- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ 15,200 ਫੁੱਟ ਦੀ ਉਚਾਈ ’ਤੇ ਸਥਿਤ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੇਮਕੁੰਟ, ਹੇਮਕੁੰਡ ਅਤੇ ਹੇਮਕੂਟ ਦਾ ਸ਼ਾਬਦਿਕ ਅਰਥ ਹੈ ਹਿਮਾਲਿਆ ਦੀ ਧਾਰਾ ਵਿਚ ਇੰਦ੍ਰਦਯੁਮਨਸਰ ਕੋਲ ਹੇਮਕੁੂਟ ਪਰਬਤ ਹੈ ਜਿਸ ਦਾ ਜ਼ਿਕਰ ਮਹਾਂਭਾਰਤ ਦੇ ਆਦਿ ਪਰਬ ਦੇ 119ਵੇਂ ਅਧਿਆਏ ਵਿਚ ਆਇਆ ਹੈ।

ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ 15,200 ਫੁੱਟ ਦੀ ਉਚਾਈ ’ਤੇ ਸਥਿਤ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੇਮਕੁੰਟ, ਹੇਮਕੁੰਡ ਅਤੇ ਹੇਮਕੂਟ ਦਾ ਸ਼ਾਬਦਿਕ ਅਰਥ ਹੈ ਹਿਮਾਲਿਆ ਦੀ ਧਾਰਾ ਵਿਚ ਇੰਦ੍ਰਦਯੁਮਨਸਰ ਕੋਲ ਹੇਮਕੁੂਟ ਪਰਬਤ ਹੈ ਜਿਸ ਦਾ ਜ਼ਿਕਰ ਮਹਾਂਭਾਰਤ ਦੇ ਆਦਿ ਪਰਬ ਦੇ 119ਵੇਂ ਅਧਿਆਏ ਵਿਚ ਆਇਆ ਹੈ। ‘ਇੰਦ੍ਰਦਯੁਮਨਸਰ ਪ੍ਰਾਪਯ ਹੇਮਕੁਟ ਮਤੀਤਯਚ’ ਪਟਨੇ ਦੇ ਜ਼ਿਲ੍ਹੇ ਰਾਜਗਿਰੀ ਦੇ ਪੰਜ ਪਹਾੜਾਂ ’ਚੋਂ ‘ਰਤਨਗਿਰਿ’ ਦਾ ਨਾਂ ਵੀ ਹੇਮਕੂਟ ਹੈ। ਦਸਮ ਗ੍ਰੰਥ ਵਿਚ ਵੀ ਹੇਮਕੁੰਟ ਬਾਰੇ ਜ਼ਿਕਰ ਹੈ।
ਹੇਮਕੁੰਟ ਪਰਬਤ ਹੈ ਜਹਾਂ॥
ਸਪਤ ਸਿੰ੍ਰਗ ਸੋਭਿਤ ਹੈ ਤਹਾਂ॥
(ਦਸਮ ਗ੍ਰੰਥ, ਅੰਗ 54)
ਸ੍ਰੀ ਹੇਮਕੁੰਟ ਸਾਹਿਬ ਦੇ ਅਸਥਾਨ ’ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਦੁਸ਼ਟ-ਦਮਨ ਦੇ ਰੂਪ ਵਿਚ ਅਕਾਲ ਪੁਰਖ ਦਾ ਸਿਮਰਨ ਕੀਤਾ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਰਿਸ਼ੀਕੇਸ, ਸ੍ਰੀ ਨਗਰ ਗੜ੍ਹਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉੱਪਰ ਸਮੁੰਦਰ ਦੀ ਸਤਹ ਤੋਂ 15210 ਫੁੱਟ ਦੀ ਉਚਾਈ ’ਤੇ ਹੈ। ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ ’ਚੋਂ ਰਿਸ਼ੀਕੇਸ਼ ਨੰਬਰ ਇਕ ’ਤੇ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਸੰਗਤਾਂ ਦੇ ਰਹਿਣ ਵਾਸਤੇ ਵੱਡੀ ਗਿਣਤੀ ਵਿਚ ਕਮਰੇ ਬਣੇ ਹੋਏ ਹਨ। ਜੇਕਰ ਯਾਤਰੂ ਸੰਗਤਾਂ ਨੂੰ ਕਮਰੇ ਨਾ ਵੀ ਮਿਲਣ ਤਾਂ ਉਹ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਸਸਤੇ, ਮਹਿੰਗੇ ਹੋਟਲ ਵੀ ਕਾਫ਼ੀ ਗਿਣਤੀ ਵਿਚ ਮੌਜੂਦ ਹਨ, ਉਨ੍ਹਾਂ ਵਿਚ ਰਾਤ ਕੱਟ ਸਕਦੇ ਹਨ।
