- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਕੌਮ ਦੇ ਅਨੇਕ ਸ਼ਹੀਦਾਂ ਵਿਚ ਨਿਵੇਕਲਾ ਸਥਾਨ ਹਾਸਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ (ਵਰਤਮਾਨ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਭਿੱਖੀਵਿੰਡ) ਦੇ ਪਿੰਡ ਪੂਹਲਾ ਵਿਖੇ ਗੁਰਸਿੱਖ ਅੰਮ੍ਰਿਤਧਾਰੀ ਪਿਤਾ ਭਾਈ ਧਰਮ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਦੀ ਕੁੱਖੋਂ ਮਿਤੀ 6 ਅਕਤੂਬਰ ਸੰਨ 1720 ਨੂੰ ਹੋਇਆ।

ਸਿੱਖ ਕੌਮ ਦੇ ਅਨੇਕ ਸ਼ਹੀਦਾਂ ਵਿਚ ਨਿਵੇਕਲਾ ਸਥਾਨ ਹਾਸਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ (ਵਰਤਮਾਨ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਭਿੱਖੀਵਿੰਡ) ਦੇ ਪਿੰਡ ਪੂਹਲਾ ਵਿਖੇ ਗੁਰਸਿੱਖ ਅੰਮ੍ਰਿਤਧਾਰੀ ਪਿਤਾ ਭਾਈ ਧਰਮ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਦੀ ਕੁੱਖੋਂ ਮਿਤੀ 6 ਅਕਤੂਬਰ ਸੰਨ 1720 ਨੂੰ ਹੋਇਆ। ਨਿਤਨੇਮੀ ਕਿਰਤੀ ਪਰਿਵਾਰ ਦਾ ਸੌਖਾ ਗੁਜ਼ਾਰਾ ਵਾਹੀ ਖੇਤੀ ’ਤੇ ਨਿਰਭਰ ਸੀ। ਆਪ ਜੀ ਦਾ ਪਿੰਡ ਪੂਹਲਾ, ਸਿਰ ਤਲ਼ੀ ’ਤੇ ਰੱਖ ਕੇ ਗੁਰੂ ਦੀ ਗਲ਼ੀ ਵਿੱੱਚ ਆਉਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਿੰਡ ਪਹੁਵਿੰਡ ਦੇ ਗੁਆਂਢ ਵਿਚ ਹੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵੀ ਇਸ ਇਲਾਕੇ ਵਿਚ ਹੀ ਹੈ ।
ਭਾਈ ਤਾਰੂ ਸਿੰਘ ਅਜੇ ਬਾਲ ਵਰੇਸ ਹੀ ਸੀ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਜੀ ਦੀ ਇੱਕ ਭੈਣ ਸੀ। ਦੋਵਾਂ ਬਾਲਕ ਭੈਣ ਭਰਾਵਾਂ ਦਾ ਪਾਲਣ-ਪੋਸ਼ਣ ਮਾਤਾ ਧਰਮ ਕੌਰ ਨੇ ਕੀਤਾ । ਪਰਿਵਾਰ ਦੇ ਸਾਰੇ ਜੀਅ ਅੰਮ੍ਰਿਤਧਾਰੀ ਤੇ ਨਿਤਨੇਮੀ ਸਨ। ਤਾਰੂ ਸਿੰਘ ਦਾ ਸੁਡੌਲ ਜੁੱਸਾ ਛੇਤੀ ਬਲਵਾਨ ਹੁੰਦਾ ਗਿਆ।
