- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
80 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨਾਲ ਜੁੜੀਆਂ ਲਾਵਾਰਿਸ ਲਾਸ਼ਾਂ ਦਾ ਵੇਰਵਾ ਇਕੱਠਾ ਕਰਕੇ ਜਸਵੰਤ ਸਿੰਘ ਖਾਲੜਾ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਸੀ। ਬਾਅਦ ਵਿੱਚ ਉਨ੍ਹਾਂ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਹੋਈਆਂ।

ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਤੋਂ ਬਾਅਦ ਖਾਲੜਾ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੇ ਕਰੀਬੀਆਂ ਵਿੱਚ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਫਿਲਮ ਨੇ ਉਹ ਸਾਰਾ ਬਿਰਤਾਂਤ ਮੁੜ ਅੱਖਾਂ ਸਾਹਮਣੇ ਲਿਆ ਦਿੱਤਾ, ਜਿਸ ਨੂੰ ਇਲਾਕੇ ਦੇ ਲੋਕਾਂ ਨੇ ਨੇੜਿਓਂ ਦੇਖਿਆ ਸੀ। ਨਾਲ ਹੀ ਉਨ੍ਹਾਂ ਨੇ ਫਿਲਮ ਦੇ ਰਿਲੀਜ਼ ਹੋਣ ’ਤੇ ਖੁਸ਼ੀ ਵੀ ਪ੍ਰਗਟਾਈ, ਕਿਉਂਕਿ ਇਹ ਲੰਬੇ ਸਮੇਂ ਤੋਂ ਵੱਖ-ਵੱਖ ਵਿਵਾਦਾਂ ਕਾਰਨ ਅਟਕੀ ਹੋਈ ਸੀ।
ਦੋਸਤ ਬਾਜ ਸਿੰਘ ਖਾਲੜਾ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਪਿੰਡ ਆਉਣ ’ਤੇ ਆਪਣੇ ਦੋਸਤਾਂ ਅਤੇ ਲੋੜਵੰਦ ਲੋਕਾਂ ਨਾਲ ਜ਼ਰੂਰ ਮਿਲਦੇ ਸਨ ਅਤੇ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਸਨ। ਪ੍ਰਧਾਨ ਗੋਪਾਲ ਸਿੰਘ ਖਾਲੜਾ ਨੇ ਉਨ੍ਹਾਂ ਦਾ ਪੁਰਾਣਾ ਘਰ ਦਿਖਾਉਂਦਿਆਂ ਕਿਹਾ ਕਿ ਇੱਥੇ ਹੀ ਉਨ੍ਹਾਂ ਨੇ ਬਚਪਨ ਤੋਂ ਜਵਾਨੀ ਤੱਕ ਦਾ ਸਮਾਂ ਬਿਤਾਇਆ। ਉਨ੍ਹਾਂ ਅਨੁਸਾਰ ਇਹ ਫਿਲਮ ਕਾਫ਼ੀ ਪਹਿਲਾਂ ਬਣ ਜਾਣੀ ਚਾਹੀਦੀ ਸੀ ਤਾਂ ਜੋ ਨਵੀਂ ਪੀੜ੍ਹੀ ਵੀ ਉਨ੍ਹਾਂ ਦੀ ਕੁਰਬਾਨੀ ਅਤੇ ਸੰਘਰਸ਼ ਤੋਂ ਜਾਣੂ ਹੋ ਸਕਦੀ।
ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਫਿਲਮ ਨੂੰ ਸਿਨੇਮਾਘਰਾਂ ਅਤੇ ਮੁਫ਼ਤ ਟੈਲੀਵਿਜ਼ਨ ਚੈਨਲਾਂ ’ਤੇ ਵੀ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਜੋ ਹਰ ਵਰਗ ਦੇ ਲੋਕ ਇਸ ਨੂੰ ਦੇਖ ਸਕਣ। ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਮੁੱਖ ਸੇਵਾਦਾਰ ਭਾਈ ਜੁਗਰਾਜ ਸਿੰਘ ਡੱਲ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਜਸਵੰਤ ਸਿੰਘ ਖਾਲੜਾ ਵੱਲੋਂ ਦਿੱਤੀ ਕੁਰਬਾਨੀ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
ਲਾਵਾਰਿਸ ਲਾਸ਼ਾਂ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ
80 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨਾਲ ਜੁੜੀਆਂ ਲਾਵਾਰਿਸ ਲਾਸ਼ਾਂ ਦਾ ਵੇਰਵਾ ਇਕੱਠਾ ਕਰਕੇ ਜਸਵੰਤ ਸਿੰਘ ਖਾਲੜਾ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਸੀ। ਬਾਅਦ ਵਿੱਚ ਉਨ੍ਹਾਂ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਹੋਈਆਂ।
ਦਿਲਜੀਤ ਦੁਸਾਂਝ ਨੇ ਨਿਭਾਈ ਹੈ ਖਾਲੜਾ ਦੀ ਭੂਮਿਕਾ
'ਸਤਲੁਜ' ਨਾਮਕ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਅਦਾਕਾਰ ਦਿਲਜੀਤ ਦੁਸਾਂਝ ਨੇ ਨਿਭਾਈ ਹੈ। ਫਿਲਮ ਦੇ ਰਿਲੀਜ਼ ਹੋਣ ਨਾਲ ਖਾਲੜਾ ਇਲਾਕੇ ਦੇ ਲੋਕਾਂ ਵਿੱਚ ਇਸ ਨੂੰ ਲੈ ਕੇ ਖਾਸ ਉਤਸ਼ਾਹ ਅਤੇ ਭਾਵਨਾਤਮਕ ਮਾਹੌਲ ਹੈ।
ਲੋਕਾਂ ਦੀ ਮੰਗ
ਫਿਲਮ ਨੂੰ ਵੱਧ ਤੋਂ ਵੱਧ ਪਲੇਟਫਾਰਮਾਂ ’ਤੇ ਉਪਲਬਧ ਕਰਵਾਇਆ ਜਾਵੇ।
ਨਵੀਂ ਪੀੜ੍ਹੀ ਨੂੰ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਕੁਰਬਾਨੀ ਨਾਲ ਜਾਣੂ ਕਰਵਾਉਣ ਲਈ ਵਿਸ਼ੇਸ਼ ਪ੍ਰਦਰਸ਼ਨ ਕਰਵਾਏ ਜਾਣ।