- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਦਰਤ ਜਿਵੇਂ ਲਗਾਤਾਰ ਵਿਕਾਸ ਕਰਦੀ ਹੈ, ਨਵੀਆਂ ਕਰੂੰਬਲਾਂ ਫੁੱਟਦੀਆਂ ਹਨ, ਪੀਲੇ ਪੱਤੇ ਝੜਦੇ ਹਨ-ਹਰੇ ਆਉਂਦੇ ਹਨ ਤੇ ਨਵੀਆਂ ਕਲਮਾਂ ਜੜ੍ਹ ਫੜਦੀਆਂ ਹਨ, ਉਸੇ ਤਰ੍ਹਾਂ ਮਨੁੱਖ ਨੂੰ ਵੀ ਨਿਰੰਤਰ ਗਤੀਸ਼ੀਲ ਹੋਣਾ ਚਾਹੀਦਾ ਹੈ। ਜੇ ਇਹ ਗਤੀਸ਼ੀਲਤਾ ਅਗਾਂਹਵਧੂ ਹੈ ਤਾਂ ਵਿਕਾਸ ਤੈਅ ਹੈ ਤੇ ਜੇ ਇਹ ਢਹਿੰਦੀ ਕਲਾ ਵੱਲ ਹੈ ਤਾਂ ਪਤਨ ਯਕੀਨੀ ਹੈ। ਮਸਲਾ ਸਿਰਫ਼ ਇੰਨਾ ਹੈ ਕਿ ਅਸੀਂ ਵਿਚਾਰਕ ਤੌਰ ’ਤੇ ਕਿੱਥੇ ਖੜ੍ਹੇ ਹਾਂ।


- ਜਗਜੀਵਨ ਮੀਤ।
ਸਰੀਰਕ ਬਣਤਰ, ਬੋਲੀ ਤੇ ਪਹਿਰਾਵੇ ਤੋਂ ਕਿਸੇ ਮਨੁੱਖ ਦਾ ਜਿਹਨੀ ਪੱਧਰ ਨਹੀਂ ਸਮਝਿਆ ਜਾ ਸਕਦਾ। ਕੋਈ ਮਨੁੱਖ ਇੱਕੋ ਵੇਲੇ ਹਜ਼ਾਰ ਤਰ੍ਹਾਂ ਦੇ ਵਿਚਾਰਾਂ ’ਚ ਖੁੱਭਿਆ ਹੋ ਸਕਦਾ ਹੈ। ਇਹ ਮਨੁੱਖ ਨੂੰ ਕੁਦਰਤੀ ਵਰਦਾਨ ਹੈ ਕਿ ਉਸ ਦੀ ਸੋਚ ਇਕ ਵੇਲੇ ਧਰਤੀ ਤੇ ਦੂਜੇ ਪਲ ਅਸਮਾਨ ਦੇ ਕਿਸੇ ਅਣਦਿਸਦੇ ਕੋਨੇ ’ਤੇ ਹੋ ਸਕਦੀ ਹੈ। ਹੋ ਸਕਦਾ ਹੈ ਕਿ ਜਾਨਵਰਾਂ ਨਾਲ ਵੀ ਇੰਝ ਹੀ ਹੁੰਦਾ ਹੋਵੇ। ਜਾਨਵਰਾਂ ਤੇ ਮਨੁੱਖਾਂ ’ਚ ਇਕ ਗੱਲ ਜ਼ਰੂਰ ਸਾਂਝੀ ਹੈ ਕਿ ਧਰਤੀ ’ਤੇ ਪੈਰ ਧਰਨ ਤੋਂ ਬਾਅਦ ਇੱਥੋਂ ਹੀ ਜਿਉਣ ਦੀ ਕਲਾ ਸਿੱਖਦੇ ਹਨ। ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਅਸੀਂ ਕਿਤੇ ਹੋਰ ਗ੍ਰਹਿ ਤੋਂ ਸਿੱਖ ਕੇ ਆਈਏ ਤੇ ਉਸ ਸਿੱਖੇ-ਸਿਖਾਏ ਨੂੰ ਇਸ ਦੁਨੀਆ ਦੇ ਪ੍ਰਬੰਧ ’ਚ ਜਿਉਣ ਲਈ ਲਾਗੂ ਕਰ ਦਈਏ। ਇਹੀ ਸੰਸਾਰ ਦੀ ਖ਼ੂਬਸੂਰਤੀ ਹੈ ਕਿ ਮਨੁੱਖ ਲਗਾਤਾਰ ਨਵੇਂ ਪ੍ਰਯੋਗਾਂ ਰਾਹੀਂ ਧਰਤੀ ’ਤੇ ਵਿਕਾਸ ਦੀਆਂ ਲੀਹਾਂ ਸਿਰਜ ਰਿਹਾ ਹੈ। ਹਾਲਾਂਕਿ ਇਸ ਵਿਕਾਸ ਲਈ ਪਿਛਲੀਆਂ ਗ਼ਲਤੀਆਂ ਤੋਂ ਸਿੱਖਣਾ ਤੇ ਨਵੇਂ ਪ੍ਰਯੋਗ ਕਰਨਾ ਵੀ ਅਹਿਮ ਹੈ। ਕੁਦਰਤ ਜਿਵੇਂ ਲਗਾਤਾਰ ਵਿਕਾਸ ਕਰਦੀ ਹੈ, ਨਵੀਆਂ ਕਰੂੰਬਲਾਂ ਫੁੱਟਦੀਆਂ ਹਨ, ਪੀਲੇ ਪੱਤੇ ਝੜਦੇ ਹਨ-ਹਰੇ ਆਉਂਦੇ ਹਨ ਤੇ ਨਵੀਆਂ ਕਲਮਾਂ ਜੜ੍ਹ ਫੜਦੀਆਂ ਹਨ, ਉਸੇ ਤਰ੍ਹਾਂ ਮਨੁੱਖ ਨੂੰ ਵੀ ਨਿਰੰਤਰ ਗਤੀਸ਼ੀਲ ਹੋਣਾ ਚਾਹੀਦਾ ਹੈ। ਜੇ ਇਹ ਗਤੀਸ਼ੀਲਤਾ ਅਗਾਂਹਵਧੂ ਹੈ ਤਾਂ ਵਿਕਾਸ ਤੈਅ ਹੈ ਤੇ ਜੇ ਇਹ ਢਹਿੰਦੀ ਕਲਾ ਵੱਲ ਹੈ ਤਾਂ ਪਤਨ ਯਕੀਨੀ ਹੈ। ਮਸਲਾ ਸਿਰਫ਼ ਇੰਨਾ ਹੈ ਕਿ ਅਸੀਂ ਵਿਚਾਰਕ ਤੌਰ ’ਤੇ ਕਿੱਥੇ ਖੜ੍ਹੇ ਹਾਂ। ਇਹ ਵਿਚਾਰ ਹੀ ਹਨ, ਜੋ ਕਰਮ ਤੋਂ ਪਹਿਲਾਂ ਉੱਠਦੇ ਹਨ ਤੇ ‘ਕਰਮ’ ਨੂੰ ‘ਕਮਾਲ’ ’ਚ ਬਦਲ ਦਿੰਦੇ ਹਨ। ਅਸੀਂ ਜਿਹੋ ਜਿਹੀ ਸੋਚ ਰੱਖਦੇ ਹਾਂ, ਜ਼ਿੰਦਗੀ ਉਸੇ ਤਰ੍ਹਾਂ ਦੇ ਸਾਡੇ ਅੱਗੇ ਰਾਹ ਖੋਲ੍ਹ ਦਿੰਦੀ ਹੈ। ਸੰਸਾਰ ਸਿੱਖਣ ਦੀ ਪਾਠਸ਼ਾਲਾ ਹੈ। ਸਵਾਲ ਸਿਰਫ਼ ਇੰਨਾ ਹੈ ਕਿ ਅਸੀਂ ਆਪਣੀ ਸੋਚ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਂਦੇ ਹਾਂ। ਕੌਣ ਕੀ ਹੈ, ਕੀ ਬਣ ਰਿਹਾ ਹੈ ਜਾਂ ਬਣ ਚੁੱਕਾ ਹੈ, ਇਸ ਤੋਂ ਜ਼ਿਆਦਾ ਜ਼ਰੂਰੀ ਹੈ ਸਵੈ ਵੱਲ ਝਾਤ ਮਾਰਨੀ। ਇਸ ਲਈ ਜ਼ਰੂਰੀ ਹੈ ਕਿ ਆਪਣੀ ਸੋਚ ਨੂੰ ਸਮਰੱਥ ਬਣਾਉਣ ਲਈ ਅਗਾਂਹਵਧੂ ਮੌਕੇ ਲੱਭੀਏ, ਉਸਾਰੂ ਸੋਚਾਂ ਪੜ੍ਹੀਏ ਤੇ ਵਿਲੱਖਣ ਵਿਚਾਰਾਂ ਦੇ ਧਾਰਨੀਆਂ ਦਾ ਸੰਗ ਕਰੀਏ। ਬਾਕੀ, ਇਹ ਵੀ ਤਾਂ ਹੀ ਸੰਭਵ ਹੈ, ਜੇ ਅਸੀਂ ਪਿਛਲੇ ਹਾਸਲ ਕੀਤੇ ਹੋਏ ‘ਫ਼ਜ਼ੂਲ’ ਤੇ ‘ਖੋਖਲੇ ਤਜਰਬਿਆਂ’ ਨੂੰ ਤਿਲਾਂਜਲੀ ਦੇਣ ਦਾ ਜਿਗਰਾ ਕਰ ਸਕਦੇ ਹੋਈਏ।