ਜ਼ਕਰੀਆ ਖਾਨ ਦੇ ਜ਼ੁਲਮ
ਓਨ੍ਹੀ ਦਿਨੀਂ ਖ਼ਾਨ ਬਹਾਦਰ ਸੂਬਾ ਲਾਹੌਰ ਜ਼ਕਰੀਆ ਖਾਨ ਨੇ ਸਿੱਖਾਂ ਵਿਰੁੱਧ ਜ਼ੁਲਮੀ ਹਨੇਰੀ ਝੁਲਾਈ ਹੋਈ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ। ਬੀੜ ਬਾਬਾ ਬੁੱਢਾ ਸਾਹਿਬ ਦਾ ਲਾਗਲਾ ਇਲਾਕਾ ਵੀ ਸੰਘਣਾ ਜੰਗਲ ਸੀ,ਜਿਸ ਵਿਚ ਸਿੰਘ ਵੈਰੀ ਫ਼ੌਜ ਦੀਆਂ ਟੁਕੜੀਆਂ ਦਾ ਟਾਕਰਾ ਕਰਦੇ ਹੋਏ ਦਿਨ ਕਟੀ ਕਰ ਰਹੇ ਸਨ। ਕੁਝ ਸਿੰਘਾਂ ਦਾ ਮੇਲ਼ ਭਾਈ ਤਾਰੂ ਸਿੰਘ ਨਾਲ ਵੀ ਹੋ ਗਿਆ। ਘਰ ਪਹੁੰਚ ਕੇ ਸਿੰਘਾਂ ਦੀ ਇਸ ਹਾਲਤ ਬਾਰੇ ਜਦੋਂ ਮਾਤਾ ਅਤੇ ਭੈਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਿੰਘਾਂ ਦੇ ਲੰਗਰ ਪ੍ਰਸ਼ਾਦੇ ਦੀ ਜ਼ਿੰਮੇਵਾਰੀ ਸਾਂਭ ਲਈ। ਮੌਕਾ ਅਤੇ ਸਮਾਂ ਤਾੜ ਕੇ ਦਾਲ਼ ਤੇ ਪ੍ਰਸ਼ਾਦਿਆਂ ਨੂੰ ਟੋਕਰੀ ਵਿਚ ਬੰਨ੍ਹ ਕੇ ਨਾਲ਼ ਦੁੱਧ ਦੀ ਬਾਲਟੀ ਭਾਈ ਤਾਰੂ ਸਿੰਘ ਜੰਗਲ਼ ਵਿਚ ਲੁਕੇ ਸਿੰਘਾਂ ਤੱਕ ਪੁੱਜਦੀ ਕਰ ਦੇਂਦੇ। ਸਾਖੀ ਵਿਚ ਦਰਜ ਹੈ ਕਿ ਇਲਾਕਾ ਨਿਵਾਸੀ ਮਾਛੀ ਰਹੀਮ ਬਖ਼ਸ਼ ਦੀ ਜਵਾਨ ਪੁੱਤਰੀ ਸਲਮਾ ਨੂੰ ਪੱਟੀ ਦਾ ਫ਼ੌਜਦਾਰ ਜਾਫ਼ਰ ਬੇਗ਼ (ਜੋ ਜ਼ਕਰੀਆ ਖਾਂ ਦਾ ਰਿਸ਼ਤੇਦਾਰ ਸੀ) ਜ਼ਬਰਦਸਤੀ ਚੁੱਕ ਕੇ ਲੈ ਗਿਆ। ਰੋਂਦੇ ਬਾਪ ਨੇ ਭਾਈ ਤਾਰੂ ਸਿੰਘ ਜੀ ਕੋਲ ਫਰਿਆਦ ਕੀਤੀ । ਭਾਈ ਸਾਹਿਬ ਨੇ ਸਿੰਘਾਂ ਕੋਲ ਫਰਿਆਦੀ ਮਾਛੀ ਰਹੀਮ ਬਖ਼ਸ਼ ਦੀ ਪੁਕਾਰ ਪੁਚਾ ਦਿੱਤੀ। ਸਿੰਘਾਂ ਨੇ ਸਿਪਾਹੀਆਂ ਨੂੰ ਸੋਧਾ ਲਾ ਕੇ ਜਾਫ਼ਰ ਬੇਗ਼ ਨੂੰ ਜਹੰਨਮ ਪੁਚਾ ਕੇ ਸਲਮਾ ਨੂੰ ਉਸਦੇ ਬਾਪ ਕੋਲ ਪੁਚਾ ਦਿੱਤਾ।
