ਚੋਰਾਂ ਨੇ ਸਦਰ ਬਜ਼ਾਰ ‘ਚ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਚੋਰਾਂ ਨੇ ਸਦਰ ਬਜ਼ਾਰ ‘ਚ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Publish Date: Mon, 29 Jun 2026 04:41 PM (IST)
Updated Date: Mon, 29 Jun 2026 04:43 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਸਦਰ ਬਜ਼ਾਰ ’ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਇੱਕ ਹੀ ਰਾਤ ’ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 40 ਤੋਂ 50 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਵਾਰਦਾਤ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ’ਚ ਡਰ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਰਾਇਟੀ ਸਟੋਰ ਦੇ ਮਾਲਕ ਤਰਲੋਕ ਚੰਦ ਭੈਣੀ ਵਾਲੇ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕਰੀਬ 9 ਵਜੇ ਆਪਣੀ ਦੁਕਾਨ ’ਤੇ ਪਹੁੰਚੇ ਤਾਂ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰ ਇਮਾਰਤ ਦੇ ਪਿਛਲੇ ਪਾਸੇ ਤੋਂ ਉੱਪਰਲੀ ਮੰਜ਼ਿਲ ’ਤੇ ਚੜ੍ਹ ਕੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਮੁੱਖ ਗੇਟ ਦੀ ਪੱਟੀ ਤੋੜ ਕੇ ਦੁਕਾਨ ਦੇ ਗੱਲੇ ’ਚ ਪਈ ਕਰੀਬ 40 ਤੋਂ 50 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਦੌਰਾਨ ਚੋਰਾਂ ਨੇ ਨਾਲ ਲੱਗਦੀ ਕੱਪੜਿਆਂ ਦੀ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਦੁਕਾਨ ਦੇ ਮਾਲਕ ਜੁਗਲ ਕਿਸ਼ੋਰ ਪੁੱਤਰ ਦੇਸ ਰਾਜ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਗੱਲੇ ’ਚ ਪਿਆ ਕਰੀਬ ਇੱਕ ਹਜ਼ਾਰ ਰੁਪਏ ਦਾ ਨਗਦ ਗਾਇਬ ਸੀ। ਚੋਰ ਦੁਕਾਨ ’ਚੋਂ ਨਗਦੀ ਚੋਰੀ ਕਰਕੇ ਆਸਾਨੀ ਨਾਲ ਫ਼ਰਾਰ ਹੋ ਗਏ। ਦੁਕਾਨਾਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ’ਤੇ ਸਾਹਮਣੇ ਆਇਆ ਕਿ ਇਹ ਵਾਰਦਾਤ ਰਾਤ ਕਰੀਬ ਇੱਕ ਵਜੇ ਵਾਪਰੀ। ਫੁਟੇਜ ’ਚ ਇੱਕ ਵਿਅਕਤੀ ਮੂੰਹ ਢੱਕ ਕੇ ਦੁਕਾਨਾਂ ਦੇ ਅੰਦਰ ਘੁੰਮਦਾ ਅਤੇ ਚੋਰੀ ਨੂੰ ਅੰਜਾਮ ਦਿੰਦਾ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਚੌਂਕੀ ਇੰਚਾਰਜ ਬਲਜੀਤ ਸਿੰਘ ਢਿਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਵਪਾਰ ਮੰਡਲ ਦੇ ਆਗੂਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।