- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕੀ ਵਡਾਲੀ ਵਿੱਚ ਲਗਪਗ 3 ਸਾਲ ਨਿਵਾਸ ਕਰਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਮਹਿਲ ਮਾਤਾ ਗੰਗਾ ਜੀ ਅਤੇ ਬਾਲਕ ਹਰਿਗੋਬਿੰਦ ਜੀ ਨੂੰ ਲੈ ਕੇ ਵਾਪਸ ਅੰਮਿ੍ਰਤਸਰ ਗੁਰੂ ਕੇ ਮਹਿਲਾਂ ਵਾਲੇ ਸਥਾਨ ’ਤੇ ਜਾਣ ਤੋਂ ਕੁਝ ਦਿਨ ਪਹਿਲਾਂ ਛੇ ਮਾਹਲਾਂ ਵਾਲੇ ‘ਛੇਹਰਟਾ ਖ਼ੂਹ’ ਨੂੰ ਬਸੰਤ ਪੰਚਮੀ ਵਾਲੇ ਦਿਨ ਚਾਲੂ ਕੀਤਾ ਗਿਆ ਸੀ ਜਿਸ ਕਰਕੇ ਇਸ ਮਹੀਨੇ ਆਉਦੀ ਪੰਚਮੀ ਨੂੰ ‘ਬਸੰਤ ਪੰਚਮੀ’ ਕਿਹਾ ਜਾਂਦਾ ਹੈ।

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਗੁਰੂ ਕੀ ਵਡਾਲੀ ਵਿਖੇ 1595 ਈ: ਨੂੰ ਪ੍ਰਕਾਸ਼ ਲੈਣ ਦੀ ਖ਼ੁਸ਼ੀ ਵਿੱਚ ਇਲਾਕੇ ਦੀ ਜੂਹ ਵਿੱਚ ਪੰਜ ਖ਼ੂਹਾਂ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇਹਰਟਾ) ਦਾ ਨਿਰਮਾਣ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ਼ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਦੀ ਨਿਗਰਾਨੀ ਹੇਠ ਕਰਵਾਇਆ ਸੀ-
ਨਗਰ ਲੋਕ ਸਭਿ ਆਨ ਬਸਾਏ। ਗੁਰੂ ਵਡਾਲੀ ਬੀਚ ਰਹਾਏ।
ਗੁਰੂ ਅਰਜਨ ਜੀ ਤਹਾਂ ਬਸਾਏ। ਸੁੰਦਰ ਕੂਪ ਬਹੁ ਤਹਾਂ ਲਗਾਏ।
(ਗੁਰ ਬਿਲਾਸ ਪਾ: ਛੇਵੀ,
ਪੰਨਾ, 17)
ਗੁਰੂ ਕੀ ਵਡਾਲੀ ਵਿੱਚ ਲਗਪਗ 3 ਸਾਲ ਨਿਵਾਸ ਕਰਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਮਹਿਲ ਮਾਤਾ ਗੰਗਾ ਜੀ ਅਤੇ ਬਾਲਕ ਹਰਿਗੋਬਿੰਦ ਜੀ ਨੂੰ ਲੈ ਕੇ ਵਾਪਸ ਅੰਮਿ੍ਰਤਸਰ ਗੁਰੂ ਕੇ ਮਹਿਲਾਂ ਵਾਲੇ ਸਥਾਨ ’ਤੇ ਜਾਣ ਤੋਂ ਕੁਝ ਦਿਨ ਪਹਿਲਾਂ ਛੇ ਮਾਹਲਾਂ ਵਾਲੇ ‘ਛੇਹਰਟਾ ਖ਼ੂਹ’ ਨੂੰ ਬਸੰਤ ਪੰਚਮੀ ਵਾਲੇ ਦਿਨ ਚਾਲੂ ਕੀਤਾ ਗਿਆ ਸੀ ਜਿਸ ਕਰਕੇ ਇਸ ਮਹੀਨੇ ਆਉਦੀ ਪੰਚਮੀ ਨੂੰ ‘ਬਸੰਤ ਪੰਚਮੀ’ ਕਿਹਾ ਜਾਂਦਾ ਹੈ। ਭਾਈ ਭਾਗੂ ਜੀ ਨੇ ਜਦ ਪੰਚਮ ਗੁਰੂ ਜੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਕੀ ਵਡਾਲੀ ਵਿਖੇ ਬਾਲਕ ਹਰਿਗੋਬਿੰਦ ਜੀ ਦੇ ਪ੍ਰਕਾਸ਼ ਲੈਣ ਦੀ ਖ਼ੁਸ਼ਖ਼ਬਰੀ ਦਾ ਜਦ ਸ਼ੁਭ ਸਮਾਚਾਰ (ਅੰਮਿ੍ਰਤਸਰ ਤੋਂ ਭਾਜੜ ਪਾ ਕੇ ਆਉਣ ਵਾਲੇ ਸਥਾਨ ’ਤੇ ਜਿਥੇ ਹੁਣ ਗੁਰਦੁਆਰਾ ਛੇਹਰਟਾ ਸਾਹਿਬ ਸੁਸ਼ੋਭਿਤ ਹੈ), ਦੱਸਿਆ ਤਾਂ ਗੁਰੂ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਹਿੱਤ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 396 ਅੰਗ ’ਤੇ ਦਰਜ ਹੈ-
ਸਤਿਗੁਰ ਸਾਚੈ ਦੀਆ ਭੇਜਿ ॥
ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਧਰੈ ਮਾਹਿ ਆਇ ਕੀਆ ਨਿਵਾਸੁ॥
ਮਾਤਾ ਕੈ ਮਨਿ ਬਹੁਤੁ ਬਿਗਾਸੁ॥੧॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ਰਹਾਉ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥
ਮਿਟਿਆ ਸੋਗੁ ਮਹਾ ਅਨੰਦੁ ਥੀਆ॥
ਗੁਰਬਾਣੀ ਸਖੀ ਅਨੰਦੁ ਗਾਵੈ ॥
ਸਾਚੈ ਸਾਹਿਬ ਕੈ ਮਨਿ ਭਾਵੈ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥
ਧਰਮ ਕਲਾ ਹਰਿ ਬੰਧਿ ਬਹਾਲੀ ॥
ਮਨ ਚਿੰਦਿਆ ਸਤਿਗੁਰੂ ਦਿਵਾਇਆ ॥
ਭਏ ਅਚਿੰਤ ਏਕ ਲਿਵ ਲਾਇਆ ॥੩॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥
ਬੁਲਾਇਆ ਬੋਲੇੈ ਗੁਰ ਕੈ ਭਾਣਿ ॥
ਗੁਝੀ ਛੰਨੀ ਨਾਹੀ ਬਾਤਿ ॥
ਗੁਰ ਨਾਨਕੁ ਤੁਠਾ ਕੀਨੀ ਦਾਤਿ ॥੪॥)
ਇਸੇ ਅਸਥਾਨ ’ਤੇ ਹੀ ਬਾਅਦ ’ਚ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ‘ਛੇਹਰਟਾ ਖ਼ੂਹ’ ਤਾਮੀਰ ਕਰਵਾਇਆ ਗਿਆ ਸੀ ਜਿਸ ਨੂੰ ਹੁਣ ‘ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਛੇਹਰਟਾ ਖ਼ੂਹ ਨੂੰ ਚਾਲੂ ਕਰਕੇ ਪੰਚਮ ਪਾਤਸ਼ਾਹ ਜੀ ਨੇ ਵਰ ਦਿੱਤਾ ਕਿ ਜਿਸ ਇਸਤਰੀ ਦੇ ਘਰ ਕੋਈ ਧੀ-ਪੁੱਤ ਨਾ ਹੋਇਆ ਹੋਵੇ ਜਾਂ ਔਲਾਦ ਨਾ ਬਚਦੀ ਹੋਵੇ ਤਾਂ ਇਸ ਖ਼ੂਹ ’ਤੇ ਆ ਕੇ 12 ਪੰਚਮੀਆਂ ਇਸ਼ਨਾਨ ਕਰਕੇ ਗੁਰਬਾਣੀ ਪੜੇ੍ਹ, ਬੰਦਗੀ ਕਰੇ ਅਤੇ ‘ਸਤਿਗੁਰ ਸਾਚੈ ਦੀਆ ਭੇਜਿ’ ਵਾਲੇ ਸ਼ਬਦ ਦਾ ਵੱਧ ਤੋਂ ਵੱਧ ਜਾਪ ਕਰੇ ਤਾਂ ਉਸ ਨੂੰ ਔਲਾਦ ਦੀ ਬਖ਼ਸ਼ਿਸ਼ ਹੋਵੇਗੀ-