ਭਾਈ ਸਾਹਿਬ ਦੀ ਗ੍ਰਿਫ਼ਤਾਰੀ ਮੁਗ਼ਲ ਹਕੂਮਤ ਦੇ ਟੁਕੜਬੋਚ ਸੂਹੀਏ ਜੰਡਿਆਲੇ ਦੇ ਹਰਿਭਗਤ ਨਿਰੰਜਣੀਏ ਨੇ ਵੀ ਭਾਈ ਤਾਰੂ ਸਿੰਘ ਦੀ ਸੂਰਮਗਤੀ ਦੀ ਚਰਚਾ ਸੁਣੀ। ਉਸ ਨੂੰ ਭਾਈ ਤਾਰੂ ਸਿੰਘ ਦੇ ਇਸ ਕਰਮ ਦੀ ਸੂਹ ਵੀ ਮਿਲ ਗਈ ਕਿ ਭਾਈ ਸਾਹਿਬ ਜੰਗਲ ਵਿਚ ਲੁਕੇ ਛੁਪੇ ਸਿੰਘਾਂ ਨੂੰ ਲੰਗਰ ਪ੍ਰਸ਼ਾਦੇ ਅਤੇ ਦੁੱਧ ਆਦਿਕ ਪਦਾਰਥ ਪੁਚਾ ਕੇ ਸੇਵਾ ਕਰਦੇ ਹਨ। ਉਸ ਨੀਚ ਕਰਮੀ ਲਾਲਚੀ ਸੂਹੀਏ ਨੇ ਇਹ ਸਾਰੀ ਜਾਣਕਾਰੀ ਵਧਾ ਚੜ੍ਹਾ ਕੇ ਜ਼ਕਰੀਆ ਖਾਨ ਨੂੰ ਦੱਸ ਦਿੱਤੀ। ਜ਼ਕਰੀਆ ਖਾਨ ਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਦਾ ਤਹੱਈਆ ਕੀਤਾ ਹੋਇਆ ਸੀ, ਹਰਿਭਗਤ ਨਿਰੰਜਣੀਏ ਦੀ ਜ਼ੁਬਾਨੀ ਭਾਈ ਤਾਰੂ ਸਿੰਘ ਦਾ ਲੁਕੇ ਛੁਪੇ ਸਿੰਘਾਂ ਨੂੰ ਲੰਗਰ ਪੁਚਾਉਣ ਬਾਰੇ ਸੁਣ ਕੇ, ਗੁੱਸੇ ਨਾਲ ਆਪੇ ਤੋਂ ਬਾਹਰ ਹੋ ਗਿਆ ਤੇ ਤੁਰੰਤ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਤਾਰੂ ਸਿੰਘ ਨੂੰ ਜਲਦੀ ਤੋਂ ਜਲਦੀ ਉਸਦੇ ਸਾਹਮਣੇ ਪੇਸ਼ ਕੀਤਾ ਜਾਵੇ। ਹਕੂਮਤੀ ਸਿਪਾਹੀਆਂ ਦੀ ਇੱਕ ਟੁਕੜੀ ਨੇ ਮਾਝੇ ਦੇ ਪਿੰਡ ਪੂਹਲੇ ਪਹੁੰਚ ਕੇ ਦੋਵਾਂ ਭੈਣ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਪਿੰਡ ਵਾਸੀ ਸਿਪਾਹੀਆਂ ਦੇ ਸਿਰ ਹੋ ਗਏ ਤੇ ਭੈਣ ਨੂੰ ਉਨ੍ਹਾਂ ਕੋਲੋਂ ਛੁਡਾ ਲਿਆ। ਸਿਪਾਹੀਆਂ ਭਾਈ ਸਾਹਿਬ ਨੂੰ ਜ਼ਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ। ਜ਼ਕਰੀਆ ਖਾਨ ਨੇ ਭਾਈ ਸਾਹਿਬ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਹੈ ਕਿ ਉਹ ਹਕੂਮਤ ਦੇ ਬਾਗ਼ੀਆਂ ਦੀ ਮਦਦ ਕਰਕੇ ਮੌਤ ਨੂੰ ਬੁਲਾਵਾ ਦੇ ਰਿਹਾ ਹੈ। ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਈ ਹਕੂਮਤ ਦੀ ਖ਼ਿਲਾਫ਼ ਵਰਜ਼ੀ ਨਹੀਂ ਕੀਤੀ। ਜ਼ਕਰੀਆ ਖਾਨ ਨੇ ਆਪਣੀ ਔਕਾਤ ਇਹ ਹੁਕਮ ਸੁਣਾ ਕੇ ਦਿਖਾ ਦਿੱਤੀ ਕਿ ਉਹ ਜੇ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਇਸਲਾਮ ਕਬੂਲ ਕਰ ਲਏ ਪਰ ਅਡੋਲ ਚਿੱਤ ਭਾਈ ਸਾਹਿਬ ਨੇ ਜੇ ਮੌਤ ਨੇ ਆਉਣਾ ਹੀ ਹੈ ਤਾਂ ਕਿਉਂ ਨਾ ਕੇਸਾਂ ਸਵਾਸਾਂ ਸੰਗ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਜਾਵੇ।
ਕੇਸਾਂ ਦੀ ਬੇਹੁਰਮਤੀ ਦੇ ਦਿੱਤੇ ਗਏ ਹੁਕਮ
ਇਹ ਸੁਣ ਕੇ ਜ਼ਾਲਮ ਹਾਕਮ ਨੇ ਜਲਾਦ ਬੁਲਾ ਕੇ ਹੁਕਮ ਦਿੱਤਾ ਕਿ ਤਾਰੂ ਸਿੰਘ ਦੇ ਕੇਸ ਖੋਪਰੀ ਸਮੇਤ ਲਾਹ ਦਿੱਤੇ ਜਾਣ। ਲਾਹੌਰ ਦੇ ਨਖਾਸ ਚੌਂਕ ਵਿਚ ਹੁਕਮ ’ਚ ਬੱਝੇ ਜਲਾਦ ਨੇ ਮੱਥੇ ਵਾਲੇ ਪਾਸਿਓਂ ਸ਼ੁਰੂ ਕਰਕੇ ਰੰਬੀ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹੁਣੀ ਸ਼ੁਰੂ ਕਰ ਦਿੱਤੀ। ਅਧਿਆਤਮਕ ਰੰਗ ਵਿਚ ਰੰਗੇ ਭਾਈ ਸਾਹਿਬ ਜੀ ਸਰੀਰਕ ਕਸ਼ਟ ਨੂੰ ਸਹਿਜ ਅਵਸਥਾ ਵਿਚ ਝੱਲਦੇ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਸਰੀਰ ਲ਼ਹੂ ਲੁਹਾਣ ਹੋ ਗਿਆ। ਕੇਸਾਂ ਸਮੇਤ ਉਨ੍ਹਾਂ ਦੀ ਖੋਪਰੀ ਨੂੰ ਸਿਰ ਨਾਲੋਂ ਲਾਹ ਦਿੱਤਾ ਗਿਆ । ਲਾਹੌਰ ਦੇ ਕੁਝ ਸਿੱਦਕੀ ਗੁਰਸਿੱਖਾਂ ਨੇ ਹਕੂਮਤੀ ਸ਼ਰਤਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਚੁੱਕ ਲਿਆਂਦਾ । ਜੜ੍ਹੀਆਂ ਬੂਟੀਆਂ ਤੋਂ ਤਿਆਰ ਦਵਾਈਆਂ ਦੇਣ ਦੇ ਨਾਲ ਨਾਲ ਕੋਸੇ ਕੜਾਹ ਦਾ ਲੇਪ ਉਨ੍ਹਾਂ ਦੇ ਖੋਪਰੀ ਤੋਂ ਬਗ਼ੈਰ ਸਿਰ ’ਤੇ ਕੀਤਾ ਜਾਂਦਾ। ਭਾਈ ਸਾਹਿਬ ਜੀ ਜਪੁਜੀ ਸਾਹਿਬ ਦੇ ਪਾਠ ਵਿਚ ਅੰਤਰ-ਧਿਆਨ ਰਹਿੰਦੇ।
ਜ਼ਕਰੀਆ ਖਾਂ ਨੂੰ ਜੁੱਤੀਆਂ ਦੀ ਸਜ਼ਾ
ਅਕਾਲ ਪੁਰਖ ਦੀ ਕੁਦਰਤ ਦਾ ਕ੍ਰਿਸ਼ਮਾ ਕਿ ਜ਼ਕਰੀਆ ਖਾਂ ਨੂੰ ਪਿਸ਼ਾਬ ਦਾ ਸਖ਼ਤ ਬੰਨ੍ਹ ਪੈ ਗਿਆ। ਕੋਈ ਦਵਾ-ਦਾਰੂ ਕਾਰਗਰ ਸਾਬਤ ਨਾ ਹੋਇਆ। ਫਿਰ ਸਿੱਖਾਂ ਦੇ ਇਤਬਾਰੀ ਭਾਈ ਸੁਬੇਗ ਸਿੰਘ ਜੰਬਰ ਨੂੰ ਭਾਈ ਤਾਰੂ ਸਿੰਘ ਕੋਲ ਮੁਆਫ਼ੀਨਾਮੇ ਸਹਿਤ ਭੇਜਿਆ ਪਰ ਭਾਈ ਤਾਰੂ ਸਿੰਘ ਨੇ ਫ਼ੁਰਮਾਇਆ ਕਿ ਮੈਂ ਕੌਣ ਹੁੰਦਾ ਮੁਆਫ਼ ਕਰਨ ਵਾਲਾ, ਕੇਵਲ ਖ਼ਾਲਸਾ ਪੰਥ ਹੀ ਸਹਾਈ ਹੋ ਸਕਦੇ ਹਨ। ਭਾਈ ਸੁਬੇਗ ਸਿੰਘ ਜੰਬਰ ਨੇ ਸਿੰਘਾਂ ਦੀ ਭਾਲ ਕਰਕੇ ਮੁਆਫ਼ੀਨਾਮਾ ਪੇਸ਼ ਕੀਤਾ। ਸਿੱਖ ਆਗੂ ਭਾਈ ਕਪੂਰ ਸਿੰਘ ਨੇ ਕਿਹਾ ਕਿ ਪਹਿਲਾਂ ਸਿੰਘਾਂ ’ਤੇ ਕੀਤੇ ਜਾ ਰਹੇ ਜ਼ੁਲਮ ਬੰਦ ਕੀਤੇ ਜਾਣ। ਇਹ ਸ਼ਰਤਾਂ ਤੁਰੰਤ ਲਾਗੂ ਕਰ ਦਿੱਤੀਆਂਂ। ਭਾਈ ਸਾਹਿਬ ਦੀ ਜੁੱਤੀ ਜ਼ਕਰੀਆ ਖਾਂ ਦੇ ਸਿਰ ਉੱਤੇ ਮਾਰੀ ਗਈ। ਜਿਉਂ-ਜਿਉਂ ਜੁੱਤੀ ਮਾਰੀ ਜਾਂਦੀ ਰਹੀ, ਪਿਸ਼ਾਬ ਦੀ ਹਾਜਤ ਹੁੰਦੀ ਗਈ । ਜ਼ਕਰੀਆ ਖਾਂ ਦੇ ਸਿਰ ਦੇ ਵਾਲ ਉੱਡ ਗਏ। ਚਾਰ ਦਿਨ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਅਖ਼ੀਰ ਜ਼ਿੰਦਗੀ ਦਾ ਭੌਰ ਜ਼ਕਰੀਆ ਖਾਂ ਦੇ ਵਜੂਦ ’ਚੋਂ ਉੱਡਾਰੀ ਮਾਰ ਗਿਆ।
ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸਮਾਂ
ਭਾਈ ਸਾਹਿਬ ਦਾ ਇਲਾਜ ਕਰਨ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਦਿਨੋ-ਦਿਨ ਥੱਲੇ ਹੋਰ ਥੱਲੇ ਹੁੰਦੀ ਗਈ। ਆਖ਼ਰੀ ਵਕ਼ਤ ਆਉਂਦਾ ਜਾਣ ਕੇ ਭਾਈ ਸਾਹਿਬ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ। ਪਹਿਲੀ ਸਾਵਣ ਸੰਮਤ 1802 ਬਿਕ੍ਰਮੀ (ਪਹਿਲੀ ਜੁਲਾਈ ਸੰਨ 1745 ਈਸਵੀ) ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ , ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਤੋਂ ਲਿਆਂਦੇ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਰਸਨਾ ਜਪੁਜੀ ਸਾਹਿਬ ਦੀ ਇਲਾਹੀ ਬਾਣੀ ਉਚਾਰ ਰਹੀ ਸੀ। “ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ਦੇ ਉਚਾਰਨ ਤੋਂ ਬਾਅਦ ਭਾਈ ਸਾਹਿਬ ਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ, ਅਾਵਾਜ਼ ਰੁੱਕ ਗਈ। ਉਨ੍ਹਾਂ ਦੀ ਰੂਹ ਆਤਮਾ ਗੁਰੂ ਚਰਨਾਂ ਵਿਚ ਬਿਰਾਜਮਾਨ ਹੋ ਗਈ ਸੀ ।
• ਪ੍ਰਿੰ. ਕੁਲਵੰਤ ਸਿੰਘ ਅਣਖੀ