Happy Basant Panchmi : ਪੜ੍ਹੋ ਬਸੰਤ ਪੰਚਮੀ ਦੀ ਕਹਾਣੀ, ਇਸ ਤਰ੍ਹਾਂ ਹੋਇਆ ਸੀ ਮਾਂ ਸਰਸਵਤੀ ਦਾ ਜਨਮ
ਹਿੰਦੂ ਕੈਲੰਡਰ ਅਨੁਸਾਰ, ਹਰ ਸਾਲ ਮਾਘ ਮਹੀਨੇ ਦੀ ਸ਼ੁਕਲ ਪੱਖ ਨੂੰ ਬਸੰਤ ਪੰਚਮੀ ਮਨਾਈ ਜਾਂਦੀ ਹੈ। ਇਸ ਵਾਰ ਇਹ ਤਾਰੀਕ 29 ਜਨਵਰੀ, ਬੁੱਧਵਾਰ ਨੂੰ ਪੈ ਰਹੀ ਹੈ ਪਰ ਪੂਜਾ ਕਰਨਾ 30 ਜਨਵਰੀ ਨੂੰ ਸਰਬੋਤਮ ਰਹੇਗਾ।
Publish Date: Mon, 20 Jan 2020 10:10 AM (IST)
Updated Date: Thu, 30 Jan 2020 11:04 AM (IST)
ਨਈ ਦੁਨੀਆ, ਨਵੀਂ ਦਿੱਲੀ : Happy Basant Panchami : ਹਿੰਦੂ ਕੈਲੰਡਰ ਅਨੁਸਾਰ, ਹਰ ਸਾਲ ਮਾਘ ਮਹੀਨੇ ਦੀ ਸ਼ੁਕਲ ਪੱਖ ਨੂੰ ਬਸੰਤ ਪੰਚਮੀ ਮਨਾਈ ਜਾਂਦੀ ਹੈ। ਇਸ ਵਾਰ ਇਹ ਤਾਰੀਕ 29 ਜਨਵਰੀ, ਬੁੱਧਵਾਰ ਨੂੰ ਪੈ ਰਹੀ ਹੈ ਪਰ ਪੂਜਾ ਕਰਨਾ 30 ਜਨਵਰੀ ਨੂੰ ਸਰਬੋਤਮ ਰਹੇਗਾ। ਭਾਰਤ ਹੀ ਨਹੀਂ ਬਲਕਿ ਗੁਆਂਢੀ ਮੁਲਕਾਂ ਨੇਪਾਲ ਤੇ ਬੰਗਲਾਦੇਸ਼ 'ਚ ਵੀ ਇਹ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਤੋਂ ਬਸੰਤ ਰੁੱਤ ਦਾ ਆਗਮਨ ਮੰਨਿਆ ਜਾਂਦਾ ਹੈ। ਇਸ ਨੂੰ ਸ਼ੁੱਭ ਦਿਨ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਚੰਗਾ ਕੰਮ ਦੀ ਸ਼ੁਰੂਆਤ ਬਿਨਾਂ ਕਿਸੇ ਮਹੂਰਤ ਕੀਤੀ ਜਾ ਸਕਦੀ ਹੈ। ਇਸ ਦਿਨ ਸਰਸਵਤੀ ਪੂਜਾ ਦਾ ਵੀ ਮਹੱਤਵ ਹੈ। ਇਸ ਦਿਨ ਖ਼ੂਬ ਵਿਆਹ ਵੀ ਹੁੰਦੇ ਹਨ। ਬਸੰਤ ਪੰਚਮੀ 'ਤੇ ਪੀਲੇ ਕੱਪੜੇ ਪਾਉਣ, ਹਲਦੀ ਨਾਲ ਸਰਸਵਤੀ ਦੀ ਪੂਜਾ ਕਰਨ ਦਾ ਵੀ ਵਿਧਾਨ ਹੈ। ਪੀਲਾ ਰੰਗ ਇਸ ਗੱਲ ਦਾ ਸੰਕੇਤ ਹੈ ਕਿ ਫ਼ਸਲ ਪੱਕਣ ਵਾਲੀ ਹੈ। ਪੀਲਾ ਰੰਗ ਖ਼ੁਸ਼ਹਾਲੀ ਦਾ ਸੂਚਕ ਵੀ ਕਿਹਾ ਗਿਆ ਹੈ। ਮਾਂ ਸ਼ਾਰਦਾ ਦੇ ਮੰਦਰਾਂ 'ਚ ਵਿਸ਼ੇਸ਼ ਹਵਨ ਕਰਵਾਏ ਜਾਂਦੇ ਹਨ।
ਮਾਂ ਸਰਸਵਤੀ ਦੀ ਪੂਜਾ ਤੇ ਮਹੂਰਤ
ਆਚਾਰੀਆ ਅਨੁਜ ਪਾਂਡੇ ਨੇ ਦੱਸਿਆ ਕਿ ਕੁਝ ਲੋਕ 29 ਜਨਵਰੀ ਨੂੰ ਵੀ ਬਸੰਤ ਪੰਚਮੀ ਮਨਾਉਣਗੇ ਪਰ 30 ਜਨਵਰੀ ਨੂੰ ਪੂਜਾ ਕਰਨਾ ਸਰਬੋਤਮ ਹੋਵੇਗਾ। ਪੰਚਮੀ 29 ਜਨਵਰੀ ਨੂੰ ਸਵੇਰੇ 10:45 ਤੋਂ ਸ਼ੁਰੂ ਹੋਵੇਗਾ ਤੇ 30 ਨੂੰ ਦੁਪਹਿਰੇ 1:19 ਤਕ ਮਹੂਰਤ ਰਹੇਗਾ। ਅਜਿਹੇ ਵਿਚ ਉਦਯਾ ਤਿਥੀ ਦਾ ਮਾਨ 30 ਨੂੰ ਮਿਲ ਰਿਹਾ ਹੈ, ਜਦਕਿ ਵਿਆਹ 29 ਜਨਵਰੀ ਦੀ ਰਾਤ ਨੂੰ ਹੋਣਗੇ।
ਇੰਝ ਹੋਇਆ ਸੀ ਮਾਂ ਸਰਵਸਤੀ ਦਾ ਜਨਮ
ਹਿੰਦੂ ਮਾਨਤਾਵਾਂ ਅਨੁਸਾਰ, ਭਗਵਾਨ ਵਿਸ਼ਨੂ ਦੀ ਆਗਿਆ ਨਾਲ ਇਸੇ ਦਿਨ ਬ੍ਰਹਮਾ ਜੀ ਨੇ ਮਨੁੱਖੀ ਜੂਨ ਦੀ ਰਚਨਾ ਕੀਤੀ ਸੀ ਪਰ ਸ਼ੁਰੂ 'ਚ ਇਨਸਾਨ ਬੋਲਿਆ ਨਹੀਂ ਸੀ। ਧਰਤੀ 'ਤੇ ਸਭ ਕੁਝ ਸ਼ਾਂਤ ਤੇ ਨੀਰਸ ਸੀ। ਬ੍ਰਹਮਾ ਜੀ ਨੇ ਜਦੋਂ ਧਰਤੀ ਨੂੰ ਇਸ ਹਾਲਤ 'ਚ ਦੇਖਿਆ ਤਾਂ ਆਪਣੇ ਕਮੰਡਲ 'ਚੋਂ ਜਲ ਛਿੜਕ ਕੇ ਇਕ ਅਦਭੁੱਤ ਸ਼ਕਤੀ ਦੇ ਰੂਪ 'ਚ ਚਤੁਰਭੁੱਜੀ ਸੁੰਦਰ ਇਸਤਰੀ ਨੂੰ ਪ੍ਰਕਟ ਕੀਤਾ। ਇਸ ਦੇ ਹੱਥਾਂ 'ਚ ਵੀਣਾ ਸੀ। ਇਸ ਸ਼ਕਤੀ ਨੂੰ ਗਿਆਨ ਦੀ ਦੇਵੀ ਮਾਂ ਸਰਸਵਤੀ ਕਿਹਾ ਗਿਆ। ਮਾਂ ਸਰਸਵਤੀ ਨੇ ਜਦੋਂ ਆਪਣੀ ਵੀਣਾ ਦੀ ਤਾਰ ਛੇੜੀ ਤਾਂ ਤਿੰਨਾਂ ਲੋਕਾਂ 'ਚ ਕੰਪਨ ਪੈਦਾ ਹੋ ਗਈ ਤੇ ਸਾਰਿਆਂ ਨੂੰ ਸ਼ਬਦ ਤੇ ਵਾਣੀ ਮਿਲ ਗਈ। ਇਹੀ ਕਾਰਨ ਹੈ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਬਸੰਤ ਪੰਚਮੀ ਵਾਲੇ ਦਿਨ ਪਵਿੱਤਰ ਨਦੀਆਂ 'ਚ ਇਸ਼ਨਾਨ ਦਾ ਮਹੱਤਵ ਵੀ ਦੱਸਿਆ ਗਿਆ ਹੈ। ਇਹ ਤਿਉਹਾਰ ਸੰਪੂਰਨ ਭਾਰਤ ਸਮੇਤ ਪੱਛਮੀ-ਉੱਤਰੀ ਬੰਗਲਾਦੇਸ਼, ਨੇਪਾਲ 'ਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਪੀਲੇ ਕੱਪੜੇ ਧਾਰਨ ਕਰਦੀਆਂ ਹਨ।