- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾ ਦੇ ਪੁੱਤਰ ਲਾਡੀ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਉਸ ਦੀ ਮਾਤਾ ਸ਼ਹਿਰ ਵਿੱਚ ਕਾਗਜ਼, ਕਬਾੜ ਆਦਿ ਇਕੱਠਾ ਕਰਨ ਦਾ ਕੰਮ ਕਰਦੀ ਸੀ। ਅੱਜ ਕਈ ਸਾਲਾਂ ਬਾਅਦ ਉਹ ਆਪਣੀ ਭੂਆ ਬੇਵੀ ਦੇ ਨਾਲ ਸਵੇਰੇ ਕਰੀਬ 4:30 ਵਜੇ ਘਰੋਂ ਸ਼ਹਿਰ ਵਿੱਚ ਕਬਾੜ ਆਦਿ ਇਕੱਠਾ ਕਰਨ ਲਈ ਨਿਕਲੀ ਸੀ।

ਸੰਵਾਦ ਸਹਿਯੋਗੀ, ਜਾਗਰਣ,ਅਹਿਮਦਗੜ੍ਹ (ਮਾਲੇਰਕੋਟਲਾ) : ਸ਼ਹਿਰ ਦੇ ਚਾਂਦ ਸਿਨੇਮਾ ਰੋਡ ਸਥਿਤ ਤੇਰਾ ਪੰਥ ਭਵਨ ਦੇ ਨੇੜੇ ਅੱਜ ਤੜਕੇ ਇੱਕ ਮਹਿਲਾ ਦੀ ਸੜਕ ’ਤੇ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਸੁਨੀਤਾ ਪਤਨੀ ਸੇਵਕ ਸਿੰਘ, ਵਾਸੀ ਵਾਰਡ ਨੰਬਰ 17, ਮੁੱਰਦਾਘਾਟ ਵਾਲੀ ਗਲੀ ਵਜੋਂ ਹੋਈ ਹੈ। ਘਟਨਾ ਸਵੇਰੇ ਕਰੀਬ 4:30 ਤੋਂ 5 ਵਜੇ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ।
ਮ੍ਰਿਤਕਾ ਦੇ ਪੁੱਤਰ ਲਾਡੀ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਉਸ ਦੀ ਮਾਤਾ ਸ਼ਹਿਰ ਵਿੱਚ ਕਾਗਜ਼, ਕਬਾੜ ਆਦਿ ਇਕੱਠਾ ਕਰਨ ਦਾ ਕੰਮ ਕਰਦੀ ਸੀ। ਅੱਜ ਕਈ ਸਾਲਾਂ ਬਾਅਦ ਉਹ ਆਪਣੀ ਭੂਆ ਬੇਵੀ ਦੇ ਨਾਲ ਸਵੇਰੇ ਕਰੀਬ 4:30 ਵਜੇ ਘਰੋਂ ਸ਼ਹਿਰ ਵਿੱਚ ਕਬਾੜ ਆਦਿ ਇਕੱਠਾ ਕਰਨ ਲਈ ਨਿਕਲੀ ਸੀ। ਕਰੀਬ 5 ਵਜੇ ਉਸ ਦੀ ਭੂਆ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਸੁਨੀਤਾ ਤੇਰਾ ਪੰਥ ਭਵਨ ਦੇ ਨੇੜੇ ਖੂਨ ਨਾਲ ਲਥਪਥ ਹਾਲਤ ਵਿੱਚ ਪਈ ਹੈ।
ਸੂਚਨਾ ਮਿਲਣ ’ਤੇ ਲਾਡੀ ਆਪਣੇ ਪਿਤਾ ਅਤੇ ਗੁਆਂਢੀਆਂ ਨਾਲ ਮੌਕੇ ’ਤੇ ਪਹੁੰਚਿਆ, ਜਿੱਥੇ ਸੁਨੀਤਾ ਦੀ ਮੌਤ ਹੋ ਚੁੱਕੀ ਸੀ। ਭੂਆ ਬੇਵੀ ਨੇ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਵੱਲੋਂ ਦੋਵਾਂ ਦਾ ਪਿੱਛਾ ਕੀਤੇ ਜਾਣ ਦਾ ਸ਼ੱਕ ਹੈ। ਚੌਧਰੀ ਸਵੀਟ ਸ਼ਾਪ ਦੇ ਨੇੜੇ ਦੋਵੇਂ ਵੱਖ ਹੋ ਗਈਆਂ ਸਨ। ਬਾਅਦ ਵਿੱਚ ਜਦੋਂ ਬੇਵੀ ਤੇਰਾ ਪੰਥ ਭਵਨ ਦੇ ਨੇੜੇ ਪਹੁੰਚੀ ਤਾਂ ਸੁਨੀਤਾ ਜ਼ਖ਼ਮੀ ਹਾਲਤ ਵਿੱਚ ਪਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਣ ਲਈ ਕਹਿ ਰਹੀ ਸੀ।
ਹਾਲਾਂਕਿ ਇਨ੍ਹਾਂ ਵਿਅਕਤੀਆਂ ਦੀ ਪਛਾਣ ਅਤੇ ਘਟਨਾ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਹਿਮਦਗੜ੍ਹ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪੱਸ਼ਟ ਹੋ ਸਕੇਗੀ।