- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ’ਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ‘ਸਾਕਾ’ ਕਿਹਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ (Guru Gobind Singh ji) ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ’ਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ‘ਸਾਕਾ’ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ ਸਨਮੁੱਖ ਹੋਣਾ ਪਿਆ। ਜਲ੍ਹਿਆਂਵਾਲੇ ਬਾਗ਼ (Jallianwala Bagh) ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ਼ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ ’ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਕਹਾਣੀ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ ।
ਮਹੰਤਾਂ ਦੀ ਐਸ਼ਪ੍ਰਸਤੀ
ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂ ਰਾਇਪੁਰ ਫਿਰ ਤਲਵੰਡੀ ਰਾਇ ਭੋਇੰ ਤੇ ਸਦੀਵੀ ਨਾਂਅ ਨਨਕਾਣਾ ਸਾਹਿਬ ਪ੍ਰਚੱਲਿਤ ਹੋਇਆ। ਨਨਕਾਣਾ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ’ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ। ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੌਂਪੀ ਸੀ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ-ਆਯਾਸ਼ ਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ ਐਸ਼ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾ-ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤੱਕ ਠੀਕ ਚੱਲਦਾ ਰਿਹਾ, ਜਦੋਂ ਤੱਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿੱਤ ਦਾ ਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ਼ ਨੂੰ ਧੋਣ ਵਾਸਤੇ ਪਵਿੱਤਰ ਖ਼ੂਨ ਦੀ ਜ਼ਰੂਰਤ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ । ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਿਵਾਰਕ ਪ੍ਰਬੰਧ ਤੋਂ ਪੰਥਕ ਪ੍ਰਬੰਧ ’ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਾਉਣ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1920 ਨੂੰ ਦਰਸ਼ਨੀ ਡਿਓੜੀ ਰਸਤੇ ਅੰਦਰ ਦਾਖ਼ਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ‘ਸਵਾਗਤ’ ਮਹੰਤ, ਉਸ ਦੇ ਗੁੰਡਿਆਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ। ਗੁਰੂ-ਘਰ ਦੀ ਪਵਿੱਤਰਤਾ ਕਾਇਮ ਰੱਖਣ ਖ਼ਾਤਿਰ ਗੁਰੂ ਕੇ ਲਾਲ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ।
ਜ਼ੁਲਮ ਦੀ ਇੰਤਹਾ
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀਸੀ ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ ’ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖ਼ੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗ਼ਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਇਆ ਜਿਸ ’ਤੇ ਉਸ ਨੂੰ ਹੁਣ ਤੱਕ ਦੀ ਸਭ ਤੋਂ ਸਖ਼ਤ ਤਨਖਾਹ ਲਾਈ ਗਈ। ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇ ਘਰ ਨੂੰ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ। ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਪਵਿੱਤਰ ਧਰਤੀ ਹੈ। ਇੱਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ’ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਰੰਭ ਕੀਤੀ। ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ ’ਚ ਲਿਆ ਗਿਆ। ਫਿਰ ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ’ਚ ਆਇਆ। ਸ਼ਾਂਤਮਈ ਸਿੱਖ ਸੇਵਕਾਂ ਦੇ ਖ਼ੂਨ ਨਾਲ ਮਹੰਤ ਨਰੈਣ ਦਾਸ ਅਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲਥਪੱਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ ਲਈ ਕੀਤਾ ਗਿਆ ਸੱਤਿਆ ਗ੍ਰਹਿ ਸੀ। ਜਬਰ-ਜ਼ੁਲਮ ਅਤੇ ਅੱਤਿਆਚਾਰ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ ਸ਼ਾਂਤਮਈ ਰਹਿ ਕੇ ਕੀਤਾ ਗਿਆ ਵਿਦਰੋਹ, ਰੋਸ ਅਤੇ ਰੋਹ ਸੀ।
ਸ਼ਹੀਦੀ ਖ਼਼ੂਹ ਤੇ ਜੰਡ ਦਾ ਦਰੱਖ਼ਤ
ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖ਼ੂਹ ਤੇ ਜੰਡ ਦਾ ਦਰੱਖ਼ਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। ਜੰਡ ਦੇ ਦਰੱਖ਼ਤ ਦੀ ਸਾਂਭ-ਸੰਭਾਲ ਹੋਣੀ ਜ਼ਰੂਰੀ ਹੈ। ਅਪ੍ਰੈਲ, 1921 ’ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ ’ਤੇ ਮੁਕੱਦਮਾ ਚੱਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਅਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਰ ਹਾਈਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦਿੱਤੀ। ਪਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਕ ਇਮਾਰਤ, ਵਿਸ਼ਾਲ ਦਰਸ਼ਨੀ ਡਿਓੜੀ ਤੇ ਖੁੱਲ੍ਹਾ ਵਿਹੜਾ ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ’ਤੇ ਰੂਪਮਾਨ ਕਰਦੇ ਹਨ। ਲੋੜ ਹੈ, ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਜੀਵਨ ਜਾਚ ’ਚ ਸਤਿ-ਸੰਤੋਖ ਦੇ ਧਾਰਨੀ ਹੋ ਕੇ ਸਮੇਂ ਦੇ ਹਾਣੀ ਹੋਣ ਦੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦੀ ਜੀਵਨ ਬਾਰੇ ਪੁਸਤਕ ਲਿਖਵਾਈ, ਜਿਸ ’ਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ। ਦੇਸ਼ ਵੰਡ ਸਮੇਂ ਤੱਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਨਾਲ ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਜੋਦੜੀ ਕਰਦਾ ਹੈ। ਜਿਸ ਧਰਤ ਸੁਹਾਵੀ ਤੋਂ ‘ਨਾਨਕ ਨਿਰਮਲ ਪੰਥ’ ਦਾ ਆਗਾਜ਼ ਹੋਇਆ, ਉਸ ਧਰਤੀ ਦੇ ਜ਼ਰੇ-ਜ਼ਰੇ ਨਾਲ ਹਰ ਨਾਨਕ ਨਾਮ ਲੇਵਾ ਦੀ ਮੁਹੱਬਤ ਹੋਣੀ ਲਾਜ਼ਮੀ ਹੈ। ਜਿਸ ਧਰਤੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਸੰਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ।
ਮਹੰਤਾਂ ਦੇ ਪਾਪਾਂ ਦਾ ਅੰਤ
ਗੁਰਸਿੱਖਾਂ ਨੇ ਆਪਣੇ ਪਵਿੱਤਰ ਖ਼ੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ। ਕਵੀ ਚਰਨ ਸਿੰਘ ਸਫ਼ਰੀ ਦੇ ਬੋਲ ਹਨ:‘ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ–ਸੜਨ ਵਾਲਾ ਕੀ ਸੜ ਕੇ ਮਰ ਗਿਆ ਏ? ਭੱਖਦੇ ਭੱਠ ਨੇ ਜਵਾਬ ਦਿੱਤਾ,ਉਹ ਤਾਂ ਮੈਨੂੰ ਵੀ ਠੰਢਿਆਂ ਕਰ ਗਿਆ ਏ.।’ ਕਿੰਨੇ ਸਬਰ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਗੁਰਸਿੱਖ ਜਿਨ੍ਹਾਂ ਨੂੰ ਜਿੰਦਾ ਜੰਡ ਨਾਲ ਬੰਨ੍ਹ, ਭੱਠ ’ਚ ਸੁੱਟ ਸਾੜਿਆ ਪਰ ਸੀ ਨਹੀਂ ਉਚਾਰੀ।
ਗ੍ਰੰਥੀ ਸਿੰਘ ਦੀ ਸ਼ਹੀਦੀ
ਮਹੰਤ ਨਰੈਣ ਦਾਸ ਦੇ ਜ਼ੁਲਮ ਦੀ ਇੰਤਹਾ-ਚਰਮ ਸੀਮਾ ਵੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਕਰ ਦਿੱਤਾ ਤੇ ਪਾਵਨ ਸਰੂਪ ਵਿਚ ਵੀ ਗੋਲੀਆਂ ਲੱਗੀਆਂ, ਜਿਸ ਨੂੰ ‘ਸ਼ਹੀਦੀ ਬੀੜ’ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਸ਼ਹੀਦਾਂ ਦੇ ਖ਼ੂਨ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਹੋਂਦ ’ਚ ਆਈ।
• ਡਾ. ਰੂਪ ਸਿੰਘ