ਸਿਵਲ ਹਸਪਤਾਲ ਬਰਨਾਲਾ ’ਚ ਐਕਸ-ਰੇ ਮਸ਼ੀਨ ਖ਼ਰਾਬ ਸਿਵਲ ਹਸਪਤਾਲ ਬਰਨਾਲਾ ’ਚ ਐਕਸ-ਰੇ ਮਸ਼ੀਨ ਖ਼ਰਾਬ
Publish Date: Mon, 13 Jul 2026 04:05 PM (IST)
Updated Date: Tue, 14 Jul 2026 04:00 AM (IST)
: ਨਵੀਂ ਮਸ਼ੀਨ ਡੱਬਿਆਂ ’ਚ ਬੰਦ, ਲੋਕ ਹੋ ਰਹੇ ਨੇ ਪਰੇਸ਼ਾਨ : ਮਰੀਜ਼ ਬਾਹਰੋਂ ਮਹਿੰਗੇ ਭਾਅ ’ਚ ਐਕਸ ਰੇ ਕਰਵਾਉਣ ਲਈ ਮਜ਼ਬੂਰ : ਜਲਦ ਹੀ ਨਵੀਂ ਮਸ਼ੀਨਾਂ ਲਗਵਾ ਕੇ ਲੋਕਾਂ ਨੂੰ ਮਿਲੇਗੀ ਸਹੂਲਤ : ਡਾ. ਇੰਦੂ ਬਾਂਸਲ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਹਸਪਤਾਲ ਬਰਨਾਲਾ ’ਚ ਕਈ ਕਮੀਆਂ ਹੋਣ ਕਰਕੇ ਹਰ ਸਮੇਂ ਸੁਰਖੀਆਂ ’ਚ ਨਜ਼ਰ ਆ ਰਿਹਾ ਹੈ, ਪਹਿਲਾਂ ਤਾਂ ਸਿਵਲ ਹਸਪਤਾਲ ’ਚ ਜਿੱਥੇ ਬਲੱਡ ਬੈਂਕ ਬੰਦ, ਜੱਚਾ-ਬੱਚਾ ਹਸਪਤਾਲ ’ਚ ਨਰਸਰੀ ਬੰਦ, ਡਾਕਟਰਾਂ ਦੀਆਂ ਪੋਸਟਾਂ ਦੀ ਘਾਟ, ਡਾਇਲਸੈਸ ਮਸ਼ੀਨਾਂ ਦੀ ਕਮੀ ਤੇ ਪਾਰਕਾਂ ’ਚ ਫੈਲੀ ਗੰਦਗੀ ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਆ ਹੋਇਆ ਹੈ ਉੱਥੇ ਹੀ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ। ਸਿਵਲ ਹਸਪਤਾਲ ’ਚ ਪਿਛਲੇ 10-12 ਦਿਨਾਂ ਤੋਂ ਰੇਡੀਓੁਲਾਜੀ/ਐਕਸ-ਰੇ ਮਸ਼ੀਨਾਂ ਖ਼ਰਾਬ ਪਈਆਂ ਹਨ। ਇਸ ਕਾਰਨ ਲੋਕਾਂ ਨੂੰ ਬਾਹਰੋਂ ਮਹਿੰਗੇ ਭਾਅ ’ਚ ਐਕਸ ਰੇ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ ਹੈ, ਭਾਵੇਂ ਵਿਭਾਗ ਵੱਲੋਂ ਨਵੀਂ ਐਕਸ-ਰੇ ਮਸ਼ੀਨ ਭੇਜੀ ਗਈ ਹੈ ਪਰ ਉਹ ਅਜੇ ਡੱਬਿਆਂ ’ਚ ਬੰਦ ਪਈ ਹੈ। : ਹਸਪਤਾਲ ਦੇ ਕਮਰਾ-13 ’ਚ ਲੱਗੀ ਐਕਸ ਰੇ ਮਸ਼ੀਨ ਕਈ ਦਿਨਾਂ ਤੋਂ ਬੰਦ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਰਨਾਲਾ ’ਚ ਬਰਨਾਲਾ ਜ਼ਿਲ੍ਹੇ ਦੇ ਤੋਂ ਇਲਾਵਾ ਕਈ ਹੋਰ ਜਿਲ੍ਹਿਆਂ ਤੋਂ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਹਸਪਤਾਲ ’ਚ ਕਈ ਕਮੀਆਂ ਤੇ ਮਸ਼ੀਨਾਂ ਦੀ ਘਾਟ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਕਮਰਾ-13 ’ਚ ਐਕਸ-ਰੇ ਮਸ਼ੀਨ ਕਾਫ਼ੀ ਜ਼ਿਆਦਾ ਪੁਰਾਣੀ ਹੋਣ ਕਰ ਕੇ ਖ਼ਰਾਬ ਹੋ ਚੁੱਕੀ ਹੈ ਪਰ ਪਿਛਲੇ 10-12 ਦਿਨਾਂ ਤੋਂ ਬੰਦ ਪਈ ਹੈ। ਪਰ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਲੋਕ ਬਾਹਰੋਂ ਮਹਿੰਗੇ ਭਾਅ ’ਚ ਅਕਸ-ਰੇ ਤੇ ਸਕੈਨਿੰਗ ਆਦਿ ਕਰਵਾਉਣ ਲਈ ਮਜ਼ਬੂਰ ਹੋ ਚੁੱਕੇ ਹਨ। ਪਰ ਸਬੰਧਤ ਅਧਿਕਾਰੀਆਂ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ। ਐਕਸ-ਰੇ ਰੂਮ ’ਚ ਤਾਇਨਾਤ ਰੇਡੀਓਗ੍ਰਾਫ਼ਰ ਮੁਤਾਬਿਕ ਪੁਰਾਣੀ ਮਸੀਨ ਖ਼ਰਾਬ ਹੋਣ ਕਾਰਨ ਬੰਦ ਪਈ ਹੈ ਪਰ ਨਵੀਂ ਮਸ਼ੀਨ ਆ ਚੁੱਕੀ ਹੈ ਜੋ ਅਜੇ ਚਾਲੂ ਨਹੀਂ ਕੀਤੀ ਗਈ ਹੈ। ਇਸ ਸਬੰਧੀ ਜਦ ਸਿਵਲ ਸਰਜਨ ਡਾ. ਹਰੀਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਰੇਲੂ ਕਾਰਨਾਂ ਕਰਕੇ ਉਹ ਅਜੇ ਛੁੱਟੀ ’ਤੇ ਹਨ, ਇਸ ਸਬੰਧ ਸਮੱਸਿਆ ਦਾ ਹੱਲ ਜਲਦ ਕਰਵਾਇਆ ਜਾਵੇਗਾ। ਨਵੀਂ ਮਸ਼ੀਨ ਡੱਬਿਆਂ ’ਚ ਬੰਦ, ਲੋਕ ਹੋਰ ਰਹੇ ਨੇ ਪਰੇਸ਼ਾਨ ਸਿਵਲ ਹਸਪਤਾਲ ਬਰਨਾਲਾ ’ਚ ਪੁਰਾਣੀ ਐਕਸ ਰੇ ਮਸ਼ੀਨ ਦੀ ਥਾਂ ਭਾਵੇਂ ਨਵੀਂ ਮਸ਼ੀਨ ਆ ਚੁੱਕੀ ਹੈ, ਪਰ ਅਜੇ ਉਹ ਮਸ਼ੀਨ ਡੱਬਿਆਂ ’ਚ ਬੰਦ ਪਈ ਹੈ। ਪਰ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੇ ਰਿਹਾ ਹੈ, ਹੁਣ ਸਮਾਂ ਹੀ ਦੱਸੇਗਾ ਕਿ ਕਦੋਂ ਪੁਰਾਣੀ ਮਸ਼ੀਨ ਉਸ ਜਗ੍ਹਾ ਤੋਂ ਹਟਾਈ ਜਾਵੇਗੀ ਤੇ ਉਸ ਦੀ ਥਾਂ ਨਵੀਂ ਮਸ਼ੀਨ ਬੰਦ ਡੱਬਿਆਂ ’ਚੋਂ ਬਾਹਰ ਕੱਢ ਦੇ ਲਗਾਈ ਜਾਵੇਗੀ ਤੇ ਲੋਕਾਂ ਨੂੰ ਇਹ ਸਹੂਲਤ ਨਸੀਬ ਹੋਵੇਗੀ। ਮਰੀਜ਼ ਬਾਹਰੋਂ ਮਹਿੰਗੇ ਭਾਅ ’ਚ ਐਕਸ ਰੇ ਕਰਵਾਉਣ ਲਈ ਹੋਏ ਮਜ਼ਬੂਰ ਸਿਵਲ ਹਸਪਤਾਲ ਬਰਨਾਲਾ ਵਿਖੇ ਪੁੱਜੇ ਮਰੀਜਾਂ ਛੋਟਾ ਸਿੰਘ, ਨਛੱਤਰ ਸਿੰਘ, ਭਾਨ ਸਿੰਘ, ਜਸਵਿੰਦਰ ਕੌਰ ਆਦਿ ਨੇ ਕਿਹਾ ਕਿ ਡਾਕਟਰਾਂ ਵਲੋਂ ਪਰਚੀ ’ਤੇ 13 ਨੰਬਰ ਕਮਰੇ ’ਚੋਂ ਐਕਸ ਰੇ ਕਰਵਾਉਣ ਲਈ ਪਰਚੀ ’ਤੇ ਲਿੱਖ ਦਿੱਤਾ ਜਾਦਾ ਹੈ, ਪਰ ਜਦ ਉਹ ਐਕਸ ਰੇ ਰੂਮ ’ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਸ਼ੀਨ ਖ਼ਰਾਬ ਹੋਣ ਸਬੰਧੀ ਦੱਸਿਆ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਬਾਹਰ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ਐਕਸ ਰੇ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। : ਜਲਦ ਹੀ ਨਵੀਂਆਂ ਮਸ਼ੀਨਾਂ ਲਗਵਾ ਕੇ ਲੋਕਾਂ ਨੂੰ ਮਿਲੇਗੀ ਸਹੂਲਤ: ਡਾ. ਇੰਦੂ ਬਾਂਸਲ ਇਸ ਸਬੰਧੀ ਜਦ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਡਾ. ਇੰਦੂ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਐਕਸ ਰੇ ਮਸ਼ੀਨ ਦੇ ਕੁੱਝ ਪਾਰਟ ਖ਼ਰਾਬ ਹੋ ਚੁੱਕੇ ਹਨ। ਜਿਨ੍ਹਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ ਤੇ ਮਸ਼ੀਨ ਨੂੰ ਚਾਲੂ ਕਰਵਾਇਆ ਜਾਵੇਗਾ। ਜਦ ਉਨ੍ਹਾਂ ਨੂੰ ਡੱਬਿਆਂ ’ਚ ਬੰਦ ਨਵੀਂ ਮਸ਼ੀਨ ਬਾਰੇ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਪਹਿਲਾਂ ਪੁਰਾਣੀ ਮਸ਼ੀਨ ਨੂੰ ਚਾਲੂ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਸ ਨੂੰ ਵਿਭਾਗੀ ਕਾਰਵਾਈ ਤੋਂ ਬਾਅਦ ਉਸ ਨੂੰ ਬਦਲ ਕੇ ਉਸ ਦੀ ਥਾਂ ਨਵੀਂ ਅਧੁਨਿਕ ਐਕਸ ਰੇ ਮਸ਼ੀਨ ਲਗਵਾਈ ਜਾਵੇਗੀ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।