ਕਿਹਾ ਜਾਂਦਾ ਹੈ ਰਿਸ਼ੀਆਂ ਦਾ ਘਰ
ਹਰਿਦੁਆਰ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਸ ਪੁਰਾਤਨ ਸ਼ਹਿਰ ਨੂੰ ਰਿਸ਼ੀਆਂ ਦਾ ਘਰ ਕਿਹਾ ਜਾਂਦਾ ਹੈ। ਰੇਲਵੇ ਦਾ ਇਹ ਆਖਰੀ ਸਟੇਸ਼ਨ ਹੈ। ਇੱਥੋਂ ਪਹਾੜੀ ਸਫ਼ਰ ਸ਼ੁਰੂ ਹੁੰਦਾ ਹੈ। ਯਾਤਰੀ ਆਪਣੇ ਨਾਲ ਦਵਾਈ, ਹਲਕਾ ਭੋਜਨ ਲੈ ਕੇ ਚੱਲਣ। ਰਿਸ਼ੀਕੇਸ਼ ਮਗਰੋਂ ਰਸਤਾ ਵਲ-ਵਲੇਵੇਂ ਖਾਂਦੀਆਂ ਸੜਕਾਂ, ਇਕ ਪਾਸੇ ਅੰਤਾਂ ਦੀ ਡੂੰਘਾਈ ਵਿਚ ਵਹਿੰਦੀ ਗੰਗਾ, ਦੂਜੇ ਪਾਸੇ ਅਸਮਾਨ ਛੂੰਹਦੇ ਪਹਾੜ ਰਸਤੇ ਵਿਚ ਥਾਂ-ਥਾਂ ਚੱਲ ਰਹੇ ਪਾਣੀ ਦੇ ਝਰਨੇ ਅਤੇ ਇਸ ਨੂੰ ਮੋਹ ਲੈਣ ਵਾਲੀ ਹਰਿਆਵਲ ਦੇਖ ਕੇ ਮਨ ਖਿੜ ਉੱਠਦਾ ਹੈ। ਰਿਸ਼ੀਕੇਸ਼ ਤੋਂ 104 ਕਿਲੋਮੀਟਰ ਅਤੇ ਸ਼੍ਰੀ ਨਗਰ ਗੜ੍ਹਵਾਲ ਤੋਂ 252 ਕਿਲੋਮੀਟਰ ਦੇ ਫ਼ਾਸਲੇ ’ਤੇ ਜੋਸ਼ੀ ਮੱਠ ਦਾ ਅਸਥਾਨ ਹੈ। ਜੋਸ਼ੀਮੱਠ ਸ਼ੰਕਰਾਚਾਰੀਆ ਦੁਆਰਾ ਸਥਾਪਤ ਚਾਰ ਮੱਠਾਂ ’ਚੋਂ ਇਕ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 6000 ਫੁੱਟ ਹੈ। ਹੇਮ ਗੰਗਾ ਅਤੇ ਅਲਕਨੰਦਾ ਦੇ ਸੰਗਮ ’ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਇੱਥੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਰਿਹਾਇਸ਼ ਤੇ ਲੰਗਰ ਦਾ ਯਾਤਰੀਆਂ ਲਈ ਸੁਚੱਜਾ ਪ੍ਰਬੰਧ ਹੈ। ਇੱਥੇ ਸੰਗਤ ਨੂੰ ਰਾਤ ਵਿਸ਼ਰਾਮ ਕਰਨ ਲਈ ਕੰਬਲ ਦਿੱਤੇ ਜਾਂਦੇ ਹਨ। ਯਾਤਰੂਆਂ ਦੇ ਸਾਮਾਨ ਲਈ ਗੱਠੜੀ ਘਰ ਹੈ। ਇੱਥੇ ਇਕ ਡਿਸਪੈਂਸਰੀ ਵੀ ਹੈ, ਜਿੱਥੋਂ ਲੋੜਵੰਦ, ਯਾਤਰੂ ਦਵਾਈ, ਮਲ੍ਹਮ-ਪੱਟੀ ਆਦਿ ਲੈ ਸਕਦੇ ਹਨ।
ਪੈਦਲ ਯਾਤਰਾ ਹੁੰਦੀ ਹੈ ਆਰੰਭ
