- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਖੁਲਾਸਾ ਕੀਤਾ ਕਿ ਬੀਤੀ ਰਾਤ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਹੈ, ਜਿਸ ਵਿੱਚ ਪ੍ਰਭ ਦਾਸੂਵਾਲ ਵੱਲੋਂ ਫਿਰੋਤੀ ਦੀ ਮੰਗ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਸੂਚਿਤ ਕਰਕੇ ਇਨਸਾਫ਼ ਅਤੇ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਬੱਲੂ ਮਹਿਤਾ, ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਉਸ ਵੇਲੇ ਪੂਰੀ ਤਰ੍ਹਾਂ ਚਰਮਰਾ ਗਈ ਜਦੋਂ ਸ਼ਨੀਵਾਰ ਦੇਰ ਰਾਤ ਫਿਰੋਤੀ ਦੀ ਕਾਲ ਤੋਂ ਬਾਅਦ ਦੋ ਵੱਖ-ਵੱਖ ਘਰਾਂ 'ਚ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਥਾਨਕ ਲੋਕਾਂ ਅਤੇ ਵਪਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਹਿਲੀ ਘਟਨਾ ਪੱਟੀ ਦੀ ਵਾਰਡ ਨੰਬਰ 18 ਸਥਿਤ ਵਿਸ਼ਾਲ ਕਲੌਨੀ ਦੀ ਹੈ। ਇੱਥੋਂ ਦੇ ਰਹਿਣ ਵਾਲੇ ਮੈਡੀਕਲ ਸਟੋਰ ਵਿਕਰੇਤਾ ਦੀਪਕ ਮਹਿਤਾ ਪੁੱਤਰ ਹੀਰਾ ਲਾਲ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ 6 ਗੋਲੀਆਂ ਚਲਾਈਆਂ ਗਈਆਂ। ਪਹਿਲੀ ਗੋਲੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੇਮਰੇ ਦੇ ਮਾਰੀ। ਪੀੜਤ ਦੀਪਕ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੱਟੀ ਮੌੜ 'ਤੇ ਮੈਡੀਕਲ ਸਟੋਰ ਹੈ, ਜਿੱਥੇ ਪਹਿਲਾਂ ਵੀ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਬੀਤੀ ਰਾਤ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਹੈ, ਜਿਸ ਵਿੱਚ ਪ੍ਰਭ ਦਾਸੂਵਾਲ ਵੱਲੋਂ ਫਿਰੋਤੀ ਦੀ ਮੰਗ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਸੂਚਿਤ ਕਰਕੇ ਇਨਸਾਫ਼ ਅਤੇ ਸੁਰੱਖਿਆ ਦੀ ਗੁਹਾਰ ਲਗਾਈ ਹੈ।
ਇਸੇ ਤਰ੍ਹਾਂ ਸ਼ਹਿਰ ਦੇ ਇੱਕ ਹੋਰ ਨਾਗਰਿਕ ਪਰਵੇਜ ਮਰਵਾਹਾ ਪੁੱਤਰ ਗੋਪਾਲ ਦਾਸ ਦੇ ਘਰ ਦੇ ਬਾਹਰ ਵੀ ਰਾਤ ਦੇ ਸਮੇਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇੱਕੋ ਰਾਤ ਵਿੱਚ ਹੋਈਆਂ ਇਨ੍ਹਾਂ ਦੋਹਾਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੁਸਤੈਦ ਹੋ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਵਾਂ ਘਟਨਾ ਸਥਾਨਾਂ ਦੇ ਆਸ-ਪਾਸ ਅਤੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਫੁਟੇਜ ਵਿੱਚ ਦਿਖਾਈ ਦੇ ਰਹੇ ਸ਼ੱਕੀ ਨੌਜਵਾਨਾਂ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।ਡੀ.ਐੱਸ.ਪੀ. ਨੇ ਦਾਅਵਾ ਕੀਤਾ ਕਿ ਪੁਲਿਸ ਜਲਦੀ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜੇਗੀ।