ਡੇਰੇ ’ਚ ਲੰਗਰ ਤਿਆਰ ਕਰਨ ਤੇ ਸੇਵਾਦਾਰ ਵਜੋਂ ਕੰਮ ਕਰਦਾ ਸੀ। ਜਦੋਂ ਉਹ ਪਿੰਡ ਖੇੜੀ ਗੰਡਿਆ ਤੇ ਹੋਰਨਾਂ ਪਿੰਡਾਂ ਤੋਂ ਗਜ਼ਾ ਕਰ ਕੇ ਆ ਰਿਹਾ ਸੀ ਤਾਂ ਰਸਤੇ ’ਚ ਉਸ ਦੀ ਮੌਤ ਹੋ ਗਈ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਉਣ ਉਪਰੰਤ ਅਗਨੀ ਭੇਟ ਕਰਨ ਲਈ ਲਿਜਾਇਆ ਗਿਆ ਤਾਂ ਸੇਵਾਦਾਰ ਦੀ ਮ੍ਰਿਤਕ ਦੇਹ ਨੂੰ ਅੱਗ ਨਹੀਂ ਲੱਗੀ, ਜਿਸ ਤੋਂ ਬਾਅਦ ਸੇਵਾਦਾਰ ਦੇ ਪਰਿਵਾਰਕ ਮੈਂਬਰ ਮਹੰਤ ਗਿਰ ਜੀ ਕੋਲ ਆਏ ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਗ ਨਾ ਲੱਗਣ ਸਬੰਧੀ ਦੱਸਿਆ। ਮਹੰਤ ਗਿਰ ਜੀ ਨੇ ਕਿਹਾ ਕਿ ਉਸ ਦਾ ਸੇਵਾਦਾਰ ਪਹਿਲਾਂ ਗਜ਼ਾ ਲੈ ਕੇ ਡੇਰੇ ’ਚ ਆਵੇਗਾ। ਦੱਸਣ ਮੁਤਾਬਿਕ ਬ੍ਰਾਹਮਣ ਸੇਵਾਦਾਰ ਉੱਠ ਗਿਆ ਤੇ ਜਦੋਂ ਡੇਰੇ ’ਚ ਗਜ਼ਾ ਲੈ ਕੇ ਪਹੁੰਚਿਆ ਤਾਂ ਮਹੰਤ ਜੀ ਉਸ ਸੇਵਾਦਾਰ ਨੂੰ ਆਪਣੀ ਗੋਦੀ ’ਚ ਬਿਠਾ ਕੇ ਜਿਉਂਦੇ ਜੀਅ ਸਮਾਧੀ ਲਗਾ ਕੇ ਬੈਠ ਗਏ ਤੇ ਚੋਲਾ ਤਿਆਗ ਗਏ। ਇਸ ਤਰ੍ਹਾਂ ਡੇਰੇ ਦੇ ਮਹੰਤਾਂ ਦੀਆਂ ਵੱਡੀ ਸਮਾਧੀਆਂ ਉਨ੍ਹਾਂ ਦੇ ਸੇਵਾਦਾਰਾਂ ਤੇ ਚੇਲਿਆਂ ਦੀਆਂ ਛੋਟੀਆਂ ਸਮਾਧੀਆਂ ਬਣਾਈਆਂ ਹੋਈਆਂ ਹਨ। ਡੇਰੇ ਦੇ ਇਤਿਹਾਸ ਮੁਤਾਬਿਕ ਮਹਾਰਾਜਾ ਭਗਵਾਨ ਗਿਰ ਤੋਂ ਬਾਅਦ ਮਹਾਰਾਜਾ ਮੋਹਨ ਗਿਰ ਜੀ, ਮਹਾਰਾਜ ਕ੍ਰਿਸ਼ਨ ਗਿਰ, ਮਹਾਰਾਜ ਦੇਵੀ ਗਿਰ, ਮਹਾਰਾਜ ਹਰੀ ਕ੍ਰਿਸ਼ਨ ਗਿਰ, ਮਹਾਰਾਜ ਗੋਕਲ ਗਿਰ, ਮਹਾਰਾਜ ਕਾਂਸ਼ੀ ਗਿਰ, ਮਹਾਰਾਜ ਵਾਸੂ ਦੇਵ ਗਿਰ, ਮਹਾਰਾਜ ਜਨਕ ਗਿਰ, ਮਹਾਰਾਜ ਸੁਖਦੇਵ ਗਿਰ, ਮਹਾਰਾਜ ਲਾਲ ਗਿਰ, ਮਹਾਰਾਜ ਧਨ ਗਿਰ, ਮਹਾਰਾਜ ਅਜੈ ਗਿਰ ਨੇ ਸਮੇਂ-ਸਮੇਂ ’ਤੇ ਡੇਰੇ ਦੇ ਮੁਖੀ ਵੱਲੋਂ ਆਪਣੀ ਤਪੱਸਿਆ ਤੇ ਸੇਵਾ ਭਾਵਨਾ ਜਾਰੀ ਰੱਖੀ।
ਕਰੋੜਾਂ ਰੁਪਏ ਦੀ ਜ਼ਮੀਨ ਦੇ ਮਾਲਕ ਹਨ ਕੁੱਤੇ
