- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਕਾ ਸਰਹਿੰਦ-ਨਿੱਕੀਆਂ ਜਿੰਦਾਂ ਵੱਡਾ ਸਾਕਾ, ਸਿੱਖ ਮਾਨਸਿਕਤਾ ਨੂੰ ਅਡੋਲਤਾ, ਨਿਰਭੈਤਾ ਤੇ ਚੜ੍ਹਦੀ ਕਲਾ ਬਖ਼ਸ਼ਣ ਵਾਲਾ ਗੌਰਵਮਈ ਇਤਿਹਾਸ ਹੈ। ਅੱਲ੍ਹਾ ਯਾਰ ਖ਼ਾਂ ਜੋਗੀ ਇਸ ਨੂੰ ‘ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ’ ਇਸ ਲਈ ਲਿਖਦਾ ਕਿ ਇਹ ਇਤਿਹਾਸ ਜੁਗਾਂ- ਜੁਗਾਂਤਰਾਂ ਤੱਕ ਕੌਮੀ ਵਾਰਸਾਂ ਲਈ ਪ੍ਰੇਰਕ ਸ਼ਕਤੀ ਰਹੇਗਾ। ਇਹ ਸਰਬੰਸ ਦਾਨੀ ਪਿਤਾ ਦੇ ਸਪੁੱਤਰਾਂ ਦੀ ਬਹਾਦਰੀ ਦੀ ਦਾਸਤਾਂ ਹੈ।

ਸਾਕਾ ਸਰਹਿੰਦ-ਨਿੱਕੀਆਂ ਜਿੰਦਾਂ ਵੱਡਾ ਸਾਕਾ, ਸਿੱਖ ਮਾਨਸਿਕਤਾ ਨੂੰ ਅਡੋਲਤਾ, ਨਿਰਭੈਤਾ ਤੇ ਚੜ੍ਹਦੀ ਕਲਾ ਬਖ਼ਸ਼ਣ ਵਾਲਾ ਗੌਰਵਮਈ ਇਤਿਹਾਸ ਹੈ। ਅੱਲ੍ਹਾ ਯਾਰ ਖ਼ਾਂ ਜੋਗੀ ਇਸ ਨੂੰ ‘ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ’ ਇਸ ਲਈ ਲਿਖਦਾ ਕਿ ਇਹ ਇਤਿਹਾਸ ਜੁਗਾਂ- ਜੁਗਾਂਤਰਾਂ ਤੱਕ ਕੌਮੀ ਵਾਰਸਾਂ ਲਈ ਪ੍ਰੇਰਕ ਸ਼ਕਤੀ ਰਹੇਗਾ। ਇਹ ਸਰਬੰਸ ਦਾਨੀ ਪਿਤਾ ਦੇ ਸਪੁੱਤਰਾਂ ਦੀ ਬਹਾਦਰੀ ਦੀ ਦਾਸਤਾਂ ਹੈ। ਇਨ੍ਹਾਂ ਦਿਨਾਂ ’ਚ ਜਦ ਕਥਾਕਾਰ, ਰਾਗੀ, ਢਾਡੀ, ਕਵੀਸ਼ਰ, ਕਵੀ ਇਹ ਇਤਿਹਾਸ ਸਰਵਣ ਕਰਵਾਉਂਦੇ ਹਨ ਤਾਂ ਭਾਵੁਕਤਾ ਦਾ ਮਾਹੌਲ ਵੀ ਬਣਦਾ ਹੈ। ਸੰਗਤ ਵੈਰਾਗ ’ਚ ਹੰਝੂ ਵੀ ਕੇਰਦੀ ਹੈ। ਇਹ ਮੋਹ ਦੀਆਂ ਤੰਦਾਂ, ਸਾਹਿਬਜ਼ਾਦਿਆਂ ਦਾ ਪਿਆਰ, ਕਲਗੀਧਰ ਪਾਤਸ਼ਾਹ ਜੀ ਦੇ ਨਾਦੀ ਪਰਿਵਾਰ ਹੋਣ ਦਾ ਸਵੈਮਾਣ, ਆਪਣਾਪਣ ਤੇ ਸੂਖ਼ਮ ਅਹਿਸਾਸਮਈ ਕਰਜ਼ ਵੀ ਹੈ। ਹੰਝੂਆਂ ਦੀ ਵੀ ਇੱਕ ਭਾਸ਼ਾ ਹੈ, ਜੋ ਕਈ ਵਾਰ ਤਰੱਕੀਆਂ ਦੀ ਪਕੜ ’ਚ ਨਹੀਂ ਆਉਂਦੀ ਪਰ ਬਿਬੇਕੀਆਂ ਨੂੰ ਸਮਝ ਹੈ ਕਿ ਗੁਰਬਾਣੀ ’ਚ ‘ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ’ ਜਾਂ ‘ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੈ ਵਹਿ ਚਲੈ ਜੀਉ’ ਦੇ ਭਾਵ ਅਰਥ ਕੀ ਹਨ?
ਇਹ ਬਿਹਬਲਤਾ ਦੀਆਂ ਵਿਯੋਗੀ ਤਾਂਘਾਂ ਤੇ ਸੰਯੋਗੀ ਦਰਸ਼ਨਾਂ ਲਈ ਰਹੱਸਮਈ ਰਮਜ਼ਾਂ ਹਨ। ਇਨ੍ਹਾਂ ’ਚ ਵਾਰੇ-ਵਾਰੇ, ਬਲਿਹਾਰੇ ਜਾਣ ਦਾ ਗੁੱਝਾ ਸੰਦੇਸ਼ ਹੈ। ਹੰਝੂਆਂ ’ਚ ਬਿਰਹਾ, ਮੋਹ, ਜਜ਼ਬਾ, ਬੀਰਤਾ, ਅਪਣੱਤ ਤੇ ਵਿਰਸੇ ਦਾ ਮਾਣ ਹੈ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਰਹਿੰਦ ’ਚ ਪ੍ਰਵੇਸ਼ ਕੀਤਾ ਤਾਂ ਸਰਹਿੰਦ ਦੀ ਦੀਵਾਰ ਕੋਲ ਜਾ ਕੇ ਨਮਸਕਾਰ ਕੀਤੀ, ਇੱਟਾਂ ਨੂੰ ਚੁੰਮਿਆਂ, ਹੁਭਕੀਂ-ਹੁਭਕੀਂ ਰੋਇਆ ਤੇ ਹੰਝੂਆਂ ਨਾਲ ਕੰਧ ਧੋ ਦਿੱਤੀ। (ਇਸ ਨੂੰ ਕੋਈ ਬੁਜ਼ਦਿਲੀ ਨਾ ਕਹੇ ਸਗੋਂ ਦਸਮ ਪਾਤਸ਼ਾਹ ਜੀ ਦਾ ਪਿਆਰ ਤੇ ਸਾਹਿਬਜ਼ਾਦਿਆਂ ਦੇ ਸਿਦਕ ਤੋਂ ਵਾਰੇ-ਵਾਰੇ ਜਾਣ ਦੀ ਗਵਾਹੀ ਸੀ। ਇਹ ਕਾਇਰਤਾ ਦੇ ਨਹੀਂ ਵੀਰਤਾ ਦੇ ਅੱਥਰੂ ਸਨ।) ਇਹ ਸਾਕਿਆਂ ਦੇ ਮੋਹ ਭਰੇ ਜਜ਼ਬੇ ਨੇ ਬਾਬਾ ਬੰਦਾ ਸਿੰਘ ਦੀ ਫ਼ੌਜ ਨੂੰ ਸਮੇਂ ਦੇ ਬਲਵਾਨ ਯੋਧੇ ਬਣਾਇਆ ਤੇ ਮਨੋਬਲ ਪ੍ਰਦਾਨ ਕੀਤਾ।
ਦੂਜੇ ਪਾਸੇ ਆਪਣੀ ਧਰਤੀ ਦੇ ਸੱਚ ਨੂੰ ਜਾਣੀਏ ਤਾਂ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਪਰਦੇਸਾਂ ਨੂੰ ਪੁੱਤ ਤੋਰਨ ਲੱਗੀਆਂ ਮਾਵਾਂ ਹੁਭਕੀਆਂ ਲੈ ਕੇ ਰੋਂਦੀਆਂ ਹਨ ਤੇ ਅੱਥਰੂ ਵਹਾਉਂਦੇ ਬਾਪੂਆਂ ਦੀਆਂ ਦਾੜ੍ਹੀਆ ਭਿੱਜ ਜਾਂਦੀਆਂ ਹਨ ਜਦਕਿ ਇਹ ਬੱਚੇ ਕਮਾਈ ਕਰਨ ਲਈ ਜਾਂ ਚੰਗਾ ਜੀਵਨ ਬਣਾਉਣ ਲਈ ਪ੍ਰਦੇਸ ਜਾ ਰਹੇ ਹੁੰਦੇ ਹਨ। ਇੱਧਰ ਲੋਰੀਆਂ ਦੀ ਉਮਰੇ ਦਾਦੀ ਮਾਂ ਦੀ ਗੋਦ ’ਚੋਂ ਉੱਠ ਕੇ ਮੌਤ ਰਾਣੀ ਦੀ ਗੋਦ ’ਚ ਜਾ ਪੈਣਾ ਕੋਈ ਸਧਾਰਨ ਵਰਤਾਰਾ ਨਹੀਂ ਸਗੋਂ ‘ਖ਼ਾਲਸਾ ਮੇਰੀ ਜਾਨ ਕੀ ਜਾਨ’ ਕਹਿਣ ਵਾਲੇ ਧਰਮੀ ਬਾਬਲ ਦੇ ਸਪੱੁਤਰਾਂ ਦਾ ਸਿਰਜਿਆ ਮਹਾਨ ਇਤਿਹਾਸ ਹੈ। ਇਸ ਨੂੰ ਸੰਸਾਰੀ ਤਲ ’ਤੇ ਆਪਣੇ ਪਰਿਵਾਰ ਦੇ ਰਿਸ਼ਤਿਆਂ ਦੇ ਨਿੱਘ ’ਚੋਂ ਪਿਤਾ, ਮਾਂ, ਦਾਦੀ ਜਾਂ ਭਰਾ ਬਣ ਕੇ ਇਨ੍ਹਾਂ ਦਿਨਾਂ ’ਚ ਜ਼ਰੂਰ ਚਿੰਤਨ ਕਰੀਏ। ਸੱਚਮੁੱਚ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੇ ਸਦਾ ਡਿੱਗਦੇ ਮਨਾਂ ਨੂੰ ਢਾਰਸ ਦਿੱਤੀ ਐ। ਢਹਿੰਦੀ ਕਲਾ ’ਚੋਂ ਚੜ੍ਹਦੀ ਕਲਾ ਨੇ ਰੂਪ ਧਾਰਨ ਕੀਤਾ ਤੇ ਇਹ ਮਹਾਨ ਸਾਕਾ, ਦੁਬਿਧਾ ਗ੍ਰਸਿਆਂ ਨੂੰ ਪੰਥ ਪ੍ਰਸਤੀ ਦਾ ਸਬਕ ਦਿ੍ਰੜਾਉਂਦਾ ਹੈ।
ਚਿੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਹਿਲਾ ਪ੍ਰਮਾਣਿਕ ਹਵਾਲਾ ਕਲਗੀਧਰ ਪਾਤਸ਼ਾਹ ਜੀ ਨੇ ਹੀ ਆਪਣੀ ਲਿਖਤ ’ਚ ਦਿੱਤਾ ਹੈ। ਜਦ ਸਤਿਗੁਰਾਂ ਨੇ ਔਰੰਗ਼ਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਆਪਣੇ ਸਪੁੱਤਰਾਂ ਦੀ ਸ਼ਹਾਦਤ ਦਾ ਵੇਰਵਾ ਦੇ ਕੇ ਵੰਗਾਰ ਵੀ ਪਾਈ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ।
ਭਾਵ ਐ ਔਰੰਗ਼ਜ਼ੇਬ! ਕੀ ਹੋਇਆ ਕਿ ਤੂੰ ਮੇਰੇ ਚਾਰ ਬੱਚੇ ਸ਼ਹੀਦ ਕਰ ਦਿੱਤੇ, ਪਿੱਛੇ ਕੰੁਡਲੀਆ ਸੱਪ ਜੀਵਤ ਹੈ, ਭਾਵ ਤਿਆਰ ਬਰ ਤਿਆਰ ਖ਼ਾਲਸਾ, ਜੋ ਤੇਰੇ ਜ਼ੁਲਮੀ ਰਾਜ ਨੂੰ ਖ਼ਤਮ ਕਰ ਕੇ ਸਾਹ ਲਵੇਗਾ। ਇਸ ਲਈ ਸਾਕਾ ਸਰਹਿੰਦ ਕੌਮੀ ਵਾਰਸਾਂ ਲਈ ਧਰਮੀ ਜਜ਼ਬਾ, ਸਦੀਵ ਚਾਨਣ ਮੁਨਾਰਾ, ਸਿਦਕ ਦੀ ਮਿਸਾਲ, ਜੁਗਾਂ-ਜੁਗਾਤਰਾਂ ਦਾ ਰਾਹ ਦਸੇਰਾ, ਵਿਰਸੇ ਦਾ ਸਵੈ-ਮਾਣ, ਡੋਲਦੀ ਮਾਨਸਿਕਤਾ ਲਈ ਪ੍ਰੇਰਕ ਪ੍ਰਸੰਗ ਤੇ ਪੰਥਕ ਬਾਗ਼ ਦੀ ਉਹ ਮਹਿਕ ਹੈ, ਜਿਸ ਦੀ ਚਮਕ ਤੇ ਸ਼ਾਨ ਸਦੀਵੀ ਖਿੜਾਓ ਬਖ਼ਸ਼ਣਹਾਰੀ ਹੈ। ਇਹ ਇਤਿਹਾਸ ਸਦਾ ਯਾਦਾਂ ’ਚ ਸਾਂਭ ਕੇ ਰੱਖਣਾ ਤੇ ਚਿੰਤਨ ਕਰਦੇ ਰਹਿਣਾ, ਇਹ ਧਰਮੀ ਜੀਵਨ ਜਿਊਣ ਦਾ ਮਹਾਨ ਸਬਕ ਹੈ।
- ਡਾ: ਇੰਦਰਜੀਤ ਸਿੰਘ ਗੋਗੋਆਣੀ