ਪਿੰਡ ਕਾਹਨੇਕੇ ਵਿਖੇ ਨਹਿਰੀ ਖਾਲ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਪਿੰਡ ਕਾਹਨੇਕੇ ਵਿਖੇ ਨਹਿਰੀ ਖਾਲ ਨੂੰ ਲੈਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
Publish Date: Thu, 18 Jun 2026 03:17 PM (IST)
Updated Date: Fri, 19 Jun 2026 04:00 AM (IST)

ਕਿਸਾਨਾਂ ਨੇ ਧੱਕੇਸ਼ਾਹੀ ਨਾਲ ਬਿਜਾਈ ਫਸਲ ’ਚ ਖਾਲ ਪਵਾਉਣ ਦੇ ਲਾਏ ਗੰਭੀਰ ਦੋਸ਼ ਵਿਭਾਗ ਤੇ ਐੱਸਐੱਚਓ ਸਮੇਤ ਪੁਲਿਸ ਪ੍ਰਸ਼ਾਸਨ ਰਿਹਾ ਮੌਜੂਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਪਿੰਡ ਕਹਾਨੇਕੇ ਵਿਖੇ ਖੇਤ ’ਚ ਨਹਿਰੀ ਖਾਲ ਬਣਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਦਿਖਾਈ ਦਿੱਤੀਆਂ। ਜਿੱਥੇ ਦੋਹੇ ਧਿਰਾਂ ਵੱਲੋਂ ਖਾਲ ਨਾ ਬਣਾਉਣ ਤੇ ਖਾਲ ਬਣਾਉਣ ਨੂੰ ਲੈ ਕੇ ਅੜੇ ਹੋਏ ਸਨ, ਜਿੱਥੇ ਮੌਕੇ ’ਤੇ ਦੋਵੇਂ ਧਿਰਾਂ ਦੇ ਕਿਸਾਨ ਇਕੱਠੇ ਹੋਏ, ਉੱਥੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਭੁਪਿੰਦਰ ਦੇਵ, ਨਹਿਰੀ ਪਟਵਾਰੀ ਸਮੇਤ ਐੱਸਐੱਚਓ ਰੂੜੇਕੇ ਕਲਾਂ ਪੁਲਿਸ ਪ੍ਰਸ਼ਾਸਨ ਨੂੰ ਮੌਜੂਦ ਰਿਹਾ। ਇਸ ਮੌਕੇ ਕਿਸਾਨ ਹਰਦੀਪ ਸਿੰਘ ਤੇ ਕਿਸਾਨ ਬਲਵੀਰ ਸਿੰਘ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਦੂਜੀ ਧਿਰ ਨਾਲ ਮਿਲ ਕੇ ਧੱਕੇਸ਼ਾਹੀ ਨਾਲ ਉਨ੍ਹਾਂ ਦੇ ਖੇਤ ’ਚ ਬਿਜਾਈ ਕੀਤੀ ਗਈ ਫਸਲ ਨੂੰ ਉਜਾੜ ਕੇ ਨਹਿਰੀ ਖਾਲ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਮਾਨਯੋਗ ਹਾਈਕੋਰਟ ’ਚ ਵੀ ਇਸ ਸਬੰਧੀ ਅਪੀਲ ਦਾਖਲ ਕੀਤੀ ਸੀ। ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦੇ-ਪੜਦਾਦੇ ਤੱਕ ਇਹ ਖਾਲ ਨਹੀਂ ਸੀ। ਉਨ੍ਹਾਂ ਦੇ 16 ਏਕੜ ਰਕਬੇ ’ਚੋਂ 4 ਏਕੜ ਦੀ ਬਾਹੀ ’ਚ ਇਹ ਖਾਲ ਧੱਕੇ ਨਾਲ ਪਾਇਆ ਜਾ ਰਿਹਾ ਹੈ। ਉੱਥੇ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ 50 ਸਾਲ ਤੱਕ ਕੋਈ ਖਾਲ ਨਹੀਂ ਸੀ ਪਰ ਧੱਕੇ ਨਾਲ ਨਹਿਰੀ ਖਾਲ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਵੀ ਨਕਸ਼ਾ ਨਹੀਂ ਦਿੱਤਾ। ਉਨ੍ਹਾਂ ਮਿਲੀਭੁਗਤ ਦੇ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜੇਕਰ ਕੋਈ ਵੀ ਨਹਿਰੀ ਪਾਣੀ ਕਿਸਾਨਾਂ ਨੂੰ ਅੱਗੇ ਭੇਜਣਾ ਚਾਹੁੰਦੇ ਹਨ ਉਹ ਖੇਤ ’ਚੋਂ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਦਾ ਸਹਿਯੋਗ ਕਰਨਗੇ। ਸਰਕਾਰ ਦੀ ਅੰਡਰਗਰਾਊਂਡ ਨਹਿਰੀ ਸਪਲਾਈ ਲਈ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ, ਪਰ ਧੱਕੇ ਨਾਲ ਅੱਜ ਖੇਤ ’ਚ ਖੜ੍ਹੀ ਫਸਲ ਨੂੰ ਉਜਾੜ ਕੇ ਖਾਲ ਜ਼ਮੀਨ ਦੇ ਉੱਪਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਨ। ਉਨ੍ਹਾਂ ਦੀ ਜ਼ਮੀਨ ’ਚੋਂ ਖਾਲ ਲੰਘਾਕੇ ਉਨ੍ਹਾਂ ਦੀ ਜ਼ਮੀਨ ਦੇ ਟੁਕੜੇ ਕਰ ਦਿੱਤੇ। ਸਾਹਮਣੇ ਖੇਤ ਨਾਲ ਲੱਗਦੀ ਲਿੰਕ ਸੜਕ 2012 ਤੋਂ ਬਣੀ ਹੈ ਜਿੱਥੇ ਕੋਈ ਵੀ ਅੰਡਰਗਰਾਉਂਡ ਨਹਿਰੀ ਪੁਲੀ ਨਹੀਂ। :ਬਾਕਸ ਨਿਊਜ: 30-35 ਸਾਲ ਪਹਿਲਾਂ ਇਹ ਖਾਲ ਦੂਜੀ ਧਿਰ ਵੱਲੋਂ ਵਾਹ ਲਿਆ ਗਿਆ ਸੀ : ਖੁਸ਼ਪ੍ਰੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਦੇ ਕਿਸਾਨ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ 1976 ਦੇ ਰਿਕਾਰਡ ਤੋਂ ਬਾਅਦ ਨਹਿਰੀ ਪਾਣੀ ਦਾ ਹੱਕ ਉਨ੍ਹਾਂ ਦੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸੀ। 30-35 ਸਾਲ ਪਹਿਲਾਂ ਇਹ ਖਾਲ ਦੂਜੀ ਧਿਰ ਵੱਲੋਂ ਵਾਹ ਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਐੱਸਡੀਐੱਮ ਤੇ ਐਕਸ਼ਨ ਕੋਲ ਅਪੀਲ ਕੀਤੀ ਸੀ। ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਂਤਮਈ ਤਰੀਕੇ ਨਾਲ ਇਹ ਖਾਲ ਪਾਇਆ ਗਿਆ ਹੈ ਜਿਸ ਨਾਲ 10 ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਆਪਣੇ ’ਤੇ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਕਾਨੂੰਨ ਅਨੁਸਾਰ ਸਾਰਾ ਪ੍ਰਸ਼ਾਸਨ ਦੀ ਹਾਜ਼ਰੀ ਬਿਨਾਂ ਕਿਸੇ ਲੜਾਈ-ਝਗੜੇ ਸ਼ਾਂਤਮਈ ਤਰੀਕੇ ਨਾਲ ਹੋਇਆ ਹੈ। :ਬਾਕਸ ਨਿਊਜ: ਖਾਲ ਅਗਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ : ਜ਼ਿਲ੍ਹੇਦਾਰ ਇਸ ਮੌਕੇ ਨਹਿਰੀ ਵਿਭਾਗ ਦੇ ਧਨੌਲਾ ਜ਼ਿਲ੍ਹੇਦਾਰ ਭਾਵਿੰਦਰ ਦੇਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਮੰਡਲ ਨਹਿਰ ਅਫ਼ਸਰ ਸੰਗਰੂਰ ਅਤੇ ਐੱਸਡੀਓ ਸਾਹਿਬ ਹਰੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿੰਡ ਕਾਹਨੇਕੇ ਵਿਖੇ ਮੋਘਾ ਬੁਰਜੀ 55180-ਐੱਲ ਰਜਵਾਹਾ ਧਨੌਲਾ ਦੇ ਫੈਸਲੇ ਅਨੁਸਾਰ 3.5 ਕਿਲੇ ਖਾਲ ਜ਼ਿਲੇਦਾਰ ਧਨੌਲਾ, ਹਲਕਾ ਪਟਵਾਰੀ ਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ’ਚ ਬਹਾਲ ਕਰਵਾਇਆ। ਫੈਸਲੇ ਦੇ ਮੁਤਾਬਿਕ ਉਨ੍ਹਾਂ ਦੀ ਇਨ-ਬਿਨ ਪਾਲਨਾ ਕਰਦੇ ਹੋਏ ਇਹ ਜੋ ਖਾਲ ਨੂੰ ਰੁਕਿਆ ਹੋਇਆ ਸੀ। ਓਪੀਕਿਓ ਤਿੰਨ ਪੁਆਇੰਟਾਂ ਨੂੰ ਲਾਗੂ ਕੀਤਾ ਗਿਆ ਹੈ। ਇਹ ਖਾਲ ਅਗਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਦਾ ਇਹ ਫੈਸਲਾ ਆਇਆ ਹੋਇਆ ਸੀ ਜਿੱਥੇ ਪਹਿਲਾਂ ਹੀ ਕਿਸਾਨ ਨੂੰ ਪ੍ਰਬੰਧ ਕਰਨ ਦਾ ਕਿਹਾ ਗਿਆ ਸੀ ਪਰ ਬਾਰ-ਬਾਰ ਖੇਤ ’ਚ ਬਿਜਾਈ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਇਹ ਨਹਿਰੀ ਖਾਲ ਪਵਾਇਆ ਗਿਆ ਹੈ। ਕਿਸੇ ਤਰ੍ਹਾਂ ਦਾ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਕਾਨੂੰਨ ਅਨੁਸਾਰ ਇਹ ਖਾਲ ਪਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅੰਡਰਗਰਾਊਂਡ ਪਾਈਪ ਲਾਈਨ ਪਾਈ ਜਾਵੇਗੀ ਪਰ ਉਨ੍ਹਾਂ ਕੋਲ ਨਹਿਰੀ ਖਾਲ ਪਵਾਉਣ ਦਾ ਹੁਕਮ ਹੋਇਆ ਸੀ, ਉਹੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਕਮ ਤਹਿਤ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। :ਬਾਕਸ ਨਿਊਜ: ਕਿਸਾਨ ਖੇਤਾਂ ’ਚ ਪਾਣੀ ਪਹੁੰਚਣ ਨੂੰ ਲੈ ਕੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਜ਼ਰ ਆਏ ਇੱਕ ਪਾਸੇ ਕਿਸਾਨ ਆਪਣੀ ਖੜ੍ਹੀ ਫਸਲ ’ਚ ਪੈ ਰਹੇ ਖਾਲ ਨੂੰ ਲੈ ਕੇ ਗੰਭੀਰ ਦੋਸ਼ ਲਾ ਰਹੇ ਹਨ ਪਰ ਦੂਜੇ ਪਾਸੇ ਕਿਸਾਨ ਆਪਣੇ ਖੇਤਾਂ ’ਚ ਪਾਣੀ ਪਹੁੰਚਣ ਨੂੰ ਲੈ ਕੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਜ਼ਰ ਆਏ, ਉੱਥੇ ਵੱਡੀ ਤਾਦਾਦ ’ਚ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਹੀ। ਇਸ ਮੌਕੇ ਕਿਸਾਨ ਹਰਦੀਪ ਸਿੰਘ,ਕਿਸਾਨ ਬਲਵੀਰ ਸਿੰਘ,ਕਿਸਾਨ ਖੁਸ਼ਵਿੰਦਰ ਸਿੰਘ (ਦੂਜੀ ਧਿਰ), ਨਹਿਰੀ ਵਿਭਾਗ ਦੇ ਜਿਲ੍ਹੇਦਾਰ ਧਨੌਲਾ ਭਾਵਿੰਦਰ ਦੇਵ, ਨਹਿਰੀ ਪਟਵਾਰੀ, ਐੱਸਐੱਚਓ ਬਲਵਿੰਦਰ ਸਿੰਘ ਰੂੜੇਕੇ ਕਲਾਂ ਸਮੇਤ ਪੁਲਿਸ ਪਾਰਟੀ ਮੌਜੂਦ ਰਹੀ।