ਦੱਸਣ ਮੁਤਾਬਿਕ ਇਸ ਡੇਰੇ ’ਚ 27-28 ਕੁੱਤੇ ਰਹਿੰਦੇ ਹਨ ਤੇ ਇਨ੍ਹਾਂ ਕੁੱਤਿਆਂ ਦਾ ਹੀ ਵੰਸ਼ ਅੱਗੇ ਚੱਲਦਾ ਆ ਰਿਹਾ ਹੈ। ਜੇ ਕੋਈ ਬਾਹਰਲਾ ਕੁੱਤਾ ਇਸ ਡੇਰੇ ਵਿਚ ਆਉਂਦਾ ਹੈ ਤਾਂ ਡੇਰੇ ਦੇ ਕੁੱਤਿਆਂ ਵੱਲੋਂ ਉਨ੍ਹਾਂ ਨੂੰ ਭਜਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਡੇਰੇ ਦੇ ਕਰੋੜਾਂ ਰੁਪਏ ਦੀ ਜ਼ਮੀਨ ਦੇ ਮਾਲਕ ਕੁੱਤੇ ਲੋਕਾਂ ਦੀਆਂ ਜ਼ਮੀਨਾਂ ’ਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦਰਵੇਸ਼ਾਂ ਨੂੰ ਕੋਈ ਵੀ ਮਾਰਨ ਦੀ ਹਿੰਮਤ ਨਹੀਂ ਕਰਦਾ। ਇਹ ਕੁੱਤੇ ਆਪਣੇ ਰੋਟੀ ਦੇ ਸਮੇਂ ਡੇਰੇ ’ਚ ਪਹੁੰਚ ਜਾਂਦੇ ਹਨ ਤੇ ਕਈ ਵਾਰ ਤਾਂ ਡੇਰੇ ਦੇ ਸੇਵਾਦਾਰਾਂ ਵੱਲੋਂ ਜਦੋਂ ਰੋਟੀ ਸਮੇਂ ਆਵਾਜ਼ ਲਗਾਈ ਜਾਂਦੀ ਹੈ ਤਾਂ ਤੁਰੰਤ ਨੇੜਲੇ ਖੇਤਾਂ ਤੇ ਝਾੜੀਆਂ ਵਿੱਚੋਂ ਕੁੱਤਿਆਂ ਦਾ ਝੁੰਡ ਰੋਟੀ ਖਾਣ ਲਈ ਪੁੱਜ ਜਾਂਦਾ ਹੈ। ਡੇਰੇ ਦੇ ਬਾਹਰ ਰੋਜ਼ਾਨਾ ਕੁੱਤਿਆਂ ਲਈ ਪੱਕੇ ਤੌਰ ’ਤੇ ਭਾਂਡਿਆਂ ਵਿਚ ਪੀਣ ਲਈ ਦੁੱਧ, ਲੱਸੀ ਭਰ ਕੇ ਰੱਖੀ ਜਾਂਦੀ ਹੈ ਤੇ ਪੀਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
ਠੇਕੇ ’ਤੇ ਦਿੱਤੀ ਜਾਂਦੀ ਜ਼ਮੀਨ
ਇਸ ਸਮੇਂ ਬਾਬਾ ਧੰਨਰਾਜ ਗਿਰ ਜੀ ਡੇਰਾ ਮੁਖੀ ਵਜੋਂ ਸੇਵਾਵਾਂ ਦੇ ਰਹੇ ਹਨ। ਸੰਜੇ ਗਿਰ ਤੇ ਹਰੀ ਗਿਰ ਸੇਵਾਦਾਰ ਦੇ ਤੌਰ ’ਤੇ ਸੇਵਾ ਕਰ ਰਹੇ ਹਨ। ਮੰਦਰ ਦੇ ਡੇਰੇ ’ਚ ਤਿਆਰ ਕੀਤਾ ਭੋਜਨ ਸਭ ਤੋਂ ਪਹਿਲਾਂ ਦਰਵੇਸ਼ਾਂ ਨੂੰ ਖੁਆਇਆ ਜਾਂਦਾ ਹੈ। ਉਸ ਤੋਂ ਬਾਅਦ ਹੀ ਸੇਵਾਦਾਰਾਂ ’ਚ ਭੋਜਨ ਵਰਤਾਇਆ ਜਾਂਦਾ ਹੈ। ਇਨ੍ਹਾਂ ਦਰਵੇਸ਼ਾ ਨਾਲ ਸ਼ਰਧਾਪੂਰਵਕ ਵਿਵਹਾਰ ਕੀਤਾ ਜਾਂਦਾ ਹੈ। ਡੇਰੇ ਦੀਆਂ ਸਮਾਧਾਂ ਤੇ ਕੁੱਤਿਆਂ ਦੇ ਨਾਂ ਬੋਲਦੀ ਜ਼ਮੀਨ ਨੂੰ ਸਮੇਂ-ਸਮੇਂ ’ਤੇ ਠੇਕੇ ਉਤੇ ਦਿੱਤਾ ਜਾਂਦਾ ਹੈ ਤੇ ਇਸ ਦੀ ਰਾਸ਼ੀ ਮੰਦਰ ਦੀ ਦੇਖਭਾਲ ਦੇ ਤੌਰ ’ਤੇ ਵਰਤੀ ਜਾਂਦੀ ਹੈ।
ਡੇਰੇ ’ਚ ਹੈ ਗਊਸ਼ਾਲਾ