ਗੁਰਦੁਆਰਾ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਆਰੰਭ ਹੁੰਦੀ ਹੈ। ਯਾਤਰੀ ਗੱਡੀਆਂ ਪਾਰਕਿੰਗ ਕਰ ਕੇ ਆਪਣਾ ਸਾਮਾਨ ਅਟੈਂਚੀ ਕੇਸ, ਬੈਗ, ਬਿਸਤਰੇ ਤੇ ਨਕਦੀ/ਕੈਸ਼ ਅਮਾਨਤ ਵਜੋਂ ਗੋਬਿੰਦ ਘਾਟ ਦੇ ਗੁਰਦੁਆਰਾ ਸਾਹਿਬ ਵਿਚ ਪ੍ਰਬੰਧਕਾਂ ਕੋਲ ਜਮ੍ਹਾਂ ਕਰਵਾ ਕੇ ਅੱਗੇ ਯਾਤਰਾ ਲਈ ਚੱਲਦੇ ਹਨ। ਗੁਰਦੁਆਰਾ ਗੋਬਿੰਦ ਘਾਟ ਵਿਖੇ ਪੰਜ ਪਿਆਰਿਆਂ ਵੱਲੋਂ ਅੰਮਿ੍ਰਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਹਰ ਯਾਤਰੂ ਨੂੰ ਹੇਮਕੁੰਟ ਸਾਹਿਬ ਪਹੁੰਚਣ ਤੋਂ ਪਹਿਲਾਂ ਅੰਮਿ੍ਰਤ ਛਕ ਕੇ ਜਾਣਾ ਚਾਹੀਦਾ ਹੈ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿਲੋਮੀਟਰ ਪੈਂਦਲ ਯਾਤਰਾ ਸੁੰਮਵਾਲੀ ਸੋਟੀ ਦੇ ਸਹਾਰੇ, ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਉੱਚੇ ਨੀਵੇਂ ਰਸਤੇ ’ਤੇ ਪੈਦਲ ਚੱਲਦੀਆਂ ਸੰਗਤਾਂ ਕੁਦਰਤੀ ਦਰੱਖ਼ਤਾਂ, ਫਲਾਂ, ਫੁੱਲਾਂ ਨੂੰ ਵੇਖਦੀਆਂ ਗੋਬਿੰਦ ਧਾਮ ਪਹੁੰਚਦੀਆਂ ਹਨ। ਇਹ 12 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਬਜ਼ੁਰਗਾਂ, ਰੋਗੀਆਂ ਅਤੇ ਛੋਟੇ ਬੱਚਿਆਂ ਲਈ ਘੋੜਾ, ਕਾਂਡੀ ਤੇ ਪਿੱਠੂ ਦੀ ਸਵਾਰੀ ਦਾ ਪ੍ਰਬੰਧ ਵੀ ਹੈ। ਇਹ ਕਿਰਾਏ ’ਤੇ ਮਿਲਦੇ ਹਨ। ਯਾਤਰੂਆਂ ਨੂੰ ਇਸ ਸਫ਼ਰ ਦੌਰਾਨ ਬਿਸਕੁਟ, ਕਾਜੂ, ਮਨੱਕਾ, ਛੁਹਾਰੇ, ਬਦਾਮ, ਅਖਰੋਟ, ਫਰੂਟ, ਨਿੰਬੂ, ਚੂਰਨ, ਟਾਫੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸਤੇ ਵਿਚ ਵੀ ਚਾਹ, ਬਿਸਕੁਟ, ਕੋਲਡ ਡਰਿੰਕ, ਪਕੌੜਿਆਂ ਦੀਆਂ ਕਾਫ਼ੀ ਦੁਕਾਨਾਂ ਹਨ ਪਰ ਉਨ੍ਹਾਂ ਤੋਂ ਸਾਮਾਨ ਬਹੁਤ ਮਹਿੰਗਾ ਮਿਲਦਾ ਹੈ। ਇਨ੍ਹਾਂ ਦੇ ਰੇਟ ਆਮ ਕੀਮਤ ਨਾਲੋਂ ਤਿੰਨ ਗੁਣਾਂ ਹੁੰਦੇ ਹਨ।
ਪਹਾੜਾਂ ਦੀ ਗੋਦ ’ਚ ਗੋਬਿੰਦ ਧਾਮ
ਗੋਬਿੰਦ ਧਾਮ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰਾ ਗੋਬਿੰਦ ਧਾਮ ਵਿਖੇ ਲੰਗਰ, ਚਾਹ, ਦਵਾ-ਦਾਰੂ ਦਾ ਸੁਚੱਜਾ ਪ੍ਰਬੰਧ ਹੈ। ਪਹਾੜਾਂ ਦੀ ਗੋਦ ’ਚ ਏਕਾਂਤ ਵਿਚ ਇਸ ਗੁਰਦੁਆਰਾ ਸਾਹਿਬ ਵਿਚ ਪਹੁੰਚਦਿਆਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਬ੍ਰਹਿਮੰਡ ਵਿਚ ਪਹੁੰਚ ਗਏ ਹੋਈਏ। ਇੱਥੇ ਸ਼ਾਂਤ ਵਾਤਾਵਰਨ ਹੈ, ਕੋਈ ਪ੍ਰਦੂਸ਼ਣ ਨਹੀਂ ਹੈ ਤੇ ਨਾ ਹੀ ਸ਼ੋਰ-ਸ਼ਰਾਬਾ। ਇੱਥੇ ਸਿਰਫ਼ ਤਨ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਇੱਥੇ ਹਰ ਸ਼ਰਧਾਲੂ ਨੂੰ ਆਰਾਮ ਕਰਨ ਲਈ ਚਾਰ ਜਾਂ ਪੰਜ ਕੰਬਲ ਦਿੱਤੇ ਜਾਂਦੇ ਹਨ। ਗੋਬਿੰਦ ਧਾਮ ਵਿਖੇ ਸੰਗਤਾਂ ਦੇ ਠਹਿਰਣ ਲਈ ਕਮਰੇ ਅਤੇ ਵੱਡਾ ਹਾਲ ਵੀ ਬਣਿਆ ਹੋਇਆ ਹੈ। ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਦਿਨ ਸੰਗਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਰਵਾਨਾ ਹੁੰਦੀ ਹੈ। ਇੱਥੋ 7 ਕਿਲੋਮੀਟਰ ਦੀ ਸਖ਼ਤ ਤੇ ਸਿੱਧੀ ਚੜ੍ਹਾਈ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ। ਇਸ ਅਸਥਾਨ ’ਤੇ ਪੱਥਰ ਦੀਆਂ 1160 ਪੌੜੀਆਂ ਰਾਹੀਂ ਵੀ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ।
ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ’ਤੇ ਸਰਕਾਰ ਵੱਲੋਂ ਇਕ ਪੁਲ਼ ਬਣਾਇਆ ਗਿਆ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ। ਇਸ ਅਸਥਾਨ ’ਤੇ ਪਹੁੰਚਣ ਲਈ 3 ਤੋਂ 4 ਘੰਟੇ ਤਕ ਦਾ ਸਮਾਂ ਲੱਗਦਾ ਹੈ। ਜਿਵੇਂ ਹੀ ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਨੂੰ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤਾਂ ਮਨ ਦੀ ਖ਼ੁਸ਼ੀ ਜੈਕਾਰਿਆਂ ਦੀ ਗੁੰੂਜ ਵਿਚ ਬਦਲ ਜਾਂਦੀ ਹੈ। ਇਸ ਤੀਰਥ ਅਸਥਾਨ ਦੇ ਇਕ ਪਾਸੇ ਵਿਸ਼ਾਲ ਸਰੋਵਰ ਹੈ। ਜਿਸ ਦੇ ਸ਼ੁੱਧ ਤੇ ਠੰਢੇ ਜਲ ਵਿਚ ਇਸ਼ਨਾਨ ਕਰਦਿਆਂ ਹੀ 19 ਕਿਲੋਮੀਟਰ ਦੀ ਪੈਦਲ ਚੜ੍ਹਾਈ ਦੇ ਕਾਰਨ ਥੱਕੇ ਹੋਏ ਯਾਤਰੂਆਂ ਦਾ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ। ਸਰੋਵਰ ਦੇ ਕਿਨਾਰੇ 1926 ਈ: ਦਾ ਬਣਿਆ ਗੁਰਦੁਆਰਾ ਸਾਹਿਬ ਹੈ। ਜੋ ਭਗਤੀ ਤੇ ਪ੍ਰਭੂ ਮਿਲਾਪ ਦਾ ਪ੍ਰਤੀਕ ਹੈ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਮੈਨੇਜਮੈਂਟ ਟਰੱਸਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਗਤਾਂ ਦੇ ਦਰਸ਼ਨਾਂ ਲਈ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 22 ਮਈ ਨੂੰ ਖੁੱਲ੍ਹ ਰਹੇ ਹਨ।
