ਮੁਅਤਲ ਕੀਤੀ ਸਰਪੰਚ ਦੇ ਹੱਕ ’ਚ ਇਕੱਠੇ ਹੋਏ ਪਿੰਡ ਦੇ ਲੋਕ ਮੁਅਤਲ ਕੀਤੀ ਸਰਪੰਚ ਦੇ ਹੱਕ ’ਚ ਇਕੱਠੇ ਹੋਏ ਪਿੰਡ ਦੇ ਲੋਕ
Publish Date: Sat, 04 Jul 2026 04:57 PM (IST)
Updated Date: Sun, 05 Jul 2026 04:03 AM (IST)
ਜੇਕਰ ਸਰਪੰਚ ਨੂੰ ਬਹਾਲ ਨਾ ਕੀਤਾ ਤਾਂ ਵੱਡਾ ਸੰਘਰਸ਼ ਕਰਾਂਗੇ ਪਿੰਡ ਵਾਸੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ (ਆਈਏਐੱਸ) ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 (4) ਤਹਿਤ ਜਾਰੀ ਵੱਡੀ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸੁਖਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੇ ਜਾਣ ਦੇ ਵਿਰੋਧ ਸਮੂਹ ਪਿੰਡ ਵਾਸੀਆਂ ਦੀ ਵੱਡੀ ਇਕੱਤਰਤਾ ਹੋਈ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਪੰਚ ਸੁਖਦੀਪ ਕੌਰ ਨੂੰ ਤੁਰੰਤ ਬਹਾਲ ਕਰਨ ਦੀ ਮਗ ਕੀਤੀ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ 5 ਜੁਲਾਈ ਦਿਨ ਐਤਵਾਰ ਨੂੰ ਇੱਕ ਵੱਡਾ ਇਕੱਠ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸਰਪੰਚ ਸੁਖਦੀਪ ਕੌਰ ਨੇ ਕਿਹਾ ਕਿ ਵਿਕਾਸ ਦੇ ਕਾਰਜ ਕੀਤੇ ਜਾ ਰਹੇ ਹਨ ਪਿੰਡ ਦੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਤੇ ਖਾਲੀਆਂ ਬਣਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਸਾਡੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਮੁਅਤਲ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਇਸ ਪੂਰੇ ਘਟਨਾ ਕਰਮ ਦੀ ਜਾਂਚ ਕਰਾਉਣ ਲਈ ਅਪੀਲ ਕਰਾਂਗੇ। ਇਸ ਮੌਕੇ ਸਰਪੰਚ ਸੁਖਦੀਪ ਕੌਰ ਦੇ ਪਤੀ ਨਿਰਭੈ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪਿਛਲੇ ਸਮਿਆਂ ’ਚ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਪਰ ਹੁਣ ਪੰਜਾਬ ਸਰਕਾਰ ਦੀ ਹਰ ਸਕੀਮ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਪੂਰਨ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਗਲੀ ਦਾ ਬਹਾਨਾ ਬਣਾ ਕੇ ਸਾਨੂੰ ਮੁਅਤਲ ਕੀਤਾ ਗਿਆ ਹੈ ਜਦੋਂ ਉਹ ਬਣ ਰਹੀ ਸੀ ਤਾਂ ਉਸ ਸਮੇਂ ਮੇਰੀ ਨੌਜਵਾਨ ਧੀ ਦੀ ਮੌਤ ਹੋਈ ਸੀ ਤੇ ਸਾਰਾ ਪਰਿਵਾਰ ਸਦਮੇ ’ਚ ਸੀ। ਉਨ੍ਹਾਂ ਕਿਹਾ ਕਿ ਸਾਰੇ ਨਗਰ ਨੇ ਮਿਲ ਕੇ ਮੈਨੂੰ ਸਰਪੰਚ ਬਣਾਇਆ ਸੀ ਤੇ ਅੱਜ ਵੀ ਸਾਰਾ ਨਗਰ ਮੇਰੇ ਨਾਲ ਹੈ। ਇਸ ਇਕੱਠ ਸਮੇਂ ਹਾਜ਼ਰ ਮਨਰੇਗਾ ਮਜ਼ਦੂਰ ਸੰਦੀਪ ਕੌਰ ਨੇ ਕਿਹਾ ਕਿ ਜਿਸ ਗਲੀ ਦੇ ਆਧਾਰ ’ਤੇ ਸਰਪੰਚ ਸੁਖਦੀਪ ਕੌਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਉਹ ਸਾਡੇ ਪਰਿਵਾਰਾਂ ਵੱਲੋਂ ਖੁਦ ਬਣਾਈ ਗਈ ਹੈ, ਇਸ ਨਾਲ ਪੰਚਾਇਤ ਦਾ ਕੋਈ ਸਬੰਧ ਨਹੀਂ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਰਪੰਚ ਸੁਖਦੀਪ ਕੌਰ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਚ ਬੇਅੰਤ ਸਿੰਘ, ਪੰਚ ਗੁਰਜੀਤ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਸਾਧੂ ਸਿੰਘ, ਸੁਰਿੰਦਰ ਸਿੰਘ, ਬਲੌਰ ਸਿੰਘ, ਸੁਖਚੈਨ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਸੰਦੀਪ ਕੌਰ, ਕਿਰਪਾਲ ਕੌਰ. ਨਾਜਰ ਸਿੰਘ ਧਾਲੀਵਾਲ, ਪਟਵਾਰੀ ਦਰਬਾਰ ਸਿੰਘ ਮਾਨ, ਕਿਸਾਨ ਆਗੂ ਜਸਵਿੰਦਰ ਸਿੰਘ, ਜਗਸੀਰ ਸਿੰਘ ਭੋਲਾ, ਮਿੱਠੂ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ ਹਾਜ਼ਰ ਸਨ।