ਰਚਿਓ ਛੇਹਰਟਾ ਅਤਿ ਸੁਖਦਾਈ ।
ਤਾ ਕੀ ਮਹਿਮਾ ਅਧਿਕ ਬਡਾਈ ।
ਪੁੱਤਰ ਹੇਤੁ ਜੋਉ ਨਾਰੀ ਮਾਸਿ ਮਾਸਿ ਈਹਾਂ ਨਾਏ ।
ਏਕੁ ਬਰਸਿ ਮਹਿ ਸੁਤਿ ਲਹਿ ਸਤਿਗੁਰ ਅਸਿ ਫੁਰਮਾਇ ।
(ਗੁਰ ਬਿਲਾਸ ਪਾਤਸ਼ਾਹੀ ਛੇਵੀਂ)
ਸੋ ਪੰਚਮ ਗੁਰੂ ਜੀ ਦੇ ਦਿੱਤੇ ਵਰ ਸਦਕਾ ਸੰਗਤ ਆਪਣੀਆਂ ਅਰਦਾਸਾਂ ਪੂਰੀਆਂ ਹੋਣ ’ਤੇ ਸਾਲ ਬਾਅਦ ਭਾਰੀ ਗਿਣਤੀ ਵਿੱਚ ਬਸੰਤ ਪੰਚਮੀ ’ਤੇ ਆਪਣੇ ਬੱਚਿਆਂ ਦੀਆਂ ਸੁੱਖਣਾ ਪੂਰੀਆਂ ਕਰਨ ਆਉਦੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਛੇਹਰਟਾ ਖ਼ੂਹ ’ਚੋਂ ਪੈਂਦੇ ਜਲ ਨਾਲ ਇਸ਼ਨਾਨ ਕਰਕੇ ਗੁਰੂ ਘਰ ਸ਼ਰਧਾ ਨਾਲ ਨਤਮਸਤਕ ਹੁੰਦੀ ਹੈ। ਇਸ ਸਾਲ ਵੀ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਜੋੜ ਮੇਲਾ 14 ਫਰਵਰੀ ਨੂੰ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ।
ਵੱਡੀ ਗਿਣਤੀ ਸੰਗਤ ਹੁੰਦੀ ਹੈ ਨਤਮਸਤਕ
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੇ ਗਏ ਵਰ ਸਦਕਾ ਵੱਡੀ ਗਿਣਤੀ ਵਿੱਚ ਸੰਗਤ ਬਸੰਤ ਪੰਚਮੀ ’ਤੇ ਆਪਣੇ ਬੱਚਿਆਂ ਦੀਆਂ ਸੁੱਖਣਾਂ ਪੂਰੀਆਂ ਕਰਨ ਲਈ ਇਸ ਅਸਥਾਨ ’ਤੇ ਬਹੁਤ ਸ਼ਰਧਾ ਨਾਲ ਮੱਥਾ ਟੇਕਣ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਛੇਹਰਟਾ ਖ਼ੂਹ ’ਚੋਂ ਪੈਂਦੇ ਜਲ ਨਾਲ ਇਸ਼ਨਾਨ ਕਰਕੇ ਗੁਰੂ ਘਰ ਵਿਖੇ ਨਤਮਸਤਕ ਹੁੰਦੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ ਚੌਥੀ ਪੀੜ੍ਹੀ ਦੇ ਬਾਬਾ ਬੁੱਧ ਸਿੰਘ ਰੰਧਾਵਾ ਨੇ ਆਪਣੇ ਵੰਡੇ ਆਉਂਦੇ ਦੋ ਖ਼ੂਹ ਛੇਹਰਟਾ ਤੇ ਜ਼ਮੀਨ ਸੰਗਤ ਲਈ ਲੋਹ ਲੰਗਰ ਦੇ ਨਾਮ ਦਾਨ ਕਰ ਦਿੱਤੀ ਸੀ।
- ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