17 ਅਪ੍ਰੈਲ, ਗੁਰਗੱਦੀ ਦਿਵਸ 'ਤੇ

ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ ਸੰਮਤ 1678 ਮੁਤਾਬਕ 1 ਅਪ੍ਰੈਲ 1621 ਨੂੰ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅੰਮ੍ਰਿਤਸਰ 'ਗੁਰੂ ਕੇ ਮਹਿਲ' ਵਿਚ ਪ੍ਰਗਟ ਹੋਏ। ਆਪ ਪੰਜ ਭਰਾ ਸਨ। ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ ਤੇ ਬਾਬਾ ਅਟੱਲ ਰਾਇ ਜੀ। ਇਕ ਭੈਣ, ਬੀਬੀ ਵੀਰੋ ਜੀ ਸੀ। ਆਪ ਸਭ ਤੋਂ ਛੋਟੇ ਸਨ। ਆਪ ਦਾ ਬਚਪਨ ਦਾ ਨਾਂ 'ਤਿਆਗ ਮੱਲ' ਸੀ।

ਆਪ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦੇ ਚਰਨਾਂ 'ਤੇ ਮੱਥਾ ਟੇਕਿਆ। ਭਾਈ ਬਿਧੀ ਚੰਦ ਦੇ ਪੁੱਛਣ 'ਤੇ ਆਪ ਨੇ ਦੱਸਿਆ ਕਿ ਇਹ ਬਾਲਕ ਸੱਚਾਈ ਦੇ ਰਾਹ 'ਤੇ ਜਬਰ ਜ਼ੁਲਮ ਨੂੰ ਮਿਟਾਉਣ ਲਈ ਆਖ਼ਰੀ ਸਵਾਸ ਤਕ ਲੜੇਗਾ। ਆਪ ਬਚਪਨ ਤੋਂ ਹੀ ਤੀਖਣ ਬੁੱਧੀ ਵਾਲੇ ਤੇ ਦਇਆਵਾਨ ਸਨ। ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਆਪ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ। ਬਰਾਤ ਜਾਣ ਲਈ ਦਰਵਾਜ਼ੇ 'ਚ ਖੜ੍ਹੀ ਸੀ। ਆਪ ਨੇ ਇਕ ਨੰਗਾ ਭਿਖਾਰੀ ਬੱਚਾ ਵੇਖਿਆ ਤਾਂ ਆਪਣੇ ਤਨ ਤੋਂ ਕੱਪੜੇ ਉਤਾਰ ਕੇ ਉਸ ਨੂੰ ਪਹਿਨਾ ਦਿੱਤੇ ਤੇ ਘਰ ਅੰਦਰ ਚਲੇ ਗਏ। ਮਾਤਾ ਜੀ ਦੇ ਪੁੱਛਣ 'ਤੇ ਆਪ ਨੇ ਕਿਹਾ, 'ਮਾਤਾ ਜੀ! ਮੈਨੂੰ ਤਾਂ ਹੋਰ ਮਿਲ ਜਾਣਗੇ, ਉਸ ਨੂੰ ਕਿਸ ਨੇ ਦੇਣੇ ਹਨ?' ਆਪ ਐਸੀ ਦਇਆ ਦੀ ਮੂਰਤ ਸਤਿਗੁਰੂ ਸਨ।

ਆਪ ਨੂੰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪਾਸੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਪੰਜਾਬੀ, ਬ੍ਰਿਜ਼ ਭਾਸ਼ਾ, ਗਣਿਤ ਤੇ ਸੰਗੀਤ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ। ਆਪ ਨੂੰ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਵਿਚ ਵੀ ਨਿਪੁੰਨਤਾ ਹਾਸਲ ਸੀ। ਕਰਤਾਰਪੁਰ ਦੀ ਜੰਗ 'ਚ ਆਪ ਨੇ ਬਹਾਦਰੀ ਦੇ ਜੌਹਰ ਵਿਖਾਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦਾ ਨਾਂ 'ਤਿਆਗ ਮੱਲ' ਤੋਂ 'ਤੇਗ ਬਹਾਦਰ' ਰੱਖ ਦਿੱਤਾ। ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਜੀ ਦੀ ਪੁੱਤਰੀ ਗੁਜਰੀ ਜੀ ਨਾਲ 1 ਅਕਤੂਬਰ 1632 ਈਸਵੀ ਨੂੰ ਹੋਇਆ। 22 ਦਸੰਬਰ 1666 ਨੂੰ ਆਪ ਦੇ ਘਰ ਇਕ ਤੇਜਸਵੀ ਪੁੱਤਰ ਦਾ ਜਨਮ ਹੋਇਆ। ਜਿਸ ਦਾ ਨਾਂ 'ਗੋਬਿੰਦ ਰਾਏ' ਰੱਖਿਆ ਗਿਆ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ 'ਤੇ ਗੁਰਗੱਦੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ 8 ਮਾਰਚ 1644 ਨੂੰ ਹੋਈ। ਉਸ ਤੋਂ ਬਾਅਦ ਗੁਰਗੱਦੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਅਕਤੂਬਰ 1661 'ਚ ਹੋਈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਬਾਅਦ, ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ 'ਮਹਾਨਕੋਸ਼' ਦੇ ਪੰਨਾ 600 ਅਨੁਸਾਰ ਆਪ ਚੇਤ ਸੁਦੀ 14 (24 ਚੇਤ) ਸੰਮਤ 1722 (20 ਮਾਰਚ 1665) ਵਿਚ ਗੁਰਗੱਦੀ 'ਤੇ ਬਿਰਾਜਮਾਨ ਹੋਏ।

ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਗੁਰਗੱਦੀ ਮਿਲਣ ਤਕ ਲਗਪਗ 20 ਸਾਲ ਆਪ ਪ੍ਰਭੂ ਭਗਤੀ 'ਚ ਲੀਨ ਰਹੇ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਜਲਦੀ ਹੀ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਦੌਰੇ ਆਰੰਭੇ। ਜਿਸ ਵਿਚ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਰਾਇ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਵੇਖ ਕੇ ਹਰਿਮੰਦਰ ਸਾਹਿਬ ਦਾ ਮੁੱਖ ਦਰਵਾਜਾ ਬੰਦ ਕਰ ਲੈਣ ਤੇ ਆਪ ਅਕਾਲ ਤਖ਼ਤ ਸਾਹਬ ਦੇ ਲਾਗੇ ਇਕ ਥੜ੍ਹੇ ਉੱਪਰ ਬੈਠ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਉੱਥੋਂ ਆਪ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ, ਖੇਮਕਰਨ, ਕੀਰਤਪੁਰ ਤੇ ਬਿਲਾਸਪੁਰ ਗਏ। ਪੰਜਾਬ ਤੋਂ ਬਾਅਦ ਆਪ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਆਪ ਸੈਫ਼ਾਬਾਦ, ਧਮਧਾਨ, ਦਿੱਲੀ, ਮਥੁਰਾ, ਬ੍ਰਿੰਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਸਸਰਾਮ, ਗਯਾ, ਪਟਨਾ, ਮੁਘੇਰ, ਢਾਕਾ ਤੇ ਅਸਾਮ ਵਿਖੇ ਸਿੱਖੀ ਦੇ ਪ੍ਰਚਾਰ ਹਿੱਤ ਗਏ ਤੇ ਹਜ਼ਾਰਾਂ ਲੋਕ ਸਿੱਖ ਧਰਮ 'ਚ ਸ਼ਾਮਲ ਹੋਏ।

ਇਨੀ੍ਹਂ ਦਿਨੀਂ ਔਰੰਗਜ਼ੇਬ ਜਨਤਾ 'ਤੇ ਖ਼ੂਬ ਅੱਤਿਆਚਾਰ ਕਰ ਰਿਹਾ ਸੀ। ਗੁਰੂ ਸਾਹਿਬ ਨੇ ਲੋਕਾਂ ਨੂੰ ਅੱਤਿਆਚਾਰ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ। ਇਹ ਔਰੰਗਜ਼ੇਬ ਲਈ ਨਾ-ਸਹਿਣਯੋਗ ਸੀ। ਉਧਰ ਰਾਮਰਾਇ, ਜੋ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਲੜਕਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਸੀ, ਅਤੇ ਬਾਣੀ ਦੀ ਤੁਕ ਬਦਲਣ ਦਾ ਹੌਸਲਾ ਕਰਨ 'ਤੇ ਗੁਰੂ ਹਰਿਰਾਇ ਸਾਹਬ ਵੱਲੋਂ ਦੁਰਕਾਰਿਆ ਗਿਆ ਸੀ। ਅਤੇ ਗੁਰੂ ਸਾਹਿਬ ਨੇ ਗੁਰਗੱਦੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ ਸੀ। ਇਸ ਨੇ ਵੀ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ 'ਤੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ।

