ਵਾਰਡ ਵਾਸੀਆਂ ਪੈਸੇ ਇਕੱਠੇ ਕਰ ਕੇ ਨਵੇਂ ਟਿਊਬਵੈੱਲ ਦਾ ਕੰਮ ਕਰਵਾਇਆ ਸ਼ੁਰੂ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਾਰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਨਵੇਂ ਟਿਊਬਵੈੱਲ ਦਾ ਕੰਮ ਕਰਵਾਇਆ ਸ਼ੁਰੂ
Publish Date: Wed, 01 Jul 2026 05:31 PM (IST)
Updated Date: Thu, 02 Jul 2026 04:02 AM (IST)
: ਪਿਛਲੇ ਕਈ ਦਿਨਾਂ ਤੋਂ ਵਾਰਡ ਵਾਸੀਆਂ ਨੂੰ ਆ ਰਹੀ ਸੀ ਪਾਣੀ ਦੀ ਸਮੱਸਿਆ, ਟਿਊਬਵੈੱਲ ਲੋਕਾਂ ਦੀ ਸਹਿਮਤੀ ਨਾਲ ਨਗਰ ਨਿਗਮ ਦੇ ਕੀਤਾ ਜਾਵੇਗਾ ਸਪੁਰਦ, ਜਲਦ ਤੋਂ ਜਲਦ ਸਮੱਸਿਆ ਦਾ ਹੱਲ ਹੋਵੇਗਾ : ਮੇਅਰ ਹਸਨਪ੍ਰੀਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਵਾਰਡ ਨੰਬਰ 29 ਤੇ 41 ’ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਵਾਰਡ ਵਾਸੀਆਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਸੁਰੂ ਕੀਤਾ ਹੋਇਆ ਸੀ, ਪਰ ਇਸ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਸਮੱਸਿਆ ਦਾ ਹੱਲ ਨਾ ਕਰਨ ਦੀ ਸੂਰਤ ’ਚ ਵਾਰਡ ਵਾਸੀਆਂ ਵਲੋਂ ਮਹੇਸ ਕੁਮਾਰ ਲੋਟਾ ਦੀ ਅਗਵਾਈ ’ਚ ਖੁਦ ਪੈਸੇ ਇਕੱਠੇ ਕਰਕੇ ਨਵਾਂ ਟਿਊਬਵੈੱਲ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ। ਲੋਕ ਬੂੰਦ ਬੂੰਦ ਪਾਣੀ ਲਈ ਤਰਸ ਰਹੇ ਸਨ : ਲੋਟਾ ਇਸ ਮੌਕੇ ਕਾਂਗਰਸ ਪਾਰਟੀ ਦੇ ਸਹਿਰੀ ਬਲਾਕ ਪ੍ਰਧਾਨ ਮਹੇਸ ਕੁਮਾਰ ਲੋਟਾ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ 29, 41 ਤੇ ਇੱਕ ਦੋ ਹੋਰ ਵਾਰਡਾਂ ’ਚ ਲੱਗੇ ਟਿਊਬਵੈੱਲ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਜਿਆਦਾ ਪ੍ਰੇਸ਼ਾਨੀ ਆ ਰਹੀ ਸੀ। ਇਸ ਸਮੱਸਿਆ ਦੇ ਹੱਲ ਲਈ ਲੋਕਾਂ ਵਲੋਂ ਕੇਸੀ ਰੋਡ ’ਤੇ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਸਮੱਸਿਆ ਦਾ ਹੱਲ ਨਾ ਕਰਨ ਦੀ ਸੂਰਤ ’ਚ ਸਮੁੱਚੇ ਵਾਰਡ ਵਾਸੀਆਂ ਵਲੋਂ ਖੁਦ ਹੀ ਪੈਸੇ ਇਕੱਠੇ ਕਰਕੇ ਇਹ ਨਵਾਂ ਟਿਊਬਵੈੱਲ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਸਨ, ਨਾ ਤਾਂ ਨਹਾਉਣ ਲਈ ਪਾਣੀ ਤੇ ਨਾ ਹੀ ਪੀਣ ਲਈ ਪਾਣੀ ਸੀ। ਪੀਣ ਵਾਲਾ ਪਾਣੀ ਵੀ ਲੋਕ ਇੱਕ ਹਫ਼ਤੇ ਤੋਂ ਮੁੱਲ ਖ੍ਰੀਦ ਕਰਕੇ ਆਪਣੀ ਪਿਆਸ ਬੁਝਾ ਰਹੇ ਸਨ। ਇਸ ਸਮੱਸਿਆ ਦੇ ਹੱਲ ਲਈ ਵਾਰ ਵਾਰ ਸਬੰਧਤ ਅਧਿਕਾਰੀਆਂ ਨੂੰ ਬੇਨਤੀਆਂ ਕੀਤੀਆਂ ਗਈਆਂ ਤੇ ਕਈ ਗੇੜੇ ਸੀਵਰੇਜ਼ ਵਿਭਾਗ ਦੇ ਦਫ਼ਤਰ ਲਗਾਏ ਗਏ ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਤੇ ਡੀਸੀ ਬਰਨਾਲਾ ਨੂੰ ਵੀ ਬੇਨਤੀ ਪੱਤਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪਾਣੀ ਜੀਵਨ ਦੀ ਮੁੱਢਲੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਮੂਹ ਮੁਹੱਲਾ ਵਾਸੀਆਂ ਵਲੋਂ ਪੈਸੇ ਪਾ ਕੇ ਇਹ ਟਿਊਬਵੈੱਲ ਲਗਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਿਊਬਵੈੱਲ ਲੱਗਣ ਉਪਰੰਤ ਇਹ ਨਗਰ ਨਿਗਰ ਬਰਨਾਲਾ ਨੂੰ ਸੌਂਪਿਆ ਜਾਵੇਗਾ। ਜਿਸ ’ਚ ਮੁਹੱਲਾ ਵਾਸੀਆਂ ਨੂੰ ਵੀ ਕੋਈ ਇਤਰਾਜ ਨਹੀਂ ਹੋਵੇਗਾ ਤੇ ਨਗਰ ਨਿਗਮ ਪਾਸੋ ਕੋਈ ਕਲੇਮ ਨਹੀਂ ਲਿਆ ਜਾਵੇਗਾ। ਇਸ ਸਬੰਧੀ ਮੁਹੱਲਾ ਵਾਸੀਆਂ ਵਲੋਂ ਹਲਫ਼ੀਆ ਬਿਆਨ ਵੀ ਦਿੱਤਾ ਗਿਆ ਹੈ। ਇਹ ਟਿਊਬਵੈੱਲ ਨਗਰ ਨਿਗਮ ਨੂੰ ਦੇਣ ਤੋਂ ਬਾਅਦ ਸਾਡਾ ਹੱਕ ਖਤਮ ਹੋ ਜਾਵੇਗਾ। ਇਸ ਮੌਕੇ ਨਰਿੰਦਰ ਗਰਗ ਨੀਟਾ, ਰਾਜਿੰਦਰ ਉੱਪਲ, ਸਾਬਕਾ ਚੇਅਰਮੈਨ ਮੱਖਣ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਾਰਡ ਵਾਸੀ ਹਾਜ਼ਰ ਸਨ। ਬਾਕਸ ਨਿਊਜ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਹੋਵੇਗਾ : ਮੇਅਰ ਹਸਨਪ੍ਰੀਤ ਇਸ ਸਬੰਧੀ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਵਾਰਡਾਂ ’ਚ ਪਾਣੀ ਦੀ ਸਮੱਸਿਆ ਜਰੂਰ ਸੀ। ਇਸ ਦਾ ਕਾਰਨ ਇਹ ਸੀ ਕਿ ਜ਼ੋ ਪੱਤੀ ਰੋਡ ਤੇ ਇਨ੍ਹਾਂ ਵਾਰਡਾਂ ’ਚ 3 ਮੋਟਰਾਂ ਇਕੱਠੀਆਂ ਮੱਚੀਆਂ ਸਨ। ਸ਼ਹੀਦ ਭਗਤ ਸਿੰਘ ਪਾਰਕ ’ਚ ਜੋ ਟਿਉਬਵੈੱਲ ਲੱਗਿਆ ਸੀ ਉਹ ਕਿਸੇ ਸਮੱਸਿਆ ਕਾਰਨ ਖ਼ਰਾਬ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਟਿਊਬਵੈੱਲਾਂ ਦੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇਗਾ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ। ਪਰ ਜਿੱਥੇ ਵੀ ਲੋਕਾਂ ਨੂੰ ਪਾਣੀ ਦੀ ਜਰੂਰਤ ਹੈ ਉੱਥੇ ਉਨ੍ਹਾਂ ਨੂੰ ਪਹੁੰਚਾਇਆ ਜਾ ਰਿਹਾ ਹੈ।