ਸੰਗਤ ਨੂੰ ਰਾਤ ਠਹਿਰਨ ਦੀ ਆਗਿਆ ਨਹੀਂ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤ ਨੂੰ ਰਾਤ ਠਹਿਰਨ ਦੀ ਆਗਿਆ ਨਹੀਂ ਮਿਲਦੀ ਕਿਉਂਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜ਼ਨ ਬਹੁਤ ਘੱਟ ਹੁੰਦੀ ਹੈ ਤੇ ਸੰਗਤ ਦਾ ਜ਼ਿਆਦਾ ਇਕੱਠ ਵੀ ਨਹੀਂ ਹੋਣ ਦਿੱਤਾ ਜਾਂਦਾ। ਪ੍ਰਬੰਧਕ ਸਪੀਕਰ ਰਾਹੀਂ ਹੀ ਇਹ ਅਨਾਉੂਂਸਮੈਂਟ ਵਾਰ-ਵਾਰ ਕਰਦੇ ਰਹਿੰਦੇ ਹਨ ਕਿ ਸੰਗਤ ਇਸ਼ਨਾਨ ਕਰਕੇ, ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ, ਚਾਹ ਤੇ ਖਿਚੜੀ ਦਾ ਲੰਗਰ ਛਕ ਕੇ ਤੇ ਪ੍ਰਸ਼ਾਦ ਲੈ ਕੇ ਵਾਪਸ ਗੋਬਿੰਦ ਧਾਮ ਪਹੁੰਚਣ। ਸੰਗਤ ਨੇ ਵਾਪਸ ਗੋਬਿੰਦ ਧਾਮ ਆ ਕੇ ਹੀ ਲੰਗਰ ਛਕਣਾ ਅਤੇ ਵਿਸ਼ਰਾਮ ਕਰਨਾ ਹੁੰਦਾ ਹੈ।
ਸਭ ਤੋਂ ਉੱਚੇ ਸਥਾਨ ’ਤੇ ਸਥਿਤ ਗੁਰਦੁਆਰਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੁਨੀਆ ਵਿਚ ਸਭ ਤੋਂ ਉੱਚੇ ਸਥਾਨ ’ਤੇ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਤਿੰਨ ਪਾਸੇ ਚੋਟੀਆਂ ਕਦੇ ਹਰੀਆਂ-ਭਰੀਆਂ ਅਤੇ ਕਦੇ ਬਰਫ਼ ਨਾਲ ਢਕੀਆਂ ਹੋਈਆਂ ਪਹਾੜੀਆਂ, ਚੌਥੇ ਪਾਸੇ ਬਾਰ੍ਹਾਂ ਮਹੀਨੇ ਬਰਫ਼ ਨਾਲ ਢਕਿਆ ਹੋਇਆ ਪਰਬਤ ਇਸ ਸਰੋਵਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੇ ਹਨ। ਸਰਦੀ ਦੇ ਮੌਸਮ ਵਿਚ ਬਰਫ਼ ਇੰਨੀ ਜ਼ਿਆਦਾ ਪੈਂਦੀ ਹੈ ਕਿ ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ ਅਤੇ ਸਰੋਵਰ ਵੀ ਬਰਫ਼ ਨਾਲ ਢਕੇ ਜਾਂਦੇ ਹਨ। ਹੇਮਕੁੰਟ ਸਾਹਿਬ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤਕ ਬਰਫ਼ਾਂ ਨਾਲ ਢਕਿਆ ਰਹਿੰਦਾ ਹੈ। ਅਪੈ੍ਰਲ ਮਹੀਨੇ ਵਿਚ ਫ਼ੌਜ, ਆਈ.ਟੀ.ਬੀ.ਪੀ, ਬੰਗਾਲ ਇੰਜੀਨੀਅਰ ਤੇ ਬਾਰਡਰ ਰੋਡ ਵਾਲੇ ਫ਼ੌਜੀ ਤੇ ਕਰਮਚਾਰੀ ਇਹ ਰਸਤਾ ਖੋਲ੍ਹਦੇ ਹਨ।
- ਕਰਨੈਲ ਸਿੰਘ ਐੱਮ.ਏ.