ਉੱਧਰ 25 ਮਈ 1675 ਨੂੰ ਕਸ਼ਮੀਰੀ ਪੰਡਿਤਾਂ ਦਾ ਇਕ ਵਫ਼ਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਔਰੰਗਜ਼ੇਬ ਦੇ ਅੱਤਿਅਤਚਾਰਾਂ ਦੀ ਕਹਾਣੀ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ ਤਾਂ ਬਾਲ ਗੋਬਿੰਦ ਰਾਏ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਕਿਸੇ ਮਹਾਂਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਗੋਬਿੰਦ ਰਾਏ ਜੀ ਬੋਲੇ, 'ਪਿਤਾ ਜੀ, ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ?’ ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫ਼ੈਸਲਾ ਕੀਤਾ। ਆਪਣੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀ ਪ੍ਰਾਪਤ ਕੀਤੀ। ਤਿੰਨ ਗੁਰਸਿੱਖਾਂ ਨੂੰ 10 ਨਵੰਬਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਜੀ ਨੂੰ 12 ਮੱਘਰ ਸੁਦੀ 5 ਸੰਮਤ 1732 (12 ਮੱਘਰ, 11 ਨਵੰਬਰ ਸੰਨ 1675) ਨੂੰ ਸੀਸ ਧੜ ਤੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਅਸਥਾਨ ਦਾ ਨਾਂ 'ਸੀਸਗੰਜ' ਹੈ, ਜੋ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਵਿਦਯਮਾਨ ਹੈ। ਦੀਵਾਨ ਘਨੱਈਆ ਲਾਲ ਆਪਣੀ ਪੁਸਤਕ 'ਤਾਰੀਖ਼-ਏ-ਪੰਜਾਬ' 'ਚ ਲਿਖਦਾ ਹੈ ਕਿ 'ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਔਰੰਗਜ਼ੇਬ ਦੇ ਸਾਮਰਾਜ ਦਾ ਪਤਨ ਆਰੰਭ ਹੋ ਗਿਆ।' 'ਤਵਾਰੀਖ ਗੁਰੂ ਖਾਲਸਾ' ਵਿਚ ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ 'ਗੁਰੂ ਜੀ ਦੀ ਸ਼ਹੀਦੀ 'ਤੇ ਦੇਵਤਿਆਂ ਨੇ ਫੁੱਲ ਬਰਸਾਏ। ਜ਼ਾਲਮ ਬਾਦਸ਼ਾਹ ਦਾ ਬੇੜਾ ਗਰਕ ਹੋਯਾ।'

ਭਾਈ ਲੱਖੀ ਸ਼ਾਹ ਨੇ ਆਪਣੇ ਤਿੰਨ ਪੁੱਤਰਾਂ, ਜਿਨ੍ਹਾਂ ਦੇ ਨਾਂ ਇਤਹਾਸ ਵਿਚ ਨਿਗਾਹੀਆ, ਹੇਮਾ ਤੇ ਹਾੜੀ ਕਰਕੇ ਆਉਂਦੇ ਹਨ ਤੇ ਚੌਥੇ ਸਿੱਖ ਭਾਈ ਧੂਮਾ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ੍ਹ ਨੂੰ ਆਪਣੇ ਰੂੰ ਵਾਲੇ ਗੱਡੇ ਵਿਚ ਛੁਪਾ ਕੇ ਆਪਣੇ ਘਰ ਲੈ ਆਂਦਾ ਤੇ ਘਰ ਨੂੰ ਅੱਗ ਲਗਾ ਕੇ ਸਸਕਾਰ ਕਰ ਦਿੱਤਾ। ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਬ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਬਹਾਦਰੀ ਤੇ ਸੂਰਬੀਰਤਾ ਲਈ ਉਨ੍ਹਾਂ ਨੂੰ 'ਰੰਗਰੇਟੇ ਗੁਰੂ ਕੇ ਬੇਟੇ' ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ।

16 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਅਨੰਦਪੁਰ ਸਾਹਬ ਵਿਖੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਲਿਖਦੇ ਹਨ :

ਤੇਗ ਬਹਾਦਰ ਕੇ ਚਲਤ ਭਇਉ ਜਗਤ ਕੋ ਸੋਗ

ਹੈ ਹੈ ਹੈ ਸਭ ਭਇਉ ਜੈ ਜੈ ਜੈ ਸੁਰਲੋਕ

ਗੁਰੂ ਤੇਗ ਬਹਾਦਰ ਜੀ 54 ਸਾਲ 7 ਮਹੀਨੇ ਤੇ 10 ਦਿਨ ਦੀ ਸੰਸਾਰਕ ਆਯੂ ਦੌਰਾਨ 10 ਵਰ੍ਹੇ 7 ਮਹੀਨੇ 22 ਦਿਨ ਗੁਰ ਗੱਦੀ 'ਤੇ ਬਿਰਾਜਮਾਨ ਰਹੇ।

- ਧਰਮਿੰਦਰ ਸਿੰਘ ਚੱਬਾ

Posted By: Harjinder Sodhi