ਡੇਰੇ ’ਚ ਗਊਸ਼ਾਲਾ ਵੀ ਬਣਾਈ ਹੋਈ ਹੈ। ਇਨ੍ਹਾਂ ਗਾਵਾਂ ਦਾ ਦੁੱਧ ਨੂੰ ਡੇਰੇ ’ਚ ਵਰਤਿਆ ਜਾਂਦਾ ਹੈ। ਡੇਰੇ ਦੇ ਇਕ ਪਾਸੇ ਪੁਰਾਣਾ ਖੂਹ ਵੀ ਹੈ। ਇਸ ਖੂਹ ਦਾ ਪਾਣੀ ਮਹੰਤਾਂ ਵੱਲੋਂ ਪੀਣ ਤੇ ਇਸ਼ਨਾਨ ਕਰਨ ਲਈ ਵਰਤਿਆ ਜਾਂਦਾ ਸੀ ਪਰ ਹੁਣ ਖੂਹ ਪੁਰਾਣਾ ਹੋਣ ਕਾਰਨ ਇਸ ਦਾ ਪਾਣੀ ਦਾ ਪੱਧਰ ਵੀ ਨੀਵਾਂ ਹੋ ਗਿਆ ਹੈ।
ਕੁੱਤਿਆਂ ਨੂੰ ਲਵਾਇਆ ਜਾਂਦਾ ਸਭ ਤੋਂ ਪਹਿਲਾਂ ਭੋਗ
ਪੰਡਿਤ ਦੇਵੀ ਰਾਮ ਨੇ ਦੱਸਿਆ ਕਿ ਜਦੋਂ ਪਿੰਡ ਖਾਨਪੁਰ ਗੰਡਿਆ ਵਿਖੇ ਕਿਸੇ ਘਰ ’ਚ ਵਿਆਹ-ਸ਼ਾਦੀ, ਅਖੰਡ ਪਾਠ ਜਾਂ ਪੂਜਾ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸੁੱਚੀ ਰੋਟੀ ਰੱਖ ਕੇ ਡੇਰੇ ਵਿਚ ਕੁੱਤਿਆਂ ਨੂੰ ਪਾਈ ਜਾਂਦੀ ਹੈ। ਇਸੇ ਤਰ੍ਹਾਂ ਮੰਦਰ ਵਿੱਚੋਂ ਕਿਸੇ ਦੀ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਉਹ ਵਿਅਕਤੀ ਸ਼ਰਧਾਂ ਮੁਤਾਬਿਕ ਮੰਦਰ ਵਿਚ ਲੱਡੂਆਂ ਦੇ ਡੱਬੇ ਚੜ੍ਹਾਉਣ ਤੋਂ ਇਲਾਵਾ ਕੁੱਤਿਆਂ ਨੂੰ ਭੋਜਨ ਤੇ ਬਰੈੱਡ ਆਦਿ ਵੀ ਖੁਆ ਕੇ ਜਾਂਦੇ ਹਨ।
ਮਹਾਸ਼ਿਵਰਾਤਰੀ ’ਤੇ ਲੱਗਦਾ ਮੇਲਾ
ਯੁਵਕ ਸੇਵਾਵਾਂ ਕਲੱਬ ਪਿੰਡ ਖਾਨਪੁਰ ਗੰਡਿਆ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਉਹ ਸਾਲ 2014 ਤੋਂ ਲਗਾਤਾਰ ਹਰ ਸਾਲ ਡੇਰੇ ਵਿਚ ਮਹਾਸ਼ਿਵਰਾਤਰੀ ’ਤੇ ਕੁਸ਼ਤੀ ਦੰਗਲ, ਰੱਸਾਕਸ਼ੀ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ। ਉਨ੍ਹਾਂ ਦੀ ਡੇਰੇ ’ਚ ਬੜੀ ਆਸਥਾ ਹੈ, ਜਿਸ ਦੇ ਚੱਲਦਿਆਂ ਉਹ ਪਹਿਲਾਂ ਪਿੰਡ ਦੇ ਪੰਚਾਇਤ ਮੈਂਬਰ ਬਣੇ, ਫਿਰ ਬਲਾਕ ਸੰਮਤੀ ਮੈਂਬਰ ਤੇ ਬਲਾਕ ਸੰਮਤੀ ਸ਼ੰਭੂ ਕਲਾਂ ਦੇ ਵਾਇਸ ਚੇਅਰਮੈਨ ਚੁਣੇ ਗਏ। ਹਰ ਸਾਲ ਮਹਾਸ਼ਿਵਰਾਤਰੀ ’ਤੇ ਵੱਧ ਤੋਂ ਵੱਧ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ।
- ਸਰਬਜੀਤ ਸਿੰਘ ਸੈਣੀ